Share on Facebook

Main News Page

ਦਿੱਲੀ ਕਮੇਟੀ ਚੋਣਾਂ - ਬਾਦਲ ਜਿੱਤਿਆ, ਸਿਧਾਂਤ ਹਾਰਿਆ
-
ਜਸਬੀਰ ਸਿੰਘ ਪੱਟੀ 09356024684

ਵੈਸੇ ਤਾਂ ਸਿੱਖ ਧਰਮ ਤੋਂ ਸਿਵਾਏ ਕਿਸੇ ਵੀ ਹੋਰ ਧਰਮ ਵਿੱਚ ਧਾਰਮਿਕ ਅਸਥਾਨਾਂ ਦੇ ਪ੍ਰਬੰਧ ਚਲਾਉਣ ਲਈ ਚੋਣ ਪ੍ਰਣਾਲੀ ਨਹੀਂ ਹੈ, ਪਰ ਸਿੱਖ ਧਰਮ ਵਿੱਚ ਇਸ ਪ੍ਰਣਾਲੀ ਨੂੰ ਲਾਗੂ ਕਰਾਉਣ ਲਈ ਸਿੱਖ ਪੰਥ ਦੇ ਆਗੂਆ ਨੂੰ ਕਈ ਪ੍ਰਕਾਰ ਦੀਆਂ ਕੁਰਬਾਨੀਆਂ ਕਰਨੀਆਂ ਪਈਆਂ ਹਨ ਕਿਉਕਿ ਅੰਗਰੇਜ ਸਰਕਾਰ ਨੇ ਆਪਣੀ ਕੂਟਨੀਤੀ ਨਾਲ ਸਿੱਖਾਂ ਨੂੰ ਧੜਿਆਂ ਵਿੱਚ ਵੰਡਣ ਲਈ ਹੀ ਸ੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦਾ ਗਠਨ ਕੀਤਾ, ਕਿਉਕਿ ਅੰਗਰੇਜ ਭਲੀਭਾਂਤ ਸਮਝ ਗਏ ਸਨ ਕਿ ਸਿੱਖ ਜੁਝਾਰੂ ਕੌਮ ਹਨ ਅਤੇ ਇਹਨਾਂ ਨੂੰ ਕਾਬੂ ਵਿੱਚ ਰੱਖਣ ਲਈ ਧੜਿਆ ਵਿੱਚ ਵੰਡਣਾ ਬਹੁਤ ਜਰੂਰੀ ਹੈ। ਦਿੱਲੀ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਦਾ ਗਠਨ ਵੀ ਉਸ ਵੇਲੇ ਕੀਤਾ ਗਿਆ ਜਦੋਂ ਮਹੰਤਾਂ ਨੇ ਗੁਰਦੁਆਰਿਆਂ ਵਿੱਚ ਕਈ ਪ੍ਰਕਾਰ ਦੀਆਂ ਮਨਮੱਤੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਸਨ। ਮਹੰਤਾਂ ਦੀਆਂ ਮਨਮੱਤੀਆਂ ਨੂੰ ਹੀ ਖਤਮ ਕਰਨ ਲਈ 1971 ਵਿੱਚ ਦਿੱਲੀ ਸਿੱਖ ਗੁਰੂਦੁਆਰਾ ਐਕਟ ਬਣਾ ਕੇ ਦਿੱਲੀ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਦਾ ਗਠਨ ਹੋਇਆ ਤੇ ਪਹਿਲੀ ਚੋਣ 1975 ਵਿੱਚ ਹੋਈ।

ਬੀਤੀ 27 ਜਨਵਰੀ 2013 ਨੂੰ ਦਿੱਲੀ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੀਆਂ ਹੋਈਆਂ ਚੋਣਾਂ ਵਿੱਚ 46 ਵਾਰਡਾਂ ਤੋਂ ਕੁਲ 265 ਉਮੀਦਵਾਰਾਂ ਨੇ ਭਾਗ ਲਿਆ ਜਿਹਨਾਂ ਵਿੱਚੋ ਬਹੁਤ ਸਾਰੇ ਉਮਦੀਵਾਰ ਅਜਾਦ ਵੀ ਸਨ, ਪਰ ਮੁੱਖ ਮੁਕਾਬਲਾ ਦਿੱਲੀ ਸ਼ਰੋਮਣੀ ਅਕਾਲੀ ਦਲ ਅਤੇ ਸ੍ਰੋਮਣੀ ਅਕਾਲੀ ਦਲ ਬਾਦਲ ਵਿਚਕਾਰ ਹੋਇਆ ਜਦ ਕਿ ਸ੍ਰੋਮਣੀ ਅਕਾਲੀ ਦਲ (ਯੂ.ਕੇ) ਤੇ ਦਸਮੇਸ਼ ਸੇਵਾ ਸੁਸਾਇਟੀ ਨੇ ਸਾਂਝੇ ਰੂਪ ਵਿੱਚ ਆਪਣੇ ਉਮੀਦਵਾਰ ਖੜੇ ਕੀਤੇ। ਇਸੇ ਤਰ੍ਹਾ ਕੇਦਰੀਯ ਸਿੰਘ ਸਭਾ ਦੇ ਉਮਦੀਵਾਰਾਂ ਤੋਂ ਇਲਾਵਾ ਇੱਕ ਉਮੀਦਵਾਰ ਖਾਲਿਸਤਾਨ ਪੱਖੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦਾ ਵੀ ਮੈਦਾਨ ਵਿੱਚ ਸੀ। ਇਹਨਾਂ ਚੋਣਾਂ ਵਿੱਚ ਸ੍ਰੋਮਣੀ ਅਕਾਲੀ ਦਲ (ਬਾਦਲ) ਨੇ 46 ਵਿੱਚੋਂ 37 ਸੀਟਾਂ ‘ਤੇ ਹੂੰਝਾ ਫੇਰ ਜਿੱਤ ਪ੍ਰਾਪਤ ਕਰਕੇ ਇੱਕ ਵਾਰੀ ਫਿਰ ਸਾਬਤ ਕਰ ਦਿੱਤਾ ਹੈ, ਕਿ ਪੰਜਾਬ ਵਾਂਗ ਦਿੱਲੀ ਵਿੱਚ ਵੀ ਸ਼੍ਰੋਮਣੀ ਅਕਾਲੀ ਦਲ (ਬਾਦਲ) ਦਾ ਗਲਬਾ ਪੂਰੀ ਤਰ੍ਹਾ ਬਰਕਰਾਰ ਹੈ। ਦਿੱਲੀ ਕਮੇਟੀ ਦੇ ਪ੍ਰਧਾਨ ਸ੍ਰੀ ਪਰਮਜੀਤ ਸਿੰਘ ਸਰਨਾ ਦੀ ਅਗਵਾਈ ਵਾਲੇ ਦਿੱਲੀ ਅਕਾਲੀ ਦਲ ਨੂੰ ਸਿਰਫ ਅੱਠ ਸੀਟਾਂ ਹੀ ਮਿਲੀਆਂ, ਜਦ ਕਿ ਕੇਂਦਰੀਯ ਸਿੰਘ ਸਭਾ ਨੂੰ ਇੱਕ ਸੀਟ ਮਿਲੀ।

ਜਸਜੀਤ ਸਿੰਘ ਟੋਨੀ ਵਾਲੇ ਅਕਾਲੀ ਦਲ ਤੇ ਦਸਮੇਸ਼ ਸੇਵਾ ਸੁਸਾਇਟੀ ਨੂੰ ਕੋਈ ਸੀਟ ਨਹੀਂ ਮਿਲੀ। ਸ੍ਰੀ ਸਰਨਾ ਦੀ ਹੋਈ ਹਾਰ ਦਾ ਸੱਚ ਸਿਆਸੀ ਪੰਡਤਾਂ ਦੇ ਗਲੇ ਥੱਲਿਓ ਨਹੀਂ ਉਤਰ ਰਿਹਾ ਕਿਉਕਿ ਸ੍ਰੀ ਸਰਨਾ ਪਿਛਲੇ ਬਾਰਾ ਸਾਲਾਂ ਤੋਂ ਦਿੱਲੀ ਕਮੇਟੀ ਤੇ ਕਾਬਜ ਸਨ, ਅਤੇ ਇੱਕ ਗੁਰਸਿੱਖ ਤੇ ਰਹਿਤ ਮਰਿਆਦਾ ਦੇ ਧਾਰਨੀ ਮੰਨੇ ਜਾਂਦੇ ਹਨ। ਚੋਣਾਂ ਵਿੱਚ ਬੁਰੀ ਤਰ੍ਹਾ ਹਾਰਨ ਵਾਲੇ ਟੋਨੀ ਨੇ ਤਾਂ ਇਥੋਂ ਤੱਕ ਕਿਹਾ ਹੈ ਕਿ ਉਹਨਾਂ ਦਾ ਮਕਸਦ ਚੋਣ ਜਿੱਤਣਾ ਨਹੀਂ ਸਗੋ ਇੱਕ ਨੁਕਾਤੀ ਪ੍ਰੋਗਰਾਮ, ਸਰਨਿਆਂ ਨੂੰ ਹਰਾਉਣਾ ਸੀ ਜਿਸ ਵਿੱਚ ਉਹ ਪੂਰੀ ਤਰ੍ਹਾ ਕਾਮਯਾਬ ਰਹੇ ਹਨ।

ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਸਰਪ੍ਰਸਤ ਤੇ ਪੰਜਾਬ ਦੇ ਮੁੱਖ ਮੰਤਰੀ ਸ੍ਰੀ ਪ੍ਰਕਾਸ਼ ਸਿੰਘ ਬਾਦਲ ਜੋ ਕਿ ਇੱਕ ਘਾਗ ਸਿਆਸਤਦਾਨ ਮੰਨੇ ਜਾਂਦੇ ਹਨ ਨੇ ਦਿੱਲੀ ਵਿਖੇ ਉਹਨਾਂ ਨੇ ਚੋਣ ਰਣਨੀਤੀ ਕੋਈ ਧਾਰਮਿਕ ਚੋਣਾਂ ਵਾਲੀ ਨਹੀਂ ਅਪਨਾਈ ਸਗੋਂ ਇਹਨਾਂ ਚੋਣਾਂ ਨੂੰ ਪੰਜਾਬ ਵਿਧਾਨ ਸਭਾ ਤੇ ਲੋਕ ਸਭਾ ਦੇ ਪੈਂਟਰਨ ‘ਤੇ ਹੀ ਲੜਿਆ ਗਿਆ। ਸ੍ਰੀ ਬਾਦਲ ਨੇ ਦਿੱਲੀ ਕਮੇਟੀ ਦੀਆ ਚੋਣਾਂ ਹਿੱਕ ਦੇ ਜ਼ੋਰ ਨਾਲ ਜਿੱਤਣ ਲਈ ਪੰਜਾਬ ਵਿੱਚੋਂ ਅਕਾਲੀ ਦਲ ਦੇ ਦਸ ਹਜਾਰ ਤੋ ਵੱਧ ਅਕਾਲੀ ਵਰਕਰ ਦਿੱਲੀ ਵਿੱਚ ਖੜੇ ਕਰ ਦਿੱਤੇ ਜਿਹਨਾਂ ਦੀ ਡਿਊਟੀ ਉਸੇ ਤਰ੍ਹਾ ਹੀ ਵੋਟਰਾਂ ਨਾਲ ਤਾਲਮੇਲ ਕਰਨ ਦੀ ਲਗਾਈ ਗਈ ਸੀ ਜਿਸ ਤਰ੍ਹਾ ਵਿਧਾਨ ਸਭਾ ਵਿੱਚ ਲਗਾਈ ਗਈ ਸੀ। ਦਿੱਲੀ ਵਿੱਚ ਸ੍ਰੀ ਪ੍ਰਕਾਸ਼ ਸਿੰਘ ਬਾਦਲ ਤੇ ਉਹਨਾਂ ਦੇ ਸੁਪੱਤਰ ਸ੍ਰੀ ਸੁਖਬੀਰ ਸਿੰਘ ਬਾਦਲ ਡਿਪਟੀ ਮੁੱਖ ਮੰਤਰੀ ਅਤੇ ਪ੍ਰਧਾਨ ਸ੍ਰੋਮਣੀ ਅਕਾਲੀ ਦਲ ਨੇ ਚੋਣਾਂ ਜਿੱਤਣ ਲਈ ਹਰ ਪ੍ਰਕਾਰ ਦੇ ਸਿਆਸੀ ਹੱਥ ਕੰਡੇ ਅਪਨਾਏ, ਇਥੋ ਤੱਕ ਵੀ ਚਰਚਾ ਹੈ ਕਿ ਦਿੱਲੀ ਦੀ ਮੁੱਖ ਮੰਤਰੀ ਸ੍ਰੀਮਤੀ ਸ਼ੀਲਾ ਦੀਕਸ਼ਤ ਦੇ ਬੇਟੇ ਨਾਲ ਵੀ ਸੁਖਬੀਰ ਸਿੰਘ ਬਾਦਲ ਨੇ ਗੁਪਤ ਮੁਲਾਕਾਤ ਕੀਤੀ ਜਿਸ ਵਿੱਚ ਸੌਦੇਬਾਜੀ ਹੋਈ ਸੁਣੀ ਜਾਂਦੀ ਹੈ।

ਸ੍ਰ. ਪਰਮਜੀਤ ਸਿੰਘ ਸਰਨਾ ਦੇ ਕਾਂਗਰਸ ਪ੍ਰਸਤ ਹੋਣ ਦੇ ਇਲਜਾਮ ਲੱਗਣ ਦੇ ਬਾਵਜੂਦ ਵੀ ਦਿੱਲੀ ਕਾਂਗਰਸ ਨੇ ਸਰਨਿਆ ਦੀ ਇਸ ਵਾਰੀ ਕੋਈ ਮਦਦ ਨਹੀਂ ਕੀਤੀ ਸਗੋਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪਰਧਾਨ ਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਉਹਨਾਂ ਦੀ ਧਰਮ ਪਤਨੀ ਤੇ ਵਿਦੇਸ਼ ਰਾਜ ਮੰਤਰੀ ਨੇ ਸਰਨਿਆ ਦੇ ਹੱਕ ਵਿੱਚ ਪੰਜਾਬ ਤੋ ਜਾ ਕੇ ਪ੍ਰਚਾਰ ਜਰੂਰ ਕੀਤਾ। ਦੂਸਰੇ ਪਾਸੇ ਸਰਨਾ ਦੇ ਵਿਰੋਧ ਵਿੱਚ ਚੋਣ ਲੜ ਰਹੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਉਮੀਦਵਾਰ ਸ੍ਰੀ ਮਨਜਿੰਦਰ ਸਿੰਘ ਸਿਰਸਾ ਨੂੰ ਬੀਬੀ ਸ਼ੀਲਾ ਦੀਕਸ਼ਤ ਦਾ ਪੂਰਾ ਪੂਰਾ ਸਮੱਰਥਨ ਹਾਸਲ ਸੀ ਕਿਉਕਿ ਪੰਥ ਵਿੱਚੋਂ ਛੇਕੇ ਹੋਈ ਦਿੱਲੀ ਦੀ ਨਿਰੰਕਾਰੀ ਸੰਪਰਦਾ ਦੇ ਨਾਲ ਵੀ ਸ੍ਰੀ ਸਿਰਸਾ ਦੇ ਚੰਗੇ ਸਬੰਧ ਹੋਣ ਦੇ ਚਰਚੇ ਪਾਏ ਜਾ ਰਹੇ ਹਨ। ਇਥੇ ਹੀ ਬੱਸ ਨਹੀਂ ਦਿੱਲੀ ਕਮੇਟੀ ਦੀਆ ਚੋਣਾਂ ਵਿੱਚ ਭਾਜਪਾ, ਆਰ.ਐਸ.ਐਸ, ਹਿੰਦੂ ਵਿਸ਼ਵ ਪ੍ਰੀਸ਼ਦ, ਸ਼ਿਵ ਸੈਨਾ ਅਤੇ ਭਾਜਪਾ ਨਾਲ ਸਬੰਧਿਤ ਵਿਦਿਆਰਥੀ ਜਥੇਬੰਦੀਆ ਨੇ ਵੀ ਬਾਦਲ ਦਲ ਦੀ ਸਿਰ ਡਾਹ ਕੇ ਮਦਦ ਕੀਤੀ ਜਿਸ ਦਾ ਉਲੇਖਨ ਇੱਕ ਭਾਜਪਾ ਆਗੂ ਨੇ ਅਖਬਾਰ ਵਿੱਚ ਇਹ ਬਿਆਨ ਦੇ ਕੇ ਕੀਤਾ ਹੈ ਕਿ ਦਿੱਲੀ ਵਿੱਚ ਬਾਦਲ ਦਲ ਦੀ ਜਿੱਤ ਨੂੰ ਯਕੀਨੀ ਬਣਾਉਣ ਵਿੱਚ ਉਹਨਾਂ ਦਾ ਹੀ ਬਹਤ ਵੱਡਾ ਰੋਲ ਰਿਹਾ ਹੈ, ਇਸ ਲਈ ਬਾਦਲ ਦਲੀਆ ਨੂੰ ਬਹੁਤ ਚਾਂਭਣ ਦੀ ਲੋੜ ਨਹੀਂ ਸਗੋਂ ਹਿੰਦੂ ਜਥੇਬੰਦੀਆ ਦੇ ਧੰਨਵਾਦੀ ਹੋਣਾ ਚਾਹੀਦਾ ਹੈ।

ਪੰਥਕ ਕਾਰਜਾਂ ਤੇ ਸਿੱਖ ਸਿਧਾਤਾਂ ਨਾਲ ਲਬਰੇਜ ਸ੍ਰੀ ਸਰਨਾ ਨੂੰ ਬਾਦਲ ਦਲੀਆ ਵੱਲੋਂ ਦਿੱਲੀ ਦਾ ਹਿਟਲਰ ਵਜੋਂ ਪੇਸ਼ ਕੀਤਾ ਗਿਆ ਜਿਸ ਨੂੰ ਹਰਾਉਣ ਲਈ ਸਿੱਖਾਂ ਦੀ ਸਭ ਤੋ ਮਹੱਤਵਪੂਰਣ ਅਤੇ ਧਾਰਮਿਕ ਯੂਨੀਵਰਸਿਟੀ ਵਜੋਂ ਜਾਣੇ ਜਾਂਦੀ ਦਮਦਮੀ ਟਕਸਾਲ ਤੇ ਸੰਤ ਸਮਾਜ ਦੇ ਮੁੱਖੀ ਬਾਬਾ ਹਰਨਾਮ ਸਿੰਘ ਧੁੰਮਾਂ, ਸ੍ਰੋਮਣੀ ਅਕਾਲੀ ਬੁੱਢਾ ਦਲ ਵਹੀਰਾਂ ਘੱਤ ਦੇ ਮੁੱਖੀ ਬਾਬਾ ਬਲਬੀਰ ਸਿੰਘ, ਨਿਹੰਗ ਸਿੰਘ ਜਥੇਬੰਦੀਆ, ਸਿੱਖ ਸਟੂਡੈਂਟਸ ਫੈਡਰੇਸ਼ਨਾਂ, ਰਾੜਾ ਸਾਹਿਬ ਸੰਪਰਦਾ, ਢੇਸੀਆ ਵਾਲੀ ਸੰਪਰਦਾ, ਨੀਲਧਾਰੀਏ, ਪੀਪਲੀ ਸਹਿਬ ਵਾਲੇ, ਬਾਬਾ ਮਾਨ ਸਿੰਘ ਪਿਹੋਵੇਵਾਲੇ, ਸੰਤ ਸੁਖਚੈਨ ਸਿੰਘ, ਸੰਤ ਸੇਵੀ ਪੰਥੀ ਸੰਪਰਦਾ, ਸੰਤ ਗੋਪਾ ਸਿੰਘ. ਸੰਤ ਹੰਸਾਲੀ ਵਾਲੇ, ਨਾਮਧਾਰੀ ਸੰਪਰਦਾ ਤੋਂ ਇਲਾਵਾ ਕੋਈ ਵੀ ਅਜਿਹੀ ਸੰਪਰਦਾ ਨਹੀਂ ਸੀ ਜਿਸ ਤੋਂ ਬਾਦਲਾਂ ਨੇ ਹਮਾਇਤ ਨਾ ਲਈ ਹੋਵੇ। ਇਸੇ ਤਰ੍ਹਾ ਦਿੱਲੀ ਕਮੇਟੀ ਦੇ ਮੁਲਾਜਮ ਭਲਾਈ ਐਸੋਸੀਏਸ਼ਨ ਨੇ ਵੀ ਬਾਦਲਾਂ ਦੀ ਮਦਦ ਕੀਤੀ ਜਿਹਨਾਂ ਦਾ ਸਭ ਵੱਡਾ ਸਰਨਿਆ ‘ਤੇ ਇਲਜਾਮ ਸੀ ਕਿ ਮੁਲਾਜਮਾਂ ਦੀਆ ਤਨਖਾਹਾਂ ਵਧਾਉਣ ਲਈ ਅਤੇ ਪੇ- ਕਮਿਸ਼ਨ ਦੀਆ ਸਿਫਾਰਸ਼ਾਂ ਨੂੰ ਲਾਗੂ ਕਰਨ ਲਈ ਸਰਨਾ ਨੇ ਹਮੇਸ਼ਾਂ ਹੀ ਨਾਂਹ ਪੱਖੀ ਵਤੀਰਾ ਅਪਨਾਈ ਰੱਖਿਆ।

ਦਮਦਮੀ ਟਕਸਾਲ ਦੇ ਤੇਰਵੇ ਮੁੱਖੀ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆ ਨੂੰ ਮਰਵਾਉਣ ਵਿੱਚ ਉਘਾ ਯੋਗਦਾਨ ਪਾਉਣ ਵਾਲੇ ਅਕਾਲੀ ਦਲ ਨਾਲ ਦਮਦਮੀ ਟਕਸਾਲ ਦੇ ਮੁੱਖੀ ਬਾਬਾ ਹਰਨਾਮ ਸਿੰਘ ਧੁੰਮਾਂ ਦੀ ਇੰਨੀ ਨੇੜਤਾ ਕਿਉ ਹੋਈ ਇਸ ਸਵਾਲ ਦਾ ਜਵਾਬ ਵੀ ਸੰਗਤਾਂ ਭਵਿੱਖ ਵਿੱਚ ਜਰੂਰ ਮੰਗਣਗੀਆ। ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆ ਨੇ ਤਾਂ ਉਸ ਵੇਲੇ ਬਾਦਲ ਨੂੰ ਖਰੀਆ ਖਰੀਆ ਸੁਣਾ ਦਿੱਤੀਆ ਸਨ ਜਦੋਂ ਉਹਨਾਂ ਦੀ ਤੇਰਵੇ ਮੁੱਖੀ ਵਜੋਂ ਤਾਜਪੋਸ਼ੀ ਹੋਈ ਸੀ। ਉਸ ਤਾਜਪੋਸ਼ੀ ਸਮਾਗਮ ਵਿੱਚ ਸ੍ਰੀ ਪ੍ਰਕਾਸ਼ ਸਿੰਘ ਬਾਦਲ ਬਤੌਰ ਮੁੱਖ ਮੰਤਰੀ ਸ਼ਾਮਲ ਹੋਏ ਸਨ ਅਤੇ ਸ੍ਰੀ ਬਾਦਲ ਨੇ ਆਪਣੀ ਆਦਤ ਅਨੁਸਾਰ ਦਮਦਮੀ ਟਕਸਾਲ ਦੀਆ ਸਿਫਤਾਂ ਦੇ ਪੁਲ ਬੰਨਦਿਆ ਇਥੋਂ ਤੱਕ ਕਹਿ ਦਿੱਤਾ ਸੀ ਕਿ ਜੇਕਰ ਟਕਸਾਲ ਦੀ ਕੋਈ ਮੰਗ ਹੋਵੇ ਤਾਂ ਉਹ ਸਰਕਾਰ ਵੱਲੋਂ ਦਮਦਮੀ ਟਕਸਾਲ ਦੇ ਹੈ¤ਡਕੁਆਟਰ ਮਹਿਤਾ ਵਿਖੇ ਸੰਗੀਤ ਅਕੈਡਮੀ ਖੋਹਲਣ ਲਈ ਤਿਆਰ ਹਨ ਜਿਸ ਦੇ ਜਵਾਬ ਵਿੱਚ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆ ਨੇ ਸ੍ਰੀ ਬਾਦਲ ਨੂੰ ਕੋਰੇ ਲੱਠੇ ਵਰਗਾ ਜਵਾਬ ਦਿੰਦਿਆ ਕਿਹਾ ਸੀ ਕਿ, ‘‘ਸ੍ਰੀ ਬਾਦਲ ਨੂੰ ਸ਼ਾਇਦ ਟਕਸਾਲ ਦੀਆ ਪਰੰਪਰਾਵਾਂ ਤੇ ਮਰਿਆਦਾ ਦੀ ਜਾਣਕਾਰੀ ਨਹੀਂ ਹੈ ਕਿਉਕਿ ਟਕਸਾਲ ਕਿਸੇ ਵਿਅਕਤੀ, ਸੰਸਥਾ ਜਾਂ ਫਿਰ ਸਰਕਾਰ ਕੋਲੋ ਕੁਝ ਨਹੀਂ ਮੰਗਦੀ ਸਗੋਂ ਉਹ ਤਾਂ ਸਿਰਫ ਆਪਣੇ ਦਸਮ ਪਿਤਾ ਕਲਗੀਆ ਵਾਲੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਹੀ ਕਰਦੀ ਹੈ, ਇਸ ਲਈ ਟਕਸਾਲ ਦੀ ਕੋਈ ਮੰਗ ਨਹੀਂ ਹੈ। ਸਰਕਾਰ ਜੇਕਰ ਅਕੈਡਮੀ ਆਪਣੇ ਪੱਧਰ ਤੇ ਖੋਹਲਣੀ ਚਾਹੁੰਦੀ ਹੈ ਤਾਂ ਖੋਲੇ ਨਹੀਂ ਖੋਹਲਣੀ ਤੇ ਨਾ ਖੋਲੇ, ਟਕਸਾਲ ਦੀ ਅਜਿਹੀ ਕੋਈ ਮੰਗ ਨਹੀਂ ਹੈ।’’ ਅੱਜ ਉਸ ਟਕਸਾਲ ਦਾ ਮੁੱਖੀ ਉਸੇ ਬਾਦਲ ਦੀ ਘੁੰਮਣਘੇਰੀ ਵਿੱਚ ਕਿਉ ਫਸਿਆ ਹੋਇਆ ਹੈ ਇਸ ਬਾਰੇ ਵੀ ਸੰਗਤਾਂ ਜਾਨਣ ਲਈ ਕਾਫੀ ਉਤਸਕ ਹਨ।

ਸ੍ਰੀ ਸਰਨਾ ਨੂੰ ਹਰ ਪਾਸਿਉ ਘੇਰਨ ਵਿੱਚ ਬਾਦਲਾਂ ਨੇ ਕੋਈ ਕਸਰ ਬਾਕੀ ਨਹੀਂ ਛੱਡੀ ਤੇ ਪੰਜਾਬ ਪੁਲੀਸ ਦੇ ਕਈ ਥਾਣਾ ਮੁੱਖੀ ਤੇ ਉ¤ਚ ਅਧਿਕਾਰੀ ਵੀ ਦਿੱਲੀ ਵਿੱਚ ਚੋਣ ਮੁਹਿੰਮ ਦੌਰਾਨ ਵੇਖੇ ਗਏ। ਆਪਣੇ ਨਿਰਧਾਰਤ ਸਮੇਂ ਤੋ ਕਰੀਬ ਦੋ ਸਾਲ ਲੇਟ ਹੋਈਆ ਦਿੱਲੀ ਕਮੇਟੀ ਚੋਣਾਂ ਨੇ ਸਾਬਤ ਕਰ ਦਿੱਤਾ ਹੈ ਕਿ ਦਿੱਲੀ ਦੇ ਲੋਕਾਂ ਕੋਲ ਵੀ ਹੁਣ ਸਿਧਾਂਤ ਨਾ ਦੀ ਕੋਈ ਵਸਤੂ ਨਹੀਂ ਰਹਿ ਗਈ ਸਗੋਂ ਉਹ ਆਪਣੀਆ ਨਿੱਜੀ ਗਰਜਾਂ ਤੇ ਸੁਆਰਥਾਂ ਨਾਲ ਬੱਝੇ ਹੋਏ ਹਨ ਜਦ ਸਿੱਖਾਂ ਦਾ ਇਤਿਹਾਸ ਸਿਧਾਂਤਾਂ ਦੀ ਰੱਖਿਆ ਕਰਦਿਆ ਸ਼ਹੀਦੀਆ ਪਾਉਣ ਨਾਲ ਲਬਰੇਜ ਤੇ ਜਰਖੇਜ ਹੈ। ਇਹਨਾਂ ਧਾਰਮਿਕ ਸੰਪਰਦਾਵਾਂ ਦੇ ਕਾਰ ਮੁਖਤਾਰਾਂ ਨੇ ਅਖਬਾਰ ਵਿੱਚ ਬਿਆਨ ਦੇ ਕੇ ਇਥੋਂ ਤੱਕ ਐਲਾਨ ਕੀਤਾ ਕਿ ਦਿੱਲੀ ਵਿੱਚ ਬਾਦਲ ਦਲ ਦੀ ਜਿੱਤ ਉਹਨਾਂ ਵੱਲੋਂ ਦਿੱਲੀ ਵਿੱਚ ਡੇਰੇ ਲਗਾਉਣ ਤੇ ਮਦਦ ਕਰਨ ਨਾਲ ਹੀ ਹੋਈ ਹੈ। ਇਹਨਾਂ ਸੰਪਰਦਾਵਾਂ ਤੇ ਬਾਦਲ ਦਲ ਦੀ ਸਮੁੱਚੀ ਫੌਜ ਦਾ ਟਾਕਰਾ ਕਰਨ ਲਈ ਸਿਰਫ ਤੇ ਸਿਰਫ ਸ੍ਰੀ ਪਰਮਜੀਤ ਸਿੰਘ ਸਰਨਾ ਸਿਧਾਂਤ ਤੇ ਖੜੇ ਰਹੇ ਤੇ ਉਹਨਾਂ ਨੇ ਕਿਸੇ ਵੀ ਉਸ ਡੇਰੇਦਾਰ ਦੀ ਮਦਦ ਨਹੀਂ ਲਈ ਜਿਹੜਾ ਸ੍ਰੀ ਅਕਾਲ ਤਖਤ ਦੀ ਮਰਿਆਦਾ ਤੇ ਨਿਯਮਾਂ ਅਤੇ ਰਹਿਤ ਮਰਿਆਦਾ ਤੋਂ ਮੁਨਕਰ ਹੋਵੇ।

ਇਸੇ ਤਰ੍ਹਾ ਦਿੱਲੀ ਕਮੇਟੀ ਦੀਆ ਚੋਣਾਂ ਜਿੱਤਣ ਲਈ ਸ੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਵੀ ਕੋਈ ਨਿਰਪੱਖ ਰੋਲ ਨਾ ਨਿਭਾ ਕੇ ਆਪਣੇ ਆਕਾ ਬਾਦਲ ਦਲ ਦੇ ਹੱਕ ਵਿਚ ਹੀ ਬਿਆਨਬਾਜੀ ਕੀਤੀ। ਪੀ.ਟੀ.ਸੀ ਤੋਂ ਉਹਨਾਂ ਇਹ ਬਿਆਨ ਦਿੱਤਾ ਕਿ ਪੰਥ ਦੋਖੀਆ ਨੂੰ ਵੋਟਾਂ ਨਾ ਪਾਈਆ ਜਾਣ ਕਿਉਕਿ ਸਰਨੇ ਸ੍ਰੀ ਅਕਾਲ ਤਖਤ ਤੋ ਜਾਰੀ ਨਾਨਕਸ਼ਾਹੀ ਕੈਲੰਡਰ ਨੂੰ ਨਹੀਂ ਮੰਨਦੇ ਇਸ ਲਈ ਉਹ ਅਕਾਲ ਤਖਤ ਦੇ ਬਾਗੀ ਹਨ ਜੋ ਸਰਾਸਰ ਸੰਗਤਾਂ ਨਾਲ ਧੋਖਾ ਤੇ ਫਰੇਬ ਸੀ ਅਤੇ ਇੱਕ ਧਿਰ ਦੀ ਪੁਸ਼ਤ ਪਨਾਹੀ ਕਰਨ ਵਾਲਾ ਸੀ ਜਦ ਸ੍ਰੀ ਸਰਨਾ ਬੰਧੂ ਕਦੇ ਵੀ ਸ੍ਰੀ ਅਕਾਲ ਤਖਤ ਤੋਂ ਬਾਗੀ ਨਹੀਂ ਰਹੇ ਸਗੋਂ ਅੱਠ ਵਾਰੀ ਉਹਨਾਂ ਨੂੰ ਅਕਾਲ ਤਖਤ ਤੇ ਬੁਲਾਇਆ ਗਿਆ ਤੇ ਅੱਠ ਵਾਰੀ ਹੀ ਉਹ ਪੇਸ਼ ਹੋ ਕੇ ਆਪਣਾ ਸਪੱਸ਼ਟੀਕਰਨ ਦਿੰਦੇ ਰਹੇ। ਦੂਸਰੇ ਪਾਸੇ ਇਤਿਹਾਸ ਵਿੱਚ ਸ਼ਾਇਦ ਇਹ ਪਹਿਲੀ ਘਟਨਾ ਵਾਪਰੀ ਹੋਵੇਗੀ ਜਦੋਂ ਪੰਥਕ ਜਥੇਬੰਦੀਆ ਨੇ ਸ੍ਰੀ ਅਕਾਲ ਤਖਤ ਦੇ ਜਥੇਦਾਰ (ਗਿਆਨੀ ਗੁਰਬਚਨ ਸਿੰਘ) ‘ਤੇ ਪੱਖਪਾਤੀ ਹੋਣ ਦਾ ਦੋਸ਼ ਲਗਾਉਦਿਆ ਜਥੇਦਾਰ ਦਾ ਬਾਈਕਾਟ ਕੀਤਾ ਪਰ ਸਰਨਾ ਬੰਧੂ ਫਿਰ ਵੀ ਜਥੇਦਾਰ ਅਕਾਲ ਤਖਤ ਦਾ ਸਤਿਕਾਰ ਕਰਦੇ ਇਹੋ ਕਹਿੰਦੇ ਰਹੇ ਕਿ ਉਹ ਜਥੇਦਾਰ ਦੇ ਹਰ ਹੁਕਮ ਦੀ ਪਾਲਣਾ ਕਰਨ ਦੇ ਪਾਬੰਦ ਹਨ। ਨਾਨਕਸ਼ਾਹੀ ਕੈਲੰਡਰ ਬਾਰੇ ਵੀ ਉਹਨਾਂ ਦੀ ਰਾਇ ਵੀ ਕੋਈ ਵੱਖਰੀ ਨਹੀਂ ਸਗੋਂ ਉਹ ਇਸ ਗੱਲ ਦੇ ਹਾਮੀ ਹਨ ਕਿ ਪਹਿਲਾਂ ਜਥੇਦਾਰ ਸਰਬ ਸਾਂਝੀ ਰਾਇ ਪੈਦਾ ਕਰਕੇ ਕੈਲੰਡਰ ਬਾਰੇ ਏਕਤਾ ਕਰ ਲੈਣ ਤੇ ਸਰਬ ਸਾਂਝਾ ਫੈਸਲਾ ਮੰਨਣ ਦੇ ਉਹ ਪਾਬੰਦ ਹੋਣਗੇ ਕਿਉਕਿ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਬਲਵੰਤ ਸਿੰਘ ਨੰਦਗੜ• ਨਵੇਂ ਕੈਲੰਡਰ (2010) ਨੂੰ ਮਾਨਤਾ ਨਹੀਂ ਦਿੰਦੇ। ਅਜਿਹੀ ਸਥਿਤੀ ਵਿੱਚ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਖੁਦ ਹੀ ਆਪਣੇ ਆਹੁਦੇ ਤੋਂ ਅਸਤੀਫਾ ਦੇ ਕੇ ਫਾਰਗ ਹੋ ਜਾਣਾ ਚਾਹੀਦਾ ਸੀ ਪਰ ਕੌਣ.. .. . . ਆਖੇ ਇੰਜ ਨਹੀਂ ਇੰਜ ਕਰ!!

ਸੰਨ 2003 ਵਿੱਚ ਤੱਤਕਾਲੀ ਸ੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਵੱਲੋ ਬਣਾਏ ਗਏ ਅਸਲੀ ਨਾਨਕਸ਼ਾਹੀ ਕੈਲੰਡਰ ਨੂੰ ਸ੍ਰੀ ਸਰਨਾ ਹੀ ਮਾਨਤਾ ਦਿੰਦੇ ਹਨ ਜਦ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸ੍ਰੀ ਅਵਤਾਰ ਸਿੰਘ ਮੱਕੜ ਵੱਲੋਂ ਅਸਲੀ ਕੈਲੰਡਰ ਦੀ ਜਗ੍ਹਾ ਇੱਕ ਦਮਦਮੀ ਟਕਸਾਲ ਦੇ ਮੁੱਖੀ ਬਾਬਾ ਹਰਨਾਮ ਸਿੰਘ ਧੂੰਮਾਂ ਦੇ ਕਹਿਣ ਤੇ ਅਸਲੀ ਨਾਨਕਸ਼ਾਹੀ ਕੈਲੰਡਰ ਵਿੱਚੋਂ ਉਸਦੀ ਰੂਹ ਹੀ ਗਾਇਬ ਕਰ ਦਿੱਤੀ ਗਈ ਤੇ ਸਾਧ ਲਾਣੇ ਨੂੰ ਖੁਸ਼ ਕਰਨ ਲਈ ਇੱਕ ਬਿਕਰਮੀ ਕੈਲੰਡਰ ਨੂੰ ਹੀ ਨਾਨਕਸ਼ਾਹੀ ਦਾ ਨਾਮ ਦੇ ਕੇ ਜਾਰੀ ਕਰ ਦਿੱਤਾ ਗਿਆ ਕਿਉਕਿ ਬਾਬਾ ਹਰਨਾਮ ਸਿੰਘ ਧੁੰਮਾਂ ਸਮੇਤ ਸਾਧ ਲਾਣੇ ਨੇ 2003 ਵਿੱਚ ਜਾਰੀ ਹੋਏ ਨਾਨਕਸ਼ਾਹੀ ਕੈਲੰਡਰ ਨੂੰ ਮਾਨਤਾ ਨਾ ਦੇ ਕੇ ਸ੍ਰੀ ਅਕਾਲ ਤਖਤ ਦੇ ਹੁਕਮਾਂ ਦੀ ਉਲੰਘਣਾਂ ਕੀਤੀ ਸੀ ਪਰ ਕਿਸੇ ਵੀ ਜਥੇਦਾਰ ਨੇ ਉਹਨਾਂ ਨੂੰ ਪੰਥ ਦੋਖੀ ਨਹੀਂ ਕਿਹਾ ਸੀ ਸਗੋਂ ਜਥੇਦਾਰ ਅਕਾਲ ਤਖਤ ਉਹਨਾਂ ਦੇ ਡੇਰਿਆ ਵਿੱਚ ਜਾ ਕੇ ਲਿਫਾਫੇ ਤੇ ਹੋਰ ਸਾਜੋ ਸਮਾਨ ਭੇਟਾ ਵਜੋਂ ਲੈਦੇ ਰਹੇ। ਅਸਲੀ ਨਾਨਕਸ਼ਾਹੀ ਕੈਲੰਡਰ ਦਾ ਕਤਲ ਕਰਨ ਵਿੱਚ ਮੱਕੜ ਤੇ ਉਹਨਾਂ ਦੀ ਜੁੰਡਲੀ ਨੇ ਕੋਈ ਕਸਰ ਬਾਕੀ ਨਾ ਛੱਡੀ ਪਰ ਸ੍ਰੀ ਸਰਨਾ ਨੇ ਅਸਲੀ ਕੈਲੰਡਰ ਦੀ ਰੂਹ ਨੂੰ ਜਿੰਦਾ ਰੱਖਿਆ। ਨਵੇਂ ਨਾਨਕਸ਼ਾਹੀ ਕੈਲੰਡਰ ਜਿਸ ਬਾਰੇ ਤਾਂ ਸਾਰੇ ਤਖਤਾਂ ਦੇ ਜਥੇਦਾਰ ਵੀ ਇੱਕ ਮੱਤ ਨਹੀਂ ਹਨ ਜਿਸ ਨੂੰ ਸਰਨਿਆ ਵੱਲੋਂ ਪ੍ਰਵਾਨਗੀ ਨਾ ਦੇਣਾ ਵੀ ਬਾਦਲਾਂ ਨੇ ਇਸ ਤਰ੍ਹਾ ਮੁੱਦਾ ਬਣਾ ਕੇ ਪੇਸ਼ ਕੀਤਾ ਕਿ ਨਕਲੀ ਅਸਲੀ ਹੈ ਅਤੇ ਅਸਲੀ ਨਕਲੀ ਹੈ ਜਿਸ ਦੇ ਦੂਰ ਰਸ ਸਿੱਟੇ ਜਰੂਰ ਨਿਕਲਣਗੇ। ਸ੍ਰੀ ਅਕਾਲ ਤਖਤ ਦੇ ਸਾਬਕਾ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਨੇ ਵੀ ਗਿਆਨੀ ਗੁਰਬਚਨ ਸਿੰਘ ਦੇ ਬਿਆਨ ਦੇ ਵਿਰੋਧ ਵਿੱਚ ਬਿਆਨ ਜਾਰੀ ਕਰਦਿਆ ਕਿਹਾ ਕਿ 2003 ਵਾਲਾ ਨਾਨਕਸ਼ਾਹੀ ਕੈਲੰਡਰ ਅਸਲੀ ਤੇ ਸਰਬ ਪ੍ਰਵਾਨਤ ਹੈ ਅਤੇ ਮੱਕੜ ਤੇ ਗਿਆਨੀ ਗੁਰਬਚਨ ਸਿੰਘ ਨੂੰ ਇਸ ਕੈਲੰਡਰ ਨੂੰ ਬਦਲਣ ਦਾ ਕੋਈ ਅਧਿਕਾਰ ਨਹੀਂ ਹੈ।

ਦਿੱਲੀ ਕਮੇਟੀ ਦੀਆ ਚੋਣਾਂ ਵੀ ਇਸ ਵਾਰੀ ਸ਼੍ਰੋਮਣੀ ਕਮੇਟੀ ਦੀਆ ਚੋਣਾਂ ਵਾਂਗ ਨਸ਼ਿਆ ਤੋ ਅਛੂਤੀਆ ਨਹੀਂ ਰਹੀਆ ਅਤੇ ਚਰਚਾ ਹੈ ਕਿ ਬਾਦਲ ਦਲ ਦੇ ਵਰਕਰ ਹਰ ਘਰ ਵਿੱਚ ਸ਼ਰਾਬ, ਮੀਟ, ਮੱਛੀ, ਭੁੱਕੀ ਤੇ ਅਫੀਮ ਸਮੇਤ ਹੋਰ ਸਾਰੇ ਨਸ਼ੇ ਪਹੁੰਚਾਉਦੇ ਰਹੇ ਜਿਹੜੇ ਪੰਜਾਬ ਵਿੱਚ ਵਰਤਾਏ ਜਾਂਦੇ ਹਨ। ਇਸੇ ਤਰ੍ਹਾ ਵਾਰਡ ਨੰਬਰ 25 ਪੰਜਾਬੀ ਬਾਗ ਵਿੱਚ ਤਾਂ ਵੋਟਾਂ ਹਾਸਲ ਕਰਨ ਲਈ ਸ਼ਰਾਬ ਦਾ ਛੇਵਾ ਦਰਿਆ ਵਗਾਉਣ ਦੇ ਨਾਲ ਨਾਲ ਨੋਟਾਂ ਦੀ ਬਰਸਾਤ ਵੀ ਕੀਤੀ ਗਈ। ਬਾਦਲ ਦਲ ਵੱਲੋਂ ਇਸ ਵਾਰਡ ਦਾ ਇੰਚਾਰਜ ਵੀ ਉਸ ਬਿਕਰਮ ਮਜੀਠੀਏ ਨੂੰ ਬਣਾਇਆ ਗਿਆ ਜਿਸ ਦੀ ਮਜੀਠੀਆ ਸੈਨਾ ਪੰਜਾਬ ਵਿੱਚ ਸੱਤਾ ਦੇ ਨਸ਼ੇ ਵਿੱਚ ਧੀਆ ਭੈਣਾਂ ਦੀ ਇੱਜਤ ਹੀ ਨਹੀਂ ਲੁੱਟ ਰਹੀ ਸਗੋਂ ਅਜਿਹੇ ਭੈੜੇ ਅਨਸਰਾਂ ਨੂੰ ਰੋਕਣ ਵਾਲੇ ਮਾਪਿਆ ਨੂੰ ਗੋਲੀਆ ਵੀ ਮਾਰਨ ਤੋਂ ਵੀ ਗੁਰੇਜ ਨਹੀਂ ਕਰਦੀ ਜਿਹੜੇ ਆਪਣੀਆ ਧੀਆਂ ਨਾਲ ਹੁੰਦੀਆ ਵਧੀਕੀਆ ਦੀ ਅਵਾਜ ਬੁਲੰਦੇ ਕਰਦੇ ਹਨ। ਸਿਆਸੀ ਪੰਡਤਾਂ ਅਨੁਸਾਰ ਬਾਦਲਾਂ ਨੇ ਵੋਟਾਂ ਖਰੀਦਣ ਲਈ ਨੋਟਾਂ ਦੀ ਵਰਤੋਂ ਕਰਦਿਆ ਕਰੀਬ ਇੱਕ ਅਰਬ ਰੁਪਏ ਖਰਚ ਕੀਤੇ ਅਤੇ ਨਸ਼ਿਆ ਦਾ ਛੇਵਾਂ ਦਰਿਆ ਵਗਾਉਣ ਤੇ ਅਲੱਗ ਖਰਚਾ ਕੀਤਾ ਗਿਆ ਦੱਸਿਆ ਜਾਂਦਾ ਹੈ।ਭਾਂਵੇ ਬਾਦਲਾਂ ਦਾ ਹਰ ਪ੍ਰਕਾਰ ਦੇ ਹੱਥ ਕੰਡੇ ਵਰਤ ਕੇ ਚੋਣਾਂ ਜਿੱਤਣ ਦਾ ਵੱਡਾ ਰੋਲ ਰਿਹਾ ਪਰ ਇਸ ਵਾਰੀ ਸਰਨਿਆ ਦੇ ਬੰਦਿਆ ਨੇ ਵੀ ਸ਼ਰਾਬ ਤੇ ਹੋਰ ਪਦਾਰਥਾਂ ਦੀ ਖੁੱਲ ਕੇ ਵਰਤੋਂ ਕੀਤੀ ਤੇ ਆਪਣੀ ਪੂਰੀ ਵਾਹ ਲਗਾਈ ਪਰ ਉਹਨਾਂ ਨੂੰ ਕਾਮਯਾਬੀ ਨਹੀਂ ਮਿਲੀ, ਇਕ ਅਲੱਗ ਗੱਲ ਹੈ। ਇਥੋਂ ਤੱਕ ਕਿ ਅਜਾਦ ਉਮੀਦਵਾਰਾਂ ਨੂੰ ਵੀ ਅਜਿਹੇ ਗੈਰ ਸਮਾਜਿਕ ਹੱਥਕੰਡਿਆ ਨੂੰ ਵਰਤਣ ਲਈ ਬਾਦਲਾਂ ਵੱਲ ਵੇਖ ਕੇ ਮਜਬੂਰ ਹੋਣਾ ਪਿਆ। ਇਸੇ ਤਰ੍ਹਾ ਲੋੜਵੰਦਾਂ ਨੂੰ ਐਲ.ਸੀ.ਡੀਜ਼., ਨਵੇਂ ਟੀ.ਵੀ, ਲੈਪਟੋਪ ਆਦਿ ਤੋਂ ਇਲਾਵਾ ਬਿਹਾਰੀ ਪੈਟਰਨ ਤੇ ਕੱਪੜੇ ਵੀ ਵੰਡੇ ਜਾਣ ਦਾ ਵੀ ਸਮਾਚਾਰ ਮਿਲਿਆ ਹੈ।

ਦਿੱਲੀ ਕਮੇਟੀ ਦੀਆ ਚੋਣਾਂ ਲਈ ਕਰੀਬ ਚਾਰ ਲੱਖ 12 ਹਜ਼ਾਰ ਵੋਟਾਂ ਬਣਾਈਆ ਗਈਆ ਸਨ ਜਿਹਨਾਂ ਵਿੱਚੋ ਕਰੀਬ 42.28 ਫੀਸਦੀ ਹੀ ਭੁਗਤ ਸਕੀਆ ਜੋ ਕਰੀਬ 1.74 ਲੱਖ ਦੇ ਕਰੀਬ ਹੀ ਬਣਦੀਆ ਹਨ ਜਦ ਕਿ ਅੱਧੇ ਤੋਂ ਵੱਧ ਲੋਕਾਂ ਨੇ ਆਪਣੀ ਵੋਟ ਪਾਉਣੀ ਹੀ ਮੁਨਾਸਿਬ ਨਹੀਂ ਸਮਝੀ। ਚੋਣਾਂ ਜਿੱਤਣ ਲਈ ਬਾਦਲ ਦਲ ਨੇ ਉਹ ਸਾਰੇ ਹੱਥਕੰਡੇ ਅਪਨਾਏ ਜਿਹੜੇ ਸਿੱਖੀ ਸਿਧਾਂਤਾਂ ਤੇ ਪਰੰਪਰਾਵਾਂ ਤੋਂ ਬਹੁਤ ਦੂਰ ਅਤੇ ਪੰਥਕ ਮਰਿਆਦਾ ਦੇ ਖਿਲਾਫ ਹਨ। ਬਾਦਲ ਅਕਾਲੀ ਦਲ ਨੇ ਇਹ ਚੋਣਾਂ ਆਪਣਾ ਵਕਾਰ ਬਣਾ ਕੇ ਨਹੀਂ ਸਗੋਂ ਪੂਰੀ ਤਾਨਾਸ਼ਾਹੀ ਵਾਲਾ ਰੁਖ ਅਪਨਾ ਕੇ ਗੁੰਡਾਗਰਦੀ ਨਾਲ ਲੜ ਤੇ ਜਿੱਤੀਆ ਕਿਉਕਿ ਦਿੱਲੀ ਸਰਕਾਰ ਵੀ ਉਹਨਾਂ ਦੇ ਨਾਲ ਖੜੀ ਸੀ। ਪੰਥ ਪ੍ਰਤੀ ਦਰਦ ਰੱਖਣ ਵਾਲਿਆ ਨੂੰ ਇਹਨਾਂ ਚੋਣਾਂ ਵਿੱਚ ਬਹੁਤ ਜ਼ਿਆਦਾ ਮਾਯੂਸੀ ਹੋਈ ਹੈ ਪਰ ਉਹ ਕੁਝ ਵੀ ਕਰਨ ਤੋ ਲਾਚਾਰੀ ਮਹਿਸੂਸ ਕਰ ਰਹੇ ਹਨ। ਸ੍ਰੋਮਣੀ ਅਕਾਲੀ ਬਾਦਲ ਜੋ ਕਿ ਪੰਜਾਬ ਵਿੱਚ ਸਿੱਖਾਂ ਦੀ ਇੱਕੋ ਇੱਕ ਹੀ ਸਿਰਮੌਰ ਜਥੇਬੰਦੀ ਹੈ ਤੇ ਸਿੱਖਾਂ ਦਾ ਭਵਿੱਖ ਹੈ ਪਰ ਜਿਸ ਤਰੀਕੇ ਨਾਲ ਅੱਜ ਬਾਦਲ ਦਲ ਵਿਚਰ ਰਿਹਾ ਹੈ ਉਸ ਤੋਂ ਇਹ ਸਪੱਸ਼ਟ ਨਜ਼ਰ ਆਉਦਾ ਹੈ ਕਿ ਬਾਦਲ ਦਲ ਸਿੱਖੀ ਨੂੰ ਸਮੱਰਪਿੱਤ ਨਾ ਹੋ ਕੇ ਕੇਵਲ ਸੱਤਾ ਤੇ ਕਬਜਾ ਕਰਨ ਨੂੰ ਹੀ ਆਪਣਾ ਧਰਮ ਸਮਝਦਾ ਹੈ। ਦਿੱਲੀ ਦੇ ਸਿੱਖਾਂ ਨੂੰ ਕੁਝ ਦਿਨਾਂ ਬਾਅਦ ਹੀ ਜਰੂਰ ਪਛਤਾਉਣਾ ਪਵੇਗਾ ਕਿਉਕਿ ਜਿਸ ਤਰ੍ਹਾ ਸ਼੍ਰੋਮਣੀ ਕਮੇਟੀ ਵਿੱਚੋਂ ਬਾਦਲਕਿਆ ਨੇ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੇ ਸਮੇਂ ਦੀਆ ਸੰਭਾਲ ਕੇ ਰੱਖੀਆ 70 ਕਰੋੜ ਦੀਆ ਐਫ.ਡੀ.ਆਜ਼ ਹਜ਼ਮ ਕਰ ਲਈਆ ਹਨ ਉਸੇ ਤਰ੍ਹਾ ਦਿੱਲੀ ਕਮੇਟੀ ਦੇ ਖਾਤੇ ਵੀ ਜਲਦੀ ਹੀ ਸਾਫ ਹੋ ਜਾਣਗੇ ਅਤੇ ਦਿੱਲੀ ਕਮੇਟੀ ਦੇ ਵੱਖ ਵੱਖ ਟਰੱਸਟਾਂ ਦੀ ਵੀ ਰੂਪ ਰੇਖਾ ਨਿੱਜੀਕਰਨ ਵਾਲੀ ਹੋ ਜਾਵੇਗੀ । ਕੁਲ ਮਿਲਾ ਕੇ ਦਿੱਲੀ ਕਮੇਟੀ ਦੀਆ ਚੋਣਾਂ ਦਾ ਲੇਖਾ ਜੋਖਾ ਕੀਤਾ ਜਾਵੇ ਤਾਂ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਅਕਾਲੀ ਦਲ ਬਾਦਲ ਨੇ ਭਾਂਵੇ ਚੋਣਾਂ ਜਿੱਤ ਲਈਆ ਹਨ ਪਰ ਸਿੱਖੀ ਸਿਧਾਂਤ ਬੁਰੀ ਤਰ੍ਹਾ ਹਾਰੇ ਗਏ ਹਨ। ਰੱਬ ਖੈਰ ਕਰੇ!


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top