Share on Facebook

Main News Page

ਸਿੱਖੀ ਦੇ ਸੁਨਹਿਰੇ ਭਵਿੱਖ ਦੇ ਸੁਭਾਗੇ ਸਮਾਚਾਰ
- ਤਰਲੋਚਨ ਸਿੰਘ ਦੁਪਾਲਪੁਰ, ਫੋਨ: 408-915-1268

ਪਤਝੜ ਦੀ ਰੁੱਤੇ ਬਾਗਾਂ ਵਿਚ ਸੁੱਕੇ ਖਿੰਘਰ ਹੋਏ ਦਰਖਤ-ਬੂਟੇ, ਚੌਗਿਰਦੇ ਵਿਚ ਉਦਾਸੀ ਭਰ ਦਿੰਦੇ ਹਨ। ਹਰਿਆਲੀ ਜਾਂ ਰੰਗ-ਬਰੰਗੇ ਫੁੱਲਾਂ-ਫਲਾਂ ਦੀ ਥਾਂਵੇਂ ਸੁੱਕੇ ਬਾਲਣ ਵਰਗੀਆਂ ਟਾਹਣੀਆਂ ਦੇਖ ਕੇ ਦਿਲ ਵਿਚ ਖੇੜਾ ਨਹੀਂ ਉਪਜਦਾ; ਲੇਕਿਨ ਡੂੰਘੀ ਨੀਝ ਨਾਲ ਤੱਕਿਆਂ ਟਾਹਣੀਆਂ ਦੀਆਂ ਗੱਠਾਂ ਉਤੇ ਫੁੱਟਦੇ ਨਵੇਂ ਸੂਏ, ਇਹ ਸੂਚਨਾ ਦੇ ਰਹੇ ਪ੍ਰਤੀਤ ਹੁੰਦੇ ਹਨ ਕਿ ਧਰਵਾਸ ਰੱਖੋ, ਘਬਰਾਉ ਨਾ! ਬਸੰਤ ਆਉਣ ਹੀ ਵਾਲੀ ਹੈ। ਪੱਤਝੜਾਂ ਆਉਂਦੀਆਂ ਨੇ, ਚਲੀਆਂ ਜਾਂਦੀਆਂ ਨੇ। ਕਰੂੰਬਲਾਂ ਮੌਲਦੀਆਂ ਨੇ, ਹਰੇ ਕਚੂਚ ਲਿਸ਼ਕਵੇਂ ਪੱਤੇ ਬਨਸਪਤੀ ਦੀ ਸੋਭਾ ਵਧਾਉਂਦੇ ਨੇ। ਫੁੱਲ ਫਲ ਖਿੜ ਉਠਦੇ ਨੇ ਤੇ ਬਾਗ ਬਗੀਚਿਆਂ ਵਿਚ ਖੁਸ਼ੀਆਂ ਕਿੱਕਲੀ ਪਾਉਣ ਲੱਗ ਪੈਂਦੀਆਂ ਨੇ। ਦੇਖਣ ਵਾਲਿਆਂ ਦੀਆਂ ਰੂਹਾਂ ਨਸ਼ਿਆ ਉਠਦੀਆਂ ਨੇ। ਪਤਝੜ ਦੀਆਂ ਉਦਾਸੀਆਂ ਖੰਭ ਲਾ ਕੇ ਉਡ-ਪੁਡ ਜਾਂਦੀਆਂ ਹਨ।

ਇਸੇ ਤਰਜ਼ ‘ਤੇ ਗੁਰੂ ਸਾਹਿਬਾਨ ਦੇ ਲਗਾਏ ਹੋਏ ਸਿੱਖੀ ਦੇ ਬਾਗ ਦੀ ਗੱਲ ਕਰ ਰਿਹਾ ਹਾਂ, ਜਿਸ ਬਾਗ ‘ਤੇ ਛਾਈ ਹੋਈ ਪਤਝੜ ਦੀਆਂ ਮਨਹੂਸ ਖ਼ਬਰਾਂ ਸੁਣ ਸੁਣ ਕੇ ਨਿੰਮੋਝੂਣੀ ਛਾਈ ਰਹਿੰਦੀ ਹੈ। ਸਿਆਸਤ ਦੀ ਸਿਉਂਕ ਨੇ ਇਸ ਬਾਗ ਦੀ ਹਰਿਆਲੀ ਇਸ ਕਦਰ ਚੱਟਣੀ ਸ਼ੁਰੂ ਕੀਤੀ ਹੋਈ ਹੈ ਕਿ ਸਿੱਖ ਬੁੱਧੀਜੀਵੀਆਂ ਨੂੰ ਸੁੱਝਦਾ ਕੁਝ ਨਹੀਂ ਕਿ ਇਹਦਾ ਇਲਾਜ ਕੀ ਕੀਤਾ ਜਾਵੇ? ਗੁਰੂ ਦੇ ਸਾਜੇ ਇਸ ਨਿਰਮਲ ਬਾਗ ਦੀ ਬਦਹਾਲੀ ਦੇਖ ਕੇ ਝੂਰਦਿਆਂ ਨੂੰ ਕਦੇ ਕਦਾਈਂ ਐਸੀਆਂ ਖੁਸ਼ਨਸੀਬ ਜਾਣਕਾਰੀਆਂ ਮਿਲ ਜਾਂਦੀਆਂ ਹਨ, ਜੋ ਬਸੰਤ ਆਉਣ ਦੀ ਆਸ ਟੁੱਟਣ ਨਹੀਂ ਦਿੰਦੀਆਂ। ਕੁਝ ਕੁ ਵੇਰਵੇ ਇਥੇ ਵਰਣਨ ਕਰ ਰਿਹਾਂ ਜਿਨ੍ਹਾਂ ਨੂੰ ਪੜ੍ਹ ਕੇ ਸਿੱਖ ਫਲਸਫੇ ਦੇ ਸ਼ੁਭਚਿੰਤਕਾਂ ਦੇ ਹਿਰਦੇ ਠੰਢਕ ਮਹਿਸੂਸ ਕਰਨਗੇ।

ਕਥਿਤ ‘ਪੂਰਨ ਗੁਰ-ਮਰਯਾਦਾ‘ ਅਨੁਸਾਰ ਹੁੰਦੇ ਸਿੱਖ ਪਰਿਵਾਰਾਂ ਦੇ ਵਿਆਹਾਂ ਵਿਚ ਇਹ ਰਿਵਾਜ ਹੁਣ ਆਮ ਹੀ ਹੋ ਗਿਆ ਹੈ ਕਿ ਵਿਆਂਦੜ ਮੁੰਡੇ ਦੇ ਸਿਰ ‘ਤੇ ਬੱਝੀ ਪੱਗ, ਅਨੰਦ ਕਾਰਜ ਦੀ ਸਮਾਪਤੀ ਵਾਲੀ ਅਰਦਾਸ ਦੇ ਜੈਕਾਰੇ ਤੱਕ ਹੀ ਦਿਖਾਈ ਦਿੰਦੀ ਹੈ। ਉਸ ਤੋਂ ਫੌਰਨ ਬਾਅਦ ਮੁੰਡੇ ਦੇ ਮੂੰਹ ‘ਤੇ ਦਿਸਦੀ ਨਿੱਕੀ ਨਿੱਕੀ ‘ਆਰਜੀ ਦਾਹੜੀ‘ ਅਤੇ ਪੱਗ,ਦੋਵੇਂ ਅਲੋਪ ਹੋ ਜਾਂਦੀਆਂ ਹਨ। ਲੱਗਦਾ ਹੈ ਕਿ ਅਜਿਹੇ ਨੌਜਵਾਨ-‘ਜਿਨ੍ਹਾਂ ਸਿੱਖੀ ਕੇਸਾਂ ਸੰਗ ਨਿਬਾਹੀ...‘ ਵਾਲੀ ਅਰਦਾਸ ਸੁਣਨ ਤੋਂ ਬਾਅਦ,ਸਿੱਧੇ ਨਾਈ ਦੀ ਦੁਕਾਨ ‘ਤੇ ਜਾ ਪਹੁੰਚਦੇ ਹੋਣਗੇ। ਸਿੱਖੀ ਸਰੂਪ ਲਈ ਇਹ ਅਤਿ-ਘਾਤਕ ਵਰਤਾਰਾ ਹੁਣ ਵਿਦੇਸ਼ਾਂ ਤੇ ਕੀ,ਪੰਜਾਬ ਵਿਚ ਵੀ ਬੁਰੀ ਤਰ੍ਹਾਂ ਫੈਲ ਚੁੱਕਾ ਹੈ। ਸੁਣਿਆ ਹੈ ਕਿ ਹੁਣ ਸਿੱਖ ਪਾਰਲੀਮੈਂਟ, ਭਾਵ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਦੇ ਬੱਚੇ ਵੀ ਇਸ ਮਾਰੂ ਫੈਸ਼ਨ ਦੀ ਲਪੇਟ ਵਿਚ ਆਉਣ ਲੱਗ ਪਏ ਹਨ।

ਲੇਕਿਨ ਬੀਤੇ ਵਰ੍ਹੇ 2012 ਦੇ ਨਵੰਬਰ ਮਹੀਨੇ ਮੈਨੂੰ ਇਕ ਅਜਿਹੇ ਵਿਆਹ ਵਿਚ ਸ਼ਾਮਲ ਹੋਣ ਦਾ ਮੌਕਾ ਮਿਲਿਆ,ਜਿਸ ਦੀ ਨਿਰਾਲੀ ਛਬਿ ਦੇਖ ਕੇ ਬੁੱਲ੍ਹਾਂ ‘ਚੋਂ ਆਪ ਮੁਹਾਰੇ ਨਿਕਲ ਗਿਆ, ‘ਇਹਨੂੰ ਕਹਿੰਦੇ ਨੇ ਪੂਰਨ ਗੁਰ-ਮਰਯਾਦਾ।‘

ਫਰਿਜ਼ਨੋ ਸ਼ਹਿਰ ‘ਚ ਰਹਿੰਦੇ ਮੇਰੇ ਪਾਠਕ ਦੋਸਤ ਗੁਰਮੁਖ ਪਿਆਰੇ ਸ. ਬਲਵਿੰਦਰ ਸਿੰਘ ਨੇ ਤਿੰਨ ਮਹੀਨੇ ਪਹਿਲੋਂ ਹੀ ਮੈਨੂੰ ਆਪਣੀ ਬੇਟੀ ਦੇ ਵਿਆਹ ਦੀ ਸੂਚਨਾ ਦੇ ਦਿੱਤੀ ਤਾਂ ਕਿ ਮੈਂ ਕੰਮ ਤੋਂ ਛੁੱਟੀ ਦਾ ਇੰਤਜ਼ਾਮ ਕਰ ਸਕਾਂ। ਵਿਆਹ ਤੋਂ ਦੋ ਹਫ਼ਤੇ ਪਹਿਲਾਂ ਉਨ੍ਹਾਂ ਸਾਡੇ ਘਰੇ ਇਕ ਕਲੀਨਸ਼ੇਵ ਨੌਜਵਾਨ ਹੱਥ ਲੱਡੂਆਂ ਨਾਲ ਕਾਰਡ ਵੀ ਭੇਜ ਦਿੱਤਾ। ਨਾਲ ਹੀ ਮੈਨੂੰ ਇਹ ਹਦਾਇਤ ਵੀ ਭੇਜ ਦਿੱਤੀ ਕਿ ਤੁਹਾਨੂੰ ਇਹੀ ਮੁੰਡਾ ਫਰਿਜ਼ਨੋ ਲੈ ਕੇ ਆਵੇਗਾ; ਇਹਦੇ ਨਾਲ ਹੀ ਵਿਆਹ ‘ਤੇ ਪਹੁੰਚਣ ਦਾ ਪ੍ਰੋਗਰਾਮ ਤੈਅ ਕਰ ਲੈਣਾ।

ਵਿਆਹ ਤੋਂ ਇਕ ਦਿਨ ਪਹਿਲਾਂ ਸ਼ਾਮ ਨੂੰ ਮੈਨੂੰ ਵੀਰ ਬਲਵਿੰਦਰ ਸਿੰਘ ਦਾ ਫਿਰ ਫੋਨ ਆ ਗਿਆ ਕਿ ਕੱਲ੍ਹ ਨੂੰ ਤੁਸੀਂ ਜਿਸ ਕਲੀਨਸ਼ੇਵ ਮੁੰਡੇ ਨਾਲ ਫਰਿਜ਼ਨੋ ਆ ਰਹੇ ਹੋ, ਰਾਹ ਵਿਚ ਉਸ ਨੇ ਤੁਹਾਡੇ ਨਾਲ ‘ਕੁਝ ਜ਼ਰੂਰੀ‘ ਗੱਲਾਂ ਕਰਨੀਆਂ ਹਨ। ਉਹਨੂੰ ਸੁਣ ਲਿਉ, ਟਾਲਾ ਨਾ ਵੱਟਿਉ। ਖ਼ੈਰ, ਦੂਜੇ ਦਿਨ ਸੁਵਖਤੇ ਜਦੋਂ ਉਹ ਮੁੰਡਾ ਮੈਨੂੰ ਲੈਣ ਆਇਆ, ਤਾਂ ਮੈਂ ਉਸ ਨੂੰ ਦੇਖ ਕੇ ਹੈਰਾਨ ਹੀ ਰਹਿ ਗਿਆ। ਦੋ ਹਫ਼ਤੇ ਪਹਿਲਾਂ ਸਫਾਚੱਟ ਦਿਖਾਈ ਦਿੰਦੇ ਮੁੰਡੇ ਨੇ ਹੁਣ ਸਿਰ ਉਤੇ ਪਟਿਆਲਾ ਸ਼ਾਹੀ ਦਸਤਾਰ ਵੀ ਸਜਾਈ ਹੋਈ ਸੀ ਤੇ ਉਸ ਦੀ ਦਾੜ੍ਹੀ ਵੀ ਵਧੀ ਹੋਈ ਸੀ। ਰਾਹ ਵਿਚ ਜਾਂਦਿਆਂ ਉਹਦੀਆਂ ‘ਜ਼ਰੂਰੀ ਗੱਲਾਂ‘ ਸੁਣ ਕੇ ਮੇਰੀਆਂ ਹੋਰ ਵਾਛਾਂ ਖਿੜ ਗਈਆਂ! ਉਹ ਅਸਲ ਵਿਚ ਅੰਮ੍ਰਿਤਪਾਨ ਕਰਨ ਲਈ ਤਿਆਰ ਹੋ ਚੁੱਕਾ ਸੀ ਅਤੇ ਮੈਥੋਂ ਰਹਿਤਾਂ-ਕੁਰਹਿਤਾਂ ਜਾਂ ਗੁਰਮਤਿ ਬਾਰੇ ਕੁਝ ਹੋਰ ਵਧੇਰੇ ਜਾਣਕਾਰੀ ਲੈਣੀ ਚਾਹੁੰਦਾ ਸੀ। ਸੋ, ਅਸੀਂ ਸੈਨ ਹੋਜ਼ੇ ਤੋਂ ਫਰਿਜ਼ਨੋ ਤੱਕ ਢਾਈ ਘੰਟੇ ਸਿੱਖ ਜੀਵਨ-ਜਾਚ ਦੀ ਚਰਚਾ ਕਰਦਿਆਂ ਬਿਤਾਏ।

ਫਰਿਜ਼ਨੋ ਦਾ ਗੁਰਦੁਆਰਾ ਜਿਥੇ ਅਨੰਦ ਕਾਰਜ ਹੋਣਾ ਸੀ, ‘ਲੱਖੀ ਜੰਗਲ ਖਾਲਸਾ, ਆਇ ਦੀਦਾਰ ਦਿਤੋ ਨੇ‘ ਦਾ ਅਲੌਕਿਕ ਨਜ਼ਾਰਾ ਪੇਸ਼ ਕਰ ਰਿਹਾ ਸੀ। ‘ਚਮਕੇ ਸਿੰਘ ਭੁਜੰਗੀਏ ਨੀਲ ਅੰਮ੍ਰਿਤਧਾਰੇ‘ ਤੱਕ ਤੱਕ ਰੂਹਾਂ ਵਿਸਮਾਦਿਤ ਹੋ ਰਹੀਆਂ ਸਨ। ਬਿਨਾਂ ਕਿਸੇ ਕੰਨ ਪਾੜਵੇਂ ਬੈਂਡ-ਵਾਜੇ ਜਾਂ ਉਰਲੀਆਂ-ਪਰਲੀਆਂ ਰਸਮਾਂ ਤੋਂ, ਸਹਿਜ ਸਾਦਗੀ ਨਾਲ ਵਿਆਹ ਹੋਇਆ। ਗੁਰੂ ਮਹਾਰਾਜ ਅੱਗੇ, ਕਿਸੇ ਉਚੇਚੇ ਛੰਗਣ-ਮੰਗਣ ਤੋਂ ਨਿਰਲੇਪ ਬੈਠੀ ਸੁਭਾਗੀ ਜੋੜੀ ਦੇਖਦਿਆਂ, ਪੁਰਾਤਨ ਸਿੱਖਾਂ ਦੇ ਵਿਆਹਾਂ ਦੀ ਯਾਦ ਤਾਜ਼ਾ ਹੋ ਗਈ। ਕੋਈ ਭੜਕੀਲਾ ਫੈਸ਼ਨ ਨਹੀਂ, ਕੋਈ ਚੰਚਲਪੁਣਾ ਨਹੀਂ ਅਤੇ ਨਾ ਹੀ ਅਮੀਰੀ ਦੀ ਕੋਈ ਸ਼ੋਸ਼ੇਬਾਜ਼ੀ। ਆਮ ਪੰਜਾਬਣਾਂ ਵਾਲੇ ਸਾਧਾਰਨ, ਪਰ ਫੱਬਵੇਂ ਪਹਿਰਾਵੇ ਵਿਚ ਬੇਟੀ ਅਤੇ ਪੁਰਾਤਨ ਸਿੰਘਾਂ ਵਾਲੇ ਪਹਿਰਾਵੇ ਵਾਲੇ ਸਜੀਲੇ ਗੱਭਰੂ ਨੇ ਗੁਰੂ ਦੀ ਭੈਅ-ਭਾਵਨੀ ‘ਚ ਅਨੰਦ ਕਾਰਜ ਸੰਪੂਰਨ ਕਰਵਾਏ।

ਮੈਨੂੰ ਦੱਸਿਆ ਗਿਆ ਕਿ ਵਿਆਂਦੜ ਲੜਕਾ ਇਕ ਅਮਰੀਕਨ ਯੂਨੀਵਰਸਿਟੀ ਤੋਂ ਡਿਗਰੀ ਲੈ ਕੇ ਫਰਿਜ਼ਨੋ ਕਾਊਂਟੀ ਦੇ ਫਾਇਨੈਂਸ਼ਲ ਅਡਵਾਈਜ਼ਰ ਦੀ ਜੌਬ ਕਰ ਰਿਹਾ ਹੈ ਅਤੇ ਬੀ.ਐਸ.ਸੀ. ਡਿਗਰੀ ਹੋਲਡਰ ਬੇਟੀ ਵੀ ਬਹੁਤ ਵਧੀਆ ਜੌਬ ਕਰ ਰਹੀ ਹੈ। ਅੱਖੀਂ ਦੇਖਣ ਵਾਲਿਆਂ ਲਈ ਇਹ ਵਿਆਹ, ਮੇਰੇ ਵਾਂਗ ਹੀ ਯਾਦਗਾਰੀ ਤੇ ਮਿਸਾਲੀ ਸਮਾਗਮ ਹੋ ਨਿਬੜਿਆ ਹੋਵੇਗਾ।

ਨਿਰਾਸ਼ਾ ਮਿਟਾ ਕੇ ਕੁਝ ਕੁਝ ਧੀਰਜ ਬੰਨ੍ਹਾਉਣ ਵਾਲਾ ਦੂਜਾ ਕਿੱਸਾ ਵੀ ਮੇਰੀ ਹੱਡਬੀਤੀ ਹੀ ਹੈ। ‘ਲਾਈਟ ਐਂਡ ਸਾਊਂਡ’ ਰਾਹੀਂ ਸਿੱਖ ਇਤਿਹਾਸ ਦੇ ਵੱਖ-ਵੱਖ ਪ੍ਰਸੰਗ ਦੁਨੀਆਂ ਭਰ ਵਿਚ ਪ੍ਰਦਰਸ਼ਿਤ ਕਰਨ ਵਾਲੇ ਪ੍ਰਸਿੱਧ ਨਾਟਕਕਾਰ ਸ. ਚਰਨ ਸਿੰਘ‘ਸਿੰਧਰਾ’ ਪਿਛਲੇ ਸਾਲ (2012) ਦੇ ਅਕਤੂਬਰ ਮਹੀਨੇ ਅਮਰੀਕਾ ਰਹਿੰਦੇ ਆਪਣੇ ਬੇਟੇ ਕੋਲ ਪਧਾਰੇ। ਉਨ੍ਹਾਂ ਫੋਨ ‘ਤੇ ਮੈਨੂੰ ਦੱਸਿਆ ਕਿ ਉਹ ਇਥੋਂ ਦੇ ਪੰਜਾਬੀ ਸਾਹਿਤਕਾਰਾਂ ਨਾਲ ਇਕ ਮਿਲਣੀ ਕਰਨਾ ਚਾਹੁੰਦੇ ਨੇ। ਸਿੰਧਰਾ ਜੀ ਦੀ ਅਮਰੀਕਾ ਆਮਦ ਬਾਰੇ ਮੈਂ ਖ਼ਬਰ ਵੀ ਛਪਵਾ ਦਿੱਤੀ ਅਤੇ ਨਾਲੇ ਉਨ੍ਹਾਂ ਦੀ ਇੱਛਾ ਪੰਜਾਬੀ ਸਾਹਿਤ ਸਭਾ ਕੈਲੀਫੋਰਨੀਆ ਦੇ ਕਰਤਿਆਂ-ਧਰਤਿਆਂ ਤੱਕ ਪਹੁੰਚਾ ਦਿੱਤੀ। ਸਿਰੇ ਦੀ ਫੁਰਤੀ ਦਿਖਾਉਂਦਿਆਂ ਸਾਹਿਤ ਸਭਾ ਦੇ ਪ੍ਰਧਾਨ ਕੁਲਦੀਪ ਸਿੰਘ ਢੀਂਡਸਾ ਅਤੇ ਡਾ. ਗੁਰਮੀਤ ਸਿੰਘ ਬਰਸਾਲ ਨੇ ਉਨ੍ਹਾਂ ਨੂੰ ਮਿਲ ਕੇ ਸ. ਸਿੰਧਰਾ ਦਾ ਸਨਮਾਨ ਸਮਾਰੋਹ ਵੀ ਉਲੀਕ ਲਿਆ।

ਇਨ੍ਹਾਂ ਦੋਹਾਂ ਸੱਜਣਾਂ ਨੇ ਸ. ਸਿੰਧਰਾ ਦੀ ਮਨਸ਼ਾ ਅਨੁਸਾਰ ਦਸੰਬਰ ਮਹੀਨੇ ਦੇ ਸ਼ਹੀਦੀ ਹਫ਼ਤੇ ਦੌਰਾਨ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਇਤਿਹਾਸ ਦਰਸਾਉਂਦੇ ਨਾਟਕ ‘ਨਿੱਕੀਆਂ ਜਿੰਦਾਂ ਵੱਡੇ ਸਾਕੇ‘ ਦੀ ਤਿਆਰੀ ਅਰੰਭ ਦਿੱਤੀ। ਅਮਰੀਕਾ ਵਿਚ ਹੀ ਜਨਮੇ ਸੈਨਹੋਜ਼ੇ ਸ਼ਹਿਰ ਵਾਸੀ ਸਿੱਖ ਪਰਿਵਾਰਾਂ ਦੇ ਤੀਹ-ਚਾਲੀ ਬੱਚਿਆਂ ਨੂੰ ਦਿਨ-ਰਾਤ ਮਿਹਨਤ ਕਰ ਕੇ ਲਾਈਟ ਐਂਡ ਸਾਊਂਡ ਦਾ ਸਿਸਟਮ ਸਮਝਾਇਆ ਗਿਆ ਤੇ ਉਨ੍ਹਾਂ ਨੂੰ ਬਾਲੜੀ ਉਮਰ ਦੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਦੇ ਵੇਰਵੇ ਕੰਠ ਕਰਵਾਏ ਗਏ। ਸੈਨ ਹੋਜ਼ੇ ਗੁਰਦੁਆਰੇ ਵਿਚ ਪਹਿਲੀ ਵਾਰ ਹੀ ਖੇਡੇ ਗਏ ਖੂਨੀ ਦਾਸਤਾਨ ਵਾਲੇ ਇਸ ਨਾਟਕ ਨੂੰ ਦੇਖਣ ਵਾਲਿਆਂ ਦੀਆਂ ਅੱਖਾਂ ‘ਚੋਂ ਤ੍ਰਿੱਪ ਤ੍ਰਿੱਪ ਹੰਝੂ ਕਿਰਦੇ ਮੈਂ ਖੁਦ ਦੇਖੇ। ਕਿਸੇ ‘ਸਾਹਿਤ ਸਭਾ’ ਦਾ ਸ਼ਾਇਦ ਇਹ ਪਹਿਲਾ ਪ੍ਰੋਗਰਾਮ ਹੋਵੇਗਾ ਜੋ ਸ਼ਤ-ਪ੍ਰਤੀਸ਼ਤ ਸਿੱਖੀ ਪ੍ਰਚਾਰ ਨੂੰ ਸਮਰਪਿਤ ਸੀ। ਸੱਸੀਆਂ-ਸੋਹਣੀਆਂ ਜਾਂ ਹੀਰ-ਰਾਂਝਿਆਂ ਦੇ ਪ੍ਰੀਤ ਕਿੱਸੇ ਤਾਂ ਸਾਹਿਤ ਸਭਾਵਾਂ ਵਾਲੇ ਬਥੇਰੇ ਗਾਉਂਦੇ ਰਹਿੰਦੇ ਨੇ,ਪਰ ਪੰਜਾਬੀ ਸਾਹਿਤ ਸਭਾ ਕੈਲੀਫੋਰਨੀਆ ਦਾ ਇਹ ਵਿਲੱਖਣ ਪ੍ਰੋਗਰਾਮ ਸੀ। ਜਿਸ ਕਰ ਕੇ ਕੁਝ ਲੋਕਾਂ ਦੇ ਮੂੰਹੋਂ ਇਹ ਚੁਰ-ਚੁਰਾ ਵੀ ਸੁਣਨ ਨੂੰ ਮਿਲਿਆ ਕਿ ‘ਲਉ ਜੀ, ਹੁਣ ਸਾਹਿਤ ਸਭਾ ਵਾਲੇ ਗੁਰਦੁਆਰਿਆਂ ‘ਚ ਜਾ ਵੜੇ!‘ ਪਰ ਸਿੰਧਰਾ ਜੀ ਤੇ ਉਨ੍ਹਾਂ ਦੀ ਟੀਮ ਦੇ ਇਸ ਨਿਵੇਕਲੇ ਉਦਮ ਸਦਕਾ ਤੀਹ-ਚਾਲੀ ਸਿੱਖ ਬੱਚਿਆਂ ਦੇ ਦਿਲਾਂ ਵਿਚੋਂ ਹੁਣ ਸਰਹੰਦ ਦੀ ਦਾਸਤਾਂ ਨਹੀਂ ਨਿਕਲ ਸਕੇਗੀ ਸਾਰੀ ਉਮਰ!

ਲਹੂ ਭਿੱਜੇ ਇਸ ਪ੍ਰਸੰਗ ਦਾ ਅਸਰ ਨਿੱਕੇ ਬੱਚਿਆਂ ਦੇ ਨਾਲ-ਨਾਲ ਵੱਡਿਆਂ ‘ਤੇ ਵੀ ਹੋਇਆ। ਸਾਰੇ ਰੁਝੇਵੇਂ ਛੱਡ ਕੇ ਇਸ ਨਾਟਕ ਨੂੰ ਸਫ਼ਲ ਬਣਾਉਣ ਲਈ ਸਿਰਤੋੜ ਯਤਨ ਕਰਨ ਵਾਲੇ ਸ੍ਰੀ ਕੁਲਦੀਪ ਸਿੰਘ ਢੀਂਡਸਾ ਮਹੀਨੇ ਕੁ ਬਾਅਦ ਮੈਨੂੰ ਹੇਵਰਡ ਦੇ ਗੁਰਦੁਆਰੇ ਮਿਲੇ, ਪਰ ਮੈਂ ਉਨ੍ਹਾਂ ਨੂੰ ਪਛਾਣਿਆ ਹੀ ਨਾ। ਆਪਣੇ ਪੋਤਰੇ ਦੇ ‘ਬਾਬਾ ਜੀ‘ ਬਣ ਚੁੱਕੇ ਸ੍ਰੀ ਢੀਂਡਸਾ ਹੁਣ ‘ਸ਼ੇਵ‘ ਦੇ ਸਮਾਨ ਨੂੰ ਤਿਲਾਂਜਲੀ ਦੇ ਕੇ ਸਿਰ ‘ਤੇ ਦਸਤਾਰ ਸਜਾ ‘ਸਰਦਾਰ ਜੀ‘ ਬਣੇ ਹੋਏ ਸਨ।

ਸਿੱਖੀ ਦੇ ਸੁਨਹਿਰੇ ਭਵਿੱਖ ਦੀ ਸੂਹ ਦੇਣ ਵਾਲਾ ਤੀਜਾ ਕਿੱਸਾ ਮੈਨੂੰ ਭੇਜਿਆ ਹੈ ਇਤਿਹਾਸਕ ਪਿੰਡ ਮੌ ਸਾਹਿਬ ਦੇ ਵਸਨੀਕ ਨਾਮੀ ਪੱਤਰਕਾਰ ਸ. ਹਰਮਿੰਦਰ ਸਿੰਘ ਢਿੱਲੋਂ ਨੇ। ਗੁਰੂ ਅਰਜਨ ਦੇਵ ਕਬੱਡੀ ਕਲੱਬ ਡਰਬੀ (ਯੂ.ਕੇ.) ਦੇ ਚੇਅਰਮੈਨ ਸੁਖਦੇਵ ਸਿੰਘ ਅਟਵਾਲ ਅਤੇ ਬੀਬੀ ਸੁਖਰਾਜ ਕੌਰ ਅਟਵਾਲ ਦੀ ਨੰਨ੍ਹੀ-ਮੁੰਨੀ ਬੇਟੀ ਹੈ - ਮਨਸੁਖਪ੍ਰੀਤ ਕੌਰ ਅਟਵਾਲ ਜੋ ਇਸ ਸਾਲ (2013) ਸੱਤ ਸਾਲਾਂ ਦੀ ਹੋਈ ਹੈ। ਇੰਗਲੈਂਡ ਦੀ ਜੰਮਪਲ ਇਸ ਰੱਬੀ ਰੰਗ-ਰੱਤੜੀ ਧੀ ਨੇ ਆਪਣੀ ਮਾਂ ਦੀ ਪ੍ਰੇਰਨਾ ਨਾਲ ਤਿੰਨ ਸਾਲ ਦੀ ਉਮਰ ਵਿਚ ਹੀ ਅੰਮ੍ਰਿਤਪਾਨ ਕਰ ਲਿਆ ਸੀ। ਤੰਤੀ ਸਾਜ਼ਾਂ ‘ਤੇ ਕੀਰਤਨ ਦੀ ਸਿਖਲਾਈ ਲੈ ਰਹੀ ਇਸ ਬੇਟੀ ਨੂੰ ਪੰਜ ਬਾਣੀਆਂ ਜ਼ੁਬਾਨੀ ਕੰਠ ਹਨ। ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪੂਰਨ ਸੰਥਿਆ ਲੈ ਕੇ ਪੂਰਾ ਸਹਿਜ ਪਾਠ ਕਰ ਚੁੱਕੀ ਹੈ। ‘ਸੁਕ੍ਰਿਤ ਮਲਟੀਵਰਸਿਟੀ’ ਵਾਲੇ ਭਾਈ ਜਸਵੀਰ ਸਿੰਘ ਖਾਲਸਾ ਵੱਲੋਂ 2 ਅਕਤੂਬਰ 2012 ਨੂੰ ਸ੍ਰੀ ਅੰਮ੍ਰਿਤਸਰ ਵਿਖੇ ‘ਸਹਿਜ ਸੁਮੇਲ ਸਮਾਗਮ‘ ਕਰਵਾਇਆ ਗਿਆ। ਦੇਸ਼ਾਂ-ਵਿਦੇਸ਼ਾਂ ਵਿਚੋਂ ਹਜ਼ਾਰਾਂ ਬੱਚਿਆਂ ਨੇ ਇਸ ਵਿਚ ਸ਼ਮੂਲੀਅਤ ਕੀਤੀ। ਸਹਿਜ ਪਾਠ ਦਾ ਭੋਗ ਪਾਉਣ ਵਾਲੇ ਬੱਚਿਆਂ ਵਿਚੋਂ ਸਭ ਤੋਂ ਘੱਟ ਉਮਰ ਦੀ ਮਨਸੁਖਪ੍ਰੀਤ ਕੌਰ ਐਲਾਨੀ ਗਈ। ਗੁਰਬਾਣੀ ਉਚਾਰਨ ਸਬੰਧੀ ਕਿਤਾਬਾਂ ਅਤੇ ਸੀਡੀਆਂ ਦਾ ਕਾਫੀ ਵੱਡਾ ਖ਼ਜ਼ਾਨਾ ਸਾਂਭੀ ਬੈਠੀ ਮਨਸੁਖ, ਗੱਤਕੇ ਦੀ ਟ੍ਰੇਨਿੰਗ ਵੀ ਲੈ ਰਹੀ ਹੈ। ਗੋਰਿਆਂ ਦੇ ਸਕੂਲ ਵਿਚ ਪੰਜਾਬੀ ਸਿੱਖਾਂ ਦੀ ਇਹ ਇਕੋ ਇਕ ਵਿਦਿਆਰਥਣ ਹੈ, ਜੋ ਹਰ ਇਮਤਿਹਾਨ ਅੱਵਲ ਦਰਜੇ ਵਿਚ ਪਾਸ ਕਰਦੀ ਹੈ। ਗੁਰਮਤਿ ਪ੍ਰਚਾਰਕ ਬਣਨਾ ਲੋਚਦੀ ਇਸ ਬੱਚੀ ਦੇ ਸਿਰ ‘ਤੇ ਅਕਾਲ ਪੁਰਖ ਮਿਹਰਾਂ ਵਰਸਾਵੇ।

ਇਹ ਸੁਭਾਗੇ ਸਮਾਂਚਾਰ, ਨਿੱਜੀ ਜਾਂ ਗਿਣਤੀ ‘ਚ ਥੋੜੇ ਈ ਸਹੀ, ਪਰ ਸਿੱਖੀ ਦੇ ਸੁਨਹਿਰੇ ਭਵਿੱਖ ਦੀ ਜ਼ਾਮਨੀ ਤਾਂ ਭਰਦੇ ਹੀ ਹਨ!


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top