Share on Facebook

Main News Page

ਬਚਪਨ ’ਚ ਬਿਸਤਰਾ ਗਿੱਲਾ ਕਰਿਆ ਕਰਦੇ ਸੀ, ਜੁਆਨੀ ’ਚ ਕੋਈ ਐਸਾ ਕੰਮ ਨਾ ਕਰਨਾਂ ਜਿਸ ਨਾਲ ਮਾਂ ਬਾਪ ਦੀਆਂ ਅੱਖਾਂ ਗਿੱਲੀਆਂ ਹੋਣ
- ਪ੍ਰੋ. ਗੁਰਪ੍ਰੀਤ ਸਿੰਘ

* ਜਿਹੜੇ ਗਾਣਿਆਂ ਨੂੰ ਬਾਪ ਆਪਣੀ ਧੀ ਨਾਲ ਅਤੇ ਭਰਾ ਆਪਣੀ ਭੈਣ ਨਾਲ ਬੈਠ ਕੇ ਸੁਣ ਨਹੀਂ ਸਕਦਾ ਉਹ ਸਾਡਾ ਸਭਿਆਚਾਰ ਕਿਸ ਤਰ੍ਹਾਂ ਹੋ ਸਕਦਾ?
* ਫਿਲਮੀ ਅਦਾਕਾਰਾ ਨੀਰੂ ਬਾਜਵਾ ਜਿਹੜੀ ਫਿਲਮੀ ਸੀਨ ਦੇ ਅਖੀਰ ’ਤੇ ਮਾਂ ਬਾਪ ਅਤੇ ਦੋ ਪੰਚਾਇਤਾਂ ਦੇ ਸਿਰ ਵਿੱਚ ਸੁਆਹ ਪਾ ਕੇ ਆਪਣੇ ਪ੍ਰੇਮੀ ਨਾਲ ਦੌੜਨ ਦਾ ਰੋਲ ਨਿਭਾਉਂਦੀ ਹੈ, ਨੂੰ ਆਪਣਾ ਰੋਲ ਮਾਡਲ ਬਣਾਉਣ ਦੀ ਥਾਂ ਮਾਈ ਭਾਗ ਕੌਰ ਤੇ ਰਾਣੀ ਝਾਂਸੀ ਆਦਿ ਬਹਾਦਰ ਬੀਬੀਆਂ ਨੂੰ ਬਣਾਇਆ ਜਾਵੇ ਤਾਂ ਕਿਸੇ ਮਨਚਲੇ ਦੀ ਜੁਰ੍ਹਤ ਨਹੀਂ ਪਵੇਗੀ ਕਿ ਉਹ ਤੁਹਾਨੂੰ ਰਾਹ ਜਾਂਦੀ ਨੂੰ ਛੇੜਨ ਦੀ ਹਿੰਮਤ ਕਰ ਸਕੇ ਜਾਂ ਕਿਸੇ ਮਾਂ ਬਾਪ ਨੂੰ ਭਰੂਣ ਹਤਿਆ ਲਈ ਮਜ਼ਬੂਰ ਕਰਨ ਦਾ ਕਾਰਣ ਬਣੇ

ਬਠਿੰਡਾ, 22 ਜਨਵਰੀ (ਕਿਰਪਾਲ ਸਿੰਘ): ਬਚਪਨ ’ਚ ਬਿਸਤਰਾ ਗਿੱਲਾ ਕਰਿਆ ਕਰਦੇ ਸੀ, ਜੁਆਨੀ ’ਚ ਕੋਈ ਐਸਾ ਕੰਮ ਨਾ ਕਰਨਾਂ ਜਿਸ ਨਾਲ ਮਾਂ ਬਾਪ ਦੀਆਂ ਅੱਖਾਂ ਗਿੱਲੀਆਂ ਹੋਣ। ਇਹ ਸ਼ਬਦ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਨਿਸ਼ਕਾਮ ਪ੍ਰਚਾਰਕ ਵਜੋਂ ਸੇਵਾ ਨਿਭਾ ਰਹੇ ਪ੍ਰੋ: ਗੁਰਪ੍ਰੀਤ ਸਿੰਘ ਨੇ ਐੱਸਐੱਸਡੀ ਗਰਲਜ਼ ਕਾਲਜ ਬਠਿੰਡਾ ਵਲੋਂ ਵਿਦਿਆਰਥਣਾਂ ਦੇ ਲਾਏ ਗਏ 7 ਰੋਜ਼ਾ ਐੱਨਐੱਸਐੱਸ ਕੈਂਪ ਦੇ ਅੱਜ ਪੰਜਵੇਂ ਦਿਨ ਵਿਦਿਆਰਥਣਾਂ ਨੂੰ ਸੰਬੋਧਨ ਕਰਦੇ ਹੋਏ ਕਹੇ। ਉਨ੍ਹਾਂ ਕਿਹਾ ਐੱਨਐੱਸਐੱਸ ਕੈਂਪਾਂ ਵਿੱਚ ਜਿੱਥੇ ਬਾਹਰ ਦੇ ਆਲੇ ਦੁਆਲੇ ਦੀ ਸਫਾਈ ਕਰਨ ਦੀ ਲੋੜ, ਗੁਣ ਅਤੇ ਜਾਂਚ ਸਿਖਾਈ ਜਾਂਦੀ ਹੈ ਉਥੇ ਆਪਣੇ ਅੰਦਰ ਦੀ ਸਫਾਈ ’ਤੇ ਵੀ ਜੋਰ ਦਿੱਤਾ ਜਾਂਦਾ ਹੈ। ਹਰ ਕੰਮ ਕਰਨ ਲਈ ਜੁਗਤ ਦੀ ਲੋੜ ਹੁੰਦੀ ਹੈ ਕਿਉਂਕਿ ਬਿਨਾਂ ਜੁਗਤ ਕੋਈ ਵੀ ਕੰਮ ਸੁਚੱਜੇ ਢੰਗ ਨਾਲ ਨੇਪਰੇ ਨਹੀਂ ਚੜ੍ਹ ਸਕਦਾ। ਇਸੇ ਤਰ੍ਹਾਂ ਸਫ਼ਾਈ ਬਾਹਰ ਦੀ ਕਰਨੀ ਹੋਵੇ ਭਾਵੇਂ ਅੰਦਰ ਦੀ ਕਰਨੀ ਹੋਵੇ ਉਸ ਲਈ ਵੀ ਜੁਗਤ ਦੀ ਲੋੜ ਹੈ ਤੇ ਅੰਦਰ ਦੀ ਸਫ਼ਾਈ ਲਈ ਸਭ ਤੋਂ ਵਧੀਆ ਜੁਗਤ ਹੈ ਉਚੇ ਆਚਰਣ ਤੇ ਇਖ਼ਲਾਕੀ ਗੁਣ ਧਾਰਨ ਕਰਨੇ। ਪ੍ਰੋ: ਗੁਰਪ੍ਰੀਤ ਸਿੰਘ ਨੇ ਕਿਹਾ ਮਾਂ ਬਾਪ ਦੀਆਂ ਅੱਖਾਂ ਉਸ ਸਮੇਂ ਸ਼ਰਮ ਨਾਲ ਨੀਵੀਆਂ ਤੇ ਨਮ ਹੋ ਜਾਂਦੀਆਂ ਹਨ ਜਿਸ ਸਮੇਂ ਉਨ੍ਹਾਂ ਦਾ ਪੁੱਤਰ ਜਾਂ ਪੁੱਤਰੀ ਆਚਰਣ ਤੇ ਇਖ਼ਲਾਕ ਤੋਂ ਗਿਰੀ ਹੋਈ ਕੋਈ ਹਰਕਤ ਕਰ ਦਿੰਦੇ ਹਨ ਜਿਹੜੇ ਕਿ ਉਨ੍ਹਾਂ ਖ਼ੁਦ ਅਤੇ ਮਾਂ ਬਾਪ ਲਈ ਬਦਨਾਮੀ ਦਾ ਕਾਰਣ ਬਣ ਜਾਂਦੀ ਹੈ।

ਉਨ੍ਹਾਂ ਕਿਹਾ ਆਚਰਣਹੀਣਤਾ ਅਤੇ ਗੈਰਇਖ਼ਲਾਕੀ ਕਰਵਾਈ ਕਰਨ ਨਾਲ ਉਨ੍ਹਾਂ ਦਾ ਆਪਣਾ ਹੀ ਨੁਕਸਾਨ ਨਹੀਂ ਹੁੰਦਾ ਬਲਕਿ ੳਹ ਆਪਣੇ ਵਰਗੇ ਅਨੇਕਾਂ ਹੋਰਨਾਂ ਦਾ ਵੀ ਨੁਕਸਾਨ ਕਰ ਦਿੰਦੇ ਹਨ। ਉਨ੍ਹਾਂ ਉਦਾਹਰਣ ਦਿੱਤੀ ਕਿ ਮੇਰੀ ਸਲਾਹ ’ਤੇ ਇੱਕ ਬਾਪ ਨੇ ਆਪਣੀ ਬੇਟੀ ਨੂੰ ਉਚ ਵਿਦਿਆ ਲਈ ਇੱਕ ਗਰਲਜ਼ ਕਾਲਜ ਤੇ ਉਸ ਦੇ ਹੋਸਟਲ ਵਿੱਚ ਦਾਖ਼ਲਾ ਦਿਵਾਇਆ। ਹੋਸਟਲ ਵਿੱਚ ਰਹਿੰਦੇ ਦੌਰਾਨ ਕੁਝ ਸਮੇਂ ਬਾਅਦ ਉਹ ਲੜਕੀ ਹੋਸਟਲ ਵਿੱਚ ਲੱਕੜ ਦਾ ਕੰਮ ਕਰ ਰਹੇ ਇੱਕ ਨੌਜਵਾਨ ਨਾਲ ਦੌੜ ਗਈ। ਪ੍ਰੋ: ਗੁਰਪ੍ਰੀਤ ਸਿੰਘ ਨੇ ਕਿਹਾ ਲੜਕੀ ਦੀ ਇਸ ਭੁੱਲ ਕਾਰਣ ਉਸ ਦੇ ਮਾਂ ਬਾਪ ਦੀਆਂ ਅੱਖਾਂ ਨੀਵੀਆਂ ਤੇ ਨਮ ਤਾਂ ਹੋਈਆਂ ਹੀ ਪਰ ਪਤਾ ਨਹੀਂ ਉਸ ਦੀ ਇਸ ਹਰਕਤ ਨਾਲ ਕਿਤਨੀਆਂ ਹੋਰ ਲੜਕੀਆਂ ਦੀ ਪੜ੍ਹਾਈ ’ਤੇ ਰੋਕ ਲੱਗ ਗਈ ਕਿਉਂਕਿ ਬਹੁਤੇ ਮਾਂ ਬਾਪ ਅਜਿਹੀਆਂ ਘਟਨਾਵਾਂ ਵਾਪਰਨ ਦੇ ਡਰੋਂ ਆਪਣੀਆਂ ਧੀਆਂ ਨੂੰ ਉਚ ਵਿਦਿਆ ਲਈ ਘਰੋਂ ਬਾਹਰ ਤੋਰਨ ਤੋਂ ਇਨਕਾਰੀ ਹੋ ਜਾਂਦੇ ਹਨ। ਉਨ੍ਹਾਂ ਕਿਹਾ ਅੱਜ ਬਰਾਬਰਤਾ ਦੇ ਹੱਕ ਲਈ ਤਾਂ ਬਹੁਤ ਅਵਾਜ਼ ਉਠਾਈ ਜਾਂਦੀ ਹੈ ਪਰ ਬਰਾਬਰਤਾ ਦਾ ਹੱਕ ਲੈਣ ਦੇ ਨਾਲ ਨਾਲ ਸਾਡੀਆਂ ਧੀਆਂ ਭੈਣਾਂ ਨੂੰ ਆਪਣੇ ਮਾਂ ਬਾਪ ਨੂੰ ਇਹ ਯਕੀਨ ਵੀ ਦਿਵਾਉਣਾ ਪਏਗਾ ਕਿ ਉਹ ਐਸੀ ਕੋਈ ਹਰਕਤ ਨਹੀਂ ਕਰਨਗੀਆਂ ਜਿਸ ਨਾਲ ਉਨ੍ਹਾਂ ਦੀ ਇੱਜਤ ’ਤੇ ਦਾਗ ਲੱਗਦਾ ਹੋਵੇ। ਆਪਣੇ ਲੈਕਚਰ ਦੇ ਭਾਵ ਨੂੰ ਚੰਗੀ ਤਰ੍ਹਾਂ ਸਮਝਾਉਣ ਲਈ ਪ੍ਰੋ: ਗੁਰਪ੍ਰੀਤ ਸਿੰਘ ਨੇ ਲੈਪਟਾਪ ਅਤੇ ਪ੍ਰੋਜੈਕਟਰ ਦੀ ਸਹਾਇਤਾ ਨਾਲ 52 ਸਲਾਈਡ ਸ਼ੋ ਵੀ ਪ੍ਰਦਸ਼ਤ ਕੀਤੇ ਜਿਨ੍ਹਾਂ ’ਤੇ ਲਿਖੇ ਮਾਟੋ ਤੇ ਸ਼ਬਦਾਵਲੀ ਇੰਨੀ ਪ੍ਰਭਾਵਸ਼ਾਲੀ ਸੀ ਕਿ ਕੈਂਪ ਵਿੱਚ ਸ਼ਾਮਲ ਵਿਦਿਆਰਥਣਾਂ ਤੇ ਅਧਿਆਕਾਵਾਂ ਉਨ੍ਹਾਂ ਦੇ ਇੱਕ ਇੱਕ ਸ਼ਬਦ ਨੂੰ ਨੋਟ ਕਰਨਾ ਚਾਹੁੰਦੀਆਂ ਸਨ। ਉਨ੍ਹਾਂ ਵੱਲੋਂ ਵਿਖਾਈ ਗਈ ਇਸ ਰੁਚੀ ਨੂੰ ਵੇਖਦੇ ਹੋਏ ਪ੍ਰੋ: ਗੁਰਪ੍ਰੀਤ ਸਿੰਘ ਨੇ ਸਲਾਈਡ ਸ਼ੋ ਦੀ ਇੱਕ ਸਾਫਟ ਕਾਪੀ ਕੈਂਪ ਇੰਚਾਰਜ ਮੈਡਮ ਊਸ਼ਾ ਸ਼ਰਮਾ ਨੂੰ ਉਨ੍ਹਾਂ ਦੀ ਈਮੇਲ ਆਈਡੀ ’ਤੇ ਭੇਜ ਦਿੱਤੀ ਤਾਂ ਕਿ ਲੋੜ ਪੈਣ ’ਤੇ ਉਹ ਅੱਗੋਂ ਆਪਣੀਆਂ ਵਿਦਿਆਰਥਣਾਂ ਅਤੇ ਪ੍ਰਚਾਰ ਹਿੱਤ ਹੋਰਨਾਂ ਨੂੰ ਵਿਖਾ/ਭੇਜ ਸਕੇ।

ਸਲਾਈਡ ਨੰ: 42 ਭਰੂਣ ਹੱਤਿਆ ਦੇ ਉਸ ਮੁਖ ਕਾਰਣ ਨੂੰ ਪ੍ਰਦ੍ਰਸ਼ਤ ਕਰਦੀ ਹੈ ਜਿਸ ਵਿੱਚ ਇਹ ਲਿਖਿਆ ਹੋਇਆ ਹੈ:

ਮਰਵਾਇਆ ਮੈਨੂੰ ਵਜਦੇ ਗੰਦੇ ਗਾਣਿਆਂ ਨੇ, ਮਨਚਲੇ ਆਸ਼ਕ ਮਰਜਾਣਿਆਂ ਨੇ।
ਜੋ ਬਿਗਾਨੀ ਧੀ ਨੂੰ ਪੁਰਜੇ ਦਸਦੇ ਨੇ, ਰਾਹ ਜਾਂਦੀਆਂ ਕੁੜੀਆਂ ਨੂੰ ਛੇੜ ਕੇ ਹਸਦੇ ਨੇ।
ਤੁਹਾਡੀ ਮਾੜੀ ਸੋਚ ਨੇ ਮਰਵਾਇਆ ਮੈਨੂੰ।
ਮੇਰੇ ਬਾਪ ਨੇ ਨਹੀਂ ਮਾਰਿਆ, ਮੇਰੇ ਵੀਰੋ ਤੁਸੀਂ ਮਰਵਾਇਆ ਮੈਨੂੰ।

ਪ੍ਰੋ: ਗੁਰਪ੍ਰੀਤ ਸਿੰਘ ਨੇ ਕਿਹਾ ਇਕੱਲੀ ਨੰਨ੍ਹੀ ਛਾਂ ਦੇ ਨਾਹਰੇ ਲਾਉਣ ਨਾਲ ਭਰੂਣ ਹਤਿਆ ਬੰਦ ਨਹੀਂ ਹੋਣੀ ਇਸ ਦਾ ਮੁਖ ਕਾਰਣ ਬਣੇ ਲਚਰਤਾ ਫੈਲਾ ਰਹੇ ਇਹ ਗੰਦੇ ਗਾਣੇ ਗਾਉਣ ਵਾਲੇ ਕਲਾਕਾਰਾਂ, ਇਨ੍ਹਾਂ ਨੂੰ ਸੁਣਾਉਣ ਵਾਲੇ ਟੀਵੀ ਚੈਨਲਾਂ ਤੇ ਸਭਿਆਚਾਰ ਦੇ ਨਾਮ ’ਤੇ ਕਰਵਾਏ ਜਾ ਰਹੇ ਪ੍ਰੋਗਰਾਮਾਂ, ਬੱਸਾਂ ਵਿੱਚ ਵਜਦੇ ਗਾਣਿਆਂ ਦਾ ਵਿਰੋਧ ਕਰਨ ਲਈ ਹਰ ਇੱਕ ਨੂੰ ਅੱਗੇ ਆਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਜਿਹੜੇ ਗਾਣਿਆਂ ਨੂੰ ਬਾਪ ਆਪਣੀ ਧੀ ਨਾਲ ਅਤੇ ਭਰਾ ਆਪਣੀ ਭੈਣ ਨਾਲ ਬੈਠ ਕੇ ਸੁਣ ਨਹੀਂ ਸਕਦਾ ਉਹ ਸਾਡਾ ਸਭਿਆਚਾਰ ਕਿਸ ਤਰ੍ਹਾਂ ਹੋ ਸਕਦਾ। ਪ੍ਰੋ: ਗੁਰਪ੍ਰੀਤ ਸਿੰਘ ਨੇ ਕਿਹਾ ਲੱਚਰ ਗਾਣਿਆਂ ਨਾਲ ਸਟੇਜਾਂ ’ਤੇ ਨੱਚਣ ਵਾਲੇ ਕਦੇ ਇਤਿਹਾਸ ਨਹੀਂ ਸਿਰਜ ਸਕਦੇ, ਇਤਿਹਾਸ ਉਹ ਹੀ ਸਿਰਜਦੇ ਹਨ ਜੋ ਖੰਡੇ ਦੀ ਧਾਰ ’ਤੇ ਨੱਚਣਾਂ ਜਾਣਦੇ ਹਨ। ਉਨ੍ਹਾਂ ਨੌਜਵਾਨ ਕੈਂਪਰਾਂ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਫਿਲਮੀ ਅਦਾਕਾਰਾ ਨੀਰੂ ਬਾਜਵਾ ਜਿਹੜੀ ਫਿਲਮੀ ਸੀਨ ਦੇ ਅਖੀਰ ’ਤੇ ਮਾਂ ਬਾਪ ਅਤੇ ਦੋ ਪੰਚਾਇਤਾਂ ਦੇ ਸਿਰ ਵਿੱਚ ਸੁਆਹ ਪਾ ਕੇ ਆਪਣੇ ਪ੍ਰੇਮੀ ਨਾਲ ਦੌੜਨ ਦਾ ਰੋਲ ਨਿਭਾਉਂਦੀ ਹੈ, ਨੂੰ ਆਪਣਾ ਆਪਣਾ ਰੋਲ ਮਾਡਲ ਬਣਾਉਣ ਦੀ ਥਾਂ ਮਾਈ ਭਾਗ ਕੌਰ ਤੇ ਰਾਣੀ ਝਾਂਸੀ ਆਦਿ ਬਹਾਦਰ ਬੀਬੀਆਂ ਨੂੰ ਬਣਾਇਆ ਜਾਵੇ ਤਾਂ ਕਿਸੇ ਮਨਚਲੇ ਦੀ ਜੁਰ੍ਹਤ ਨਹੀਂ ਪਵੇਗੀ ਕਿ ਉਹ ਤੁਹਾਨੂੰ ਰਾਹ ਜਾਂਦੀ ਨੂੰ ਛੇੜਨ ਦੀ ਹਿੰਮਤ ਕਰ ਸਕੇ ਜਾਂ ਕਿਸੇ ਮਾਂ ਬਾਪ ਨੂੰ ਭਰੂਣ ਹਤਿਆ ਲਈ ਮਜ਼ਬੂਰ ਕਰਨ ਦਾ ਕਾਰਣ ਬਣੇ।

ਸਲਾਈਡ ਨੰ: 11 ਵਿੱਚ ਮਾਂ ਬਾਪ ਪ੍ਰਤੀ ਆਪਣੇ ਫਰਜ ਨਿਭਾਉਣ ਦੇ ਬਹੁਤ ਸੁੰਦਰ ਉਪਦੇਸ਼ ਦਰਜ ਹਨ, ਜਿਨ੍ਹਾਂ ਵਿੱਚੋਂ ਕੁਝ ਕੁ ਇਸ ਤਰ੍ਹਾਂ ਹਨ:

  1. ਜਦੋਂ ਤੁਸੀਂ ਧਰਤੀ ’ਤੇ ਪਹਿਲਾ ਸਾਹ ਲਿਆ ਤਾਂ ਮਾਂ ਬਾਪ ਤੁਹਾਡੀ ਦੇਖ ਭਾਲ ਲਈ ਤੁਹਾਡੇ ਕੋਲ ਸਨ। ਜਦੋਂ ਉਹ ਆਖਰੀ ਸਾਹ ਲੈਣ ਤਾਂ ਉਨ੍ਹਾਂ ਦੀ ਸੇਵਾ ਸੰਭਾਲ ਕਰਦੇ ਹੋਏ ਤੁਸੀਂ ਉਨ੍ਹਾਂ ਦੇ ਕੋਲ ਹੋਵੋ।
  2. ਮਾਂ ਗਰਭ ਵਿੱਚ 9 ਮਹੀਨੇ ਸੰਭਾਲ ਕੇ ਰਖਦੀ ਹੈ। ਬਚਿਆਂ ਦਾ ਫਰਜ ਹੈ ਕਿ ਉਹ ਆਪਣੇ ਮਾਂ ਬਾਪ ਨੂੰ ਆਪਣੇ ਘਰ ਵਿੱਚ ਸੰਭਾਲ ਕੇ ਰੱਖਣ।
  3. ਜਿਹੜੇ ਮਾਂ ਬਾਪ ਬੱਚੇ ਨੂੰ ਬੋਲਣਾਂ ਸਿਖਉਂਦੇ ਹਨ ਉਹ ਵੱਡੇ ਹੋ ਕੇ ਆਪਣੇ ਮਾਂ ਬਾਪ ਨੂੰ ਚੁੱਪ ਰਹਿਣ ਲਈ ਕਹਿਣ, ਇਹ ਸ਼ਰਮ ਦੀ ਗੱਲ ਹੈ।

ਸਿਰਫ ਇਹ ਹੀ ਨਹੀ ਬਲਕਿ ਹਰ ਸਲਾਈਡ ਤੇ ਲਿਖਿਆ ਇੱਕ ਇੱਕ ਸ਼ਬਦ ਬੇਸ਼ਕੀਮਤੀ ਹੈ ਜਿਹੜੇ ਸਾਰੇ ਦੇ ਸਾਰੇ ਇੱਥੇ ਲਿਖਣੇ ਤਾਂ ਸੰਭਵ ਨਹੀਂ ਹਨ ਪਰ ਇਹ ਸਲਾਈਡਾਂ ਹਰ ਬੱਚੇ, ਨੌਜਵਾਨ, ਅਤੇ ਵਿਅਕਤੀਆਂ ਨੂੰ ਵਿਖਾਉਣ, ਪੜ੍ਹਾਉਣ ਤੇ ਉਨ੍ਹਾਂ ਨਾਲ ਪ੍ਰੀਵਾਰ ਤੇ ਕਲਾਸਾਂ ’ਚ ਬੈਠ ਕੇ ਇਨ੍ਹਾਂ ’ਤੇ ਡੂੰਘੀ ਵੀਚਾਰ ਚਰਚਾ ਕਰਨ ਯੋਗ ਹਨ ਤਾਂ ਕਿ ਸਾਡੇ ਤਿੜਕ ਰਹੇ ਪ੍ਰਵਾਰਿਕ ਰਿਸ਼ਤੇ ਅਤੇ ਗਿਰ ਰਹੇ ਆਚਰਣ ਤੇ ਇਖਲਾਕ ਨੂੰ ਉਚੀਆਂ ਸਮਾਜਕ ਕਦਰਾਂ ਕੀਮਤਾਂ ਵੱਲ ਮੋੜਨਾ ਸੰਭਵ ਹੋ ਸਕੇ।

ਪ੍ਰੋ: ਗੁਰਪ੍ਰੀਤ ਸਿੰਘ ਦੇ ਸਮੁਚੇ ਭਾਸ਼ਣ ਦੀ ਕੈਂਪਰਾਂ ਤੇ ਕੈਂਪ ਇੰਚਾਰਜ ਅਧਿਆਕਾਵਾਂ ਨੇ ਖੂਬ ਪ੍ਰਸੰਸਾ ਕੀਤੀ। ਮੈਡਮ ਊਸ਼ਾ ਸਰਮਾ ਤੇ ਮੈਡਮ ਗਾਂਧੀ ਨੇ ਸਨਮਾਨ ਚਿੰਨ੍ਹ ਦੇ ਕੇ ਪ੍ਰੋ: ਗੁਰਪ੍ਰੀਤ ਸਿੰਘ ਨੂੰ ਸਨਮਾਨਿਤ ਕੀਤਾ। ਇਸ ਸਮੇਂ ਹੋਰਨਾਂ ਤੋਂ ਇਲਾਵਾ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਬਠਿੰਡਾ ਜ਼ੋਨਲ ਇੰਚਾਰਜ ਸੇਵਾ ਮੁਕਤ ਸੁਕਾਡਰਨ ਲੀਡਰ ਬਲਵੰਤ ਸਿੰਘ ਮਾਨ, ਬਲਵੰਤ ਸਿੰਘ ਕਾਲਝਰਾਨੀ ਅਤੇ ਲੇਖਕ/ਪੱਤਰਕਾਰ ਕਿਰਪਾਲ ਸਿੰਘ ਬਠਿੰਡਾ ਵੀ ਹਾਜਰ ਸਨ। ਇਹ ਦੱਸਣਯੋਗ ਹੈ ਕਿ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਸਾਰੇ ਮੈਂਬਰ ਆਪਣਾ ਕਾਰੋਬਾਰ ਕਰਨ ਵਾਲੇ ਸਿੰਘ ਹਨ ਤੇ ਨਿਸ਼ਕਾਮ ਤੌਰ ’ਤੇ ਸਮਾਜ ਸੇਵਾ ਤੇ ਧਰਮ ਪ੍ਰਚਾਰ ਦੇ ਤੌਰ ’ਤੇ ਸੇਵਾਵਾਂ ਨਿਭਾਉਂਦੇ ਹਨ। ਪ੍ਰੋ: ਗੁਰਪ੍ਰੀਤ ਸਿੰਘ ਇੰਜਨੀਅਰਿੰਗ ਕਾਲਜ ਮੁਕਤ ਵਿਖੇ ਸੇਵਾ ਨਿਭਾ ਰਹੇ ਹਨ।


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top