ਸੰਪਾਦਕ ਖ਼ਾਲਸਾ ਨਿਊਜ਼ ਜੀ,
ਗੁਰੂ ਫਤਿਹ ਪਰਵਾਨ ਕਰਨੀ ਜੀ
ਮੈਂ
ਅੱਜ ਕੌਮ ਦੇ ਇਕ ਇਤਿਹਾਸਕਾਰ ਅਤੇ ਵਿਦਵਾਨ ਮਿਤੱਰ ਦਾ ਸਟੇਟਮੇਂਟ ਪੜ੍ਹਿਆ । ਇਸ ਸਟੇਟਮੇਂਟ
ਨੂੰ ਪੜ੍ਹ ਕੇ ਬਹੁਤ ਅਫਸੋਸ ਹੋਇਆ ਅਤੇ ਦਿਲ ਵਿੱਚ ਕੁਝ ਦਿਨ ਪਹਿਲਾਂ ਲਿੱਖੇ ਅਪਣੇ ਲੇਖ ਦਾ
ਸਿਰਲੇਖ ਯਾਦ ਆ ਗਇਆ "ਅਫਸੋਸ ! ਕਿ ਅਸੀਂ ਗੁਰੂ ਦੇ ਬਾਜ਼ ਨਹੀਂ ਬਣ ਸਕੇ" । ਇਸ ਤੋਂ ਅੱਗੇ
ਅਪਣਾਂ ਦਿਮਾਗ ਬੰਦ ਹੋ ਜਾਂਦਾ ਹੈ ਵੀਰੋ ! ਕੀ ਕਹਾਂ ? ਕੀ ਇਹੋ ਜਹੇ ਲੋਕਾਂ ਨੂੰ ਵਿਦਵਾਨ
ਕਹਿਆ ਜਾਂਦਾ ਹੈ, ਜਿਨਾਂ ਨੂੰ ਇਹ ਵੀ ਇਹਸਾਸ ਨਹੀ ਕਿ ਅਸੀ ਜੋ ਕੁਝ ਲਿਖਦੇ ਹਾਂ, ਜੋ ਕੁਝ
ਬੋਲਦੇ ਅਤੇ ਉਸ ਨੂੰ ਜਨਤਕ ਕਰਦੇ ਹਾਂ, ਉਸ ਦਾ ਕਿਨਾਂ ਕੂ ਫਾਇਦਾ ਸਾਡੇ ਵਿਰੋਧੀ ਖੱਟਦੇ ਹਨ
ਅਤੇ ਉਸ ਦਾ ਕਿਨਾਂ ਵੱਡਾ ਖਮਿਆਜਾ ਕੌਮ ਨੂੰ ਭੁਗਤਣਾਂ ਪੈਂਦਾ ਹੈ? ਜਿਸ ਵਿਅਕਤੀ ਨੂੰ ਨੀਤੀ
ਨਹੀ ਆਉਂਦੀ, ਜਿਸਨੂੰ ਇਹ ਨਹੀ ਪਤਾ ਕਿ ਕੇੜ੍ਹੀ ਗਲ ਕਿਸ ਥਾਂ ਤੇ ਕਰਨੀ ਹੈ ? ਉਹ ਏਕੇ ਜਾਂ
ਏਕਤਾ ਦੀ ਗਲ ਕੀ ਕਰ ਸਕਦਾ ਹੈ ? ਗੁਰੂ ਹੀ ਕੌਮ ਨੂੰ ਹੁਣ ਸੋਝੀ ਅਤੇ ਸੇਧ ਬਖਸ਼ਿਸ਼ ਕਰਨ।
ਵੀਰੋ, ਮੈਂ ਅਪਣੀ 60 ਵਰ੍ਹਿਆ ਦੀ ਉਮਰ ਵਿੱਚ ਜਦੋਂ ਦੀ ਹੋਸ਼ ਸੰਭਾਲੀ, ਕੌਮ ਦੀ ਇਹੋ ਜਹੀ
ਹਾਲਤ ਨਹੀ ਵੇਖੀ। ਨਿਰੰਕਾਰੀ ਕਾਂਡ ਵੇਖਿਆ, ਅੰਮ੍ਰਿਤਸਰ ਅਤੇ ਕਾਨਪੁਰ ਵਾਲਾ। 1984 ਨੂੰ
ਹੱਡ ਹੰਡਾਇਆ। ਅਪਣੀ ਰੂਹ ਦਾ ਹਿੱਸਾ, ਦਰਬਾਰ ਸਾਹਿਬ ਅਤੇ ਅਕਾਲ ਤਖਤ ਸਾਹਿਬ ਨੂੰ ਢਹਿ ਢੇਰੀ
ਹੁੰਦਿਆਂ ਵੇਖਿਆ, ਅਣਗਿਣਤ ਸਿੱਖ ਨੌਜੂਆਂਨਾਂ ਦੀਆਂ ਵਿਕ੍ਰਤ ਲਾਸ਼ਾਂ ਅਪਣੀ ਅੱਖੀ ਵੇਖੀਆਂ,
ਲੇਕਿਨ ਕੌਮ ਦੀ ਢਹਿੰਦੀ ਕਲਾ ਉਸ ਵੇਲੇ ਵੀ ਇਹੋ ਜਹੀ ਨਹੀ ਸੀ, ਜੋ ਇਸ ਵੇਲੇ ਹੈ। ਉਸ ਦਾ ਇਕੋ
ਇਕ ਕਾਰਣ ਇਹ ਹੈ ਕਿ ਪਹਿਲਾਂ ਸਿੱਖੀ ਤੇ ਜਿੰਨੇ ਹਮਲੇ ਅੱਜ ਤਕ ਹੋਏ ਉਹ ਬਾਹਰੋ ਹੋਏ ਹਨ,
ਲੇਕਿਨ ਹੁਣ ਤਾਂ ਅਪਣੇ ਘਰ ਨੂੰ ਆਪਣਿਆਂ ਨੇ ਹੀ ਅੱਗ ਲਾਅ ਦਿਤੀ ਹੈ ਅਤੇ ਅਪਣਾਂ ਘਰ ਆਪ ਹੀ
ਫੂੰਕ ਕੇ ਆਪ ਹੀ ਤਮਾਸ਼ਾਬੀਨ ਬਣੇ ਹੋਏ ਹਨ । ਜਾਗਰੂਕ ਅਤੇ ਵਿਦਵਾਨ ਅਖਵਾਉਣ ਵਾਲੇ, ਇਕ ਦੂਜੇ
ਨਾਲ ਲੜ ਰਹੇ ਨੇ, ਇਕ ਦੂਜੇ ਦੇ ਮੂਹ ਤੇ ਕਾਲਿਖ ਮੱਲ ਕੇ ਅਪਣੇ ਮੂਹ ਨੂੰ ਬਹੁਤਾ ਸਾਫ ਸੁਥਰਾ
ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਲੇਕਿਨ ਸੱਚ ਤਾਂ ਇਹ ਹੈ ਕਿ ਐਸੇ ਬਹੁਤਿਆਂ ਦਾ ਹੀ ਮੂੰਹ
ਕਾਲਾ ਹੈ, ਅਤੇ ਇਹ ਇਕ ਹਮਾਮ ਵਿੱਚ ਸਾਰੇ ਹੀ ਨੰਗੇ ਹਨ ਜਿਨਾਂ ਨੂੰ ਇਹ ਵੀ ਇਹਸਾਸ ਨਹੀ ਹੈ
ਕਿ ਅੱਜ ਕੌਮ ਦੀ ਹਾਲਤ ਕੀ ਹੈ ? ਅਸੀ ਕਿਸ ਨਾਲ ਲੜ ਰਹੇ ਹਾਂ , ਅਤੇ ਸਾਨੂੰ ਲੜਨਾਂ ਕਿਸ
ਨਾਲ ਚਾਹੀਦਾ ਹੈ ? ਸਾਨੂੰ ਤਾਂ ਇਨੀ ਵੀ ਹੋਸ਼ ਨਹੀ ਹੈ।
ਕੋਈ ਗੱਲ ਨਹੀ ਵੀਰ ਜੀ, ਪਾਪ ਦੀ ਜੰਜ ਲੈ ਕੇ ਅਹਿਮਦ ਸਾਹ ਅਬਦਾਲੀ ਅਪਣੇ ਪੁਤੱਰ ਸਹਿਤ ਇਕ
ਵਾਰ ਫਿਰ ਦਿੱਲੀ ਨੂੰ ਲੁਟੱਣ ਲਈ ਉਥੇ ਅਪਣੇ ਲਾਵ ਲਸ਼ਕਰ ਨਾਲ ਡੇਰੇ ਪਾਈ ਬੈਠਾ ਹੈ। ਬਸ
ਦਿੱਲੀ ਦੀ ਬਾਗਡੋਰ ਵੀ ਉਸ ਦੇ ਹੱਥ ਆਉਣ ਦਿਉ, ਬਚੀ ਖੁਚੀ ਖੇਡ ਵੀ ਮੁੱਕ ਜਾਂਣੀ ਹੈ। ਕੌਮ
ਦੀ ਵਖਰੀ ਹੋਂਦ ਦੀ ਨਿਸ਼ਾਨੀ ਨਾਨਕਸ਼ਾਹੀ ਕੈਲੰਡਰ ਰੂਪੀ ਸੱਤ ਵਰ੍ਹੇ ਨੇ ਅਭੋਲ ਬੱਚੇ ਦੀਆਂ
ਬੱਚੀਆਂ ਖੁਚੀਆਂ ਸਾਹਾਂ ਵੀ ਬੰਦ ਹੋ ਜਾਂਣੀਆਂ ਨੇ। ਆਰ .ਐਸ .ਐਸ. ਦੇ ਟੁੱਕੜ ਬੋਚ ਕੇਸਾਧਾਰੀ
ਬ੍ਰਾਹਮਣਾਂ ਨੇ ਉਸ ਨੂੰ ਤੜਫਾ ਤੜਫਾ ਕੇ ਮਾਰ ਦੇਣਾਂ ਹੈ। ਉਸ ਵਚਾਰੇ ਨੇ ਤਾਂ ਅਪਣੇ ਜਨਮ
ਵੇਲੇ ਤੋਂ ਹੀ ਸੁੱਖ ਦਾ ਇਕ ਸਾਹ ਨਹੀ ਲਇਆ ਅਤੇ ਅਪਣੇ ਘਰ ਵਾਲਿਆਂ ਕੋਲੋਂ ਹੀ ਨਿਖੇਧਿਆ
ਜਾਂਦਾ ਰਿਹਾ ਹੈ । ਇਨਾਂ ਬਹੁਤ ਵੱਡੇ ਇਤਿਹਾਸਕਾਰਾਂ ਅਤੇ ਵਿਦਵਾਨਾਂ ਨੇ ਕੌਮ ਦੇ ਉਸ ਸਰਮਾਏ
ਦੀ ਲਾਸ਼ ਵਿਚੋਂ ਵੀ ਸੰਗ੍ਰਾਂਦ ਅਤੇ ਮਸਿਆ ਦੇ ਅੰਸ਼ ਹੀ ਲਭਦੇ ਰਹਿ ਜਾਂਣਾਂ ਹੈ, ਅਤੇ ਉਸ
ਨੇ ਹਮੇਸ਼ਾਂ ਲਈ ਕੂਚ ਕਰ ਜਾਂਣਾਂ ਹੈ । ਸੱਤ ਵਰ੍ਹੇ, ਜਿਸ ਤਰ੍ਹਾਂ ਉਹ ਘਰ ਵਾਲਿਆਂ ਅਤੇ
ਦੁਸ਼ਮਣਾਂ ਵਲੋਂ ਦੁਤਾਕਾਰਿਆ ਜਾਂ ਰਿਹਾ ਹੈ, ਅਤੇ ਉਸ ਦੀ ਜੋ ਦੁਰਦਸ਼ਾ ਹੋ ਚੁਕੀ ਹੈ, ਉਸ
ਦਾ ਤਾਂ ਹੁਣ ਮਰ ਜਾਂਣਾਂ ਹੀ ਚੰਗਾ ਹੈ। ਕਿਉਂਕਿ ਇਹ ਵਿਚਾਰਾ ਤਾਂ ਜਦ ਦਾ ਜੰਮਿਆ ਹੈ, ਇਸ
ਨੂੰ ਬਾਹਰਲਿਆ ਨੇ ਤਾਂ ਟਾਰਚਰ ਕੀਤਾ ਹੀ ਕੀਤਾ, ਘਰ ਦਿਆਂ ਕੋਲੋਂ ਵੀ ਫਿਟਕਾਰਾਂ ਹੀ ਸੁਨਣ
ਨੂੰ ਮਿਲੀਆਂ। ਕੋਈ ਬਾਹਰਲਿਆਂ ਦੀ ਤੋਹਮਤ ਤਾਂ ਬਰਦਾਸ਼ਤ ਕਰ ਸਕਦਾ ਹੈ, ਪਰ ਘਰ ਦੇ ਹੀ ਜਦੋ
ਤਾਨ੍ਹੇ, ਉਲਾਹਮੇ ਅਤੇ ਛਿਬੀਆਂ ਦੇਣ ਤਾਂ ਬਰਦਾਸ਼ਤ ਕਰਨਾਂ ਬਹੁਤ ਔਖਾ ਹੋ ਜਾਂਦਾ ਹੈ। ਇਨਾਂ
ਲੋਕਾਂ ਨੇ ਤਾਂ ਉਸ ਦੇ ਭੋਗ ਵਿੱਚ ਵੀ ਸ਼ਾਮਿਲ ਨਹੀਜੇ ਹੋਣਾਂ, ਕਿਉਕਿ ਉਸ ਵਿਚਾਰੇ ਦੇ ਮੱਥੇ
ਤੇ ਜਮਾਂਦਰੂ ਹੀ ਸੰਗ੍ਰਾਂਦ ਅਤੇ ਮਸਿਆ ਦਾ ਇਕ ਹਲਕਾ ਜਿਹਾ ਦਾਗ ਸੀ।
ਸੰਪਾਦਕ ਵੀਰ ਜੀ, ਇੱਨਾਂ ਵਡੇ ਇਤਿਹਾਸਕਾਰਾਂ ਨੇ ਕਦੀ ਵੀ ਉਸ ਦੇ ਜਮਾਂਦਰੂ ਦਾਗ ਦਾ ਕੋਈ
ਇਲਾਜ ਨਹੀ ਕਰਵਾਇਆ, ਉਲਟਾ ਉਸ ਤੇ ਤੋਹਮਤਾਂ ਹੀ ਲਾਂਉਦੇ ਰਹੇ। ਜਦੋਂ ਇਸ ਨੂੰ ਕੇਸਾਧਾਰੀ
ਬ੍ਰਾਹਮਣਾਂ ਨੇ ਕੈਦ ਕੀਤਾ, ਇਸ ਤੇ ਤਸ਼ਦਦ ਕੀਤਾ ਅਤੇ ਉਸ ਦਾ ਚੇਹਰਾ ਅਤੇ ਪੂਰਾ ਸ਼ਰੀਰ
ਵਿਗਾੜ ਕੇ ਅੱਧਮੋਇਆ ਕਰ ਦਿਤਾ ਤਾਂ ਵੀ ਇਨਾਂ ਨਿਰਮੋਹੇ ਵਿਦਵਾਨਾਂ ਨੂੰ ਉਸ ਤੇ ਤਰਸ ਨਹੀ
ਆਇਆ। ਇਹ ਤਾਂ ਹੁਣ ਤਕ ਵੀ ਇਹੀ ਕਹੀ ਜਾ ਰਹੇ ਨੇ ਕਿ ਉਹ ਤਾਂ ਸਾਡਾ ਪੁੱਤਰ ਹੀ ਨਹੀ ਸੀ,
ਕਿੳਂਕਿ ਉਸ ਦੇ ਮੱਥੇ ਤੇ ਸੰਗ੍ਰਾਂਦ ਅਤੇ ਮਸਿਆ ਦਾ ਇਕ ਹਲਕਾ ਜਿਹਾ ਦਾਗ ਸੀ, ਮਰਦਾ ਹੈ ਤਾਂ
ਮਰ ਜਾਵੇ।
ਉਏ ਭਲਿਉ ! ਕੀ ਇਹ ਹੀ ਹੈ ਤੁਹਾਡੀ ਵਿਦਵਤਾ, ਕੀ ਇਹ ਹੀ ਹੈ ਤੁਹਾਡਾ ਗਿਆਨ, ਕੀ ਤੁਸੀ ਕੌਮੀ
ਇਤਿਹਾਸ ਅਤੇ ਲੇਖ ਲਿਖਣ ਦੇ ਕਾਬਿਲ ਵੀ ਹੋ, ਜਾਂ ਇਹ ਇਤਿਹਾਸ ਅਤੇ ਲੇਖ ਲਿਖਣਾਂ ਸਿਰਫ
ਤੁਹਾਡਾ ਧੰਦਾ ਮਾਤਰ ਹੈ। ਸੰਪਾਦਕ ਵੀਰ ਜੀ, ਇਹ ਕਹਿੰਦੇ ਹਨ ਕਿ ਅਸੀ ਤਾਂ ਉਸ ਨੂੰ ਕਦੀ
ਪੁਤੱਰ ਮੰਨਿਆਂ ਹੀ ਨਹੀ ਕਿਉਂਕੇ ਉਸ ਦੇ ਮੱਥੇ ਤੇ ਇਕ ਹਲਕਾ ਜਿਹਾ ਦਾਗ ਸੀ। ਲੇਕਿਨ ਇਨਾਂ
ਨੂੰ ਉਸ ਵੇਲੇ ਸ਼ਰਮ ਕਿਉ ਨਹੀ ਆਈ ਅਤੇ ਸਾਰੇ ਸਿਧਾਂਤ ਉਸ ਵੇਲੇ ਇਨਾਂ ਨੂੰ ਕਿਵੇ ਭੁਲ ਗਏ,
ਜਦੋ ਇਨਾਂ ਨੇ ਕਈ ਪੰਥ ਦਰਦੀਆਂ ਦੇ ਨਾਮ ਅਤੇ ਟੈਲੀਫੋਨ ਲਿਖ ਕੇ ਇਕ ਸਾਜਿਸ਼ ਦੇ ਤਹਿਤ ਉਸ
ਦਾ ਜਨਾਜਾ ਬ੍ਰਾਹਮਣੀ ਕੈਲੰਡਰ ਦਾ ਕਫਨ ਪਾ ਕੇ ਕਡ੍ਹਿਆ ?
ਵੀਰ ਸੰਪਾਦਕ ਜੀ, ਖ਼ਾਲਸਾ ਨਿਊਜ਼ ਕਲ ਤਕ ਇਨਾਂ ਸਾਰਿਆਂ ਦੀ ਚਹੇਤੀ ਵੈਬਸਾਈਟ ਸੀ ਅਤੇ ਇਹ
ਤਾਰੀਫਾਂ ਦੇ ਪੁਲ ਬੰਨਦੇ ਨਹੀ ਸਨ ਥਕਦੇ, ਅੱਜ ਉਹ ਇਸਨੂੰ "ਕਾਲਕਾ ਨਿਊਜ਼" ਕਹਿ ਕੇ ਬਦਨਾਮ
ਕਰ ਰਹੇ ਨੇ ਅਤੇ ਇਨਾਂ ਨੂੰ ਇਹ ਪ੍ਰੋਫੈਸਰ ਸਾਹਿਬ ਦੀ ਵੇਬਸਾਈਟ ਨਜਰ ਆ ਰਹੀ ਹੈ। ਕਾਰਣ ਸਾਫ
ਹੈ, ਕਿ ਸੱਚ ਸੁਨਣ ਅਤੇ ਸੱਚ ਦੀ ਕਦਰ ਕਰਨ ਦਾ ਇੱਨਾਂ ਵਿੱਚ ਮਾਅਦਾ ਹੀ ਨਹੀ ਹੈ। ਇਨਾਂ
ਵਿੱਚ ਕੀ, ਕੌਮ ਦੀ ਸੁੱਤੀ ਅਤੇ ਮਰੀ ਜਮੀਰ ਵਾਲੇ ਬਹੁਤੇ ਸਿੱਖ ਖੁਸ਼ਾਮਦ ਅਤੇ ਧੱੜੇਬੰਦੀ
ਨੂੰ ਹੀ ਅਪਣਾਂ ਸਿਧਾਂਤ ਬਣਾ ਚੁਕੇ ਹਨ। ਵੀਰ ਜੀ ਜੈਸਾ ਕਿ ਇਕ ਸਿੱਖ ਦਾ ਫਰਜ ਬਣਦਾ ਹੈ,
ਸਾਨੂੰ ਇਹੋ ਜਹੇ ਲੋਕਾਂ ਦੀ ਪਛਾਣ ਕਰਦਿਆਂ ਅਪਣੀ ਮੰਜਿਲ ਵਲ ਤੁਰਦੇ ਜਾਂਣਾਂ ਹੈ। ਗਾਲ੍ਹਾਂ,
ਤੋਹਮਤਾਂ ਅਤੇ ਤਾਨ੍ਹੇ ਸਾਡੀ ਖੁਰਾਕ ਅਤੇ ਇਨਾਮ ਹੈ।
ਕੁਝ ਦਿਨ ਪਹਿਲਾਂ ਪ੍ਰੋਫੇਸਰ ਸਾਹਿਬ ਜੀ ਨੇ ਇਕ ਕਹਾਣੀ ਮੈਨੂੰ ਸੁਣਾਂਈ ਸੀ, ਜਿਸਦਾ ਜਿਕਰ
ਵੀ ਮੈਂ ਆਪ ਜੀ ਨਾਲ ਕੀਤਾ ਸੀ ਕਿ, ਇਕ ਜੰਗਲ ਵਿੱਚ ਇਕ ਰਾਜਾ ਜੰਗ ਲੜਦਾ ਲੜਦਾ ਅਪਣੇ ਲਸ਼ਕਰ
ਤੋਂ ਵਿੱਛੜ ਗਇਆ। ਉਸ ਦਾ ਘੋੜਾ ਬਹੁਤ ਪਿਆਸਾ ਸੀ ਅਤੇ ਬਹੁਤ ਮੁਸ਼ਕਿਲ ਨਾਲ ਅੱਗੇ ਵੱਧ ਰਿਹਾ
ਸੀ। ਕਿਸੇ ਤਰ੍ਹਾਂ ਬਮੁਸ਼ਕਿਲ ਉਹ ਇਕ ਪਿੰਡ ਕੋਲ ਪਹੁੰਚਿਆ ਜਿਥੇ ਇਕ ਖੂਹ ਤੇ ਰਹਿਟ (ਟਿੰਡਾ)
ਚਲ ਰਹੀਆਂ ਸੀ, ਅਤੇ ਪਾਣੀ ਬਾਹਰ ਵਗ ਰਿਹਾ ਸੀ। ਲੇਕਿਨ ਉਹ ਘੋੜਾਂ ਟਿੰਡਾਂ ਦੀ ਖੱਟ ਖੱਟ ਦੇ
ਸ਼ੋਰ ਕਰਕੇ ਠਿਠਕ ਜਾਂਦਾ ਅਤੇ ਪਾਣੀ ਨਾ ਪੀਂਦਾ। ਉਹ ਰਾਜਾ ਜੇ ਰਹਿਟ ਬੰਦ ਕਰ ਦੇਵੇ ਤਾਂ
ਪਾਣੀ ਨਿਕਲਣਾਂ ਬੰਦ ਹੋ ਜਾਏ ਅਤੇ ਜੇ ਰਹਿਟ ਚਾਲੂ ਕਰੇ ਤਾਂ ਫਿਰ ਟਿੰਡਾਂ ਦੀ ਖੱਟ ਖੱਟ ਸੁਣ
ਕੇ ਉਹ ਪਾਣੀ ਨਾ ਪੀਵੇ। ਸੰਪਾਦਕ ਵੀਰ ਜੀ, ਸਾਨੂੰ ਵੀ ਇਨਾਂ ਅਖੌਤੀ ਵਿਦਵਾਨਾਂ ਅਤੇ
ਵਿਰੋਧੀਆਂ ਦੀ "ਖੱਟ ਖੱਟ "ਵਿੱਚ ਹੀ ਪਾਣੀ ਪੀਣ ਦੀ ਆਦਤ ਪਾਉਣੀ ਪੈਂਣੀ ਹੈ, ਭਾਵ : ਅਪਣੀ
ਮੰਜਿਲ ਵਲ ਵੱਧਣ ਦੀ ਆਦਤ ਪਾਉਣੀ ਪੈਣੀ ਹੈ। ਜੇ ਅਸੀ ਇਨਾਂ ਦੀ "ਖੱਟ ਖੱਟ" ਕਰਕੇ ਰੁਕ ਗਏ,
ਤਾਂ ਉਸ ਘੋੜੇ ਵਾਂਗ ਪਿਆਸੇ ਹੀ ਰਹਿ ਜਾਵਾਂਗੇ। ਇਹ ਗੱਲ ਸਿਰਫ ਸਾਡੇ ਤੁਹਾਡੇ ਲਈ ਨਹੀਂ ਬਲਕਿ
ਉਨਾਂ ਸਾਰੇ ਪੰਥ ਦਰਦੀ ਵੀਰਾਂ ਲਈ ਹੈ ਜੋ ਇੰਟਰਨੇਟ ਅਤੇ ਪੰਥਿਕ ਵੇਬਸਾਈਟਾਂ ਚਲਾ ਕੇ ਕੌਮ
ਦੀ ਸੇਵਾਂ ਨਿਡਰਤਾ ਅਤੇ ਬੇਬਾਕੀ ਨਾਲ ਕਰ ਰਹੇ ਨੇ ਅਤੇ ਕੌਮ ਵਿੱਚ ਇਕ ਬਹੁਤ ਵੱਡੇ ਤਬਕੇ
ਨੂੰ ਜਾਗਰੂਕ ਕਰ ਰਹੇ ਨੇ।
ਗੁਰੂ ਬਖਸ਼ਿਸ਼ ਕਰਨ, ਸਾਨੂੰ ਇਸ ਮਾਹੌਲ ਵਿੱਚ ਵੀ ਕੰਮ ਕਰਣ ਦੀ ਜਾਚ ਆ ਜਾਵੇ ਅਤੇ ਸਾਨੂੰ
ਅਤੇ ਸਾਰੇ ਵਿਰੋਧੀ ਵੀਰਾਂ ਨੂੰ ਸ਼ਬਦ ਗੁਰੂ ਦੀ ਰੌਸ਼ਨੀ ਵਿਚੋਂ ਐਸੀ ਸੁਮਤਿ ਅਤੇ ਸੇਧ ਮਿਲੇ,
ਕਿ ਅਸੀਂ ਇਕ ਦੂਜੇ ਨੂੰ ਚੰਗੀ ਤਰ੍ਹਾਂ ਸਮਝ ਕੇ, ਕੌਮ ਦੀ ਸੇਵਾ ਕਰਦੇ ਰਹੀਏ। ਵੀਚਾਰਾਂ ਦੇ
ਟਕਰਾਅ ਨੂੰ ਵਖਰੇਵਾਂ ਨਾਂ ਬਨਣ ਦੇਈਏ । ਕਿਉਂਕਿ ਦੁਸ਼ਮਣ ਨੀਤੀਵਾਨ ਅਤੇ ਤਾਕਤਵਰ ਹੈ। ਅਸੀਂ
ਅਪਣੀ ਤਾਕਤ ਨੂੰ ਪਛਾਣੀਏ ਅਤੇ ਨੀਤੀ ਨਾਲ ਕੰਮ ਕਰੀਏ। ਇਸੇ ਅਰਦਾਸ ਨਾਲ ਖਿਮਾਂ ਦਾ ਜਾਚਕ
ਹਾਂ ਜੀ, ਭੁਲ ਚੁਕ ਲਈ ਖਿਮਾਂ ਕਰ ਦੇਣਾ ਜੀ।
ਟਿੱਪਣੀ:
ਸ੍ਰ. ਇੰਦਰਜੀਤ ਸਿੰਘ ਕਾਨਪੁਰ ਜੀ, ਆਪ ਜੀ ਵਲੋਂ
ਲਿਖਿਆ ਪੱਤਰ ਪੜ੍ਹਕੇ ਹੋਰ ਵੀ ਹੌਂਸਲਾ ਵਧਿਆ। ਜਦੋਂ ਤੱਕ ਗੁਰੂ ਸਾਹਿਬ ਦੀ ਮਿਹਰ ਹੈ, ਅਤੇ
ਆਪ ਜੀ ਵਰਗੇ ਪੰਥ ਦਰਦੀਆਂ ਦਾ ਸਾਥ ਹੈ, ਖ਼ਾਲਸਾ ਨਿਊਜ਼ ਇਸੇ ਤਰ੍ਹਾਂ ਚਲਦੀ ਰਹੇਗੀ। ਸਾਨੂੰ
ਕੋਈ ਫਰਕ ਨਹੀਂ ਪੈਂਦਾ ਕਿ ਸਾਡੇ ਬਾਰੇ ਕੋਈ ਕੀ ਕਹਿੰਦਾ ਹੈ, ਅਸੀਂ, ਆਪਣਾ ਕੰਮ ਗੁਰਮਤਿ
ਅਨੁਸਾਰ ਕਰੀ ਜਾਣਾ ਹੈ, ਕਿਸੇ ਚੰਗਾ ਲਗੇ ਭਾਂਵੇਂ ਨਾ...
ਸੰਪਾਦਕ ਖ਼ਾਲਸਾ ਨਿਊਜ਼