ਅੱਜ ਦਿੱਲੀ ਚੋਣਾਂ ਦੇ ਨਤੀਜਿਆਂ ਨੇ ਪੰਥ ਦਰਦੀਆਂ ਅਤੇ ਦੂਰ ਅੰਦੇਸ਼ੀ ਸਿੱਖਾਂ ਦੇ ਮਨਾਂ ਨੂੰ
ਵਲੂੰਧਰ ਕੇ ਰੱਖ ਦਿਤਾ ਹੈ, ਕਈਆਂ ਵੀਰਾਂ ਦੇ ਫੋਨ ਆਏ, ਲੇਕਿਨ ਕੋਈ ਵੀ, ਕੁੱਝ ਵੀ ਕਹਿਣ ਦੀ
ਹਾਲਤ ਵਿੱਚ ਨਹੀ ਸੀ। ਸਿਰਫ ਹੈਰਾਨਗੀ ਅਤੇ ਅਫਸੋਸ ਹੀ ਉਨਾਂ ਦੀਆਂ ਗੱਲਾਂ ਵਿੱਚ ਝਲਕ ਰਿਹਾ
ਸੀ। ਨਤੀਜਿਆਂ ਤੇ ਮੈਨੂੰ ਦੁਖ ਜਰੂਰ ਸੀ ,ਲੇਕਿਨ ਹੈਰਾਨਗੀ ਨਹੀ ਸੀ । ਜੋ ਹਾਲਾਤ ਅਜ ਕੌਮ
ਦੇ ਬਣ ਚੁਕੇ ਹਨ ਅਤੇ ਕੌਮ ਦੀ ਸੋਚ ਜਿਸ ਪੜਾਂਅ ਤੇ ਪੁੱਜ ਚੁਕੀ ਹੈ ਉਸ ਵਿੱਚ ਤਾਂ ਇਹ ਸਭ
ਹੋਣਾਂ ਹੀ ਸੀ।
ਇਸ ਬਾਰੇ ਸੋਚਦਿਆਂ ਸੋਚਦਿਆਂ ਮੈਨੂੰ ਅਪਣੇ ਪੁਰਾਣੇ ਬਚਪਨ ਦੇ ਪਿੰਡ ਨੁਮਾਂ ਮੁਹੱਲੇ ਵਿੱਚ
ਲਗਣ ਵਾਲੇ ਬਜਾਰ ਦੀ ਯਾਦ ਆ ਰਹੀ ਸੀ। ਇਹ ਬਜਾਰ ਐਤਵਾਰ ਦੇ ਐਤਵਾਰ ਲਗਦਾ ਹੁੰਦਾ ਸੀ ਅਤੇ ਉਥੇ
ਦੂਰ ਦਰਾਡੇ ਤੋਂ ਬਹੁਤ ਸਾਰੇ ਲੋਕੀ ਚੀਜਾਂ ਵੇਚਣ ਲਈ ਆਂਉਦੇ ਸੀ। ਕਿਸੇ ਹਾਟ ਵਾਲੇ ਮੇਲੇ ਦਾ
ਨਜਾਰਾ ਬਣ ਜਾਂਦਾ ਸੀ। ਇਸ ਬਜਾਰ ਵਿੱਚ ਕੁਝ ਮਦਾਰੀ , ਦੇਸੀ ਜੜੀ ਬੂਟੀਆਂ ਵੇਚਣ ਵਾਲੇ,
ਜਿੰਦਰਿਆਂ ਦੀਆਂ ਚਾਬੀਆਂ ਬਨਾਉਣ ਵਾਲੇ ,ਚਾਕੂ ਛੁਰੀਆਂ ਤੇਜ ਕਰਣ ਵਾਲੇ, ਤੋਤੇ, ਕਬੂਤਰ ਅਤੇ
ਚਿੜੀਆਂ ਵੇਚਣ ਵਾਲੇ, ਹੱਥਾਂ 'ਤੇ ਟੈਟੂ ਬਨਾਉਣ ਵਾਲੇ ਆਦਿਕ ਵੀ ਆਂਉਦੇ ਸਨ।
ਉਨਾਂ ਵਿੱਚ ਇਕ ਦੰਦਾਂ ਦਾ ਮੰਜਨ ਵੇਚਣ ਵਾਲਾ ਮਦਾਰੀ ਵੀ ਆਂਉਦਾ ਸੀ, ਜਿਸ ਨਾਲ ਦੋ ਬੱਚੇ ਵੀ
ਹੁੰਦੇ ਸੀ। ਉਹ ਮੰਜਨ ਵੇਚਣ ਵਾਲਾ ਪਹਿਲਾਂ ਡਮਰੂ ਵਜਾਂਦਾ ਅਤੇ ਉਸ ਦੇ ਨਾਲ ਵਾਲਾ ਇਕ ਬੱਚਾ
ਕੁਝ ਕਰਤਬ ਕਰਦਾ ਅਤੇ ਦੂਜਾ ਬੱਚਾ ਇਕ ਡੋਂਗੀ ਵਜਾਂਦਾ। ਕੁਝ ਦੇਰ ਬਾਦ ਉਥੇ ਤਮਾਸ਼ਾ ਵੇਖਣ ਲਈ
ਕੁਝ ਬੱਚੇ ਇੱਕਠੇ ਹੋ ਜਾਂਦੇ ਸਨ, ਜਿਨਾਂ ਵਿੱਚ ਕਈ ਵਾਰ ਅਸੀਂ ਵੀ ਹੁੰਦੇ ਸੀ। ਹੌਲੀ ਹੌਲੀ
ਸਿਆਣਿਆਂ ਦਾ ਵੀ ਮਜਮਾਂ ਲੱਗ ਜਾਂਦਾ, ਅਤੇ ਜਦੋਂ ਤਮਾਸ਼ਾ ਵੇਖਣ ਵਾਲੇ ਕਾਫੀ ਇਕੱਠੇ ਹੋ ਜਾਂਦੇ
ਤੇ ਉਹ ਅਪਣਾਂ ਮੰਜਨ ਕਡ੍ਹ ਕੇ ਪਹਿਲਾਂ ਲੋਕਾਂ ਨੂੰ ਮੁਫਤ ਵੰਡਦਾ ਅਤੇ ਫਿਰ ਉਸ ਦੀਆਂ ਸ਼ੀਸ਼ੀਆਂ
ਵੇਚਦਾ। ਉਸ ਦੇ ਡਮਰੂ ਵਜਾਉਣ ਅਤੇ ਤਮਾਸ਼ਾ ਵਖਾਂਉਣ ਦਾ ਮੁੱਖ ਮਕਸਦ ਤਾਂ ਭੀੜ ਇਕੱਠੀ ਕਰਨਾਂ
ਹੁੰਦਾ ਸੀ, ਜਿਨਾਂ ਨੂੰ ਉਹ ਅਪਣਾਂ ਬਣਾਇਆ ਮੰਜਨ ਵੇਚ ਸਕੇ। ਉਸ ਦਾ ਮੰਜਨ ਵਾਕਈ ਬਹੁਤ ਵਧੀਆ
ਹੁੰਦਾ ਸੀ।
ਇਸ ਗਲ ਨੂੰ ਘਟੋ ਘੱਟ ਚਾਲੀਹ ਪੰਤਾਲੀ ਵਰ੍ਹੇ ਹੋ ਚੁਕੇ ਸਨ। ਇਕ ਦਿਨ ਉਹ ਹੀ ਮੰਜਨ ਵਾਲਾ
ਮਦਾਰੀ ਮੈਨੂੰ ਅਪਣੇ ਨਵੇਂ ਘਰ ਦੇ ਨਾਲ ਵਾਲੇ ਬਜਾਰ ਵਿੱਚ ਪਲਾਸਟਿਕ ਦੀਆਂ ਨਵੀਆਂ ਚਪਲਾਂ ਦੀ
ਫੜੀ ਲਾਈ ਬੈਠਾ ਦਿਖਿਆ। ਪਹਿਲਾਂ ਤਾਂ ਮੈਨੂੰ ਲਗਾ ਕਿ ਇਸ ਬੰਦੇ ਨੂੰ ਮੈਂ ਕਿਤੇ ਵੇਖਿਆ
ਹੋਇਆ ਹੈ, ਫਿਰ ਮੈਨੂੰ ਯਾਦ ਆ ਗਇਆ ਕਿ ਇਹ ਤਾਂ ਉਹ ਹੀ ਮੰਜਨ ਵੇਚਣ ਵਾਲਾ ਮਦਾਰੀ ਹੀ ਹੈ।
ਮੇਰੇ ਕੋਲੋਂ ਰਹਿਆ ਨਾ ਗਇਆ, ਤਾਂ ਮੈਂ ਉਸ ਬਜੁਰਗ ਕੋਲੋਂ ਜਾ ਪੁਛਿਆ ਕਿ "ਭਾਈ ਤੂੰ ਤਾਂ
ਬਹੁਤ ਵਰ੍ਹੇ ਪਹਿਲਾਂ ਸ਼ੀਸ਼ਾਮਉ ਬਜਾਰ ਵਿੱਚ ਮੰਜਨ ਵੇਚਦਾ ਸੀ, ਹੁਣ ਨਹੀਂ ਵੇਚਦਾ? ਪਹਿਲਾਂ
ਤਾਂ ਉਹ ਹੈਰਾਨ ਹੋ ਕੇ ਮੇਰਾ ਮੂੰਹ ਵੇਖਣ ਲਗ ਪਿਆ, ਫਿਰ ਬੋਲਿਆ ਤੁਸੀਂ ਮੈਨੂੰ ਕਿਵੇਂ ਜਾਣਦੇ
ਹੋ? ਮੈਂ ਆਖਿਆ ਕਿ ਮੈਂ ਸੀਸਾਮਉ ਦੇ ਬਜਾਰ ਕੋਲ ਹੀ ਬਚਪਨ ਵਿੱਚ ਰਹਿੰਦਾ ਸੀ ਅਤੇ ਅਸੀ ਛੋਟੇ
ਹੁੰਦਿਆਂ ਤੇਰਾ ਮਜਮਾ ਵੇਖਦੇ ਹੁੰਦੇ ਸੀ, ਮੈ ਤੈਨੂੰ ਪਛਾਣ ਲਿਆ ਹੈ।
ਉਹ ਫੜੀ ਤੋਂ ਖੜਾ ਹੋ ਕੇ ਬਹੁਤ ਹੀ ਪਿਆਰ ਅਤੇ ਦੁਖੀ ਹਿਰਦੇ ਨਾਲ ਕਹਿਣ ਲੱਗਾ . ....."ਸਰਦਾਰ
ਸਾਹਿਬ ਮੇਰਾ ਮੰਜਨ ਵੀ ਬਹੁਤ ਵਧੀਆ ਸੀ, ਮੇਰੇ ਦਾਦੇ ਦਾ ਬਣਾਇਆ ਹੋਇਆ ਅਚੂਕ ਨੁਸਖਾ ਸੀ,
ਜਿਸ ਵਿਚ ਫਟਕਰੀ, ਲੂਣ, ਸੁਹਾਗਾ ਅਤੇ ਲੌਂਗ ਆਦਿਕ ਬਹੁਤ ਕੁੱਝ ਪਇਆ ਹੁੰਦਾ ਸੀ, ਦੰਦ ਦੇ
ਨਾਲ ਨਾਲ ਮਸੂੜੇ ਅਤੇ ਮੂੰਹ ਦੇ ਛਾਲਿਆਂ ਤੇ ਵੀ ਬਹੁਤ ਗੁਣਕਾਰੀ ਹੁੰਦਾ ਸੀ। ਮੇਰੇ ਕੋਲੋਂ
ਬਹੁਤ ਦੂਰੋਂ ਦੂਰੋਂ ਲੋਕੀ, ਮੇਰੇ ਘਰ ਆ ਕੇ ਵੀ ਉਹ ਮੰਜਨ ਲੈ ਜਾਂਦੇ ਸਨ।
ਇਕ ਹੌਕਾ ਭਰਦਿਆਂ
ਉਹ ਬੋਲਿਆ, "........ਲੇਕਿਨ ਸਰਦਾਰ ਸਾਹਿਬ, ਅਜ ਲੋਕੀ ਬਹੁਤ ਸਿਆਣੇ ਹੋ ਗਏ ਹਨ, ਪੜ੍ਹੇ
ਲਿਖੇ ਹੋ ਗਏ ਹਣ, ਹੁਣ ਸਾਡੇ ਕੋਲ ਖੜੇ ਹੁੰਦਿਆਂ ਵੀ ਉਨਾਂ ਨੂੰ ਸ਼ਰਮ ਆਉਦੀ ਹੈ, ਮੰਜਨ ਕਿਸਨੇ
ਖਰੀਦਨਾਂ ਹੈ? ਉਹ ਟੀ. ਵੀ. ਵਾਲੇ ਐਡ ਵੇਖ ਕੇ ਸੌ ਸੌ ਰੁਪਈਏ ਦੀ ਟੂਥ ਪੇਸਟ ਤਾਂ ਖਰੀਦ
ਲੈਂਦੇ ਹਨ, ਉਹ ਗੁਣਕਾਰੀ ਮੰਜਨ ਨਹੀਂ ਖਰੀਦਦੇ। ਅੱਜ ਗੁਣਾਂ ਦਾ ਨਹੀਂ ਵਿਖਾਵੇ ਦਾ ਯੁਗ ਹੈ,
ਸਰਦਾਰ ਸਾਹਿਬ। ਜੋ ਬਹੁਤਾ ਦਿਖਾਵਾ ਕਰ ਸਕਦਾ ਹੈ, ਉਸ ਦਾ ਹੀ ਮਾਲ ਵਿਕਦਾ ਹੈ (ਸ਼ਾਇਦ ਉਸ ਦਾ
ਮਤਲਬ ਮਾਰਕੇਟਿੰਗ ਦੇ ਫੰਡਿਆਂ ਨਾਲ ਸੀ, ਜੋ ਉਹ ਕਹਿ ਨਹੀਂ ਸੀ ਪਾ ਰਿਹਾ ) ਕਈ ਵਾਰੀ ਤਾਂ
ਅਸੀਂ ਸਾਰਾ ਸਾਰਾ ਦਿਨ ਡਮਰੂ ਅਤੇ ਡੁੱਗੀ ਪਿਟਦੇ ਰਹਿੰਦੇ ਸਾਡੇ ਕੋਲ ਕੋਈ ਖੜਾ ਵੀ ਨਾ ਹੁੰਦਾ।
ਇਸ ਕਰਕੇ ਸਰਦਾਰ ਸਾਹਿਬ ਉਹ ਮੰਜਨ ਵੇਚਣਾ ਛੱਡ ਦਿਤਾ। ਬੁਡੇਪਾ ਆ ਗਇਆ, ਇਹ ਚਪਲਾਂ ਦੀ ਫੜੀ
ਲਾ ਕੇ ਅਪਣਾਂ ਢਿੱਡ ਪਾਲ ਰਿਹਾ ਹਾਂ ਅਤੇ ਟਾਈਮ ਪੂਰਾ ਕਰ ਰਿਹਾ ਹਾਂ।
ਇਹ ਵਾਕਿਆ ਅੱਜ ਮੈਨੂੰ ਇਸ ਲਈ ਯਾਦ ਆ ਗਇਆ ਕਿ ਉਸ ਮੰਜਨ ਵੇਚਣ ਵਾਲੇ ਮਦਾਰੀ ਵਿੱਚ ਮੈਨੂੰ
ਇਕ ਪੰਥ ਦਰਦੀ ਲਿਖਾਰੀ ਦਾ ਅਕਸ ਨਜਰ ਆ ਰਿਹਾ ਸੀ। ਪੰਥ ਦਰਦੀ ਭਾਂਵੇ ਅੱਜ ਜਿਨਾਂ ਮਰਜੀ ਡਮਰੂ
ਪਏ ਵਜਾਣ, ਜਿਨੀ ਮਰਜੀ ਡੋਂਗੀ ਪਿੱਟੀ ਜਾਂਣ, ਉਨਾਂ ਦਾ ਡਮਰੂ ਅਤੇ ਡੋਂਗੀ ਦੀ ਅਵਾਜ ਦਾ,
ਕੌਮ ਦੇ ਲੋਕਾਂ ਤੇ ਕੋਈ ਅਸਰ ਨਹੀਂ ਹੁੰਦਾ, ਕਿਉਂਕਿ "ਅੱਜ ਕੌਮ ਦੇ ਲੋਕੀ ਬਹੁਤ ਸਿਆਣੇ ਹੋ
ਚੁਕੇ ਹਨ, ਪੜ੍ਹ ਲਿਖ ਗਏ ਹਨ" । ਉਨਾਂ ਨੂੰ ਉਹ ਹੀ ਗੁਣਕਾਰੀ ਲਗਦਾ ਹੈ ਜੋ ਟੀ, ਵੀ.ਦੇ ਝੂਠੇ
ਪ੍ਰਚਾਰ ਵਿੱਚ ਵਖਾਇਆ ਜਾਂਦਾ ਹੈ।
ਵੀਰੋ ! ਸਾਡੀ ਵੀ ਹਾਲਤ ਸ਼ਾਇਦ ਉਸ ਮੰਜਨ ਵੇਚਣ ਵਾਲੇ ਮਦਾਰੀ ਵਰਗੀ ਹੋ ਚੁਕੀ ਹੈ। ਦਿਨ ਰਾਤ
ਇਕ ਕਰਕੇ ਕੌਮ ਨੂੰ ਡੋਂਗੀ ਪਿੱਟ ਪਿੱਟ ਕੇ ਇਹ ਹੀ ਦਸਣ ਦੀ ਕੋਸ਼ਿਸ਼ ਕਰਦੇ ਰਹੇ ਕਿ ਸ਼ਾਇਦ ਕੌਮ
ਨੂੰ ਗੁਣ ਕਾਰੀਆਂ ਅਤੇ ਫਰੇਬੀਆਂ ਦੀ ਪਛਾਣ ਕਰਾ ਸਕੀਏ। ਲੇਕਿਨ ਇਹ ਸਭ ਕੁਝ ਕਿਸੇ ਕਮ ਨਾ
ਆਇਆ। ਸ਼ਾਇਦ ਹੁਣ ਉਸ ਮਦਾਰੀ ਵਾਂਗ ਅਸੀ ਵੀ ਅਪਣਾ ਰਾਹ ਬਦਲ ਲਈਏ, ਕਿਉਂਕਿ ਜਿਨਾਂ ਲਈ ਅਸੀ
ਡੋਂਗੀ ਪਿੱਟ ਰਹੇ ਹਾਂ, ਉਹ ਹੀ ਸੁਣਨਾ ਨਹੀਂ ਚਾਹੁੰਦੇ, ਤਾਂ ਅਸੀਂ ਕਦੋ ਤਕ ਇਹ ਕੰਮ ਕਰਦੇ
ਰਹਿਣਾਂ ਹੈ। ਲੇਕਿਨ ਇਹ ਗਲ ਇਹ ਵੀ ਸੱਚ ਹੈ ਕਿ ਦਿੱਲੀ ਦੇ ਲੁੱਟੇ ਜਾਂਣ ਦਾ ਖਮਿਆਜਾ ਸਰਨਿਆਂ
ਨੂੰ ਨਹੀਂ, ਬਲਕਿ ਕੌਮ ਨੂੰ ਸਦੀਆਂ ਤਕ ਭੁਗਤਣਾਂ ਪੈਣਾਂ ਹੈ, ਜੇ ਕੌਮ ਬਚੀ ਰਹੀ ਤਾਂ, ਉਹ
ਸਦੀਆਂ ਤਕ ਇਸ ਦਿੱਲੀ ਵਾਲੀ ਚੋਣ ਨੂੰ ਯਾਦ ਕਰਿਆ ਕਰੇਗੀ ਅਤੇ ਇਹ ਹੀ ਕਹਿਆ ਕਰੇਗੀ ਕਿ
ਲਮਹੋਂ ਨੇ ਖਤਾ ਕੀ, ਸਦੀਉਂ ਨੇ
ਸਜਾ ਪਾਈ
ਆਹ ਦੇਖ ਲਓ ਭੰਗੜੇ ਪੈਂਦੇ,
ਗਰਮਤਿ ਪ੍ਰਚਾਰ ਦੀ ਜਿੰਮੇਵਾਰੀ ਦਿਸਦੀ ਹੈ ਕਿਸੇ ਦੇ ਮੂੰਹ
'ਤੇ, ਬੱਸ ਗੋਲਕਾਂ ਦਾ ਹੀ ਚਾਅ ਹੈ...