Share on Facebook

Main News Page

ਪੰਜਾਬ ਵਿਚ ਹੋਰ ਰੋਜ਼ ਕੈਂਸਰ ਨਾਲ 18 ਮੌਤਾਂ

ਚੰਡੀਗੜ੍ਹ, 28 ਜਨਵਰੀ (ਜੀ.ਸੀ. ਭਾਰਦਵਾਜ) : ਪੰਜਾਬ ਦੇ ਮਾਲਵਾ ਖੇਤਰ ਵਿਚ ਪਾਣੀ ਦੇ ਗੰਦਾ ਹੋਣ ਕਾਰਨ ਫੈਲੀ ਕੈਂਸਰ ਦੀ ਬੀਮਾਰੀ ਨਾਲ ਹਜ਼ਾਰਾਂ ਲੋਕਾਂ ਦੇ ਪੀੜਤ ਹੋਣ ਦਾ ਪਿਛਲੇ ਕਈ ਸਾਲਾਂ ਤੋਂ ਸ਼ੋਰ ਪੈ ਰਿਹਾ ਸੀ। ਪੰਜਾਬ ਸਰਕਾਰ ਦੇ ਸਿਹਤ ਵਿਭਾਗ ਨੇ ਪਿਛਲੇ ਮਹੀਨੇ ਲੰਮਾ-ਚੌੜਾ ਸਰਵੇਖਣ ਕਰ ਕੇ ਰੀਪੋਰਟ ਦਿਤੀ ਹੈ ਜਿਸ ਮੁਤਾਬਕ ਸੂਬੇ ਵਿਚ 18 ਵਿਅਕਤੀ ਰੋਜ਼ਾਨਾ ਇਸ ਬੀਮਾਰੀ ਕਾਰਨ ਦਮ ਤੋੜ ਰਹੇ ਹਨ।

ਰੀਪੋਰਟ ਅਨੁਸਾਰ ਪਿਛਲੇ ਪੰਜ ਸਾਲਾਂ ਵਿਚ 33318 ਮੌਤਾਂ ਹੋ ਚੁੱਕੀਆਂ ਹਨ। 84453 ਵਿਅਕਤੀ ਕੈਂਸਰ ਦੇ 12 ਲਛਣਾਂ ਅਨੁਸਾਰ ਸ਼ੱਕੀ ਮਰੀਜ਼ ਹਨ ਜਿਨ੍ਹਾਂ ਵਿਚੋਂ 23874 ਕੇਸ ਅਜਿਹੇ ਰੀਕਾਰਡ ਕੀਤੇ ਗਏ ਜਿਨ੍ਹਾਂ ਵਿਚ ਕਿਹਾ ਗਿਆ ਕਿ ਉਹ ਕੈਂਸਰ ਤੋਂ ਪੀੜਤ ਹਨ। ਅੱਜ ਇਥੇ ਪੰਜਾਬ ਭਵਨ ਵਿਚ ਇਕ ਪ੍ਰੈਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਸਿਹਤ ਮੰਤਰੀ ਮਦਨ ਮੋਹਨ ਮਿੱਤਲ ਨੇ ਦਸਿਆ ਕਿ ਮਹੀਨਾ ਭਰ ਸਰਵੇਖਣ ਕਰਨ ਲਈ 217 ਸ਼ਹਿਰਾਂ ਤੇ ਕਸਬਿਆਂ ਅਤੇ 12603 ਪਿੰਡਾਂ ਦੇ 50 ਲੱਖ ਘਰਾਂ ਤਕ ਪਹੁੰਚਣ ਲਈ ਹਜ਼ਾਰਾਂ ਆਸ਼ਾ ਵਰਕਰਾਂ, ਨਰਸਿੰਗ ਸਟਾਫ਼ ਅਤੇ ਡਾਕਟਰਾਂ ਨੂੰ ਲਗਾਇਆ ਗਿਆ ਸੀ।

ਉਨ੍ਹਾਂ ਕਿਹਾ ਕਿ ਪੰਜਾਬ ਪਹਿਲਾ ਸੂਬਾ ਹੈ ਜਿਸ ਨੇ ਇਸ ਖ਼ਤਰਨਾਕ ਬੀਮਾਰੀ ਦੇ ਪੀੜਤਾਂ ਦਾ ਸਰਵੇਖਣ ਕਰਾਇਆ ਅਤੇ ਹਰ ਘਰ ਵਿਚ ਜਾ ਕੇ ਅੰਕੜੇ ਤਿਆਰ ਕੀਤੇ ਹਨ। ਵੇਰਵਿਆਂ ਅਨੁਸਾਰ ਪੰਜਾਬ ਦੇ ਤਿੰਨਾਂ ਇਲਾਕਿਆਂ ਮਾਝਾ, ਮਾਲਵਾ ਤੇ ਦੋਆਬੇ ਵਿਚ ਕੈਂਸਰ ਤੋਂ ਲੋਕ ਪੀੜਤ ਹਨ ਅਤੇ ਕੁਲ ਆਬਾਦੀ ਦੇ 98 ਫ਼ੀ ਸਦੀ ਲੋਕਾਂ ਨਾਲ ਗੱਲਬਾਤ ਤੋਂ ਪਤਾ ਲੱਗਾ ਕਿ ਮਾਝੇ ਵਿਚ ਅੰਮ੍ਰਿਤਸਰ ਜ਼ਿਲ੍ਹਾ, ਮਾਲਵੇ ਵਿਚ ਮੋਗਾ ਜ਼ਿਲ੍ਹਾ ਅਤੇ ਦੋਆਬੇ ਵਿਚ ਜ¦ਧਰ ਜ਼ਿਲ੍ਹਾ ਸੱਭ ਤੋਂ ਵੱਧ ਪੀੜਤ ਹੈ। ਪਿਛਲੇ ਪੰਜ ਸਾਲਾਂ ਵਿਚ ਕੈਂਸਰ ਕਾਰਨ ਹੋਈਆਂ ਮੌਤਾਂ ਦੇ ਵੇਰਵੇ ਤੋਂ ਪਤਾ ਲੱਗਾ ਹੈ ਕਿ ਲੁਧਿਆਣਾ ਵਿਚ 3798424 ਦੀ ਆਬਾਦੀ ਵਿਚੋਂ 3945 ਮੌਤਾਂ ਹੋਈਆਂ। ਜਲੰਧਰ ਵਿਚ 2034683 ਦੀ ਆਬਾਦੀ ਵਿਚੋਂ 3249 ਮੌਤਾਂ ਹੋਈਆਂ ਜਦਕਿ ਅੰਮ੍ਰਿਤਸਰ ਜ਼ਿਲ੍ਹੇ ਦੀ 2303022 ਅਬਾਦੀ ਵਿਚੋਂ 2755 ਮੌਤਾਂ ਹੋਈਆਂ। 924 ਮੌਤਾਂ ਫ਼ਹਿਤਗੜ੍ਹ ਸਾਹਿਬ ਜ਼ਿਲ੍ਹੇ ਵਿਚ ਹੋਈਆਂ ਜਿਥੇ ਆਬਾਦੀ ਸਿਰਫ਼ 553290 ਹੈ। ਮੋਹਾਲੀ ਜ਼ਿਲ੍ਹੇ ਵਿਚ 985633 ਦੀ ਕੁਲ ਆਬਾਦੀ ਵਿਚ 964 ਮੌਤਾਂ ਹੋਈਆਂ ਜਦਕਿ ਤਰਨਤਾਰਨ ਜ਼ਿਲ੍ਹੇ ਵਿਚ 930 ਮੌਤਾਂ ਹੋਈਆਂ ਜਦਕਿ 633756 ਦੀ ਅਬਾਦੀ ਵਾਲੇ ਨਵਾਂਸ਼ਹਿਰ ਜ਼ਿਲ੍ਹੇ ਵਿਚ ਸੱਭ ਤੋਂ ਘੱਟ 548 ਮੌਤਾਂ ਹੋਈਆਂ। ਸਿਹਤ ਮੰਤਰੀ ਨੇ ਦਸਿਆ ਕਿ ਪਿਛਲੇ ਤਿੰਨ ਸਾਲਾਂ ਵਿਚ ਸਰਕਾਰ ਨੇ 6300 ਰੋਗੀਆਂ ਨੂੰ 68 ਕਰੋੜ ਰੁਪਏ ਤੋਂ ਵੱਧ ਦੀ ਮਦਦ ਦਿਤੀ ਹੈ ਅਤੇ ਪੰਜਾਬ ਵਿਚ 30 ਹਸਪਤਾਲਾਂ ਵਿਚ ਕੈਂਸਰ ਦੇ ਟੈਸਟ ਅਤੇ ਇਲਾਜ ਦਾ ਪ੍ਰਬੰਧ ਹੈ।
ਸਰਕਾਰ ਦੇ ਸਰਵੇਖਣ ਵਿਚ ਪ੍ਰਗਟਾਵਾ


ਸਿਹਤ ਮੰਤਰੀ ਨੇ ਕਿਹਾ ਕਿ ਭਵਿੱਖ ਵਿਚ ਮੈਡੀਕਲ ਸਰਜਨ, ਡਾਕਟਰ ਅਤੇ ਹੋਰ ਮਾਹਰਾਂ ਨੂੰ ਚੰਡੀਗੜ੍ਹ ਦੇ ਪੀ.ਜੀ.ਆਈ. ਹਸਪਤਾਲ ਦੇ ਚੋਟੀ ਦੇ ਤਜਰਬੇਕਾਰਾਂ ਦੇ ਸਹਿਯੋਗ ਨਾਲ ਸਿਖਲਾਈ ਦਿਤੀ ਜਾਵੇਗੀ ਅਤੇ ਪੰਜਾਬ ਦੇ ਲੋਕਾਂ ਨੂੰ ਜਾਗਰੁਕ ਕਰ ਕੇ ਇਸ ਬੀਮਾਰੀ ਦੀ ਪਹਿਲੀ ਸਟੇਜ ’ਤੇ ਹੀ ਇਲਾਜ ਦੇ ਪ੍ਰਬੰਧ ਕੀਤੇ ਜਾ ਰਹੇ ਹਨ। ਪ੍ਰੈ¤ਸ ਕਾਨਫ਼ਰੰਸ ਵਿਚ ਮੌਜੂਦ ਸਿਹਤ ਤੇ ਪਰਵਾਰ ਭਲਾਈ ਮਹਿਕਮੇ ਦੀ ਪ੍ਰਮੁੱਖ ਸਕੱਤਰ ਬੀਬ ਵਿੰਨੀ ਮਹਾਜਨ ਨੇ ਦਸਿਆ ਕਿ 151792 ਸ਼ੱਕੀ ਤੇ ਅਸਲੀ ਪੀੜਤ ਵਿਅਕਤੀਆਂ ਦਾ ਵੇਰਵਾ ਇਕੱਠਾ ਹੋ ਚੁੱਕਾ ਹੈ ਅਤੇ ਹੁਣ ਉਨ੍ਹਾਂ ਦੇ ਇਲਾਜ ਅਤੇ ਸੰਭਾਲ ਲਈ ਲਗਾਤਾਰ ਧਿਆਨ ਰਖਿਆ ਜਾਇਆ ਕਰੇਗਾ। ਸਿਹਤ ਸੇਵਾਵਾਂ ਦੇ ਡਾਇਰੈਕਟਰ ਡਾ. ਅਸ਼ੋਕ ਨਈਅਰ ਨੇ ਦਸਿਆ ਕਿ ਸਰਵੇਖਣ ਕਰਨ ਨਾਲ ਹੁਣ ਬਲਾਕ, ਤਹਿਸੀਲ ਤੇ ਜ਼ਿਲ੍ਹਾ ਪੱਧਰ ’ਤੇ ਸਥਿਤ ਨਿਜੀ ਤੇ ਸਰਕਾਰੀ ਹਸਪਤਾਲਾਂ ਵਿਚ ਇਨ੍ਹਾਂ ਪੀੜਤਾਂ ਬਾਰੇ ਸਥਿਤੀ ’ਤੇ ਨਜ਼ਰ ਰਖੀ ਜਾਵੇਗੀ ਅਤੇ ਬੀਮਾਰੀ ਹੋਰ ਨਾ ਫੈਲੇ, ਇਸ ਵੀ ਪ੍ਰਬੰਧ ਕੀਤਾ ਜਾ ਰਿਹਾ ਹੈ।


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top