Share on Facebook

Main News Page

ਜਿਨ੍ਹਾਂ ਨੇ ਦੇਖ ਕੇ ਅਣਡਿੱਠ ਕੀਤਾ
- ਪ੍ਰੋ. ਦਰਸ਼ਨ ਸਿੰਘ ਖ਼ਾਲਸਾ

ਸੂਹੀ ਮਹਲਾ 5 ॥
ਪੇਖਤ ਚਾਖਤ ਕਹੀਅਤ ਅੰਧਾ ਸੁਨੀਅਤ ਸੁਨੀਐ ਨਾਹੀ ॥ ਨਿਕਟ ਵਸਤੁ ਕਉ ਜਾਣੈ ਦੂਰੇ ਪਾਪੀ ਪਾਪ ਕਮਾਹੀ ॥1॥

ਲੋਕ ਅਕਸਰ ਗਾਂਧੀ ਦੇ ਤਿੰਨ ਗੁਰੂ ਆਖ ਕੇ ਤਿੰਨ ਬਾਂਦਰਾਂ ਦੀਆਂ ਫੋਟੋ ਬਣਾਉਂਦੇ ਨੇ, ਇਕ ਨੇ ਅੱਖਾਂ ਬੰਦ ਕੀਤੀਆਂ ਹੋਈਆਂ ਹਨ, ਦੂਜੇ ਨੇ ਕੰਨ ਬੰਦ ਕੀਤੇ ਹੋਏ ਹਨ, ਅਤੇ ਤੀਜੇ ਨੇ ਮੂੰਹ ਬੰਦ ਕੀਤਾ ਹੋਇਆ ਹੈ।

ਮੈਨੂੰ ਜਾਪਦਾ ਹੈ ਬਹੁਤੇ ਸਿੱਖਾਂ ਨੇ ਭੀ ਜਿਵੇਂ ਕਿਸੇ ਨੂੰ ਮਾਰ ਕੁਟਾਈ ਕਰਨ ਦਾ ਨਾਮ ਸੇਵਾ {ਉਸਦੀ ਚੰਗੀ ਸੇਵਾ ਹੋਈ} ਰੱਖ ਲਿਆ, ਲੰਗੜੇ ਦਾ ਨਾਮ ਸੁਚਾਲਾ, ਅੰਧਲੇ ਦਾ ਨਾਮ ਸੂਰਮਾ, ਆਦਿ ਆਦਿ ਇਨ੍ਹਾਂ ਨਾਵਾਂ ਦੀ ਅਨਰਥ ਕਰਕੇ, ਬਿਨਾ ਸਮਝੇ ਵਰਤੋਂ ਸ਼ੁਰੂ ਕਰ ਦਿਤੀ ਅਤੇ ਐਸਾ ਹੀ ਇਕ ਲਫਜ਼ ਰੋਜ਼ਾਨਾ ਦੀ ਅਰਦਾਸ ਵਿਚ ਸ਼ਾਮਲ ਕਰਕੇ, ਬਿਨਾ ਸਮਝੇ ਅਪਣੇ ਆਪ ਤੇ ਲਾਗੂ ਕਰ ਲਿਆ ਹੈ, ਉਹ ਲਫਜ਼ ਹੈ "ਜਿਨ੍ਹਾਂ ਨੇ ਦੇਖ ਕੇ ਅਣਡਿੱਠ ਕੀਤਾ, ਤਿਨਾ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ"

ਪਰ ਕੇਡੀ ਅਜੀਬ ਗੱਲ ਹੈ ਗੁਰੂ ਆਖ ਰਿਹਾ ਹੈ “ਦੇਖੋ ਪਸਾਰ ਨੈਣ” ਅਤੇ ਜਿਨ ਕਰ ਉਪਦੇਸ ਗਿਆਨ ਅੰਜਣ ਦੀਆ ਏਹਨੀ ਨੇਤ੍ਰੀਂ ਜਗਤ ਨਿਹਾਲਿਆ॥ ਹੁਕਮ ਕੀਤਾ ਗਿਆਨ ਦੀਆਂ ਅੱਖਾਂ ਨਾਲ ਸੰਸਾਰ ਵਿਚ ਜੋ ਹੋ ਰਿਹਾ ਹੈ ਦੇਖ ਅਤੇ ਸੁਧਾਰ ਦੇ ਉਪਰਾਲੇ ਕਰ ਭਾਈ ਗੁਰਦਾਸ ਅਨਸਾਰ।

ਬਾਬਾ ਦੇਖੇ ਧਿਆਨ ਧਰ ਜਲਤੀ ਸਭ ਪ੍ਰਿਥਮੀ ਦਿਸ ਆਈ”, ਬਾਬੇ ਨੇ ਦੇਖ ਕੇ ਅਣਡਿੱਠ ਨਹੀਂ ਕੀਤਾ ਬਲਕਿ “ਚੜ੍ਹਿਆ ਸੋਧਣ ਧਰਤ ਲੁਕਾਈ

ਇਕਿ ਖੋਟੇ ਇਕਿ ਖਰੇ ਆਪੇ ਪਰਖਣਹਾਰੁ ॥ ਖਰੇ ਖਜਾਨੈ ਪਾਈਅਹਿ ਖੋਟੇ ਸਟੀਅਹਿ ਬਾਹਰ ਵਾਰਿ ॥

ਜੇ ਗੁਰੂ ਨੂੰ ਦੇਖ ਕੇ ਅਣਡਿੱਠ ਕਰਨਾ ਚੰਗਾ ਲਗਦਾ, ਤਾਂ ਗੁਰੂ ਬਾਬਰ ਵਾਣੀ ਕਦੀ ਨਾ ਲਿਖਦਾ।

ਅੱਜ ਦੇਖ ਕੇ ਅਣਡਿੱਠ ਕਰਨ ਵਾਲਿਆਂ ਲਈ ਉਪਰ ਲਿਖੇ ਗੁਰੂ ਵਾਕ ਦੀ ਕੀ ਕੀਮਤ ਹੈ? ਜੇਕਰ ਸਿੱਖ ਦੇਖ ਕੇ ਅਣਡਿੱਠ ਕਰਨ ਵਾਲੇ ਹੁੰਦੇ, ਤਾਂ ਜ਼ਾਲਮ ਦੇ ਗੱਡਿਆਂ ਤੇ ਬੰ੍ਹਨ ਕੇ ਬਿਠਾਈਆਂ ਰੋਂਦੀਆਂ ਕੁਰਲਾਂਦੀਆਂ ਹਿੰਦੁਸਤਾਨ ਦੀਆਂ ਬਹੂ ਬੇਟੀਆਂ ਨੂੰ ਕੋਈ ਨਾ ਦੇਖਦਾ, ਉਨ੍ਹਾਂ ਦੇ ਰੋਣੇ ਕੋਈ ਨਾ ਸੁਣਦਾ, ਉਨ੍ਹਾਂ ਅਬਲਾਵਾਂ ਨੂੰ ਜ਼ਾਲਮ ਦੇ ਪੰਜੇ ਵਿਚੋਂ ਕੋਈ ਨਾ ਛੁਡਾਂਉਦਾ, ਪਰ ਉਨ੍ਹਾਂ ਸਿੰਘਾਂ ਨੇ ਦੇਖ ਕੇ ਅਣਡਿੱਠ ਨਹੀਂ ਸੀ ਕੀਤਾ।

ਗੁਰੂ ਦਰਬਾਰਾਂ ਦੀ ਹੋ ਰਹੀ ਬੇਅਦਬੀ ਨੂੰ ਜੇ ਸਿੱਖ ਦੇਖ ਕੇ ਅਣਡਿੱਠ ਕਰਦੇ, ਤਾਂ ਇਸ ਕੌਮ ਵਿੱਚ ਬਾਬਾ ਦੀਪ ਸਿੰਘ ਜੀ ਵਰਗੇ ਅਤੇ ਅੱਜ ਦੇ ਸਮੇਂ ਵਿਚ ਭਾਈ ਜਰਨੈਲ ਸਿੰਘ ਵਰਗੇ ਸ਼ਹੀਦ ਨਾ ਪੈਦਾ ਹੋਂਦੇ।

ਪਰ ਅੱਜ ਦੇਖ ਕੇ ਅਣਡਿੱਠ ਕਰਨ ਵਾਲੇ ਜ਼ਿਆਦਾ ਪੈਦਾ ਹੋ ਗਏ ਹਨ, ਇਸੇ ਲਈ ਪਟਨਾ ਸਾਹਿਬ ਅਤੇ ਹਜ਼ੂਰ ਸਾਹਿਬ ਸਮੇਤ ਕੁੱਝ ਅਸਥਾਨਾਂ ‘ਤੇ ਬਚਿੱਤਰ ਨਾਟਕ ਦਾ ਬਰਾਬਰ ਪ੍ਰਕਾਸ਼ ਕਰਕੇ ਕੀਤੀ ਜਾ ਰਹੀ ਬੇਅਦਬੀ ਨੂੰ ਦੇਖ ਕੇ ਅਣਡਿੱਠ ਕੀਤਾ ਜਾ ਰਿਹਾ ਹੈ।

ਦਿੱਲੀ ਦੀਆਂ ਗੁਰਦੁਆਰਾ ਚੋਣਾਂ ਭੀ ਏਹੋ ਸਾਬਤ ਕਰਦੀਆਂ ਹਨ, ਕੇ ਦਿੱਲੀ ਦੇ ਸਿੱਖ ਅਖਵਾਉਣ ਵਾਲਿਆਂ ਨੇ ਪੰਜਾਬ ਦੀ ਸਿੱਖ ਜੁਆਨੀ ਨੂੰ ਨਸ਼ਿਆਂ ਅਤੇ ਪਤਿਤ ਪੁਣੇ ਦੇ ਸਮੁੰਦਰ ਵਿੱਚ ਗਰਕ ਕਰਨ ਵਾਲਿਆਂ ਬਾਦਲਾਂ ਦੇ ਮੱਥੇ ਤੇ ਟਿੱਕੇ, ਰਮਾਇਣਾਂ ਦੇ ਪਾਠ, ਪੰਡਤਾਂ ਦੇ ਸਾਹਮਣੇ ਬੈਠ ਕੇ ਕੀਤੇ ਹੋਏ ਹਵਨ, ਸ਼ਿਵਲਿੰਗਾਂ ਦੀ ਪੂਜਾ, ਆਸ਼ੂਤੋਸ਼, ਸਿਰਸਾ ਵਾਲਿਆਂ ਦੀ ਪ੍ਰੇਮਾ ਭਗਤੀ ਆਦਿ ਆਦਿ ਸਭ ਕੁਛ “ਦੇਖ ਕੇ ਅਣਡਿੱਠ ਕਰ ਦਿੱਤਾ”

ਦੂਜੇ ਪਾਸੇ ਭੀ ਏਹੋ ਹਾਲਤ ਪਰਮਜੀਤ ਸਿੰਘ ਸਰਨਾ ਦੀ ਸੀ। ਜੱਥੇਦਾਰ ਕੌਣ ਹੈ, ਕਿਸਦਾ ਗ਼ੁਲਾਮ ਹੈ, ਕਿਸਦੇ ਹੁਕਮ ਵਿਚ ਹੈ, ਕਿਥੋਂ ਹੁਕਮਨਾਮੇ ਆਉਂਦੇ ਹਨ, ਕੌਣ ਸਿੱਖੀ ਦਾ ਮਿੱਤਰ ਹੈ, ਕੌਣ ਦੁਸ਼ਮਣ ਹੈ, ਉਸਨੇ ਭੀ ਸਭ ਕੁਛ ਦੇਖ ਕੇ ਅਣਡਿੱਠ ਕਰ ਦਿਤਾ, ਅਤੇ ਉਸੇ ਜੱਥੇਦਾਰ ਨੂੰ ਗੁਰੂ ਹਰ ਗੋਬਿੰਦ ਸਾਹਿਬ ਦਾ ਅਕਾਲ ਤਖਤ ਮੰਨ ਕੇ, ਆਏ ਦਿਨ ਸਲਾਮਾ ਕਰਦਾ ਰਿਹਾ, ਹੁਣ ਤਾਂ ਇਹ ਕਹਿਣਾ ਹੀ ਪਵੇਗਾ ਜਿਨ੍ਹਾਂ ਦੇਖ ਕੇ ਅਣਡਿੱਠ ਕੀਤਾ, ਤਿਨਾ ਦੀ ਕਮਾਈ ਦਾ ਦਿਆਨ ਧਰ ਕੇ ਬੋਲੋ ਜੀ ਵਾਹਿਗੁਰੂ, ਇਓਂ ਆਖ ਕੇ ਹੀ ਰਾਮਨਾਮ ਸੱਤ ਹੋਵੇਗੀ।


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top