Share on Facebook

Main News Page

ਅਕਾਲੀ ਦਲ ਨੇ ਦਿੱਲੀ ਵਿੱਚ ਫੇਰਿਆ ਹੂੰਝਾ, ਪਰਮਜੀਤ ਸਿੰਘ ਸਰਨਾ ਵੀ ਚੋਣ ਹਾਰੇ

* ਅਕਾਲ ਤਖ਼ਤ ਦੀ ਸਰਬਉਚਤਾ ਬਹਾਲ ਕਰਵਾਉਣ ਦੇ ਨਾਮ ’ਤੇ ਕੀਤਾ ਸਤਾਧਾਰੀ ਸਿਆਸੀ ਪਾਰਟੀ ਦਾ ਪੱਕੇ ਤੌਰ ’ਤੇ ਗੁਲਾਮ
* ਅਕਾਲ ਤਖ਼ਤ ਦੇ ਜਥੇਦਾਰ ਨੂੰ ਸਿਆਸਤ ਤੋਂ ਮੁਕਤ ਕਰਵਾਉਣ ਦੀ ਉਠ ਰਹੀ ਅਵਾਜ਼ ਨੂੰ ਬਾਦਲਾਂ ਦੀ ਜਿੱਤ ਨੇ ਜ਼ਬਰਦਸਤ ਧੱਕਾ ਲਾ ਦਿੱਤਾ ਹੈ

ਬਠਿੰਡਾ, 30 ਜਨਵਰੀ (ਕਿਰਪਾਲ ਸਿੰਘ): ਸ਼੍ਰੋਮਣੀ ਅਕਾਲੀ ਦਲ (ਬਾਦਲ ) ਲਈ ਵਕਾਰ ਦਾ ਸਵਾਲ ਬਣੀਆਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਕੁੱਲ 46 ਸੀਟਾਂ ਵਿੱਚੋਂ 37 ਸੀਟਾਂ ’ਤੇ ਅਕਾਲੀ ਦਲ ਬਾਦਲ ਨੇ ਹੂੰਝਾ ਫੇਰੂ ਜਿੱਤ ਹਾਸਲ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਦਿੱਲੀ ਦੇ ਪ੍ਰਮੁੱਖ ਆਗੂ ਪਰਮਜੀਤ ਸਿੰਘ ਸਰਨਾ ਦਾ ਸਮੁੱਚਾ ਅਕਾਲੀ ਦਲ ਮੁੱਧੇ ਮੂੰਹ ਡਿੱਗਿਆ ਹੈ। ਪੰਜਾਬੀ ਬਾਗ ਇਲਾਕੇ ਵਿੱਚ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੂੰ ਬਾਦਲ ਦਲ ਮਨਜਿੰਦਰ ਸਿਰਸਾ ਕੋਲੋਂ 4554 ਵੋਟਾਂ ਦੇ ਵੱਡੇ ਫਰਕ ਨਾਲ ਚੋਣ ਹਾਰ ਗਏ ਹਨ।

ਗੁਰਬਾਣੀ ਵਿੱਚ ਸਰਬਵਿਆਪੀ ਅਕਾਲਪੁਰਖ਼ ਲਈ ਵਰਤੇ ਗਏ ਸ਼ਬਦ ‘ਰਾਮ’ ਨੂੰ ਦਸਰਥ ਦੇ ਪੁੱਤਰ ਰਾਮ ਦੇ ਅਰਥ ਦੇ ਕੇ ‘ਜੈ ਸੀਆ ਰਾਮ’ ਦੇ ਨਾਹਰੇ ਲਾਉਣ ਵਾਲੇ ਅਕਾਲੀ ਦਲ (ਬਾਦਲ) ਦੇ ਉਮੀਦਵਾਰ ਓਂਕਾਰ ਸਿੰਘ ਥਾਪਰ ਸਮੇਤ, ਅਕਾਲੀ ਦਲ (ਬਾਦਲ) ਦਿੱਲੀ ਇਕਾਈ ਦੇ ਪ੍ਰਧਾਨ ਮਨਜੀਤ ਸਿੰਘ ਜੀ ਕੇ, ਸਾਬਕਾ ਪ੍ਰਧਾਨ ਅਵਤਾਰ ਸਿੰਘ ਹਿੱਤ, ਪਰਮਜੀਤ ਸਿੰਘ ਰਾਣਾ, ਗੁਰਦੇਵ ਸਿੰਘ ਭੋਲਾ, ਜਤਿੰਦਰਪਾਲ ਸਿੰਘ ਨਰੂਲਾ, ਦਰਸ਼ਨ ਸਿੰਘ, ਦਲਜੀਤ ਕੌਰ ਖਾਲਸਾ, ਪਰਮਜੀਤ ਸਿੰਘ ਚੰਢੋਕ, ਹਰਦੇਵ ਸਿੰਘ ਧਨੋਆ, ਤਨਵੰਤ ਸਿੰਘ, ਗੁਰਮੀਤ ਸਿੰਘ ਮੀਤਾ, ਐਮ ਪੀ ਐਸ ਚੱਢਾ, ਕੁਲਦੀਪ ਸਿੰਘ ਸਾਹਨੀ, ਮਨਮੋਹਨ ਸਿੰਘ, ਚਮਨ ਸਿੰਘ, ਇੰਦਰਜੀਤ ਸਿੰਘ ਮੌਂਟੀ, ਤਜਿੰਦਰ ਸਿੰਘ ਭਾਟੀਆ, ਅਮਰਜੀਤ ਸਿੰਘ ਪੱਪੂ, ਗੁਰਮੀਤ ਸਿੰਘ ਸ਼ੰਟੀ, ਕੁਲਦੀਪ ਸਿੰਘ, ਹਰਜਿੰਦਰ ਸਿੰਘ, ਰਵੇਲ ਸਿੰਘ, ਜਸਬੀਰ ਸਿੰਘ ਜੱਸੀ, ਇੰਦਰਪ੍ਰੀਤ ਸਿੰਘ, ਰਵਿੰਦਰ ਸਿੰਘ ਲਵਲੀ, ਸਮਰਦੀਪ ਸਿੰਘ, ਰਵਿੰਦਰ ਸਿੰਘ ਖੁਰਾਣਾ, ਕੁਲਵੰਤ ਸਿੰਘ ਬਾਠ, ਗੁਰਲਾਡ ਸਿੰਘ, ਹਰਮੀਤ ਸਿੰਘ ਕਾਲਕਾ, ਮਨਮਿੰਦਰ ਸਿੰਘ ਆਦਿ ਨੇ ਜਿੱਤ ਪ੍ਰਾਪਤ ਕਰ ਲਈ ਹੈ।

ਦੂਜੇ ਪਾਸੇ ਸਰਨਾ ਧੜੇ ਦੇ ਸਿਰਫ 8 ਉਮੀਦਵਾਰ ਹੀ ਜਿੱਤ ਪ੍ਰਾਪਤ ਕਰ ਸਕੇ ਜਿਨਾਂ ’ਚ ਅਮਰਜੀਤ ਸਿੰਘ ਪਿੰਕੀ, ਬਲਬੀਰ ਸਿੰਘ, ਪ੍ਰਭਜੀਤ ਸਿੰਘ ਜੀਤੀ, ਕੁਲਦੀਪ ਸਿੰਘ ਆਦਿ ਸ਼ਾਮਲ ਹਨ।

1 ਸੀਟ ਕੇਂਦਰੀ ਸਿੰਘ ਸਭਾ ਦੇ ਪ੍ਰਧਾਨ (ਕਾਂਗਰਸੀ ਵਿਧਾਇਕ) ਤਰਵਿੰਦਰ ਸਿੰਘ ਮਰਵਾਹਾ ਜਿੱਤਣ ਵਿੱਚ ਸਫਲ ਹੋ ਗਏ।

ਸਿਆਸੀ ਚੋਣਾਂ ਵਿੱਚ ਕਿਸੇ ਪਾਰਟੀ ਦੀ ਜਿੱਤ ਜਾਂ ਹਾਰ ਹੋ ਜਾਣੀ ਬਹੁਤੀ ਵੱਡੀ ਗੱਲ ਨਹੀਂ ਹੈ, ਖਾਸ ਕਰਕੇ ਲਗਾਤਾਰ ਤੀਜੀ ਵਾਰ ਜਿੱਤਣਾ ਤਾਂ ਕਾਫੀ ਔਖਾ ਹੁੰਦਾ ਹੈ ਪਰ ਇਸ ਚੋਣ ਵਿੱਚ ਸਭ ਤੋਂ ਮਾੜੀ ਜੋ ਗੱਲ ਹੋਈ ਹੈ, ਉਹ ਇਹ ਕਿ ਅਕਾਲੀ ਦਲ ਬਾਦਲ ਨੇ ਸਰਨਾ ਭਰਾਵਾਂ ’ਤੇ ਅਕਾਲ ਤਖ਼ਤ ਨੂੰ ਢਾਹ ਲਾਉਣ ਦੇ ਦੋਸ਼ ਲਾ ਕੇ, ਅਕਾਲ ਤਖ਼ਤ ਦੀ ਸਰਬਉਚਤਾ ਬਹਾਲ ਕਰਵਾਉਣ ਨੂੰ ਚੋਣ ਮੁੱਦਾ ਬਣਾਇਆ ਸੀ। ਤੇ ਇਸ ਝੂਠੇ ਨਾਹਰੇ ਦੇ ਨਾਮ ਹੇਠ ਉਹ ਹੂੰਝਾਫੇਰੂ ਜਿੱਤ ਹਾਸਲ ਕਰਨ ਵਿੱਚ ਹਾਸਲ ਹੋ ਗਏ ਹਨ। ਹਾਲਾਂ ਕਿ ਕੌਣ ਨਹੀਂ ਜਾਣਦਾ ਕਿ ਅਕਾਲ ਤਖ਼ਤ ਨੂੰ ਜਿੰਨੀ ਢਾਹ ਬਾਦਲ ਦਲ ਅਤੇ ਉਸ ਦੇ ਸਹਿਯੋਗੀ ਸੰਤ ਸਮਾਜ ਨੇ ਲਾਈ ਹੈ ਇਤਨੀ ਹੋਰ ਕਿਸੇ ਵਿਅਕਤੀ ਨੇ ਨਹੀਂ ਨਹੀਂ ਲਾਈ। ਸੰਤ ਸਮਾਜ ਨੇ ਅੱਜ ਤੱਕ ਅਕਾਲ ਤਖ਼ਤ ਤੋਂ ਪ੍ਰਵਾਨਤ ਸਿੱਖ ਰਹਿਤ ਮਰਿਆਦਾ ਅਤੇ 2003 ’ਚ ਲਾਗੂ ਕੀਤਾ ਨਾਨਕਸ਼ਾਹੀ ਕੈਲੰਡਰ ਨਹੀਂ ਮੰਨਿਆਂ।

ਆਖਰ ਸੋਧ ਦੇ ਨਾਮ ’ਤੇ ਇਸ ਦਾ ਬਿਕ੍ਰਮੀ ਸੂਰਜੀ ਕੈਲੰਡਰ, ਬਿਕ੍ਰਮੀ ਚੰਦਰਮਾ ਕੈਲੰਡਰ ਅਤੇ ਨਾਨਕਸ਼ਾਹੀ ਕੈਲੰਡਰ ਦਾ ਮਿਲਗੋਭਾ ਬਣਾਉਣ ਉਪ੍ਰੰਤ ਇਹ ਜਮਾਤ ਹੁਣ ਅਕਾਲ ਤਖ਼ਤ ਨੂੰ ਸਮਰਪਤ ਹੋਣ ਦਾ ਢੌਂਗ ਇਸ ਤਰ੍ਹਾਂ ਕਰ ਰਹੀ ਹੈ ਜਿਸ ਤਰ੍ਹਾਂ ਇਨ੍ਹਾਂ ਤੋਂ ਬਿਨਾਂ ਸਮੁੱਚੀ ਕੌਮ ਅਕਾਲ ਤਖ਼ਤ ਦੀ ਵਿਰੋਧੀ ਹੈ। ਇਸ ਕੁਸੋਧੇ ਕੈਲੰਡਰ ਨੇ ਸਿੱਖਾਂ ਦੀ ਬਿਬੇਕ ਬੁੱਧੀ ਦਾ ਸਮੁਚੇ ਸੰਸਾਰ ਵਿੱਚ ਇਕ ਤਰ੍ਹਾਂ ਜਲੂਸ ਕੱਢ ਕੇ ਰੱਖ ਦਿੱਤਾ ਹੈ, ਕਿਉਂਕਿ ਇਸ ਕੈਲੰਡਰ ਵਿੱਚ ਨਿਸਚਤ ਕੀਤੀਆਂ ਤਾਰੀਖਾਂ ਕਿਸੇ ਵੀ ਇਤਿਹਾਸਕ ਸੋਮੇਂ ਨਾਲ ਨਹੀਂ ਮਿਲਦੀਆਂ। ਕਈ ਵਾਰ ਪੰਜਵੇਂ ਪਾਤਸ਼ਾਹ ਗੁਰੂ ਅਰਜੁਨ ਸਾਹਿਬ ਜੀ ਦੀ ਸ਼ਹੀਦੀ, ਛੇਵੇਂ ਪਾਤਸ਼ਾਹ ਗੁਰੂ ਹਰਿਗੋਬਿੰਦ ਸਾਹਿਬ ਜੀ ਤੋਂ ਪਹਿਲਾਂ ਅਤੇ ਕਈ ਵਾਰ 15-16 ਦਿਨ ਪਿੱਛੋਂ ਆ ਜਾਂਦੀ ਹੈ। ਕੋਈ ਨਹੀਂ ਦੱਸ ਸਕਦਾ ਕਿ ਇਹ 15-16 ਦਿਨ ਸਿੱਖਾਂ ਦਾ ਗੁਰੂ ਕੌਣ ਰਿਹਾ? ਪਰ ਇਸ ਦੇ ਬਾਵਯੂਦ ਇਸ ਨੂੰ ਚੋਣ ਮੁੱਦਾ ਬਣਾ ਕੇ ਜਿੱਤ ਜਾਣਾ ਸਿੱਧ ਕਰਦਾ ਹੈ ਕਿ ਸਿੱਖ ਵੋਟਰ ਬਿਲੁਕਲ ਅਕਲੋਂ ਖਾਲ੍ਹੀ ਤੇ ਸੁਆਰਥੀ ਹੋ ਗਏ ਹਨ ਤੇ ਉਨ੍ਹਾਂ ਨੇ ਬਿਨਾਂ ਕੋਈ ਪੁੱਛਗਿੱਛ ਕੀਤਿਆਂ ਉਸ ਪਾਰਟੀ ਨੂੰ ਭਾਰੀ ਬਹੁਮਤ ਨਾਲ ਜਿਤਾ ਦਿੱਤਾ ਜਿਸ ਸਬੰਧੀ ਘੱਟ ਤੋਂ ਘੱਟ ਦੋ ਦਰਜਨ ਐਸੇ ਹੁਕਨਾਮੇ ਹਨ ਜਿਨ੍ਹਾਂ ਨੂੰ ਉਨ੍ਹਾਂ ਪੂਰੀ ਤਰ੍ਹਾਂ ਨਕਾਰ ਜਾਂ ਨਜ਼ਰਅੰਦਾਜ਼ ਕੀਤਾ ਹੋਇਆ ਹੈ। ਉਹ ਝੂਠੇ ਵਾਅਦੇ ਜਿਹੜੇ ਉਨ੍ਹਾਂ ਦਿੱਲੀ ਗੁਰਦੁਆਰਾ ਚੋਣਾਂ ਜਿੱਤਣ ਲਈ ਕੀਤੇ ਹਨ ਉਨ੍ਹਾਂ ਵਿੱਚ ਇੱਕ ਵੀ 80 ਸਾਲ ਸ਼੍ਰੋਮਣੀ ਕਮੇਟੀ ’ਤੇ ਕਾਬਜ਼ ਰਹਿਣ ਉਪ੍ਰੰਤ ਵੀ ਲਾਗੂ ਨਹੀਂ ਕੀਤਾ।

ਸਪਸ਼ਟ ਹੈ ਕਿ ਵੋਟਰ ਵੋਟਾਂ ਪਾਉਣ ਸਮੇਂ ਕਿਸੇ ਪਾਰਟੀ ਦੀ ਕਾਰਗੁਜ਼ਾਰੀ ਵੇਖ ਕੇ ਨਹੀਂ ਸਗੋਂ ਆਪਣੀਆਂ ਨਿਜੀ ਗਰਜਾਂ ਪੂਰੀਆਂ ਕਰਨ ਦੇ ਸਮਰਥ ਪਾਰਟੀ ਨੂੰ ਵੋਟਾਂ ਪਾ ਦਿੰਦੇ ਹਨ। ਇਸ ਤੋਂ ਮਾੜੀ ਗੱਲ ਇਹ ਹੈ ਕਿ ਵੱਡੀ ਗਿਣਤੀ ਤਾਂ ਸ਼ਰਾਬ ਦੀਆਂ ਬੋਤਲਾਂ ਤੇ ਹੋਰ ਨਸ਼ਿਆਂ ਪਿੱਛੇ ਹੀ ਆਪਣਾ ਈਮਾਨ ਵੇਚ ਦਿੰਦੇ ਹਨ। ਸਰਨਾ ਧੜਾ ਦੀ ਹਾਰ ਅਤੇ ਬਾਦਲ ਦਲ ਨੂੰ ਜਿੱਤ ਦਿਵਾਉਣ ਦਾ ਦਾਅਵਾ ਕਰਨ ਵਾਲੇ ਅਕਾਲੀ ਦਲ ਯੂਕੇ ਦੇ ਪ੍ਰਧਾਨ ਜਸਜੀਤ ਸਿੰਘ ਟੋਨੀ ਨੇ ਖੁਦ ਵੀ ਮੰਨਿਆ ਹੈ ਕਿ ਬਾਦਲ ਦਲ ਵਲੋਂ ਚੋਣ ਜਿੱਤਣ ਲਈ ਵਰਤੇ ਹੱਥ ਕੰਡੇ ਧਾਰਮਕ ਚੋਣਾਂ ਤਾਂ ਕੀ ਸਿਆਸੀ ਚੋਣਾਂ ਵਿੱਚ ਵਰਤੇ ਜਾਣੇ ਵੀ ਯੋਗ ਨਹੀਂ ਹਨ। ਫਿਰ ਅਯੋਗ ਢੰਗਾਂ ਨਾਲ ਚੋਣ ਜਿੱਤਣ ਵਾਲਿਆਂ ਦੀ ਜਿੱਤ ਆਸਾਨ ਬਣਾ ਕੇ ਸ: ਟੋਨੀ ਨੇ ਕਿਹੜੀ ਧਰਮ ਸੇਵਾ ਕਰ ਵਿਖਾਈ ਹੈ ਇਹ ਉਹ ਹੀ ਜਾਨਣ।

ਵੈਸੇ ਇੱਕ ਗੱਲ ਪੱਕੀ ਹੈ, ਕਿ ਇਸ ਵਿੱਚ ਸ਼ੰਕਾ ਤਾਂ ਪਹਿਲਾਂ ਵੀ ਕਿਸੇ ਨੂੰ ਨਹੀਂ ਸੀ ਪਰ ਇਸ ਨਤੀਜੇ ਨੇ ਤਾਂ ਅਕਾਲ ਤਖ਼ਤ ਦੀ ਸਰਬਉਚਤਾ ਬਹਾਲ ਕਰਵਾਉਣ ਦੇ ਨਾਮ ’ਤੇ ਅਕਾਲ ਤਖ਼ਤ ਦੇ ਜਥੇਦਾਰ ਨੂੰ ਸਤਾਧਾਰੀ ਸਿਆਸੀ ਪਾਰਟੀ ਦਾ ਪੱਕੇ ਤੌਰ ’ਤੇ ਗੁਲਾਮ ਬਣਾ ਦਿੱਤਾ ਹੈ, ਕਿਉਂਕਿ ਅਕਾਲ ਤਖ਼ਤ ਦੇ ਜਥੇਦਾਰ ਨੂੰ ਸਿਆਸਤ ਤੋਂ ਮੁਕਤ ਕਰਵਾਉਣ ਦੀ ਉਠ ਰਹੀ ਅਵਾਜ਼ ਨੂੰ ਬਾਦਲਾਂ ਦੀ ਜਿੱਤ ਨੇ ਜ਼ਬਰਦਸਤ ਧੱਕਾ ਲਾ ਦਿੱਤਾ ਹੈ।


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top