Share on Facebook

Main News Page

ਦਿੱਲੀ ਗੁਰਦਵਾਰਾ ਚੋਣਾਂ ’ਚ ਸਿੱਖਾਂ ਨੇ ਦਿਲਚਸਪੀ ਨਾ ਵਿਖਾਈ, 42 ਫ਼ੀ ਸਦੀ ਵੋਟਿੰਗ ਪੋਲਿੰਗ ਏਜੰਟ ਹਰਜੀਤ ਸਿੰਘ ਦੀ ਮੌਤ, ਪੈਸੇ ਵੰਡਣ ਦੀਆਂ ਘਟਨਾਵਾਂ ਵੀ ਸਾਹਮਣੇ ਆਈਆਂ

ਨਵੀਂ ਦਿੱਲੀ, 27 ਜਨਵਰੀ (ਅਮਨਦੀਪ ਸਿੰਘ) : ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੀਆਂ ਅੱਜ ਹੋਈਆਂ ਚੋਣਾਂ ਵਿਚ ਸਿੱਖ ਵੋਟਰਾਂ ਨੇ ਬਹੁਤੀ ਦਿਲਚਸਪੀ ਨਾ ਵਿਖਾਈ ਜਿਸ ਕਾਰਨ ਪੂਰੀ ਦਿੱਲੀ ਵਿਚ ਸਿਰਫ਼ 42.28 ਫ਼ੀ ਸਦੀ ਵੋਟਾਂ ਹੀ ਪੋਲ ਹੋਈਆਂ। ਗੁਰਦਵਾਰਾ ਚੋਣ ਹਲਕਾ ਨੰ.40 ਕਰਮਪੁਰਾ ਵਿਖੇ ਸੱਭ ਤੋਂ ਵੱਧ 73 ਫ਼ੀ ਸਦੀ ਤੋਂ ਵੱਧ ਵੋਟਿੰਗ ਹੋਈ ਜਦਕਿ ਚੋਣ ਹਲਕਾ ਨੰ. 36 ਪਹਾੜ ਗੰਜ ਵਿਚ ਸੱਭ ਤੋਂ ਘੱਟ 21 ਫ਼ੀ ਸਦੀ ਵੋਟਿੰਗ ਦਰਜ ਕੀਤੀ ਗਈ। ਪਿਛਲੀ ਵਾਰ 2007 ਵਿਚ 42.5 ਫ਼ੀ ਸਦੀ ਵੋਟਿੰਗ ਰਹੀ ਸੀ। ਚਾਂਦਨੀ ਚੌਕ ਤੇ ਕਈ ਥਾਵਾਂ ’ਤੇ ਫ਼ਰਜ਼ੀ ਵੋਟਾਂ ਪਾਏ ਜਾਣ ਦੇ ਮਾਮਲੇ ਸਾਹਮਣੇ ਆਏ ਤੇ ਕਈ ਥਾਵਾਂ ’ਤੇ ਅਕਾਲੀ ਧੜਿਆਂ ਵਿਚਕਾਰ ਮਾਮੂਲੀ ਝੜਪਾਂ ਵੀ ਹੋਈਆਂ ਪਰ ਪੁਲਿਸ ਦੇ ਸਖ਼ਤ ਸੁਰੱਖਿਆ ਪ੍ਰਬੰਧਾਂ ਕਰ ਕੇ ਕਾਨੂੰਨ-ਵਿਵਸਥਾ ਪੂਰੀ ਤਰ੍ਹਾਂ ਕਾਇਮ ਰਹੀ। ਦਿੱਲੀ ਪੁਲਿਸ ਦੇ ਕਮਾਂਡੋ ਤੇ ਔਰਤ ਪੁਲਿਸ ਮੁਲਾਜ਼ਮ ਵੀ ਵੱਡੀ ਗਿਣਤੀ ਵਿਚ ਪੋਲਿੰਗ ਸਟੇਸ਼ਨਾਂ ਵਿਚ ਤਾਇਨਾਤ ਸਨ।

ਸੱਭ ਤੋਂ ਵੱਧ ਸੰਵੇਦਨਸ਼ੀਲ ਹਲਕਿਆਂ ਤੇ ਪੋਲਿੰਗ ਬੂਥਾਂ ਦੀ ਵਿਸ਼ੇਸ਼ ਤੌਰ ’ਤੇ ਵੀਡੀਉਗ੍ਰਾਫ਼ੀ ਵੀ ਕੀਤੀ ਗਈ। ਚੌਖੰਡੀ ਦੇ ਪਲਿੰਗ ਸਟੇਸ਼ਨ ’ਤੇ ਕੁੱਝ ਸਿਰ-ਮੂੰਹ ਮੁੰਨੇ ਲੋਕਾਂ ਨੇ ਵੋਟਾਂ ਪਾਉਣ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨੂੰ ਕਾਬੂ ਕਰ ਲਿਆ ਗਿਆ। ਦਿੱਲੀ ਸਰਕਾਰ ਦੇ ਗੁਰਦਵਾਰਾ ਡਾਇਰੈਕਟੋਰੇਟ ਵਲੋਂ ਪੱਤਰਕਾਰਾਂ ਨੂੰ ਵਿਸ਼ੇਸ਼ ਪਛਾਣ-ਪੱਤਰ ਜਾਰੀ ਕਰਨ ਦੇ ਬਾਵਜੂਦ ਕਈ ਪੋਲਿੰਗ ਸਟੇਸ਼ਨਾਂ ’ਤੇ ਇੰਸਪੈਕਟਰ ਰੈਂਕ ਦੇ ਪੁਲਿਸ ਮੁਲਾਜ਼ਮਾਂ ਨੇ ਪੱਤਰਕਾਰਾਂ ਅਤੇ ਮੀਡੀਆ ਫ਼ੋਟੋਗ੍ਰਾਫ਼ਰਾਂ ਨੂੰ ਪੋਲਿੰਗ ਸਟੇਸ਼ਨਾਂ ਤੋਂ ਬਾਹਰ ਕਰ ਦਿਤਾ। ਉਧਰ ਪੰਜਾਬੀ ਬਾਗ਼ ਗੁਰਦਵਾਰਾ ਚੋਣ ਹਲਕੇ ਤਹਿਤ ਆਉਂਦੇ ਮਾਦੀਪੁਰ ਦੇ ਸਰਵੋਦਿਆ ਬਾਲ ਵਿਦਿਆਲਾ ਨੰ. 1 ਦੇ ਪੋਲਿੰਗ ਸਟੇਸ਼ਨ ਵਿਚ ਇਕ ਪੋਲਿੰਗ ਏਜੰਟ ਦੀ ਦਿਲ ਦਾ ਦੌਰਾ ਪੈਣ ਕਰ ਕੇ ਮੌਤ ਹੋ ਗਈ। ਇਸੇ ਪੋਲਿੰਗ ਸਟੇਸ਼ਨ ’ਤੇ ਤਾਇਨਾਤ ਪੁਲਿਸ ਇੰਸਪੈਕਟਰ ਸੁਦੇਸ਼ ਰੰਗਾ ਨੇ ਸਪੱਸ਼ਟ ਕੀਤਾ ਕਿ ਪੋਲਿੰਗ ਏਜੰਟ ਸ. ਹਰਜੀਤ ਸਿੰਘ ਨੇ ਚੱਕਰ ਆਉਣ ਦੀ ਸ਼ਿਕਾਇਤ ਕੀਤੀ ਤੇ ਪੋਲਿੰਗ ਸਟੇਸ਼ਨ ਤੋਂ ਬਾਹਰ ਆਉਂਦੇ ਹੀ ਉਹ ਹੇਠਾਂ ਡਿੱਗ ਪਏ ਜਿਸ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਉਨ੍ਹਾਂ ਨੂੰ ਤੁਰਤ ਸੰਜੇ ਗਾਂਧੀ ਹਸਪਤਾਲ ਲਿਜਾਇਆ ਗਿਆ ਪਰ ਉਨ੍ਹਾਂ ਨੂੰ ਬਚਾਇਆ ਨਾ ਜਾ ਸਕਿਆ।


ਪੰਜਾਬੀ ਬਾਗ਼ ਚੋਣ ਹਲਕੇ ਵਿਚ ਪੈਂਦੇ ਸੰਵੇਦਨਸ਼ੀਲ ਇਲਾਕੇ ਚੰਦਰ ਵਿਹਾਰ ਵਿਖੇ ਸਵੇਰ ਵੇਲੇ ਵੋਟਰਾਂ ਨੂੰ ਕਥਿਤ ਤੌਰ ’ਤੇ ਪੈਸੇ ਵੰਡਣ ਦਾ ਮਾਮਲਾ ਸਾਹਮਣੇ ਆਇਆ ਜਿਸ ਪਿੱਛੋਂ ਇਲਾਕੇ ਵਿਚ ਪੁਲਿਸ ਦੀ ਸੁਰੱਖਿਆ ਹੋਰ ਸਖ਼ਤ ਕਰ ਦਿਤੀ ਗਈ। ਦੁਪਹਿਰ ਸਮੇਂ ਇਸ ਇਲਾਕੇ ਦੇ ਪੋਲਿੰਗ ਸਟੇਸ਼ਨ ਕੋਲ ਪੁਲਿਸ ਨੇ ਬੈਰੀਕੇਡਿੰਗ ਕਰ ਦਿਤੀ ਤੇ ਸਿਰਫ਼ ਫੋਟੋ ਪਛਾਣ ਪੱਤਰ ਵਾਲੇ ਵੋਟਰਾਂ ਨੂੰ ਹੀ ਪੋਲਿੰਗ ਸਟੇਸ਼ਨ ਅੰਦਰ ਜਾਣ ਦਿਤਾ ਗਿਆ। ਪੁਲਿਸ ਅਫ਼ਸਰ ਵੀ ਖ਼ੁਦ ਮੌਕੇ ’ਤੇ ਹਾਜ਼ਰ ਸਨ। ਪੱਤਰਕਾਰਾਂ ਨੂੰ ਵੀ ਇਲਾਕੇ ਦੇ ਪੋਲਿੰਗ ਸਟੇਸ਼ਨ ’ਤੇ ਜਾਣ ਤੋਂ ਰੋਕ ਦਿਤਾ ਗਿਆ।

ਪਛਮੀ ਦਿੱਲੀ ਦੇ ਸਿੱਖ ਬਹੁਗਿਣਤੀ ਇਲਾਕਿਆਂ ਦੇ ਸੰਵੇਦਨਸ਼ੀਲ ਹਲਕਿਆਂ ਤਿਲਕ ਨਗਰ, ਫ਼ਤਿਹ ਨਗਰ, ਅਸ਼ੋਕ ਨਗਰ, ਸ਼ਿਵ ਨਗਰ ਤੇ ਵਿਸ਼ਨੂੰ ਗਾਰਡਨ ਵਿਚ ਵੀ ਵੋਟਰਾਂ ਨੇ ਘੱਟ ਹੀ ਵੋਟਾਂ ਪਾਈਆਂ। ਤਿਲਕ ਨਗਰ ਹਲਕੇ ਤਹਿਤ ਪੈਂਦੇ ਚੌਖੰਡੀ ਇਲਾਕੇ ਵਿਚ ਔਰਤ ਵੋਟਰਾਂ ਨੇ ਹਦੋਂ ਵੱਧ ਉਤਸ਼ਾਹ ਵਿਖਾਇਆ। ਕਰਮਪੁਰਾ ਵਾਰਡ ਵਿਚ ਬੀਬੀ ਵਿਸ਼ੰਭਰ ਕੌਰ ਦਾ ਜੋਸ਼ ਇਸ ਕਦਰ ਸੀ ਕਿ ਉਹ ਬੀਮਾਰ ਹੋਣ ਦੇ ਬਾਵਜੂਦ ਵਹੀਲ ਚੇਅਰ ਉਪਰ ਵੋਟ ਪਾਉਣ ਆਈ। ਟੈਗੋਰ ਗਾਰਡਨ ਹਲਕੇ ਤਹਿਤ ਪੈਂਦੇ ਵਿਸ਼ਨੂੰ ਗਾਰਡਨ ਵਿਚ ਦੁਪਹਿਰ ਤਕ ਗਿਣਤੀ ਦੇ ਲੋਕਾਂ ਨੇ ਵੋਟਾਂ ਪਾਈਆਂ। ਉਧਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗੁਰਦਵਾਰਾ ਚੋਣ ਡਾਇਰੈਕਟਰ ਸ. ਜੀ.ਪੀ. ਸਿੰਘ ਨੇ ਦਸਿਆ ਕਿ ਪੂਰੀ ਦਿੱਲੀ ਵਿਚ 42.28 ਫ਼ੀ ਸਦੀ ਵੋਟਿੰਗ ਹੋਈ ਹੈ ਤੇ ਸੱਭ ਤੋਂ ਵੱਧ ਕਰਮਪੁਰਾ ਹਲਕੇ ਵਿਚ 73.6 ਫੀ ਸਦੀ ਅਤੇ ਸੱਭ ਤੋਂ ਘੱਟ ਪਹਾੜ ਗੰਜ ਚੋਣ ਹਲਕੇ ਵਿਚ 21.5 ਫ਼ੀ ਸਦੀ ਵੋਟਿੰਗ ਰੀਕਾਰਡ ਕੀਤੀ ਗਈ ਹੈ। ਉਨ੍ਹਾਂ ਦਸਿਆ ਕਿ ਚੋਣਾਂ ਦੌਰਾਨ ਪੂਰੀ ਤਰ੍ਹਾਂ ਅਮਨ-ਅਮਾਨ ਰਿਹਾ। ਚੋਣਾਂ ਦੇ ਨਤੀਜੇ 30 ਜਨਵਰੀ ਨੂੰ ਐਲਾਨੇ ਜਾਣਗੇ

ਉਧਰ ਦਿੱਲੀ ਗੁਰਦਵਾਰਾ ਕਮੇਟੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਕਿਹਾ ਕਿ ਚੋਣਾਂ ਦੇ ਸ਼ਾਂਤੀਪੂਰਨ ਹੋਣ ਨਾਲ ਦਿੱਲੀ ਦੇ ਸਿੱਖ ਵੋਟਰਾਂ ਨੇ ਬਾਦਲਾਂ ਦੇ ਫ਼ਰਜ਼ੀ ਵੋਟਾਂ ਪਾਉਣ ਦੇ ਮਨਸੂਬਿਆਂ ਨੂੰ ਕਾਮਯਾਬ ਨਹੀਂ ਹੋਣ ਦਿਤਾ ਜਿਨ੍ਹਾਂ ਪਿਛਲੇ ਕਈ ਦਿਨਾਂ ਤੋਂ ਦਿੱਲੀ ਵਿਚ ਡੇਰੇ ਲਾ ਕੇ ਸਿੱਖਾਂ ਅੰਦਰ ਦਹਿਸ਼ਤ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਸੀ। ਇਕ ਬਿਆਨ ਵਿਚ ਉਨ੍ਹਾਂ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਪਿਛਲੇ 15 ਦਿਨਾਂ ਤੋਂ ਜੋ ਮਨਸੂਬੇ ਘੜ ਕੇ ਦਿੱਲੀ ਵਿਚ ਡੇਰਾ ਲਾਈ ਬੈਠੇ ਸੀ, ਉਹ ਸਾਰੇ ਧਰੇ ਦੇ ਧਰੇ ਰਹਿ ਗਏ ਤੇ ਉਨ੍ਹਾਂ ਵਲੋਂ ਪੰਜਾਬ ਤੋਂ ਲਿਆਂਦੇ ਗਏ ਸਿਰ ਮੁੰਨੇ ਅਕਾਲੀ ਦਲ ਦੇ ਕਾਰਕੁਨਾਂ ਦੇ ਦਿੱਲੀ ਦੇ ਸਿੱਖਾਂ ਨੇ ਪੈਰ ਨਹੀਂ ਲੱਗਣ ਦਿਤੇ। ਉਨ੍ਹਾਂ ਕਿਹਾ ਕਿ ਬਾਦਲ, ਉਨ੍ਹਾਂ ਦੇ ਪੁੱਤਰ ਤੇ ਪੁੱਤਰ ਦੇ ਸਾਲੇ ਤੇ ਨੂੰਹ ਨੇ ਸਾਰੇ ਸਰਕਾਰੀ ਤੰਤਰ ਸਮੇਤ ਦਿੱਲੀ ਆ ਕੇ ਗੁਰਦਵਾਰਾ ਕਮੇਟੀ ਦੀਆਂ ਚੋਣਾਂ ਦੀ ਆਪਣੀ ਪਾਰਟੀ ਵਲੋਂ ਕਮਾਨ ਸੰਭਾਲੀ ਹੋਈ ਸੀ। ਉਸ ਤੋਂ ਤਾਂ ਇਹ ਪ੍ਰਤੀਤ ਹੁੰਦਾ ਸੀ ਕਿ ਇਹ ਆਪ ਕਮੇਟੀ ਦੀਆਂ ਚੋਣਾਂ ਲੜਨ ਆਏ ਹਨ ਤੇ ਇਨ੍ਹਾਂ ਚੌਹਾਂ ਵਿਚੋਂ ਹੀ ਕਿਸੇ ਨੇ ਦਿੱਲੀ ਕਮੇਟੀ ਦਾ ਪ੍ਰਧਾਨ ਬਣਨਾ ਹੋਵੇ।

ਉਨ੍ਹਾਂ ਦੋਸ਼ ਲਾਇਆ ਕਿ ਬਾਦਲ ਦਲ ਦੇ ਮੁਖੀਆਂ ਨੇ ਚੋਣ ਪ੍ਰਚਾਰ ਦੌਰਾਨ ਵੋਟਰਾਂ ਨੂੰ ਸ਼ਰਾਬ ਪਿਲਾਈ, ਪੈਸੇ ਵੰਡੇ ਅਤੇ ਦਲ-ਬਲ ਦਾ ਡਰਾਵਾ ਦੇ ਕੇ ਦਿੱਲੀ ਦੇ ਮਾਹੌਲ ਨੂੰ ਭੈ ਵਾਲਾ ਬਣਾਇਆ, ਉਸ ਦੀ ਮੈਂ ਸਖਤ ਸ਼ਬਦਾਂ ਵਿਚ ਨਿੰਦਾ ਕਰਦਾ ਹਾਂ। ਉਨ੍ਹ੍ਹਾਂ ਕਿਹਾ ਕਿ ਬਾਦਲਾਂ ਨੇ ਅਕਾਲ ਤਖ਼ਤ ਸਾਹਿਬ ਵਲੋਂ ਜਾਰੀ ਕੀਤੇ ਹੁਕਮਨਾਮੇ ਕਿ ਗੁਰਦਵਾਰਾ ਕਮੇਟੀ ਚੋਣਾਂ ਵਿਚ ਨਸ਼ਾ ਅਤੇ ਪੈਸੇ ਦੀ ਵਰਤੋਂ ਨਹੀਂ ਹੋਣੀ ਚਾਹੀਦੀ, ਉਸ ਦੇ ਉਲਟ ਸ਼ਰੇਆਮ ਸਿੱਖ ਵੋਟਰਾਂ ਵਿਚ ਸ਼ਰਾਬ ਅਤੇ ਪੈਸੇ ਵੰਡੇ ਗਏ ਅਤੇ ਡਰਾਉਣ ਤੇ ਧਮਕਾਉਣ ਦੀ ਵੀ ਕੋਸ਼ਿਸ਼ ਕੀਤੀ। ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਬਾਦਲ ਦਿੱਲੀ ਇਕਾਈ ਦੇ ਪ੍ਰਧਾਨ ਜਥੇ. ਮਨਜੀਤ ਸਿੰਘ ਜੀ.ਕੇ. ਨੇ ਸਰਨਾ ਦੇ ਦੋਸ਼ਾਂ ਨੂੰ ਖ਼ਾਰਜ ਕਰਦਿਆਂ ਦੋਸ਼ ਲਾਇਆ ਕਿ ਸਰਕਾਰ ਸਰਨਾ ਦੇ ਨਾਲ ਸੀ। ਉਨ੍ਹਾਂ ਸ਼੍ਰੋਮਣੀ ਅਕਾਲੀ ਦਲ ਦੀ ਜਿੱਤ ਦਾ ਦਾਅਵਾ ਕਰਦਿਆਂ ਕਿਹਾ ਕਿ ਅਸੀਂ ਦੋ ਤਿਹਾਈ ਬਹੁਮਤ ਨਾਲ ਜਿੱਤ ਪ੍ਰਾਪਤ ਕਰਾਂਗੇ ਅਤੇ ਦਿੱਲੀ ਗੁਰਦਵਾਰਾ ਕਮੇਟੀ ਨੂੰ ਭ੍ਰਿਸ਼ਟਾਚਾਰ ਤੋਂ ਆਜ਼ਾਦ ਕਰਵਾਵਾਂਗੇ।


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top