Share on Facebook

Main News Page

ਸਰਨਿਆਂ ਦੀ ਹਾਰ ਦਾ ਖਮਿਆਜ਼ਾ, ਕਾਂਗਰਸ ਨੂੰ ਦਿੱਲੀ ਵਿਧਾਨ ਸਭਾ ਤੇ ਲੋਕ ਸਭਾ ’ਚ ਭੁਗਤਣਾ ਪਵੇਗਾ

* ਦਿੱਲੀ ਕਮੇਟੀ ਦੀਆਂ ਚੋਣਾਂ ਤੋਂ ਮਿਲੀ ਤਸਵੀਰ : ਯੁੱਧ ਤੇ ਕੂਟਨੀਤਕ ਪੱਖ ਤੋਂ ਕਾਂਗਰਸ ਹਾਈਕਮਾਂਡ ਦਾ ਕੱਦ ਬਾਦਲਾਂ ਦੇ ਮੁਕਾਬਲੇ ਛੋਟਾ

ਬਠਿੰਡਾ/31 ਜਨਵਰੀ/ ਬੀ ਐਸ ਭੁੱਲਰ : ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ’ਚ ਸਰਨਿਆਂ ਦੀ ਹਾਰ ਨਾਲੋਂ ਜੋ ਤਸਵੀਰ ਉਭਰ ਕੇ ਸਾਹਮਣੇ ਆਈ ਹੈ, ਉਸਤੋਂ ਇਹ ਸਪਸਟ ਹੋ ਗਿਐ, ਕਿ ਯੁੱਧ ਅਤੇ ਕੁਟਨੀਤਕ ਪੱਖ ਤੋਂ ਕਾਂਗਰਸ ਦੀ ਹਾਈਕਮਾਂਡ ਦਾ ਕੱਦ ਬਾਦਲ ਬਾਪ ਬੇਟੇ ਦੀ ਜੋੜੀ ਦੇ ਮੁਕਾਬਲਤਨ ਕਿਤੇ ਵੱਧ ਛੋਟਾ ਹੋ ਕੇ ਰਹਿ ਗਿਆ ਹੈ।

ਇਸ ਹਕੀਕਤ ਵਿੱਚ ਕੋਈ ਅਤਿਕਥਨੀ ਨਹੀਂ ਕਿ ਭਾਵੇਂ ਦਿੱਲੀ ਵਿਧਾਨ ਸਭਾ, ਨਗਰ ਨਿਗਮ ਜਾਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਹੋਣ ਸਰਨਾ ਭਰਾਵਾਂ ਦੇ ਅਕਾਲੀ ਦਲ ਦਿੱਲੀ ਨੇ ਹਮੇਸਾਂ ਹੀ ਕਾਂਗਰਸ ਪਾਰਟੀ ਨੂੰ ਡਟਵਾਂ ਸਮਰਥਨ ਦੇਣ ਤੋਂ ਗੁਰੇਜ ਨਹੀਂ ਕੀਤਾ। ਇਸ ਸੱਚ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਭਾਵੇਂ ਵਿਦੇਸਾਂ ਵਿੱਚ ਪ੍ਰਵਾਸ ਕਰ ਰਹੇ ਬਹੁਤ ਸਾਰੇ ਸਿੱਖਾਂ ਦੇ ਨਾਂ ਸਰਨਾ ਭਰਾਵਾਂ ਨੇ ਕਾਲੀ ਸੂਚੀ ਚੋਂ ਕਢਵਾਉਣ ਲਈ ਅਹਿਮ ਯੋਗਦਾਨ ਪਾਇਆ ਹੈ, ਪਰੰਤੂ ਸ੍ਰੀਮਤੀ ਇੰਦਰਾ ਗਾਂਧੀ ਦੀ ਮੌਤ ਤੋਂ ਬਾਅਦ 1984 ਵਿੱਚ ਹੋਏ ਸਿੱਖ ਕਤਲੇਆਮ ਵਿੱਚ ਸਾਮਲ ਪ੍ਰਮੁੱਖ ਕਾਂਗਰਸੀ ਆਗੂਆਂ ਪ੍ਰਤੀ ਅਪਣਾਏ ਲਿਹਾਜੂ ਰਵੱਈਏ ਕਾਰਨ ਉਹਨਾਂ ਨੂੰ ਆਪਣੇ ਭਾਈਚਾਰੇ ਦੀ ਨਰਾਜਗੀ ਦਾ ਵੀ ਲਗਾਤਾਰ ਸਾਹਮਣਾ ਕਰਨਾ ਪਿਆ ਅਤੇ ਪੈ ਰਿਹਾ ਹੈ। ਇੱਥੇ ਹੀ ਬੱਸ ਨਹੀਂ 1999 ਵਿੱਚ ਹੋਏ ਤੋੜ ਵਿਛੋੜੇ ਤੋਂ ਬਾਅਦ ਆਪਣੇ ਬਗਲ ਬੱਚਿਆਂ ਸਮੇਤ ਮਰਹੂਮ ਜਥੇਦਾਰ ਗੁਰਚਰਨ ਸਿੰਘ ਟੌਹੜਾ ਨੇ ਬੇਸੱਕ ਸ੍ਰ: ਪ੍ਰਕਾਸ ਸਿੰਘ ਬਾਦਲ ਨਾਲ ਗਲਵੱਕੜੀ ਪਾ ਲਈ ਸੀ, ਲੇਕਿਨ ਆਪਣੇ ਗੌਡ ਫਾਦਰ ਨਾਲ ਜਾਣ ਦੀ ਬਜਾਏ ਸਰਨਿਆਂ ਨੇ ਕਾਂਗਰਸ ਨਾਲ ਯਾਰੀ ਨਿਭਾਉਣ ਨੂੰ ਹੀ ਤਰਜੀਹ ਦਿੱਤੀ।

ਗੁਰਦੁਆਰਾ ਪ੍ਰਬੰਧ ਚੋਂ ਸਰਨਿਆਂ ਨੂੰ ਖਦੇੜਣ ਵਾਸਤੇ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ੍ਰ: ਸੁਖਬੀਰ ਸਿੰਘ ਬਾਦਲ ਅਤੇ ਉਹਨਾਂ ਦੇ ਪਿਤਾ ਸ੍ਰ: ਪ੍ਰਕਾਸ ਸਿੰਘ ਬਾਦਲ ਨੇ ਕਾਂਗਰਸ ਨੂੰ ਨਿਸਾਨਾ ਬਣਾਉਂਦਿਆਂ ਏਨੀ ਵਿਉਂਤਬੰਦੀ ਨਾਲ ਮੁਹਿੰਮ ਚਲਾਈ, ਕਿ ਉਹ ਦਿੱਲੀ ਦੇ ਸ਼ਹਿਰੀ ਸਿੱਖਾਂ ਵਿੱਚ ਆਪਣੇ ਇਸ ਤਰਕ ਨੂੰ ਸਥਾਪਤ ਕਰਨ ਵਿੱਚ ਬਾਖੂਬੀ ਸਫ਼ਲ ਹੋ ਗਏ, ਕਿ ਉਹਨਾਂ ਦੇ ਰਕੀਬ ਨਾ ਸਿਰਫ ਕਾਂਗਰਸ ਪਾਰਟੀ ਦੇ ਸਿੱਖ ਵਿੰਗ ਵਜੋਂ ਕੰਮ ਕਰ ਰਹੇ ਹਨ, ਬਲਕਿ ਉਹ ਸਿੱਖਾਂ ਦੇ ਸਰਵਉ¤ਚ ਤਖ਼ਤ ਸ੍ਰੀ ਅਕਾਲ ਤਖਤ ਸਾਹਿਬ ਤੋਂ ਵੀ ਆਕੀ ਹਨ।

ਗੁਰਦੁਆਰਾ ਚੋਣਾਂ ਦੌਰਾਨ ਸਰਨਾ ਭਰਾਵਾਂ ਦੇ ਹੱਕ ਵਿੱਚ ਸਰਗਰਮੀ ਨਾਲ ਮੁਹਿੰਮ ਜਥੇਬੰਦ ਕਰਨ ਵਾਲੇ ਪੰਜਾਬ ਨਾਲ ਸਬੰਧਤ ਇੱਕ ਕਾਂਗਰਸੀ ਆਗੂ ਨੇ ਦੱਸਿਆ ਕਿ ਅਕਾਲੀ ਦਲ ਬਾਦਲ ਨੇ ਧਨ ਸ਼ਕਤੀ ਤੋਂ ਇਲਾਵਾ ਜਾਅਲੀ ਵੋਟਰਾਂ ਨੂੰ ਭੁਗਤਾਉਣ ਲਈ ਉਹਨਾਂ ਵਾਸਤੇ ਬੋਗਸ ਵੋਟਰ ਸਨਾਖਤੀ ਕਾਰਡ ਬਣਾਉਣ ਵਾਸਤੇ ਜੋ ਮਸੀਨਾਂ ਇਸਤੇਮਾਲ ਕੀਤੀਆਂ ਸਨ, ਬਰਾਮਦਗੀ ਦੇ ਬਾਵਜੂਦ ਪੁਲਿਸ ਨੇ ਕਥਿਤ ਦੋਸੀਆਂ ਵਿਰੁੱਧ ਕਿਸੇ ਕਿਸਮ ਦੀ ਕਾਰਵਾਈ ਨਾ ਕੀਤੀ। ਜਿਸਦੇ ਚਲਦਿਆਂ ਸਰਨਾ ਭਰਾ ਇਸ ਕਦਰ ਨਿਰਾਸ ਹੋ ਗਏ, ਕਿ ਦਿੱਲੀ ਦੀ ਮੁੱਖ ਮੰਤਰੀ ਸ੍ਰੀਮਤੀ ਸ਼ੀਲਾ ਦੀਕਸ਼ਤ ਪ੍ਰਤੀ ਤਿੱਖੇ ਸਬਦਾਂ ਦਾ ਇਸਤੇਮਾਲ ਕਰਦਿਆਂ ਉਹ ਇਹ ਕਹਿੰਦੇ ਵੀ ਸੁਣੇ ਗਏ ਕਿ ਜਿਸ ਔਰਤ ਤੇ ਪਾਰਟੀ ਦੀ ਖਾਤਰ ਉਹ ਦੀਨੋ ਬੇਦੀਨ ਹੋ ਗਏ, ਸਿਆਸੀ ਤੌਰ ਤੇ ਲੁੱਟੇ ਵੀ ਉਸਦੇ ਹੱਥੋਂ ਹੀ ਗਏ।

ਆਪਣੇ ਹਿਮਾਇਤੀ ਸਰਨਾ ਭਰਾਵਾਂ ਤੇ ਉਹਨਾਂ ਦੇ ਦਿੱਲੀ ਅਕਾਲੀ ਦਲ ਪ੍ਰਤੀ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਦੀ ਉਦਾਸੀਨਤਾ ਇੱਥੋਂ ਤੱਕ ਹੀ ਸੀਮਤ ਨਹੀਂ ਬਲਕਿ ਚੋਣ ਮੁਹਿੰਮ ਦੌਰਾਨ ਕਾਂਗਰਸ ਨੂੰ ਨਿਸਾਨਾ ਬਣਾ ਕੇ ਜਦ ਪੰਜਾਬ ਦੇ ਮੁੱਖ ਮੰਤਰੀ ਸ੍ਰ: ਪ੍ਰਕਾਸ ਸਿੰਘ ਬਾਦਲ ਦਿੱਲੀ ਦੀਆਂ ਗਲੀਆਂ ਕੂਚਿਆਂ ’ਚ ਜਹਿਰੀਲੇ ਸਬਦਬਾਣ ਵਰਸਾ ਰਹੇ ਸਨ, ਤਾਂ ਠੀਕ ਉਸੇ ਵੇਲੇ ਦੇਸ ਦੇ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਪੰਜਾਬ ਦੇ ਮਸਲਿਆਂ ਤੇ ਵਿਚਾਰ ਵਟਾਂਦਰੇ ਲਈ ਉਹਨਾਂ ਨੂੰ ਮੀਟਿੰਗ ਦਾ ਸਮਾਂ ਦੇਣ ਤੋਂ ਵੀ ਨਾ ਝਿਜਕੇ। ਬੁੱਕਿਆਂ ਸਮੇਤ ਪ੍ਰਧਾਨ ਮੰਤਰੀ ਨਾਲ ਤਸਵੀਰਾਂ ਨਾਲ ਅਖ਼ਬਾਰਾਂ ਵਿੱਚ ਪ੍ਰਕਾਸਿਤ ਹੋਈਆਂ ਰਿਪੋਰਟਾਂ ਨੇ ਦਿੱਲੀ ਦਰਬਾਰ ਵਿੱਚ ਸ੍ਰ: ਬਾਦਲ ਦੇ ਦਬਦਬੇ ਨੇ ਵੀ ਉ¤ਥੋਂ ਦੇ ਸਿੱਖਾਂ ਵਿੱਚ ਉਹਨਾਂ ਦੇ ਕੱਦ ਕਾਠ ਨੂੰ ਏਨਾ ਵਧਾ ਦਿੱਤਾ ਕਿ ਸਰਨਿਆਂ ਦੇ ਕੈਂਪ ਵਿੱਚ ਨਿਰਾਸ਼ਾ ਅਤੇ ਵਿਰੋਧੀਆਂ ਦਾ ਖੇਮਾ ਚੜ੍ਹਦੀ ਕਲਾ ਵਿੱਚ ਆ ਗਿਆ। ਪੰਜਾਬ ਤੋਂ ਗਈ ਅਕਾਲੀ ਵਜੀਰਾਂ ਵਿਧਾਇਕਾਂ ਤੇ ਵਰਕਰਾਂ ਦੀ ਫੌਜ ਨੇ ਹੱਥ ਆਏ ਇਸ ਮੌਕੇ ਨੂੰ ਏਨੀ ਵਿਉਂਤਬੰਦੀ ਤੇ ਹੁਸਿਆਰੀ ਨਾਲ ਕੈਸ ਕੀਤਾ ਜਿਸ ਨਾਲ ਸਰਨੇ ਅਤੇ ਉਹਨਾਂ ਦੀ ਪਾਰਟੀ ਮੂਧੇ ਮੂੰਹ ਹੋ ਗਈ।

ਸਰਨਾ ਭਰਾਵਾਂ ਨਾਲ ਆਪਣੀ ਦੋਸਤੀ ਨਿਭਾਉਣ ਲਈ ਬੇਸੱਕ ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਤੇ ਉਹਨਾਂ ਦੇ ਪਰਿਵਾਰ ਨੇ ਇਸ ਤਰਕ ਨਾਲ ਉਹਨਾਂ ਦੇ ਚੋਣ ਪ੍ਰਚਾਰ ਵਿੱਚ ਭਾਗ ਲਿਆ ਕਿ ਸਿੱਖ ਹੋਣ ਦੇ ਨਾਤੇ ਉਹ ਅਜਿਹਾ ਕਰ ਰਹੇ ਹਨ। ਪਰੰਤੂ ਉਹਨਾਂ ਦੇ ਇਸ ਯਤਨ ਨੂੰ ਪੰਜਾਬ ਨਾਲ ਸਬੰਧਤ ਕਾਂਗਰਸ ਦੀ ਇੱਕ ਹੋਰ ਪ੍ਰਮੁੱਖ ਆਗੂ ਬੀਬੀ ਰਜਿੰਦਰ ਕੌਰ ਭੱਠਲ ਨੇ ਇਸ ਜਨਤਕ ਬਿਆਨ ਨਾਲ ਠੀਕ ਉਸੇ ਤਰ੍ਹਾਂ ਬੇਅਸਰ ਕਰਨ ਤੋਂ ਗੁਰੇਜ ਨਹੀਂ ਕੀਤਾ, ਅੱਤਵਾਦ ਦੇ ਯੁੱਗ ਵਿੱਚ ਅਕਾਲੀ ਦਲ ਫੇਰੂਮਾਨ ਦੇ ਪ੍ਰਧਾਨ ਮਹੰਤ ਸੇਵਾ ਦਾਸ ਸਿੰਘ ਰਾਜੀਵ ਗਾਂਧੀ ਦੀ ਟੀਮ ਵੱਲੋਂ ਅਕਾਲੀਆਂ ਵਿਰੁੱਧ ਤਿਆਰ ਕੀਤੇ ਬਿਆਨ ਤੇ ਜਿਵੇਂ ਦਸਖਤ ਕਰ ਦਿੰਦੇ ਸਨ।

ਆਪਣੀ ਹੀ ਪਾਰਟੀ ਦੇ ਇੱਕ ਆਗੂ ਵੱਲੋਂ ਦੂਜੇ ਵਿਰੁੱਧ ਕੀਤੀ ਬਿਆਨਬਾਜੀ ਦਾ ਨੋਟਿਸ ਨਾ ਲੈਣ ਤੋਂ ਇਲਾਵਾ ਪੰਜਾਬ ਦੇ ਅਕਾਲੀਆਂ ਦੇ ਤਿੱਖੇ ਹਮਲਿਆਂ ਦਾ ਕਿਸੇ ਵੀ ਤਰ੍ਹਾਂ ਵਿਰੋਧ ਨਾ ਕਰਕੇ ਕਾਂਗਰਸ ਹਾਈਕਮਾਂਡ ਨੇ ਇਹ ਸਪਸਟ ਕਰ ਦਿੱਤਾ ਹੈ ਕਿ ਬਾਦਲ ਬਾਪ ਬੇਟੇ ਦੀ ਯੁੱਧ ਅਤੇ ਕੂਟਨੀਤਕ ਨੀਤੀ ਦੇ ਸਾਹਮਣੇ ਉਸਦਾ ਕੱਦ ਕਿਤੇ ਵੱਧ ਛੋਟਾ ਹੈ। ਨਿਸਚੈ ਹੀ ਕਾਂਗਰਸ ਨੂੰ ਇਸਦਾ ਖਮਿਆਜ਼ਾ ਆਉਣ ਵਾਲੀਆਂ ਦਿੱਲੀ ਵਿਧਾਨ ਸਭਾ ਅਤੇ ਲੋਕ ਸਭਾ ਚੋਣਾਂ ਦੌਰਾਨ ਭੁਗਤਣਾ ਪਵੇਗਾ, ਕਿਉਂਕਿ ਸੀਨੀਅਰ ਅਤੇ ਜੂਨੀਅਰ ਬਾਦਲ ਇਸ ਜਿੱਤ ਰਾਹੀਂ ਦੇਸ ਦੇ ਵੱਖ ਵੱਖ ਹਿੱਸਿਆਂ ’ਚ ਵਸੇ ਸਿੱਖਾਂ ਵਿੱਚ ਵਧੇ ਆਪਣੇ ਪ੍ਰਭਾਵ ਨੂੰ ਕਾਂਗਰਸ ਵਿਰੁੱਧ ਇਸਤੇਮਾਲ ਕਰਨਗੇ।


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top