Share on Facebook

Main News Page

ਨਿਊਜ਼ੀਲੈਂਡ ’ਚ ਸਿੱਖ ਨੌਜਵਾਨ ਦੀ ਪੱਗ ਉਤਾਰ ਕੇ ਖਿਸਕਦਾ ਸ਼ਰਾਰਤੀ ਕਾਬੂ, ਦੋਸਤਾਂ ਰਲ ਪੁਲਿਸ ਨੂੰ ਫੜਾਇਆ

- ਮੈਕਡੋਨਲ ਕੂਈਨਜ਼ਟਾਊਨ ਵਿਖੇ ਵਾਪਰੀ ਘਟਨਾ
- ਸਿੱਖ ਨੌਜਵਾਨ ਦੀਆਂ ਧਾਰਮਿਕ ਭਾਵਨਾਵਾਂ ਨੂੰ ਗਹਿਰੀ ਸੱਟ
- ਪੁਲਿਸ ਨੇ ਵਾਪਰੀ ਘਟਨਾ ਲਈ ਮੰਗੀ ਮਾਫ਼ੀ
- ਨਿਊਜ਼ੀਲੈਂਡ ਸਿੱਖ ਸੰਸਥਾਵਾਂ ਤੋਂ ਸਹਿਯੋਗ ਦੀ ਅਪੀਲ

ਔਕਲੈਂਡ 30 ਜਨਵਰੀ (ਹਰਜਿੰਦਰ ਸਿੰਘ ਬਸਿਆਲਾ)-ਇਥੋਂ ਲਗਪਗ 1550 ਕਿਲੋਮੀਟਰ ਦੂਰ ‘ਰਿਜ਼ਾਰਟ ਟਾਊਨ’ ਦੇ ਨਾਂਅ ਨਾਲ ਜਾਣੇ ਜਾਂਦੇ ਦੱਖਣੀ ਟਾਪੂ ਦੇ ਝੀਲਾਂ ਭਰੇ ਸ਼ਹਿਰ ‘ਕੂਈਨਜ਼ਟਾਊਨ’ ਵਿਖੇ ਬੀਤੀ ਰਾਤ ਪੌਣੇ ਬਾਰਾਂ ਵਜੇ ਦੇ ਕਰੀਬ ਇਕ ਸਿੱਖ ਨੌਜਵਾਨ ਸ. ਜਸਮੇਲ ਸਿੰਘ (26) ਵਾਸੀ ਚੰਡੀਗੜ (ਪਿੰਡ ਤਲਵੰਡੀ ਭਾਰਤਵਾਲ, ਨੇੜੇ ਬਟਾਲਾ) ਦੇ ਨਾਲ ਧਾਰਮਿਕ ਭਾਵਨਾਵਾਂ ਨੂੰ ਗਹਿਰੀ ਠੇਸ ਪਹੁੰਚਾਉਂਦੀ ਘਟਨਾ ਘਟੀ। ਘਟਨਾ ਦਾ ਵੇਰਵਾ ਦਿੰਦਿਆ ਉਸਨੇ ਦੱਸਿਆ ਕਿ ‘ਮੈਂ ਇਕ ਮੈਕਡੋਨਲ ਰੈਸਟੋਰੈਂਟ ਵਿਖੇ ਬਤੌਰ ਡਿਊਟੀ ਮੈਨੇਜਰ ਕੰਮ ’ਤੇ ਸੀ। ਪੌਣੇ ਕੁ ਬਾਰਾਂ ਵੱਜੇ ਮੇਰੇ ਦੋਸਤ ਰਾਜਨੀਲ ਸ਼ਰਮਾ (ਹਰਿਆਣਾ) ਨੇ ਵੇਖਿਆ ਕਿ ਉਸਦੀ ਕਾਰ ਦੇ ਨਾਲ ਕੁਝ ਸ਼ਰਾਰਤੀ ਮੁੰਡੇ ਛੇੜਖਾਨੀ ਕਰ ਰਹੇ। ਉਹ ਇਹ ਗੱਲ ਮੈਨੂੰ ਦੱਸ ਕੇ ਆਪਣੀ ਕਾਰ ਕਿਸੀ ਦੂਜੀ ਜਗਾ ਪਾਰਕ ਕਰਨ ਚਲਾ ਗਿਆ ਅਤੇ ਕੁਝ ਮਿੰਟਾਂ ਬਾਅਦ ਮੈਂ ਵੀ ਦਰਵਾਜ਼ੇ ਵਿਚ ਖੜਾ ਹੋ ਕੇ ਕਾਰ ਪਾਰਕਿੰਗ ਲਈ ਸੁਰੱਖਿਅਤ ਜਗਾ ਵੇਖਣ ਲੱਗਾ। ਇਸੀ ਵੇਲੇ ਸ਼ਰਾਬੀ ਹਾਲਤ ਵਿਚ ਦੋ ਨੌਜਵਾਨ ਗੋਰੇ ਅਚਨਚੇਤ ਦੂਜੇ ਪਾਸਿਉਂ ਨਿਕਲੇ ਅਤੇ ਇਕ ਨੇ ਝੱਟ-ਪੱਟ ਜਬਰਦਸਤੀ ਮੇਰੀ ਪੱਗ ਲਾਹ ਆਪਣੇ ਹੱਥ ਵਿਚ ਫੜ ਲਈ ਅਤੇ ਤੋੜ-ਮਰੋੜ ਕੇ ਉਥੋਂ ਖਿਸਕਣ ਲੱਗਾ। ਇਸ ਤੋਂ ਪਹਿਲਾਂ ਕਿ ਮੈਂ ਉਸ ਦੇ ਮਗਰ ਭੱਜਦਾ ਮੈਂ ਇਕਦਮ ਆਪਣਾ ਨੰਗਾ ਸਿਰ ਵੇਖ ਕੇ ਸੁੰਨ ਜਿਹਾ ਹੋ ਗਿਆ ਘਬਰਾ ਜਿਹਾ ਗਿਆ। ਮੈਂ ਅੰਦਰ ਹੀ ਕੰਮ ਕਰਦੇ ਦੂਜੇ ਮੁੰਡੇ ਅਮਰਿੰਦਰ ਸਿੰਘ ਰੰਧਾਵਾ ਨੂੰ ਤੁਰੰਤ ਦੱਸਿਆ ਕਿ ਇਕ ਸ਼ਰਾਬੀ ਮੇਰੀ ਪੱਗ ਲਾਹ ਕੇ ਭੱਜ ਗਿਆ ਹੈ, ਤੂੰ ਉਸਨੂੰ ਫੜ। ਮੇਰਾ ਸਿਰ ਨੰਗਾ ਵੇਖ ਕੇ ਬਾਹਰ ਫਿਰਦੇ ਲੋਕ ਮਜ਼ਾਕ ਉਡਾਉਣਗੇ। ਅਮਰਿੰਦਰ ਸਿੰਘ ਕਾਹਲੀ ਨਾਲ ਬਾਹਰ ਭੱਜਿਆ, ਐਨੇ ਨੂੰ ਕਾਰ ਪਾਰਕਿੰਗ ਕਰਕੇ ਵਾਪਿਸ ਆ ਰਹੇ ਰਾਜਨੀਲ ਸ਼ਰਮਾ ਨੇ ਸ਼ਰਾਬੀ ਮੁੰਡੇ ਦੇ ਹੱਥ ਵਿਚ ਪੱਗ ਵੇਖ ਲਈ। ਉਸਨੇ ਕਿਸੀ ਤਰਾਂ ਉਹ ਪੱਗ ਉਨਾਂ ਕੋਲੋਂ ਵਾਪਿਸ ਲੈ ਲਈ ਅਤੇ ਉਸ ਨੂੰ ਕਾਬੂ ਕਰਨ ਦੇ ਉਦੇਸ਼ ਨਾਲ ਲਾਗਲੀ ਬਾਰ ਦੇ ਬਾਹਰ ਖੜੇ ਸੁਰੱਖਿਆ ਕਰਮਚਾਰੀ ਨੂੰ ਇਸ ਸ਼ਰਾਬੀ ਮੁੰਡੇ ਨੂੰ ਅੰਦਰ ਨਾ ਜਾਣ ਦੇਣ ਲਈ ਕਿਹਾ ਅਤੇ ਪੱਗ ਵਾਲੀ ਘਟਨਾ ਦੱਸ ਕੇ ਰੋਕ ਕੇ ਰੱਖਣ ਲਈ ਕਿਹਾ। ਲਾਗੇ ਹੀ ਪੁਲਿਸ ਦੀ ਵੈਨ ਵੀ ਖੜੀ ਸੀ, ਤੇ ਮੌਜੂਦ ਪੁਲਿਸ ਅਫ਼ਸਰਾਂ ਨੂੰ ਜਾ ਕੇ ਦੱਸ ਦਿੱਤਾ। ਪੁਲਿਸ ਨੇ ਉਸ ਸ਼ਰਾਬੀ ਮੁੰਡੇ ਨੂੰ ਉਸੀ ਵੇਲੇ ਕਾਬੂ ਕਰ ਲਿਆ ਅਤੇ ਪੁਲਿਸ ਸਟੇਸ਼ਨ ਲੈ ਗਏ। ਮੈਨੂੰ ਵੀ ਉਥੇ ਆਪਣਾ ਬਿਆਨ ਦਰਜ ਕਰਵਾਉਣ ਲਈ ਸੱਦਿਆ। ਅੱਜ ਪੁਲਿਸ ਸਟੇਸ਼ਨ ਤੋਂ ਇਸ ਘਟਨਾ ਪ੍ਰਤੀ ਫੋਨ ਆਇਆ ਕਿ ਉਹ ਇਸ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੀ ਘਟਨਾ ਦੇ ਲਈ ਬੜੇ ਸ਼ਰਮਿੰਦੇ ਹਨ ਅਤੇ ਮਾਫੀ ਮੰਗਦੇ ਹਨ। ਉਨਾਂ ਦੱਸਿਆ ਕਿ ਪਿਛਲੀ ਰਾਤ ਉਹ ਸ਼ਰਾਰਤੀ ਮੁੰਡਾ ਨਸ਼ੇ ਵਿਚ ਧੁੱਤ ਅਤੇ ਬਿਨਾਂ ਸੁੱਧ-ਬੁੱਧ ਤੋਂ ਸੀ। ਉਹ ਸ਼ਰਾਰਤੀ ਮੁੰਡਾ ਇੰਗਲੈਂਡ ਤੋਂ ਇਥੇ ਘੁੰਮਣ ਫਿਰਨ ਆਇਆ ਹੋਇਆ ਹੈ। ਇਸ ਉਤੇ ਜਾਣ ਬੁੱਝ ਕੇ ਦੁਰਵਿਵਹਾਰ ਕਰਨ ਦਾ ਦੋਸ਼ ਲਗਾਇਆ ਗਿਆ ਹੈ, ਜਦ ਕਿ ਉਸ ਉਤੇ ਸਜ਼ਾਯੋਗ ਗੰਭੀਰ ਦੋਸ਼ ਲੱਗਣਾ ਚਾਹੀਦਾ ਸੀ।’’

ਇਸ ਵਾਪਰੀ ਘਟਨਾ ਦੇ ਨਾਲ ਇਹ ਸਿੱਖ ਨੌਜਵਾਨ ਅਜੇ ਵੀ ਸਦਮੇ ਵਾਲੀ ਸਥਿਤੀ ਵਿਚ ਹੈ ਅਤੇ ਉਸ ਥਾਂ ’ਤੇ ਦੁਬਾਰਾ ਕੰਮ ਕਰਨ ਦੀ ਇੱਛਾ ਨਹੀਂ ਰੱਖਦਾ। ਇਹ ਗੱਲਬਾਤ ਦੌਰਾਨ ਮਹਿਸੂਸ ਕੀਤਾ ਗਿਆ ਅਤੇ ਕੁਦਰਤੀ ਵੀ ਹੈ ਕਿਉਂਕ ਹਰ ਸਿੱਖ ਪੱਗ ਦੀ ਹੱਤਕ ਦਾ ਕਾਰਨ ਬਣੀ ਕਿਸੀ ਘਟਨਾ ਜਾਂ ਸ਼ਰਾਰਤ ਨੂੰ ਹਲਕੇ ਪੱਧਰ ’ਤੇ ਨਹੀਂ ਲੈ ਸਕਦਾ।

ਸਿੱਖ ਸੰਸਥਾਵਾਂ ਨੂੰ ਅਪੀਲ: ਕੂਈਨਜ਼ ਟਾਊਨ ਵਿਖੇ ਗਿਣਤੀ ਵਿਚ ਰਹਿੰਦੇ ਸਿੱਖ ਨੌਜਵਾਨ ਵੀਰਾਂ ਨੇ ਉਥੇ ਇਕੱਲਤਾ ਮਹਿਸੂਸ ਕਰਦਿਆਂ ਨਿਊਜ਼ੀਲੈਂਡ ਵਸਦੇ ਸਿੱਖ ਭਾਈਚਾਰੇ, ਸਥਾਪਿਤ ਸਿੱਖ ਸੰਸਥਾਵਾਂ ਤੇ ਭਾਰਤੀ ਸੰਸਦ ਮੈਂਬਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਹ ਘਟਨਾ ਸਿੱਖ ਕੌਮ ਨਾਲ ਵਾਪਰੀ ਸਮਝ ਕੇ ਸਾਰਾ ਮਾਮਲਾ ਸਰਕਾਰ ਤੱਕ ਪੁੱਜਦਾ ਕਰਨ ਅਤੇ ਇਥੇ ਦੇ ਲੋਕਾਂ ਅਤੇ ਸੈਰ ਸਪਾਟਾ ਕਰਨ ਆਉਂਦੇ ਲੋਕਾਂ ਨੂੰ ਸਿੱਖਾਂ ਲਈ ਪੱਗ ਦੀ ਮਹੱਤਤਾ ਬਾਰੇ ਪੂਰਨ ਰੂਪ ਵਿਚ ਦੱਸਣ।


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top