ਗਿਆਨੀ ਜੀ ਬੜੇ ਉਚ-ਕੋਟੀ ਦੇ ਕਥਾਚਾਚਕ ਸਨ। ਮੈਨੂੰ ਜਦੋਂ ਪਹਿਲੀ ਵਾਰੀ
ਉਨ੍ਹਾਂ ਦੀ ਕਥਾ ਵਾਰਤਾ ਸੁਣਨ ਦਾ ਅਵਸਰ ਮਿਲਿਆ ਤਾਂ ਮੈਂ ਬੜਾ ਪ੍ਰਭਾਵਿਤ ਹੋਇਆ ਸਾਂ। ਉਹ
ਮਨਘੜਤ ਜਿਹੀਆਂ ਸਾਖੀਆਂ ਸੁਣਾ ਕੇ ਸਮਾਂ ਨਹੀਂ ਸਨ ਟਪਾਉਂਦੇ ਸਗੋਂ ਡੂੰਘੇ ਅਰਥ ਕਰ ਕੇ
ਗੁਰਬਾਣੀ ਦੇ ਸਿਧਾਂਤ ਨੂੰ ਮਨੋਵਿਗਿਆਨਕ ਢੰਗ ਨਾਲ ਬਿਆਨ ਕਰਦੇ ਸਨ ਅਤੇ ਮਨੁੱਖ ਦੇ ਅੱਜ ਦੇ
ਜੀਵਨ ਨਾਲ ਢੁਕਾਅ ਕੇ ਜੀਵਨ ‘ਚ ਆਉਂਦੀਆਂ ਮੁਸ਼ਕਿਲਾਂ ਦਾ ਹੱਲ ਵੀ ਦੱਸਦੇ ਸਨ। ਇਕ ਦੋ
ਮੁਲਾਕਾਤਾਂ ਬਾਅਦ ਹੀ ਉਨ੍ਹਾਂ ਨੇ ਆਪਣੇ ਪਿਛੋਕੜ ਬਾਰੇ ਜਾਣਕਾਰੀ ਵੀ ਦਿੱਤੀ, ਜਿਸ ਵਿਚ ਖ਼ਾਸ
ਗੱਲ ਇਹ ਸੀ ਕਿ ਗਿਆਨੀ ਜੀ ਹੋਰਾਂ ਨੇ ਆਪਣੀ ਧਾਰਮਿਕ ਵਿਦਿਆ ਪ੍ਰੋਫੈਸਰ ਸਾਹਿਬ ਸਿੰਘ ਜੀ
ਹੋਰਾਂ ਤੋਂ ਲਈ ਸੀ।
ਗਿਆਨੀ ਜੀ ਹੋਰਾਂ ਨੂੰ ਇਕ ਵਾਰੀ ਲੰਡਨੋਂ ਇਕ ਵਿਅਕਤੀ ਦਾ ਫ਼ੂਨ ਆਇਆ ਜਿਸ ਦਾ ਪੰਜਾਬ ‘ਚ
ਰਹਿੰਦਾ ਇਕ ਰਿਸ਼ਤੇਦਾਰ ਗਿਆਨੀ ਹੋਰਾਂ ਦੀ ਸ਼ਖ਼ਸੀਅਤ ਤੋਂ ਬੜਾ ਪ੍ਰਭਾਵਿਤ ਸੀ। ਪੰਜਾਬ ਵਾਲੇ
ਸੱਜਣ ਨੇ ਲੰਡਨ ‘ਚ ਰਹਿੰਦੇ ਆਪਣੇ ਰਿਸ਼ਤੇਦਾਰ ਨੂੰ ਤਾਕੀਦ ਕੀਤੀ ਸੀ ਕਿ ਉਹ ਗਿਆਨੀ ਹੋਰਾਂ
ਨੂੰ ਆਪਣੇ ਘਰ ਜ਼ਰੂਰ ਬੁਲਾਵੇ।
ਸੋ ਲੰਡਨ ਵਾਲੇ ਸੱਜਣ ਦੀ ਬੇਨਤੀ ਮੰਨ ਕੇ ਇਕ ਦਿਨ ਗਿਆਨੀ ਹੋਰਾਂ ਨੇ ਲੰਡਨ ਜਾਣ ਦਾ
ਪ੍ਰੋਗਰਾਮ ਬਣਾ ਹੀ ਲਿਆ। ਭਾਵੇਂ ਕਿ ਉਹ ਸੱਜਣ ਗਿਆਨੀ ਜੀ ਹੋਰਾਂ ਨੂੰ ਖ਼ੁਦ ਆਕੇ ਕਾਰ ਵਿਚ
ਲੈ ਕੇ ਜਾਣ ਲਈ ਤਿਆਰ ਸੀ, ਪਰ ਦੂਰ ਦਾ ਸਫ਼ਰ ਹੋਣ ਕਰ ਕੇ ਗਿਆਨੀ ਹੋਰੀਂ ਉਹਨੂੰ ਤਕਲੀਫ਼ ਨਹੀਂ
ਸਨ ਦੇਣਾ ਚਾਹੁੰਦੇ ਸੋ ਉਨ੍ਹਾਂ ਨੇ ਕੋਚ ਵਿਚ ਜਾਣਾ ਬਿਹਤਰ ਸਮਝਿਆ।
ਸਾਰੇ ਪਰਿਵਾਰ ਨੇ ਬੜੇ ਜੋਸ਼ੋ-ਖ਼ਰੋਸ਼ ਨਾਲ ਗਿਆਨੀ ਹੋਰਾਂ ਦਾ ਸਵਾਗਤ ਕੀਤਾ। ਇਹ ਸੱਜਣ ਖ਼ੁਦ
ਭਾਵੇਂ ਸਿੱਖੀ ਸਰੂਪ ਵਿਚ ਨਹੀਂ ਸਨ ਪਰ ਗੁਰਬਾਣੀ ਅਤੇ ਸਿੱਖ ਇਤਿਹਾਸ ਤੋਂ ਕਾਫ਼ੀ ਵਾਕਿਫ਼ ਸਨ।
ਰਾਤ ਦੇ ਖਾਣੇ ਉੱਪਰ ਮੇਜ਼ਬਾਨ ਨੇ ਆਪਣੇ ਇਕ ਹੋਰ ਦੋਸਤ ਨੂੰ ਵੀ ਬੁਲਾਇਆ ਹੋਇਆ ਸੀ।
ਡਾਇਨਿੰਗ-ਰੂਮ ‘ਚੋਂ ਖਾਣੇ ਲਈ ਸੱਦਾ ਆ ਗਿਆ। ਮੇਜ਼ ਉੱਪਰ ਦੋ ਤਿੰਨ ਕਿਸਮ ਦੀ ਸ਼ਰਾਬ ਤੇ
ਮਾਸਾਹਾਰੀ ਅਤੇ ਸ਼ਾਕਾਹਾਰੀ ਕਈ ਪ੍ਰਕਾਰ ਦਾ ਖਾਣਾ ਪਰੋਸਿਆ ਹੋਇਆ ਸੀ। ਗਿਆਨੀ ਜੀ ਵੀ ਇਕ
ਕੁਰਸੀ ਉੱਪਰ ਬਿਰਾਜਮਾਨ ਹੋ ਗਏ।
ਮੇਜ਼ਬਾਨ ਨੇ ਜਦੋਂ ਮੁੱਖ-ਮਹਿਮਾਨ ਯਾਨੀ ਗਿਆਨੀ ਜੀ ਹੋਰਾਂ ਨੂੰ ਸ਼ਰਾਬ ਬਾਰੇ ਉਨ੍ਹਾਂ ਦੀ
ਪਸੰਦ ਪੁੱਛੀ ਤਾਂ ਉਨ੍ਹਾਂ ਨੇ ਬੜੀ ਨਿਮਰਤਾ ਨਾਲ ਦੋਵੇਂ ਹੱਥ ਜੋੜ ਕੇ ਖ਼ਿਮਾ ਮੰਗੀ ਤੇ
ਦੱਸਿਆ ਕਿ ਉਹ ਇਨ੍ਹਾਂ ਚੀਜ਼ਾਂ ਦਾ ਸੇਵਨ ਨਹੀਂ ਕਰਦੇ। ਮੇਜ਼ਬਾਨ ਕਹਿਣ ਲੱਗਾ, “ਗਿਆਨੀ ਜੀ,
ਇੱਥੇ ਸਾਡੇ ਪਾਸ ਕਈ ਰਾਗੀ ਢਾਡੀ ਪਹਿਲਾਂ ਵੀ ਆਏ ਆ, ਉਨ੍ਹਾਂ ‘ਚੋਂ ਬਹੁਤੇ ਸਭ ਕੁਛ ਛਕ ਛਕਾ
ਕੇ ਗਏ ਐ, ਇੱਥੇ ਕਿਹੜਾ ਕੋਈ ਦੇਖ਼ਦੈ, ਨਾਲੇ ਅਸੀਂ ਕਿਹੜਾ ਡੌਂਡੀ ਪਿੱਟਣੀ ਆਂ, ਤੁਸੀਂ
ਨਿਸ਼ੰਗ ਹੋ ਕੇ ਛਕੋ, ਸੰਗੋ ਨਾ, ਆਪਣਾ ਹੀ ਘਰ ਸਮਝੋ”।
ਗਿਆਨੀ ਜੀ ਬੜੀ ਨਿਮਰਤਾ ਨਾਲ਼ ਕਹਿਣ ਲੱਗੇ, “ਭਾਈ ਸਾਹਿਬ ਜੀ, ਗੱਲ ਕਿਸੇ ਦੇ ਦੇਖਣ ਜਾਂ ਨਾ
ਦੇਖਣ ਦੀ ਨਹੀਂ। ਗੱਲ ਆਪਣੇ ਮਨ ਦੀ ਅਤੇ ਅਸੂਲਾਂ ਦੀ ਹੈ। ਦਾਸ ਆਪ ਜੀ ਦਾ ਬਹੁਤ ਹੀ ਧੰਨਵਾਦੀ
ਹੈ ਜੋ ਇਤਨਾ ਮਾਣ ਦੇ ਰਹੇ ਹੋ, ਤੁਸੀਂ ਆਪਣਾ ਆਨੰਦ ਲਉ, ਖਾਉ ਪੀਉ ਮੌਜ ਕਰੋ, ਮੈਨੂੰ ਇੱਥੇ
ਬੈਠੇ ਰਹਿਣ ‘ਚ ਕੋਈ ਇਤਰਾਜ਼ ਨਹੀਂ। ਮੈਂ ਏਸੇ ਟੇਬਲ ‘ਤੇ ਬੈਠ ਕੇ ਹੀ ਪਰਸ਼ਾਦਾ ਛਕਾਂਗਾ”।
ਮੇਜ਼ਬਾਨ ਦੋਚਿੱਤੀ ’ਚ ਪੈ ਗਿਆ ਕਿ ਹੁਣ ਕੀ ਕਰੇ। ਕੁਝ ਪਲ ਸੋਚ ਕੇ ਉਹਨੇ ਫ਼ੈਸਲਾ ਕੀਤਾ ਕਿ
ਸ਼ਰਾਬ, ਮਾਸ-ਮੱਛੀ ਆਦਿ ਸਭ ਕੁਝ ਟੇਬਲ ਤੋਂ ਚੁਕਵਾ ਦਿੱਤਾ ਜਾਵੇ ਤੇ ਇਸ ਮਕਸਦ ਲਈ ਉਹਨੇ ਆਪਣੇ
ਬੱਚਿਆਂ ਨੂੰ ਆਵਾਜ਼ ਮਾਰੀ ਤੇ ਸਾਰੀਆਂ ਵਸਤਾਂ ਚੁੱਕ ਕੇ ਲੈ ਜਾਣ ਲਈ ਕਿਹਾ।
ਗਿਆਨੀ ਜੀ ਬੜੀ ਨਿਮਰਤਾ ਨਾਲ ਕਹਿਣ ਲੱਗੇ, “ਭਾਈ ਸਾਹਿਬ ਜੀ, ਟੇਬਲ ਤੋਂ ਕੋਈ ਵੀ ਚੀਜ਼
ਚੁੱਕਣ ਦੀ ਜ਼ਰੂਰਤ ਨਹੀਂ। ਇਹ ਚੀਜ਼ਾਂ ਬਦੋ-ਬਦੀ ਮੇਰੇ ਮੂੰਹ ਵਿਚ ਨਹੀਂ ਪੈ ਚੱਲੀਆਂ। ਤੁਸੀਂ
ਆਪਣਾ ਖਾਉ ਪੀਉ ਤੇ ਆਨੰਦ ਲਉ”।
ਮੇਜ਼ਬਾਨ ਨੇ ਫੇਰ ਇਕ ਵਾਰ ਟੇਬਲ ਤੋਂ ਸਭ ਕੁਝ ਚੁੱਕਣ ਦੀ ਕੋਸ਼ਿਸ਼ ਕੀਤੀ ਪਰ ਗਿਆਨੀ ਜੀ ਹੋਰੀਂ
ਅਜਿਹਾ ਨਾ ਕਰਨ ਦਿੱਤਾ।
ਅਖ਼ੀਰ ਮਜਬੂਰ ਹੋ ਕੇ ਮੇਜ਼ਬਾਨ ਨੇ ਅਤੇ ਉਹਦੇ ਦੋਸਤ ਨੇ ਟੇਬਲ ਦੇ ਇਕ ਪਾਸੇ ਬੈਠ ਕੇ ਰੋਟੀ
ਖਾਧੀ ਤੇ ਗਿਆਨੀ ਜੀ ਹੋਰੀਂ ਟੇਬਲ ਦੇ ਦੂਸਰੇ ਪਾਸੇ ਬੈਠ ਕੇ ਦਾਲ ਸਬਜ਼ੀ ਨਾਲ ਪਰਸ਼ਾਦਾ ਛਕ
ਲਿਆ।
ਮੇਜ਼ਬਾਨ ਨੇ ਰੋਟੀ ਤਾਂ ਭਾਵੇਂ ਖਾ ਲਈ ਸੀ, ਪਰ ਉਹਦੇ ਅੰਦਰ ਗਿਆਨੀ ਜੀ ਵਾਸਤੇ ਸਤਿਕਾਰ ਹੋਰ
ਵੀ ਵਧ ਗਿਆ ਸੀ।ਉਹ ਇਸ ਗੱਲ ਤੋਂ ਬੜਾ ਪ੍ਰਭਾਵਿਤ ਹੋਇਆ ਕਿ ਗਿਆਨੀ ਜੀ ਹੋਰੀਂ ਉਸ ਨਾਲ ਕਿਸੇ
ਪ੍ਰਕਾਰ ਦੀ ਨਫ਼ਰਤ ਨਹੀਂ ਸੀ ਪ੍ਰਗਟਾਈ ਤੇ ਨਾ ਹੀ ਨਸੀਹਤਾਂ ਦੀ ਝੜੀ ਲਾਈ ਸੀ। ਨਹੀਂ ਤਾਂ ਉਸ
ਪਾਸ ਬਹੁਤੇ ਐਸੇ ਵੀ ਆਏ ਸਨ ਜੋ ਰਾਤ ਨੂੰ ਤਾਂ ਉਸ ਨਾਲ ਸ਼ਰਾਬ ਪੀਂਦੇ ਸਨ ਤੇ ਸਵੇਰ ਨੂੰ ਉਸ
ਨੂੰ ਸਿੱਖੀ ਸਰੂਪ ਧਾਰਨ ਕਰਨ ਦਾ ਉਪਦੇਸ਼ ਦਿੰਦੇ ਸਨ।
ਦੂਸਰੇ ਦਿਨ ਮੇਜ਼ਬਾਨ ਗਿਆਨੀ ਜੀ ਹੋਰਾਂ ਨੂੰ ਵਾਪਿਸੀ ਲਈ ਕੋਚ ਉੱਪਰ ਚੜ੍ਹਾ ਗਿਆ ਸੀ।
ਕੁਝ ਮਹੀਨਿਆਂ ਬਾਅਦ ਇਕ ਵਿਅਕਤੀ ਗਿਆਨੀ ਜੀ ਹੋਰਾਂ ਨੂੰ ਮਿਲਣ ਆਇਆ।
ਫਤਿਹ ਸਾਂਝੀ ਕਰਨ ਤੋਂ ਬਾਅਦ ਗਿਆਨੀ ਜੀ ਕਹਿਣ ਲੱਗੇ, “ਭਾਈ ਸਾਹਿਬ ਜੀ, ਮੈਂ ਆਪ ਜੀ ਨੂੰ
ਪਛਾਣਿਆਂ ਨਹੀਂ”।
“ ਮੈਂ ਲੰਡਨੋਂ ਜ……ਸਿੰਘ ਆਂ, ਤੁਸੀਂ ਮੈਨੂੰ ਕਿਸੇ ਹੋਰ ਰੂਪ ਵਿਚ ਦੇਖਿਆ ਹੋਇਐ, ਪਛਾਣੋਂਗੇ
ਵੀ ਕਿਵੇਂ? ਇਹ ਉਸ ਰਾਤ ਦਾ ਕ੍ਰਿਸ਼ਮਾ ਐ ਜੀ ਜਦੋਂ ਤੁਸੀਂ ਲੰਡਨ ਦਾਸ ਦੇ ਗ੍ਰਹਿ ਵਿਖੇ ਆਏ
ਸੀ”।
ਲੰਡਨ ਵਾਲਾ ਸੱਜਣ ਅੰਮ੍ਰਿਤ ਛਕ ਕੇ ਤਿਆਰ-ਬਰ –ਤਿਆਰ ਸਿੰਘ ਸਜਿਆ
ਗਿਆਨੀ ਜੀ ਦੇ ਸਾਹਮਣੇ ਖੜ੍ਹਾ ਸੀ।