Share on Facebook

Main News Page

ਸ਼੍ਰੋਮਣੀ ਕਮੇਟੀ ਦੇ ਦੋ ਸਾਲਾ ਸਿੱਖ ਧਰਮ ਅਧਿਐਨ ਪੱਤਰ-ਵਿਹਾਰ ਕੋਰਸ ਦੇ ਨਾਮ ਹੇਠ ਗੁਰਮਤਿ ਸਿਧਾਂਤਾਂ ਦੇ ਖਾਤਮੇ ਦੀ ਸਾਜਿਸ਼
- ਪ੍ਰੋਫ਼ੈਸਰ ਕਵਲਦੀਪ ਸਿੰਘ ਕੰਵਲ

ਪ੍ਰੀਖਿਆਰਥੀਆਂ ਨੂੰ ਪੁੱਛੇ ਜਾ ਰਹੇ ਹਨ ਸਿੱਖ ਗੁਰੂਆਂ ਤੇ ਇਤਿਹਾਸ ਨੂੰ ਬਦਨਾਮ ਕਰਨ ਵਾਲੇ ਗ੍ਰੰਥਾਂ ਵਿੱਚੋਂ ਪ੍ਰਸ਼ਨ
ਗੁਰਮਤਿ ਪ੍ਰਣਾਏ ਸਿੱਖ ਵਿਦਵਾਨਾਂ ਤੇ ਉਹਨਾਂ ਦੀਆਂ ਲਿਖਤਾਂ ਨੂੰ ਅੱਖੋਂ ਪਰੋਖੇ ਕਰਨ ਦਾ ਕੋਝਾ ਯਤਨ

(੨੮/੦੧/੨੦੧੩, ਅੰਮ੍ਰਿਤਸਰ) ਸ਼ਬਦ-ਗੁਰੂ, ਗੁਰਮਤਿ ਤੇ ਸਿੱਖ ਸਿਧਾਂਤਾਂ ਦੇ ਪ੍ਰਸਾਰ ਲਈ ਕਰੜੀ ਘਾਲਣਾ ਤੋਂ ਬਾਅਦ ਹੋਂਦ ਵਿੱਚ ਲਿਆਂਦੀ ਗਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਗੁਰਮਤਿ ਦੇ ਪ੍ਰਚਾਰ ਦੇ ਨਾਮ ਹੇਠ ਕਰਵਾਈ ਜਾਂਦੀ ਦੋ-ਸਾਲਾ ਸਿੱਖ-ਧਰਮ ਅਧਿਐਨ ਪੱਤਰ-ਵਿਹਾਰ ਕੋਰਸ ਦੀ ਪ੍ਰੀਖਿਆ ਵਿੱਚ ਸਿੱਖ-ਗੁਰੂਆਂ ਦੇ ਚਰਿੱਤਰ ਨੂੰ ਬਦਨਾਮ ਕਰਨ, ਸਿੱਖ-ਇਤਿਹਾਸ ਨੂੰ ਕਲੰਕਿਤ ਕਰਨ ਅਤੇ ਗੁਰਮਤਿ-ਸਿਧਾਂਤਾਂ ਦੇ ਖਾਤਮੇ ਦੀ ਸਾਜਿਸ਼ ਰਚਣ ਦਾ ਪਰਦਾਫਾਸ਼ ਅੱਜ ਉਸ ਵੇਲੇ ਹੋ ਗਿਆ ਜਦੋਂ ਇਸ ਪ੍ਰੀਖਿਆ ਦੇ ਪਹਿਲੇ ਸਾਲ ਦੇ “ਸਿੱਖ ਇਤਿਹਾਸ ਦੇ ਮੁੱਢਲੇ ਸੋਮੇ : ਮੁੱਢਲੀ ਜਾਣਕਾਰੀ” ਵਿਸ਼ੇ ਉੱਤੇ ਦੂਜੇ ਦਿਨ ਲਏ ਗਏ ਤੀਜੇ ਪਰਚੇ ਵਿੱਚ ਸਿੱਖ ਪੰਥ ਦੇ ਮੁਢਲੇ ਸੋਮਿਆਂ ਵਿੱਚ ਸਿਰਫ਼ ਤੇ ਸਿਰਫ਼ ਗੁਰੂ ਗ੍ਰੰਥ ਸਾਹਿਬ ਦੀ ਸਿੱਖਿਆ ਤੋਂ ਵਿਪਰੀਤ ਵਿਚਾਰ ਦੇਣ ਅਤੇ ਸਿੱਖ ਗੁਰੂਆਂ ਤੇ ਇਤਿਹਾਸ ਨੂੰ ਬਦਨਾਮ ਕਰਨ ਵਾਲੀਆਂ ਅਪ੍ਰਮਾਣੀਕ ਤੇ ਵਿਵਾਦਿਤ ਕਿਤਾਬਾਂ ਨੂੰ ਹੀ ਪ੍ਰਮੁੱਖ ਸਥਾਨ ਦੇ ਕੇ ਸਿੱਖ ਇਤਿਹਾਸ ਨੂੰ ਵਿਗਾੜਨ ਦਾ ਕੋਝਾ ਯਤਨ ਸਾਹਮਣੇ ਆਇਆ |

ਇੱਥੇ ਇਹ ਬਿਆਨ ਕਰਨਾ ਉਚਿਤ ਹੈ, ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਦੋ-ਸਾਲਾ ਪੱਤਰ-ਵਿਹਾਰ ਕੋਰਸ ਦੀ ਇਹ ਪ੍ਰੀਖਿਆ ਨੌਜਵਾਨ ਬੱਚੇ-ਬਚੀਆਂ ਨੂੰ ਕਈ ਪ੍ਰਕਾਰ ਦੇ ਮਾਇਕ ਵਜ਼ੀਫੇ ਤੇ ਹੋਰ ਇਨਾਮ, ਸਨਮਾਨ ਇਤਿਆਦਿਕ ਦੇ ਕੇ ਸਿੱਖ-ਧਰਮ ਦੇ ਸਿਧਾਂਤਾਂ ਪ੍ਰਤੀ ਜਾਗਰੂਕ ਕਰਨ ਦੇ ਉਦੇਸ਼ ਵਜੋਂ ਸ਼ੁਰੂ ਕੀਤੀ ਗਈ ਸੀ | ਪਰ ਇਸ ਤੋਂ ਉਲਟ ਜੇ ੨੮ ਜਨਵਰੀ ੨੦੧੩ ਨੂੰ ਹੋਏ ਇਸ ਤੀਜੇ ਪਰਚੇ ਦੇ ਪ੍ਰਸ਼ਨ ਪੱਤਰ ਨੂੰ ਗਹੁ ਨਾਲ ਵਾਚਿਆ ਜਾਵੇ ਤਾਂ ਕੁੱਲ ੩੫ ਛੋਟੇ ਪ੍ਰਸ਼ਨਾਂ ਵਿੱਚੋਂ ੧੯ ਅਤੇ ੫ ਵੱਡੇ ਪ੍ਰਸ਼ਨਾਂ ਵਿੱਚੋਂ ੪ ਗੁਰਮਤਿ ਵਿਰੋਧੀ ਕਿਤਾਬਾਂ ਦੇ ਸੰਬੰਧ ਵਿੱਚ ਪੁੱਛੇ ਗਏ ਹਨ, ਜਿਸ ਵਿੱਚੋਂ ਅਖੌਤੀ ਦਸਮ ਗ੍ਰੰਥ ਵਿੱਚੋਂ ੧੨ ਛੋਟੇ ਤੇ ੧ ਵੱਡਾ ਪ੍ਰਸ਼ਨ, ਭਾਈ ਗੁਰਦਾਸ ਦੂਜੇ ਦੀ ਵਿਵਾਦਿਤ ਇਕਤਾਲੀਵੀਂ ਵਾਰ, ਵਿਵਾਦਤ ਜਨਮ-ਸਾਖੀਆਂ, ਗੁਰਬਿਲਾਸ ਪਾਤਸ਼ਾਹੀ ੬ ਤੇ ੧੦, ਇਤਿਆਦਿਕ ਵਿੱਚੋਂ ੬ ਛੋਟੇ ਤੇ ੩ ਵੱਡੇ ਪ੍ਰਸ਼ਨ ਤੇ ਇੱਕ ਛੋਟਾ ਪ੍ਰਸ਼ਨ ਚਤੁਰਭੁਜ ਨਾਂ ਦੀ ਅਜਿਹੀ ਪੋਥੀ ਸੰਬੰਧੀ ਹੈ ਜਿਸਦਾ ਸਿੱਖ ਇਤਿਹਾਸ ਨਾਲ ਦੂਰ-੨ ਵੀ ਵਾਸਤਾ ਨਹੀਂ ਹੈ |

ਉੱਥੇ ਹੀ ਸਿੱਖ ਇਤਿਹਾਸ ਦੇ ਸਿਧਾਂਤਾਂ ਦੇ ਪ੍ਰਮਾਣਿਤ ਸੋਮਿਆਂ ਤੇ ਇਤਿਹਾਸਕਾਰਾਂ, ਵਿਦਵਾਨਾਂ, ਭਾਈ ਕਾਨ੍ਹ ਸਿੰਘ ਨਾਭਾ, ਭਾਈ ਕਰਮ ਸਿੰਘ ਹਿਸਟੋਰੀਅਨ, ਪ੍ਰੋ. ਗੁਰਮੁਖ ਸਿੰਘ, ਗਿਆਨੀ ਦਿੱਤ ਸਿੰਘ, ਪ੍ਰੋ. ਸਾਹਿਬ ਸਿੰਘ ਇਤਿਆਦਿਕ ਦਾ ਜ਼ਿਕਰ ਕਰਨਾ ਵੀ ਜਰੂਰੀ ਨਹੀਂ ਸਮਝਿਆ ਗਿਆ ਤਾਂ ਕਿ ਸਿੱਖੀ ਸਿਧਾਂਤਾਂ ਦੀ ਮੂਲ-ਜਾਣਕਾਰੀ ਦੀ ਪ੍ਰਾਪਤੀ ਵਲ ਰੁਚਿਤ ਨੌਜਵਾਨੀ ਨੂੰ ਸਹੀ ਸੇਧ ਤੋਂ ਵਿਰਵਿਆਂ ਰੱਖ ਜੜ੍ਹਾਂ ਤੋਂ ਤੋੜ੍ਹ ਸੋਚ ਨੂੰ ਹੀ ਨਸ਼ਟ ਕਰ ਦਿੱਤਾ ਜਾਵੇ | ਇਸ ਦੇ ਨਾਲ-ਨਾਲ ਦੇਸੀ ਤੇ ਵਿਦੇਸ਼ੀ ਪ੍ਰਮਾਣਿਕ ਇਤਿਹਾਸਿਕ ਸਰੋਤਾਂ ਨੂੰ, ਜੋ ਉਸ ਸਮੇਂ ਦੇ ਹਾਲਾਤਾਂ ਬਾਰੇ ਕਾਫ਼ੀ ਹੱਦ ਤਕ ਚਾਨਣਾ ਪਾਉਂਦੇ ਹਨ, ਕੋਈ ਸਥਾਨ ਨਾ ਦੇ ਕੇ, ਪ੍ਰੀਖਿਆਰਥੀਆਂ ਨੂੰ ਸਿੱਖੀ ਸੰਬੰਧੀ ਵੈਸ਼ਵਿਕ ਵਿਚਾਰਾਂ ਤੋਂ ਵਾਂਝਾ ਰੱਖ ਬੂਝੜ ਜਾਂ ਖੂਹ ਦਾ ਡੱਡੂ ਬਣਾਉਣ ਦਾ ਸ਼ਰਯੰਤਰਕਾਰੀ ਯਤਨ ਵੀ ਕੀਤਾ ਗਿਆ |

ਜਿਕਰਯੋਗ ਹੈ ਜਿੱਥੇ ਅਖੌਤੀ ਦਸਮ ਗ੍ਰੰਥ ਦੀ ਰਚਨਾ ੧੮੯੫ ਵਿੱਚ ਤਥਾਕਥਿਤ ਆਪੂੰ-ਥਾਪੀ ਸੋਧਕ ਕਮੇਟੀ ਵਲੋਂ ਵਜੂਦ ਵਿੱਚ ਲਿਆਏ ਜਾਣ ਤੋਂ ਹੀ ਆਪਣੀ ਅਸ਼ਲੀਲਤਾ, ਨਸ਼ਿਆਂ ਦੇ ਸਮਰਥਨ , ਚਰਿੱਤਰਹੀਣਤਾ, ਸਿੱਖੀ ਸਰੂਪ ‘ਤੇ ਹਮਲਿਆਂ ਅਤੇ ਗੁਰੂ-ਸਾਹਿਬਾਨ ਦੇ ਜੀਵਨ ਬਾਰੇ ਆਪ-ਹੁਦਰੀਆਂ ਗਲਤ ਬਿਆਨੀਆਂ ਕਰਨ ਕਾਰਨ ਇੱਕ ਵਿਵਾਦਿਤ ਕਿਤਾਬ ਰਹੀ ਹੈ, ਜਿਸਨੂੰ ਸਾਜਿਸ਼ ਅਧੀਨ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਨਾਮ ਨਾਲ ਜੋੜ ਕੇ ਸਿੱਖੀ ਵਿੱਚ ਸ਼ਬਦ-ਗੁਰੂ ਗੁਰੂ ਗਰੰਥ ਸਾਹਿਬ ਦੇ ਸ਼ਰੀਕ ਵਜੋਂ ਚੋਰ-ਦਰਵਾਜਿਓਂ ਘਸੋੜਨ ਦੇ ਗੰਭੀਰ ਯਤਨ ਚੱਲ ਰਹੇ ਹਨ ਅਤੇ ਇੱਕ ਕਿਤਾਬ ਵਜੋਂ ਜਿਸ ਵਿੱਚ ਪਹਿਲੇ ਦਰਜੇ ਦੇ ਪੱਧਰ ਦੀ ਵੀ ਕੋਈ ਇਤਿਹਾਸਿਕ ਜਾਣਕਾਰੀ ਨਹੀਂ ਮਿਲਦੀ ਜਿਸਦੇ ਚਲਦੇ ਇਸਨੂੰ ਇਤਿਹਾਸ ਦੇ ਮੂਲ ਸਰੋਤਾਂ ਵਿੱਚ ਗਿਣੇ ਜਾਣ ਦੇ ਕਾਬਿਲ ਸਮਝਿਆ ਜਾ ਸਕੇ; ਉੱਥੇ ਹੀ ਗੁਰ-ਬਿਲਾਸ ੬ ਤੇ ੧੦, ਜਨਮਸਾਖੀ ਬਾਲਾ, ਇਤਿਆਦਿਕ ਕਿਤਾਬਾਂ ਵਿੱਚ ਗੁਰੂ ਸਾਹਿਬਾਨ ਦੇ ਜੀਵਨ ਅਤੇ ਚਰਿੱਤਰ ਬਾਰੇ ਅਪ੍ਰਮਾਣੀਕ ਤੇ ਸਾਜਿਸ਼ੀ ਖੁਨਾਮੀ ਲਾਉਣ ਵਾਲੀਆਂ ਬਿਆਨੀਆਂ ਕੀਤੀਆਂ ਗਈਆਂ ਹਨ; ਸੋ ਇਹਨਾਂ ਸਭ ਅਪ੍ਰਮਾਣੀਕ ਤੇ ਘਟੀਆ ਪੱਧਰ ਦੀਆਂ ਰਚਨਾਵਾਂ ਨੂੰ ਇਸ ਪ੍ਰਕਾਰ ਮੁੱਖ-ਸਰੋਤਾਂ ਵਜੋਂ ਇਸ ਸਿੱਖ-ਇਤਿਹਾਸ ਦੀ ਇਸ ਪ੍ਰੀਖਿਆ ਵਿੱਚ ਪ੍ਰਮੁੱਖ ਦਰਜਾ ਦੇ ਕੇ ਸਥਾਪਿਤ ਕਰਨਾ ਸਮੂੰਹ ਪੰਥ-ਦਰਦੀਆਂ ਲਈ ਖਤਰੇ ਦੀ ਘੰਟੀ ਹੈ !

ਅਜਿਹਾ ਪ੍ਰਤੱਖ ਨਜ਼ਾਰਾ ਵੇਖ ਕੇ ਇਹ ਪ੍ਰਤੀਤ ਹੁੰਦਾ ਹੈ ਕਿ ਸਿੱਖਾਂ ਦੀ ਸਿਰਮੌਰ ਕਹਾਉਂਦੀ ਅਖੌਤੀ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਕਰਵਾਈ ਜਾ ਰਹੀ ਇਹ ਪੱਤਰ-ਵਿਹਾਰ ਪ੍ਰੀਖਿਆ ਅਸਲ ਵਿੱਚ ਸਿੱਖ ਧਰਮ ਅਧਿਐਨ ਨੇ ਨਾਮ ਥੱਲੇ ਇੱਕ ਬੇਹੱਦ ਗਹਿਰੀ ਚਾਲ ਅਧੀਨ, ਗੁਰਦੁਆਰਿਆਂ ਦੀਆਂ ਗੋਲਕਾਂ ਵਿੱਚ ਇਕੱਠਾ ਕੀਤਾ ਸਿੱਖਾਂ ਦਾ ਹੀ ਦਸਵੰਧ ਵਰਤ ਕੇ, ਸਿੱਖਾਂ ਦੇ ਇਤਿਹਾਸ ਦੇ ਨਾਮ ਦਾ ਪ੍ਰਾਪੇਗੰਡਾ ਕਰ, ਪੂਰੇ ਸਿੱਖ-ਸਿਧਾਂਤਾਂ ਤੇ ਸਮੁੱਚੇ ਰੂਪ ਵਿੱਚ ਸਿੱਖੀ ਦੀ ਨਿਆਰੀ-ਹੋਂਦ ਨੂੰ ਖੋਰਾ ਲਾਉਣ ਦਾ ਗੁੱਝਾ ਤੇ ਮਾਰੂ ਯਤਨ ਹੈ, ਜਿਸ ਨਾਲ ਸਿੱਖੀ ਪ੍ਰਤੀ ਜਾਗਰੂਕਤਾ ਦੀ ਚਾਹਵਾਨ ਰਹਿੰਦੀ-ਖੂੰਹਦੀ ਨੌਜਵਾਨੀ ਨੂੰ ਵਜ਼ੀਫਿਆ ਤੇ ਇਨਾਮਾਂ ਦੇ ਲਾਲਚ ਨੂੰ ਵਰਤ, ਗੁਰਮਤਿ ਪ੍ਰਸਾਰ ਦੇ ਨਕਾਬ ਹੇਠ ਭਗਵੇਕਰਣ ਦੀ ਦਲਦਲ ਵਿੱਚ ਗਰਕ ਕਰਨ ਦਾ ਖ਼ਤਰਨਾਕ ਸਾਜਿਸ਼ੀ ਯਤਨ ਕੀਤਾ ਜਾ ਰਿਹਾ ਹੈ, ਜਿਸਤੋਂ ਵਕਤ ਰਹਿੰਦੇ ਹੀ ਸਾਵਧਾਨ ਹੋਣ ਦੀ ਜ਼ਰੂਰਤ ਹੈ |

ਅਜਿਹੇ ਮੌਕੇ ਸਮੂੰਹ ਜਾਗਰੂਕ ਕਹਾਉਂਦੇ ਤਬਕੇ ਨੂੰ ਇੱਕਮੁਠ ਹੋ ਇਸ ਸਾਜਿਸ਼ ਦਾ ਜਬਰਦਸਤ ਵਿਰੋਧ ਕਰਨਾ ਚਾਹੀਦਾ ਹੈ ਤਾਂਕਿ ਵੇਲਾ ਰਹਿੰਦੇ ਉੱਜੜੇ ਘਰ ਵਿੱਚ ਜੋ ਕੁਝ ਬਚਿਆ ਹੈ ਉਸਨੂੰ ਸੰਭਾਲ ਲਿਆ ਜਾਵੇ, ਵਰਨਾ ਇਹ ਨਾ ਹੋਵੇ ਕਿ ਕੱਲ ਨੂੰ ਸਿੱਖੀ ਦੇ ਮੂਲ ਸਿਧਾਂਤਾਂ ਨੂੰ ਜਾਣਨ ਵਾਲਾ ਟਾਵਾਂ ਟਾਵਾਂ ਵੀ ਮਿਲਣਾ ਨਾ-ਮੁਮਕਿਨ ਹੋ ਜਾਵੇ ...


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top