Share on Facebook

Main News Page

ਦਿੱਲੀ ਚੋਣਾਂ ’ਚ ਜਿੱਤ ਕਿਸ ਦੀ- ਪੰਥ ਦੀ ! ਜਾਂ ਅਕਾਲ ਤਖ਼ਤ ਦੀ !! ਜਾਂ ਆਰ.ਐੱਸ.ਐੱਸ ਦੀ !!!
-
ਕਿਰਪਾਲ ਸਿੰਘ ਬਠਿੰਡਾ ਮੋਬ: 98544-80797

* ਗੁਰਬਾਣੀ ਵਿੱਚ ਸਰਬਵਿਆਪੀ ਪ੍ਰਭੂ ਲਈ ਵਰਤੇ ਗਏ ਸ਼ਬਦ ‘ਰਾਮ’ ਦੇ ਅਯੁੱਧਿਆ ਦੇ ਰਾਜੇ ‘ਰਾਮ’ ਦੇ ਅਰਥ ਕਰਕੇ ਰਾਮਰਾਏ ਵਾਲੀ ਗਲਤੀ ਕਰਨ ਵਾਲੇ ਅਕਾਲੀ ਆਗੂ ਨੂੰ ਤਨਖ਼ਾਹੀਆ ਕਰਾਰ ਦੇਣ ਦੀ ਥਾਂ, ਉਸ ਨੂੰ ਸ਼ਾਨਦਾਰ ਜਿੱਤ ਦਿਵਾ ਕੇ ਖੁਸ਼ੀ ’ਚ ਭੰਗੜੇ ਪਾ ਕੇ, ਪੰਥ ਤੇ ਅਕਾਲ ਤਖ਼ਤ ਦੀ ਜਿੱਤ ਦੱਸਣ ਵਾਲਿਆਂ ਨੇ, ਅੱਜ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਸਿੱਖ ਨੂੰ ਸਵਾਲ ਕਰਨ ਦਾ ਦਿੱਤਾ ਅਧਿਕਾਰ ਖੋਹ ਲਿਆ ਹੈ
* ਸਭ ਕੁੱਝ ਹੱਥੋਂ ਗੁਆ ਕੇ, ਜੇ ਹੁਣ ਵੀ ਆਪਣੇ ਆਪ ਨੂੰ ਜਾਗਰੂਕ ਅਖਵਾਉਣ ਵਾਲੇ ਏਕਤਾ ਕਰਨ ਦੀ ਥਾਂ, ਪੁਜਾਰੀਵਾਦ ਦੀ ਮਿੱਟੀ ਪੁੱਟਣ ਦੇ ਬਹਾਨੇ, ਦੂਜੇ ਸ਼ਬਦਾਂ ਵਿੱਚ ਉਨ੍ਹਾਂ ਦੀਆਂ ਹਉਮੈ ਦੀਆਂ ਫਸਲਾਂ ਦੀ ਗੋਡੀ ਹੀ ਕਰਦੇ ਰਹੇ, ਤਾਂ ਸਮਝੋ ਸਿੱਖਾਂ ਵਿੱਚੋਂ ਸਿੱਖੀ ਕਿਰਦਾਰ ਬਿਲਕੁਲ ਖਤਮ ਹੋ ਗਿਆ ਹੈ

ਦਿੱਲੀ ਗੁਰਦੁਆਰਾ ਕਮੇਟੀ ਦੀਆਂ ਚੋਣਾਂ ਵਿੱਚ ਬਾਦਲ ਧੜੇ ਦੀ ਹੋਈ ਹੂੰਝਾਫੇਰੂ ਜਿੱਤ ਨੂੰ ਪੰਥ ਦੀ ਜਿੱਤ ਜਾਂ ਅਕਾਲ ਤਖ਼ਤ ਦੀ ਜਿੱਤ ਕਹਿਣਾ ਸਿਰੇ ਦੀ ਬੇਈਮਾਨੀ ਅਤੇ ਪਖੰਡ ਹੈ ਅਤੇ ਪੰਥ ਦੀ ਜਿੱਤ ਜਾਂ ਅਕਾਲ ਤਖ਼ਤ ਦੀ ਜਿੱਤ ਸਮਝਣਾ ਭਾਰੀ ਬੇਸਮਝੀ ਤੇ ਭੁੱਲ ਹੈ। ਅਸਲ ਵਿੱਚ ਇਹ ਬਾਦਲ ਪ੍ਰਵਾਰ ਦੀ ਜਿੱਤ ਹੈ ਜਾਂ ਸਿੱਧੇ ਸ਼ਬਦਾਂ ਵਿੱਚ ਕਹਿ ਲਵੋ ਕਿ ਬਾਦਲ ਰਾਹੀਂ ਆਰ.ਐੱਸ.ਐੱਸ. ਦੀ ਜਿੱਤ ਹੈ। ਪੰਥ ਇਸ ਚੋਣ ਵਿੱਚ ਬੁਰੀ ਤਰ੍ਹਾਂ ਹਾਰਿਆ ਹੈ ਅਤੇ ਅਕਾਲ ਤਖ਼ਤ ਦੀ ਸਰਬਉਚਤਾ ਬਹਾਲ ਨਹੀਂ ਹੋਈ ਬਲਕਿ ਸਤਾ ’ਤੇ ਕਾਬਜ਼ ਸਿਆਸੀ ਆਗੂਆਂ ਅਤੇ ਅਸਿੱਧੇ ਰੂਪ ਵਿੱਚ ਆਰ.ਐੱਸ.ਐੱਸ. ਦੀ ਜਕੜ ਵਿੱਚ ਆਏ ਅਕਾਲ ਤਖ਼ਤ ਨੂੰ ਅਜਾਦ ਕਰਵਾਉਣ ਦੀ ਉਠ ਰਹੀ ਲਹਿਰ ਨੂੰ ਜ਼ਬਰਦਸਤ ਧੱਕਾ ਲੱਗਾ ਹੈ। ਆਪਣੇ ਆਪ ਨੂੰ ਪੰਥ ਕਹਾਉਣ ਵਾਲਾ ਜੇ ਸਿਰ ’ਤੇ ਮੁਕਟ ਰੱਖ ਕੇ ਹਵਨ ਕਰੇ, ਗੁਰੂ ਗੋਬਿੰਦ ਸਿੰਘ ਜੀ ਵਲੋਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਿਆਈ ਦੇਣ ਸਮੇਂ ਸਿੱਖਾਂ ਨੂੰ ਦਿੱਤੇ ਹੁਕਮ ‘ਸਭ ਸਿੱਖਨ ਕਉ ਹੁਕਮ ਹੈ ਗੁਰੂ ਮਨੀਓ ਗ੍ਰੰਥ’ ਦੀ ਹੁਕਮ ਅਦੂਲੀ ਕਰਕੇ ਆਪਣੇ ਆਪ ਨੂੰ 11ਵੀਂ, 12ਵੀਂ….. 15ਵੀਂ ਪਾਤਸ਼ਾਹੀ ਕਹਾਉਣ ਵਾਲੇ ਨਾਮਧਾਰੀ ਗੁਰੂ ਡੰਮੀਆਂ ਨੂੰ ਸਤਿਗੁਰੂ ਮਹਾਰਜ ਮੰਨੇ ਤੇ ਸੰਬੋਧਨ ਕਰੇ, ਗੁਰੂ ਨਾਨਕ ਦੇਵ ਯੂਨੀਵਸਿਟੀ ਵਿੱਚ ‘ਸਤਿਗੁਰੂ ਰਾਮ ਸਿੰਘ ਚੇਅਰ ਸਥਾਪਤ ਕਰੇ, ਉਸ ਦੇ ਘਰ ਵਾਲੀ ਕਹੇ ਉਸ ਨੂੰ ਗੁਰੂ ਗ੍ਰੰਥ ਸਾਹਿਬ ਜੀ ਨਾਲੋਂ ਆਸ਼ੂਤੋਸ਼ ਜੀ ਮਹਾਰਾਜ ਨੂਰਮਹਿਲੀਏ ਦੀ ਹਜੂਰੀ ਵਿੱਚ ਜਿਆਦਾ ਆਤਮਕ ਸ਼ਾਂਤੀ ਮਿਲਦੀ ਹੈ, ਉਹ ਸ਼ਬਦ ਗੁਰੂ ਨੂੰ ਢਾਹ ਲਾਉਣ ਲਈ ਉਸ ਦੇ ਡੇਰੇ ਉਸਾਰਨ ਵਿੱਚ ਸਹਾਇਤਾ ਕਰੇ, ਉਸ ਦੇ ਪ੍ਰਵਾਰ ਦੇ ਮੈਂਬਰ ਸ਼ਿਵਲਿੰਗ ਪੂਜਾ ਕਰਨ, ਇੱਕ ਪਾਸੇ ਸੇਵਾ ਦੱਸਣੀ ਪਰ ਦੂਸਰੇ ਪਾਸੇ ਗੁਰਦੁਆਰਾ ਚੋਣਾਂ ਵਿੱਚ ਵੋਟਾਂ ਹਾਸਲ ਕਰਨ ਲਈ ਗੁਰੂ ਗ੍ਰੰਥ ਸਾਹਿਬ ਜੀ ਤੇ ਸਿੱਖ ਰਹਿਤ ਮਰਿਆਦਾ ਦੀ ਸਿੱਖਿਆ ਤੇ ਹਦਾਇਤਾਂ ਤੋਂ ਬਿਲਕੁਲ ਉਲਟ ਨਸ਼ੇ ਤੇ ਪੈਸੇ ਵੰਡੇ ਤਾਂ ਕੀ ਉਸ ਨੂੰ ਪੰਥ ਕਹਿਣਾ ਚਾਹੀਦਾ ਹੈ? ਜੇ ਇਸ ਦਾ ਜਵਾਬ ਹਾਂ ਵਿੱਚ ਹੈ ਤਾਂ ਇਹ ‘ਪੰਥ’ ਸ਼ਬਦ ਦੀ ਤੌਹੀਨ ਹੈ। ਅਤੇ ਜੇ ਨਹੀਂ ਤਾਂ ਉਸ ਆਗੂ ਦੀ ਅਗਵਾਈ ਵਿੱਚ ਭ੍ਰਿਸ਼ਟ ਢੰਗਾਂ ਰਾਹੀਂ ਜਿੱਤੀ ਚੋਣ ਨੂੰ ਪੰਥ ਦੀ ਜਿੱਤ ਕਿਵੇਂ ਕਿਹਾ ਜਾ ਸਕਦਾ ਹੈ?

ਦੂਸਰਾ ਦਾਅਵਾ ਕਿ ਸਰਨਾ ਧੜਾ (ਕੁਸੋਧਿਆ) ਨਾਨਕਸ਼ਾਹੀ ਕੈਲੰਡਰ ਮੰਨਣ ਤੋਂ ਇਨਕਾਰੀ ਹੋ ਕੇ 2003 ਵਾਲੇ ਮੂਲ ਨਾਨਕਸ਼ਾਹੀ ਕੈਲੰਡਰ ਅਨੁਸਾਰ ਗੁਰਪੁਰਬ ਤੇ ਸੰਗ੍ਰਾਂਦਾਂ ਮਨਾ ਕੇ ਅਕਾਲ ਤਖ਼ਤ ਨੂੰ ਚੁਣੌਤੀ ਦੇ ਕੇ ਪੰਥ ਵਿੱਚ ਵੰਡੀਆਂ ਪਾ ਰਿਹਾ ਸੀ, ਇਸ ਲਈ ਉਸ ਦੀ ਹਾਰ ਤੇ ਬਾਦਲ ਦਲ ਦੀ ਜਿੱਤ ਅਕਾਲ ਤਖ਼ਤ ਦੀ ਜਿੱਤ ਦੱਸਣਾ ਵੀ ਇੱਕ ਫ਼ਰੇਬ ਹੈ। ਅਸਲ ਵਿੱਚ ਆਰ.ਐੱਸ.ਐੱਸ ਨੂੰ ਜਦੋਂ ਹੀ ਪਤਾ ਲੱਗਾ ਕਿ ਸਿੱਖ ਪੰਥ ਵਦੀਆਂ ਸੁਦੀਆਂ ਦੇ ਘਾਟੇ ਵਾਧੇ ਤੇ ਮੰਨੇ ਗਏ ਸ਼ੁਭ ਦਿਹਾੜੇ ਤੇ ਲੌਂਦ ਮਹੀਨੇ (ਮਲਮਾਸ) ਦੇ ਮਾੜੇ ਹੋਣ ਦੇ ਭ੍ਰਮ ਚੱਕਰ ਵਿੱਚੋਂ ਨਿਕਲ ਕੇ ਆਪਣੀ ਨਿਆਰੀ ਹੋਂਦ ਦਾ ਪ੍ਰਤੀਕ ਨਾਨਕਸ਼ਾਹੀ ਕੈਲੰਡਰ ਤਿਆਰ ਕਰ ਰਿਹਾ ਹੈ, ਜਿਸ ਅਨੁਸਾਰ ਗੁਰਪੁਰਬਾਂ ਦੀਆਂ ਮਿਤੀਆਂ ਸਦਾ ਸਦਾ ਲਈ ਸਥਿਰ ਤਰੀਖਾਂ ਨੂੰ ਆਇਆ ਕਰਨਗੀਆਂ, ਉਸ ਸਮੇਂ ਤੋਂ ਹੀ ਆਰ.ਐੱਸ.ਐੱਸ. ਇਸ ਦਾ ਵਿਰੋਧ ਕਰ ਰਹੀ ਸੀ। ਉਸ ਦੇ ਵਿਰੋਧ ਸਦਕਾ ਹੀ 1999 ਦੀ ਵੈਸਾਖੀ ਨੂੰ ਲਾਗੂ ਹੋਣ ਵਾਲਾ ਕੈਲੰਡਰ 4 ਸਾਲ ਪਛੜ ਕੇ ਆਰ.ਐੱਸ.ਐੱਸ./ਡੇਰਾਵਾਦੀ ਸੋਚ ਵਲੋਂ ਸ਼ੁਭ ਮੰਨੀਆਂ ਜਾਦੀਆਂ ਮੱਸਿਆ, ਪੂਰਨਮਾਸ਼ੀਆਂ ਘੁਸੇੜਨ ਪਿੱਛੋਂ 2003 ਵਿੱਚ ਲਾਗੂ ਹੋ ਸਕਿਆ ਸੀ। ਆਰ.ਐੱਸ.ਐੱਸ. ਨੇ ਉਸ ਸਮੇਂ ਦੇ ਜਥੇਦਾਰ ਗਿਆਨੀ ਪੂਰਨ ਸਿੰਘ ਰਾਹੀਂ ਅਕਾਲ ਤਖ਼ਤ ਦੇ ਨਾਮ ਦੀ ਦੁਰਵਰਤੋਂ ਕਰਕੇ ਪਾਏ ਅੜੀਕੇ ਤੋਂ ਕੋਈ ਵੀ ਅਣਜਾਣ ਨਹੀਂ ਹੈ।

2003 ਵਿਚ ਨਾਨਕਸ਼ਾਹੀ ਕੈਲੰਡਰ ਲਾਗੂ ਹੋਣ ਸਮੇਂ ਵੀ ਆਰ.ਐੱਸ.ਐੱਸ. ਨੇ ਇਸ ਵਿੱਚ ਭਾਰੀ ਅੜੀਕਾ ਪਾਇਆ ਸੀ ਜਿਸ ਦਾ ਖ਼ੁਲਾਸਾ ਸਾਬਕਾ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਵੀ ਕਈ ਵਾਰ ਕਰ ਚੁੱਕੇ ਹਨ। ਆਰ.ਐੱਸ.ਐੱਸ. ਦੀ ਇਸ ਦਖ਼ਲਅੰਦਾਜ਼ੀ ਸਦਕਾ ਅਤੇ ਪੰਥਕ ਹਲਕਿਆਂ ਵੱਲੋਂ ਲਏ ਸਟੈਂਡ ਕਰਕੇ ਹੀ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਨੇ 6 ਦਸੰਬਰ 2000 ਨੂੰ ਇੱਕ ਹੁਕਨਾਮਾ ਜਾਰੀ ਕੀਤਾ ਸੀ ਕਿ ਆਰ.ਐੱਸ.ਐੱਸ. ਸਿੱਖ ਕੌਮ ਅਤੇ ਦੇਸ਼ ਦੀਆਂ ਘੱਟਗਿਣਤੀਆਂ ਲਈ ਖ਼ਤਰੇ ਦੀ ਘੰਟੀ ਹੈ; ਇਸ ਲਈ ਉਹ ਸਿੱਖ ਧਰਮ ਦੇ ਅੰਦਰੂਨੀ ਮਸਲਿਆਂ ਵਿੱਚ ਦਖ਼ਲਅੰਦਾਜ਼ੀ ਬੰਦ ਕਰੇ।

ਅੱਜ ‘ਫ਼ਖ਼ਰ-ਏ-ਕੌਮ, ਪੰਥ ਰਤਨ ਬਣੇ’ ਪ੍ਰਕਾਸ਼ ਸਿੰਘ ਬਾਦਲ ਨੇ ਤੁਰੰਤ 8 ਦਸੰਬਰ ਨੂੰ ਇਸ ਹੁਕਨਾਮੇ ਦਾ ਵਿਰੋਧ ਕਰਦੇ ਹੋਏ ਬਿਆਨ ਦਿੱਤਾ ਸੀ ਕਿ ਆਰ.ਐੱਸ.ਐੱਸ. ਇੱਕ ਦੇਸ਼ ਭਗਤ ਜਥੇਬੰਦੀ ਹੈ ਤੇ ਉਸ ਵਿਰੁੱਧ ਬਿਆਨ ਦੇਣ ਵਾਲੇ ਦੇਸ਼ ਧਰੋਹੀ, ਪੰਜਾਬ ਦੇ ਦੁਸ਼ਮਨ ਅਤੇ ਅਮਨ ਨੂੰ ਅੱਗ ਲਾਉਣ ਵਾਲੇ ਹਨ। ਸ: ਬਾਦਲ ਦਾ ਇਹ ਬਿਆਨ 9 ਦਸੰਬਰ 2000 ਦੇ ਪੰਜਾਬੀ ਟ੍ਰਿਬਿਊਨ ਤੇ ਕਈ ਹੋਰ ਅਖ਼ਬਾਰਾਂ ਵਿੱਚ ਪੜ੍ਹਿਆ ਜਾ ਸਕਦਾ ਹੈ। 2003 ਵਿੱਚ ਲਾਗੂ ਹੋਇਆ ਨਾਨਕਸ਼ਾਹੀ ਕੈਲੰਡਰ ਆਰ.ਐੱਸ.ਐੱਸ. ਦੇ ਰੂਪ ਧਾਰਨ ਕਰ ਚੁੱਕੇ ਸੰਤ ਸਮਾਜ ਅਤੇ ਦੋ ਤਖ਼ਤਾਂ ਨੂੰ ਛੱਡ ਕੇ ਬਾਕੀ ਦੇ ਦੇਸ਼ ਵਿਦੇਸ਼ ਵਿੱਚ ਵਸ ਰਹੇ ਸਾਰੇ ਪੰਥ ਨੇ ਖੁਸ਼ੀ ਖੁਸ਼ੀ ਮੰਨ ਲਿਆ ਸੀ ਤੇ ਕੇਂਦਰ ਸਰਕਾਰ ਤੇ ਸਾਰੀਆਂ ਸੂਬਾ ਸਰਕਾਰਾਂ ਨੇ ਇਸ ਨੂੰ ਮਾਨਤਾ ਦੇ ਦਿੱਤੀ ਸੀ। 2003 ਤੋਂ 2010 ਤੱਕ 7 ਸਾਲ ਸ਼੍ਰੋਮਣੀ ਕਮੇਟੀ ਵਲੋਂ ਛਾਪੇ ਜਾ ਰਹੇ ਨਾਨਕਸ਼ਾਹੀ ਕੈਲੰਡਰ ਦੇ ਮੁੱਢ ਵਿੱਚ ‘ਨਾਨਕਸ਼ਾਹੀ ਕੈਲੰਡਰ ਕਿਉਂ ਤੇ ਕਿਵੇਂ’ ਸਿਰਲੇਖ ਹੇਠ ਲੇਖ ਛਪਦਾ ਰਿਹਾ ਹੈ ਜਿਸ ਵਿੱਚ ਬਿਕ੍ਰਮੀ ਕੈਲੰਡਰ ਦੀਆਂ ਭਾਰੀ ਊਣਤਾਈਆਂ ਤੇ ਨਾਨਕਸ਼ਾਹੀ ਕੈਲੰਡਰ ਦੇ ਕੌਮ ਨੂੰ ਲਾਭ ਸਬੰਧੀ ਵਿਸਥਾਰਤ ਜਾਣਕਾਰੀ ਦਿਤੀ ਜਾਂਦੀ ਰਹੀ ਹੈ। ਇਸ ਕੈਲੰਡਰ ਦੇ ਸੰਦੇਸ਼ ਵਿੱਚ 2006 ਤੋਂ 2010 ਤੱਕ ਮੌਜੂਦਾ ਪ੍ਰਧਾਨ ਅਵਤਾਰ ਸਿੰਘ ਮੱਕੜ ਦੇ ਦਸਤਖ਼ਤ ਵੀ ਛਪਦੇ ਰਹੇ ਹਨ। ਉਸ ਸਮੇਂ ਇਸ ਨਾਨਕਸ਼ਾਹੀ ਕੈਲੰਡਰ ਦਾ ਵਿਰੋਧ ਕਰ ਰਹੇ ਸੰਤ ਸਾਮਜ ਤੇ ਦੋ ਤਖ਼ਤਾਂ ਦੇ ਪ੍ਰਬੰਧਕੀ ਬੋਰਡਾਂ ’ਤੇ ਕਦੇ ਅਕਾਲ ਤਖ਼ਤ ਨੂੰ ਚੁਣੌਤੀ ਦੇਣ ਦੇ ਇਸ ਤਰ੍ਹਾਂ ਦੇ ਇਲਾਜ਼ਾਮ ਨਹੀਂ ਲਾਏ ਗਏ ਜਿਸ ਤਰ੍ਹਾਂ ਅੱਜ ਦਿੱਲੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ’ਤੇ ਲਾਏ ਜਾ ਰਹੇ ਹਨ।

ਕਾਰਣ ਇਹ ਸੀ ਕਿ ਉਨ੍ਹਾਂ ਦੇ ਪਿੱਛੇ ਆਰ.ਐੱਸ.ਐੱਸ. ਦਾ ਹੱਥ ਸੀ ਜਿਸ ਕਾਰਣ ਬਾਦਲ ਉਨ੍ਹਾਂ ਦਾ ਵਿਰੋਧ ਕਰਨ ਦੀ ਸਮਰਥਾ ਨਹੀਂ ਰਖਦਾ। ਅਕਾਲ ਤਖ਼ਤ ਦੀ ਸਰਪ੍ਰਸਤੀ ਹੇਠ ਦੇਸ਼ ਵਿਦੇਸ਼ ਦੇ ਵਿਦਵਾਨਾਂ ਤੇ ਇਤਿਹਾਸਕਾਰਾਂ ਦੇ ਲੰਬੇ ਵੀਚਾਰ ਵਟਾਂਦਰੇ ਪਿੱਛੋਂ ਸ਼੍ਰੋਮਣੀ ਕਮੇਟੀ ਦੇ ਜਨਰਲ ਹਾਊਸ ਅਤੇ ਕਾਰਜਕਾਰਨੀ ਵਲੋਂ ਸਰਬਸੰਮਤੀ ਨਾਲ ਪਾਸ ਕੀਤੇ ਮਤੇ ਅਨੁਸਾਰ ਅਕਾਲ ਤਖ਼ਤ ਤੋਂ ਜਾਰੀ ਕੀਤਾ ਗਿਆ ਨਾਨਕਸ਼ਾਹੀ ਕੈਲੰਡਰ ਅਖੀਰ ਆਰ.ਐੱਸ.ਐੱਸ. ਦੀ ਖ਼ੁਸ਼ੀ ਹਾਸਲ ਕਰਨ ਲਈ 2011 ਦੇ ਸ਼ੁਰੂ ਵਿੱਚ ਸੋਧਾਂ ਦੇ ਨਾਮ ਹੇਠ ਰੱਦ ਕਰ ਦਿੱਤਾ ਗਿਆ। ਉਸ ਉਪ੍ਰੰਤ ਛਪੇ ਕਿਸੇ ਵੀ ਕੁਸੋਧੇ ਨਾਨਕਸ਼ਾਹੀ ਕੈਲੰਡਰ ਵਿੱਚ ਜਾਣਕਾਰੀ ਭਰਪੂਰ ਉਹ ਲੇਖ ‘ਨਾਨਕਸ਼ਾਹੀ ਕੈਲੰਡਰ ਕਿਉਂ ਤੇ ਕਿਵੇਂ’ ਜਾਂ ‘ਸੋਧਾਂ ਕਿਉਂ ਤੇ ਕਿਵੇਂ’ ਛਾਪਣ ਦਾ ਇਹ ਹੀਆਂ ਨਹੀਂ ਕਰ ਰਹੇ ਕਿਉਂਕਿ ਇਹ ਕੁਸੋਧਾਂ ਕੈਲੰਡਰ ਵਿਗਿਆਨ ਤੇ ਇਤਿਹਾਸਕ ਤੱਥਾਂ ’ਤੇ ਪੂਰੀਆਂ ਨਹੀਂ ਉਤਰਦੀਆਂ। ਹਰ ਸਾਲ ਕਈ ਗੁਰਪੁਰਬਾਂ ਮੌਕੇ ਜਦੋਂ ਤਰੀਖਾਂ ਇਤਿਹਾਸ ਨਾਲ ਮੇਲ ਨਹੀਂ ਖਾਂਦੀਆਂ ਤਾਂ ਬਹੁਤ ਸਾਰੇ ਵਿਦਵਾਨਾਂ ਵੱਲੋਂ ਸਵਾਲ ਉਠਾਏ ਜਾਂਦੇ ਹਨ ਤਾਂ ਨਾਨਕਸ਼ਾਹੀ ਕੈਲੰਡਰ ਨੂੰ ਕੁਸੋਧਾ ਲਾਉਣ ਵਾਲੇ ਇਸ ਦਾ ਕੋਈ ਜਵਾਬ ਨਹੀਂ ਦੇ ਸਕਦੇ। ਮਿਸਾਲ ਦੇ ਤੌਰ ’ਤੇ ਇਸ ਕੁਸੋਧੇ ਕੈਲੰਡਰ ਅਨੁਸਾਰ ਸ਼੍ਰੋਮਣੀ ਕਮੇਟੀ ਵੱਲੋਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ 18 ਜਨਵਰੀ 6 ਮਾਘ ਨੂੰ ਮਨਾਉਣ ਸਬੰਧੀ ਇਸ਼ਤਿਹਾਰ ਛਪਵਾਇਆ ਗਿਆ।

ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਜਦ ਪੁੱਛਿਆ ਗਿਆ ਕਿ ਇਹ ਤਰੀਖਾਂ ਤੁਸੀਂ ਕਿਥੋਂ ਲਈਆਂ ਹਨ? ਕਿਉਂਕਿ ਇਤਿਹਾਸ ਮੁਤਾਬਕ ਤਾਂ ਇਹ 22 ਦਸੰਬਰ 23 ਪੋਹ ਸੀ। ਉਨ੍ਹਾਂ ਦਾ ਜਵਾਬ ਸੀ ਸਦੀਆਂ ਤੋਂ ਸੰਗਤਾਂ ਇਹ ਦਿਹਾੜਾ ਪੋਹ ਸੁਦੀ 7 ਨੂੰ ਮਨਾਉਂਦੀਆਂ ਆ ਰਹੀਆਂ ਹਨ। 2013 ਦੇ ਇਸ ਸਾਲ ਪੋਹ ਸੁਦੀ 7 ਕਿਉਂਕਿ 6 ਮਾਘ/ 18 ਜਨਵਰੀ ਨੂੰ ਆ ਰਹੀ ਹੈ ਇਸ ਲਈ ਇਹ ਮਿਤੀਆਂ ਲਿਖੀਆਂ ਗਈਆਂ ਹਨ। ਪੁੱਛਿਆ ਗਿਆ ਕਿ ਪੋਹ ਸੁਦੀ 7 ਨਾ ਤਾਂ ਉਸ ਇਸ਼ਤਿਹਾਰ ਵਿੱਚ ਦਰਜ ਹੈ, ਨਾ ਹੀ ਤੁਹਾਡੇ ਵੱਲੋਂ ਕੁਸੋਧੇ ਨਾਨਕਸ਼ਾਹੀ ਕੈਲੰਡਰ ਵਿੱਚ ਹੈ ਤੇ ਨਾ ਹੀ ਮੇਰੇ ਵੱਲੋਂ ਪੁੱਛੇ ਜਾਣ ਤੱਕ ਤੁਸੀਂ ਇਸ ਦਾ ਜ਼ਿਕਰ ਕੀਤਾ ਹੈ। ਨਾ ਹੀ ਸੁਦੀਆਂ ਵਦੀਆਂ ਦੀਆਂ ਦੀਆਂ ਤਿਥਾਂ ਦੀ ਆਮ ਲੋਕਾਂ ਨੂੰ ਸਮਝ ਲਗਦੀ ਹੈ ਕਿ ਇਹ ਤਿਥ ਕਿਸ ਦਿਨ ਆਵੇਗੀ। ਜੇ ਸੰਗਤਾਂ ਨੂੰ ਪੋਹ ਸੁਦੀ 7 ਦੱਸਣ ਲਈ ਬਿਕ੍ਰਮੀ ਸੂਰਜੀ ਕੈਲੰਡਰ ਅਤੇ ਈਸਵੀ ਕੈਲੰਡਰ ਦਾ ਹੀ ਸਹਾਰਾ ਲੈਣਾ ਪੈਂਦਾ ਹੈ ਤਾਂ ਕਿਉਂ ਨਾ ਇਤਿਹਾਸ ਮੁਤਾਬਕ ਸਹੀ ਮਿਤੀ 23 ਪੋਹ ਜਾਂ 22 ਦਸੰਬਰ ਰੱਖ ਲਈ ਜਾਂਦੀ।

2003 ਵਿੱਚ ਲਾਗੂ ਹੋਏ ਨਾਨਕਸ਼ਾਹੀ ਕੈਲੰਡਰ ਵਿੱਚ 23 ਪੋਹ ਰੱਖੀ ਗਈ ਸੀ ਜਿਹੜੀ ਹਰ ਸਾਲ 5 ਜਨਵਰੀ ਨੂੰ ਹੀ ਆਉਂਦੀ ਸੀ ਤਾਂ ਉਸ ਵਿੱਚ ਗੁਰਮਤਿ ਦੇ ਕਿਹੜੇ ਸਿਧਾਂਤ ਜਾਂ ਇਤਿਹਾਸਕ ਸਰੋਤ ਦਾ ਵਿਰੋਧ ਹੁੰਦਾ ਹੈ? ਜਿਸ ਕਾਰਣ ਤੁਹਾਨੂੰ ਇਹ ਸੋਧ ਕਰਨੀ ਪਈ। ਆਰ.ਐੱਸ.ਐੱਸ. ਵਲੋਂ ਹਥਿਆਰ ਦੇ ਤੌਰ ’ਤੇ ਵਰਤੇ ਜਾ ਰਹੇ ਜਥੇਦਾਰ ਜੀ, ਸੰਤ ਸਮਾਜ ਅਤੇ ਬਾਦਲ ਦਲ ਦਾ ਕੋਈ ਵੀ ਵਿਦਵਾਨ ਇਸ ਦਾ ਜਵਾਬ ਦੇ ਕੇ ਸੰਤੁਸ਼ਟ ਨਹੀਂ ਕਰਵਾ ਸਕਦਾ।

ਦਿੱਲੀ ਦੇ 42% ਅ-ਸਿੱਖਾਂ ਵਲੋਂ ਚੁਣੇ ਗਏ ਓਂਕਾਰ ਥਾਪਰ ਦਾ ਅਸਲੀ ਚਿਹਰਾ - ਪਰ ਹੁਣ ਕੋਈ ਫਰਕ ਨਹੀਂ ਪੈਣ ਲੱਗਾ, ਦਿੱਲੀ ਦੇ ਸਿੱਖ ਵੀ ਵਿੱਕ ਚੁਕੇ ਹਨ...

ਭਾਰਤ ਵਿੱਚ ਗੁਰਦੁਆਰਾ ਬੰਗਲਾ ਸਾਹਿਬ ਦੀ ਇੱਕੋ ਇੱਕ ਪ੍ਰਭਾਵਸ਼ਾਲੀ ਸਟੇਜ਼ ਬਚੀ ਸੀ ਜਿਥੋਂ ਅਜਿਹੇ ਸਵਾਲ ਪੁੱਛੇ ਜਾਂਦੇ ਸਨ ਇਸ ਲਈ ਸਰਨਾ ਨੂੰ ਇਸ ਵਿੱਚ ਰੋੜਾ ਸਮਝਦੇ ਹੋਏ ਸਿੱਖ ਸਿਆਸਤ ਤੋਂ ਲਾਂਭੇ ਕਰਨ ਲਈ ਆਰ.ਐੱਸ.ਐੱਸ. ਸੋਚ ਬਹੁਤ ਦੇਰ ਤੋਂ ਉਤਾਵਲੀ ਸੀ ਅਖੀਰ ਉਹ ਸਫਲ ਹੋ ਗਏ। ਇਸ ਲਈ ਇਹ ਪੰਥ ਜਾਂ ਅਕਾਲ ਤਖ਼ਤ ਦੀ ਜਿੱਤ ਨਹੀਂ ਬਲਕਿ ਬੁਰੀ ਤਰ੍ਹਾਂ ਹਾਰ ਹੋਈ ਹੈ ਕਿਉਂਕਿ ‘ਮਿਟੀ ਮੁਸਲਮਾਨ ਕੀ ਪੇੜੈ ਪਈ ਕੁਮ੍‍ਆਰ ॥’ (ਆਸਾ ਕੀ ਵਾਰ ਮ: 1, ਗੁਰੂ ਗ੍ਰੰਥ ਸਾਹਿਬ -ਪੰਨਾ 466) ਵਿੱਚ ਇਕ ਸ਼ਬਦ ‘ਮੁਸਲਮਾਨ’ ਨੂੰ ਬਦਲ ਕੇ ‘ਬੇਈਮਾਨ’ ਦਸਣ ਕਰਕੇ ਗੁਰੂ ਹਰਿਰਾਏ ਸਾਹਿਬ ਜੀ ਵਲੋਂ ਆਪਣੇ ਵੱਡੇ ਸਾਹਿਬਜ਼ਾਦੇ ਰਾਮਰਾਏ ਨੂੰ ਮੱਥੇ ਨਾ ਲੱਗਣ ਦਾ ਹੁਕਮ ਅਤੇ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਦਾਦੂ ਦੀ ਕਬਰ ’ਤੇ ਤੀਰ ਨਾਲ ਨਮਸ਼ਕਾਰ ਕਰਨ ’ਤੇ ਸਿੱਖਾਂ ਵਲੋਂ ਉਨ੍ਹਾਂ ਨੂੰ ਤਨਖ਼ਾਹ ਲਾਉਣ ਦੀਆਂ ਦੋ ਸਾਖੀਆਂ ਸਿੱਖਾਂ ਨੂੰ ਹਮੇਸ਼ਾਂ ਯਾਦ ਕਰਵਾਉਂਦੀਆਂ ਹਨ ਕਿ ਕੋਈ ਕਿੱਡਾ ਵੀ ਵੱਡਾ ਹੋਵੇ ਉਸ ਵੱਲੋਂ ਗੁਰਬਾਣੀ ਤੇ ਸਿਧਾਂਤ ਨਾਲ ਕੀਤੀ ਛੇੜਛਾੜ ਬ੍ਰਦਾਸ਼ਤ ਨਹੀਂ ਕੀਤੀ ਜਾ ਸਕਦੀ ਤੇ ਵੱਡੇ ਤੋਂ ਵੱਡੇ ਵਿਅਕਤੀ ਤੋਂ ਸਪਸ਼ਟੀਕਰਣ ਮੰਗਣ ਤੇ ਸਵਾਲ ਜਵਾਬ ਕਰਨ ਦਾ ਸਿੱਖ ਨੂੰ ਅਧਿਕਾਰ ਹੈ।

ਪਰ ਅੱਜ ਗੁਰਬਾਣੀ ਵਿੱਚ ਸਰਬਵਿਆਪੀ ਪ੍ਰਭੂ ਲਈ ਵਰਤੇ ਗਏ ਸ਼ਬਦ ‘ਰਾਮ’ ਨੂੰ ਅਯੁਧਿਆ ਦੇ ਰਾਜੇ ‘ਰਾਮ’ ਦੇ ਅਰਥ ਕਰਕੇ ਰਾਮਰਾਏ ਵਾਲੀ ਗਲਤੀ ਕਰਨ ਵਾਲੇ ਅਕਾਲੀ ਆਗੂ ਨੂੰ ਤਨਖ਼ਾਹੀਆਂ ਕਰਾਰ ਦੇਣ ਦੀ ਥਾਂ ਉਸ ਨੂੰ ਸ਼ਾਨਦਾਰ ਜਿੱਤ ਦਿਵਾ ਕੇ ਖੁਸ਼ੀ ’ਚ ਭੰਗੜੇ ਪਾ ਕੇ ਪੰਥ ਤੇ ਅਕਾਲ ਤਖ਼ਤ ਦੀ ਜਿੱਤ ਦੱਸਣ ਵਾਲਿਆਂ ਨੇ ਅੱਜ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਸਵਾਲ ਕਰਨ ਦਾ ਸਿੱਖਾਂ ਨੂੰ ਦਿੱਤਾ ਅਧਿਕਾਰ ਖੋਹ ਲਿਆ ਹੈ। ਇਸ ਕਰਕੇ ਇਸ ਨੂੰ ਪੰਥ ਦੀ ਹਾਰ ਕਹਿਣਾ ਹੀ ਜਿਆਦਾ ਢੁੱਕਵਾਂ ਹੈ।

ਦਿੱਲੀ ਦੁਰਦੁਆਰਾ ਚੋਣਾਂ ਜਿੱਤਣ ਉਪ੍ਰੰਤ ਸ਼੍ਰੋਮਣੀ ਕਮੇਟੀ ਪ੍ਰਧਾਨ ਅਵਤਾਰ ਸਿੰਘ ਮੱਕੜ ਨੂੰ ਜਿੱਤ ਦੀਆਂ ਵਧਾਈਆਂ ਦੇਣ ਉਪ੍ਰੰਤ ਪੁੱਛਿਆ ਗਿਆ, ਕਿ ਖ਼ੁਸ਼ੀ ਦੀ ਗੱਲ ਹੈ ਕਿ ਅਕਾਲ ਤਖ਼ਤ ਦੀ ਸਰਬਉਚਤਾ ਨੂੰ ਚੋਣ ਮੁੱਦਾ ਬਣਾ ਕੇ ਪੰਥ ਨੇ ਇਹ ਚੋਣ ਜਿੱਤ ਲਈ ਹੈ। ਕੀ ਹੁਣ ਦਸੰਬਰ 2000 ਵਿਚ ਆਰ.ਐੱਸ.ਐੱਸ. ਵਿਰੁੱਧ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਵੱਲੋਂ ਜਾਰੀ ਕੀਤਾ ਹੁਕਮਨਾਮਾ ਵੀ ਲਾਗੂ ਕਰਵਾ ਕੇ ਅਕਾਲ ਤਖ਼ਤ ਦੀ ਸਰਬਉਚਤਾ ਬਹਾਲ ਕਰਵਾਈ ਜਾਵੇਗੀ?

ਸ: ਮੱਕੜ ਦਾ ਜਵਾਬ ਸੀ ਕਦੋਂ ਦਾ ਵੇਦਾਂਤੀ ਹਟਾਇਆ ਗਿਆ ਹੈ। ਹੁਣ ਜਦੋਂ ਕਿਸੇ ਨੇ ਉਹ ਮੁੱਦਾ ੳਠਾਇਐ ਹੀ ਨਹੀਂ, ਤਾਂ ਤੁਸੀਂ ਉਸ ਸਬੰਧੀ ਪੁੱਛ ਕੇ ਇਹ ਨਵਾਂ ਭੰਬਲਭੂਸਾ ਕਿਉਂ ਪਾਉਣਾ ਚਾਹੁੰਦੇ ਹੋ?

ਪੁੱਛਿਆ ਗਿਆ ਕੀ ਅਕਾਲ ਤਖ਼ਤ ਦਾ ਜਥੇਦਾਰ ਬਦਲਣ ਨਾਲ ਉਸ ਵੱਲੋਂ ਜਾਰੀ ਕੀਤੇ ਹੁਕਮਨਾਮੇ ਵੀ ਰੱਦ ਹੋ ਜਾਂਦੇ ਹਨ?

ਮੱਕੜ ਦਾ ਜਵਾਬ ਸੀ: ਤੁਹਾਨੂੰ ਕਿਸ ਨੇ ਕਿਹਾ ਹੈ ਕਿ ਉਹ ਹੁਕਮਨਾਮਾ ਰੱਦ ਕਰ ਦਿੱਤਾ ਹੈ?

ਪੁੱਛਿਆ ਗਿਆ ਜੇ ਰੱਦ ਨਹੀਂ ਕੀਤਾ ਤਾਂ ਜਿਸ ਤਰ੍ਹਾਂ ਸ: ਸਰਨਾ ਵੱਲੋਂ ਕੁਸੋਧਿਆ ਨਾਨਕਸ਼ਾਹੀ ਕੈਲੰਡਰ ਮੰਨਣ ਤੋਂ ਇਨਕਾਰ ਕਰਨ ਕਰਕੇ ਉਸ ਨੂੰ ਅਕਾਲ ਤਖ਼ਤ ਵਿਰੋਧੀ ਹੋਣ ਦਾ ਚੋਣ ਮੁੱਦਾ ਬਣਾਇਆ ਗਿਆ ਸੀ, ਉਸੇ ਤਰ੍ਹਾਂ ਜਿਹੜੇ ਦੂਸਰੇ ਹੁਕਮਨਾਮੇ ਮੰਨਣ ਤੋਂ ਇਨਕਾਰੀ ਹਨ ਉਨ੍ਹਾਂ ਵਿਰੁੱਧ ਵੀ ਚੋਣ ਮੁੱਦਾ ਬਣਾ ਕੇ ਚੋਣ ਲੜ ਲਈ ਜਾਵੇ।

ਸ: ਮੱਕੜ ਦਾ ਜਵਾਬ ਸੀ ਤੁਸੀਂ ਜੋ ਮਰਜੀ ਕਹੋ, ਸਰਨਾ ਪੰਥ ਦਾ ਗਦਾਰ ਹੈ ਤੇ ਅਕਾਲ ਤਖ਼ਤ ਦਾ ਵਿਰੋਧੀ ਸੀ। ਉਹ ਚੋਣ ਬੁਰੀ ਤਰ੍ਹਾਂ ਚੋਣ ਹਾਰ ਗਿਆ ਹੈ। ਹੁਣ ਨਾਨਕਸ਼ਾਹੀ ਕੈਲੰਡਰ ਲਾਗੂ ਹੋਵੇਗਾ।

ਕਿਹਾ ਗਿਆ ਕਿ ਮੈਂ ਇਸ ਤੋਂ ਇਨਕਾਰੀ ਨਹੀਂ ਕਿ ਆਰ.ਐੱਸ.ਐੱਸ. ਨੂੰ ਖ਼ੁਸ ਕਰਨ ਲਈ ਨਾਨਕਸ਼ਾਹੀ ਕੈਲੰਡਰ ਦਾ ਭੋਗ ਪੈ ਚੁੱਕਾ ਹੈ ਪਰ ਮੈਂ ਇਹ ਪੁੱਛਣਾਂ ਚਾਹੁੰਦਾ ਹਾਂ ਕਿ ਜਿਸ ਤਰ੍ਹਾਂ ਕੁਸੋਧੇ ਨਾਨਕਸ਼ਾਹੀ ਕੈਲੰਡਰ ਨੂੰ ਲਾਗੂ ਕਰਨ ਲਈ ਤੁਸੀਂ ਪੱਬਾਂ ਭਾਰ ਹੋਏ ਸੀ ਉਸ ਤਰ੍ਹਾਂ ਬਾਕੀ ਦੇ ਹੋਰ ਹੁਕਮਨਾਮੇ ਲਾਗੂ ਕਰਨ ਲਈ ਜੋਰ ਕਿਉਂ ਨਹੀਂ ਲਾਇਆ ਜਾਂਦਾ?

ਜਵਾਬ ਵਿੱਚ ਸ: ਮੱਕੜ ਨੇ ਕਿਹਾ ਇਹ ਤੁਸੀਂ ਜਥੇਦਾਰ ਨੂੰ ਪੁੱਛੋ।

ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਪੁੱਛਣ ਲਈ ਦਿਨ ਵਿੱਚ ਕਈ ਵਾਰ ਕੋਸ਼ਿਸ਼ ਕੀਤੀ ਗਈ ਪਰ ਉਨ੍ਹਾਂ ਦਾ ਫ਼ੋਨ ਬੰਦ ਆ ਰਿਹਾ ਸੀ। ਜੇ ਫ਼ੋਨ ਮਿਲ ਵੀ ਜਾਂਦਾ ਤਾਂ ਵੀ ਉਨ੍ਹਾਂ ਦਾ ਘੜਿਆ ਘੜਾਇਆ ਉਤਰ ਹੋਣਾ ਸੀ- ‘ਉਸ ਸਬੰਧੀ ਗਿਆਨੀ ਵੇਦਾਂਤੀ ਨੂੰ ਪੁੱਛੋ, ਮੈਂ ਤਾਂ ਸਿਰਫ ਉਨ੍ਹਾਂ ਹੁਕਨਾਮਿਆਂ ਦਾ ਜਿੰਮੇਵਾਰ ਹਾਂ ਜਿਹੜੇ ਹੁਕਮਨਾਮੇ ਮੈਂ ਜਾਰੀ ਕੀਤੇ ਹਨ।’ ਕਿਉਂਕਿ ਇਸ ਦਾ ਤਜਰਬਾ ਮੈਨੂੰ ਪਹਿਲਾਂ ਕਈ ਵਾਰ ਉਨ੍ਹਾਂ ਵੱਲੋਂ ਇਹੀ ਜਵਾਬ ਸੁਣਨ ਦਾ ਹੋ ਚੁੱਕਾ ਹੈ।

ਵੈਸੇ ਇਹ ਕਹਿਣਾਂ ਵੀ ਜਥੇਦਾਰ ਦੀ ਬੇਈਮਾਨੀ ਹੈ ਕਿਉਂਕਿ ਗਿਆਨੀ ਵੇਦਾਂਤੀ ਵਲੋਂ ਜਾਰੀ ਕੀਤੇ ਤਕਰੀਬਨ ਸਾਰੇ ਹੁਕਨਾਮਿਆਂ ’ਤੇ ਬਤੌਰ ਮੁੱਖ ਗ੍ਰੰਥੀ ਦਰਬਾਰ ਸਾਹਿਬ ਗਿਆਨੀ ਗੁਰਬਚਨ ਸਿੰਘ ਦੇ ਵੀ ਉਨ੍ਹਾਂ ’ਤੇ ਦਸਤਖ਼ਤ ਹੁੰਦੇ ਸਨ। ਜੇ ਕਰ ਉਹ ਬਤੌਰ ਜਥੇਦਾਰ ਜਾਰੀ ਕੀਤੇ ਹੁਕਨਾਮਿਆਂ ਦੀ ਜਿੰਮੇਵਾਰੀ ਹੀ ਲਵੇ ਤਾਂ ਵੀ ਦਸੰਬਰ 2012 ’ਚ ਇਸ ਨੇ ਹੁਕਮਨਾਮਾ ਜਾਰੀ ਕੀਤਾ ਸੀ, ‘ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਜੋੜਮੇਲੇ ਨੂੰ ਸਿਆਸੀ ਸਟੇਜ਼ ਵਜੋਂ ਨਾ ਵਰਤਿਆ ਜਾਵੇ।’ ਪਰ ਬਾਦਲ ਦਲ ਸਮੇਤ ਸਾਰਿਆਂ ਨੇ ਇਸ ਹੁਕਮਨਾਮੇ ਦੀਆਂ ਧੱਜੀਆਂ ਉਡਾਈਆਂ। ਇਸ ਹੁਕਮਨਾਮੇ ਦੀ ਉਲੰਘਣਾਂ ਦਾ ਦੋਸ਼ੀ ਬਾਦਲ ਦਲ ਹੋਣ ਕਰਕੇ ਬਾਕੀ ਦੇ ਸਾਰੇ ਵਿਰੋਧੀ ਵੀ ਬਖ਼ਸ਼ੇ ਗਏ। ਇਸ ਦਾ ਭਾਵ ਹੈ ਕਿ ਹੁਕਮਨਾਮੇ ਅਕਾਲ ਤਖ਼ਤ ਦੇ ਨਹੀਂ ਉਨ੍ਹਾਂ ਜਥੇਦਾਰਾਂ ਦੇ ਹਨ ਜਿਨ੍ਹਾਂ ਨੂੰ ਗੈਸਟ ਹਾਊਸ ਵਿੱਚ ਬੈਠ ਕੇ ਬਾਦਲ ਸਮਰਥਕ 8 ਕਾਰਜਕਾਰੀ ਮੈਂਬਰ ਨਿਯੁਕਤ ਕਰ ਸਕਦੇ ਹਨ ਤੇ ਰਾਤ ਨੂੰ 11 ਵਜੇ ਸੁੱਤੇ ਪਏ ਨੂੰ ਉਠਾ ਕੇ ਉਸ ਤੋਂ ਦੋ ਮੈਂਬਰ ਜਾ ਕੇ ਜ਼ਬਰੀ ਅਸਤੀਫਾ ਲੈ ਸਕਦੇ ਹਨ ਜਾਂ ਬਾਥਰੂਮ ਵਿਚ ਨਹਾਉਣ ਜਾ ਰਹੇ ਨੂੰ ਰੋਕ ਕੇ ਕਹਿ ਸਕਦੇ ਹਨ ਕਿ ਪਹਿਲਾਂ ਅਸਤੀਫ਼ੇ ’ਤੇ ਦਸਤਖ਼ਤ ਕਰ ਦਿਓ, ਨਹਾਉਣਾਂ ਬਾਅਦ ਵਿੱਚ ਸ਼ੁਰੂ ਕਰਨਾ।

ਜੇ ਕੋਈ ਅਸਤੀਫ਼ਾ ਦੇਣ ਲਈ ਨਾ ਮੰਨੇ ਤਾਂ ਉਸ ਨੂੰ ਭਾਈ ਰਣਜੀਤ ਸਿੰਘ, ਗਿਆਨੀ ਪੂਰਨ ਸਿੰਘ, ਪ੍ਰੋ: ਮਨਜੀਤ ਸਿੰਘ ਵਾਂਗ ਬਰਖ਼ਾਸਤ ਕਰਕੇ ਮੱਖਣ ਵਿੱਚੋਂ ਵਾਲ ਵਾਂਗ ਕੱਢ ਕੇ ਬਾਹਰ ਸੁੱਟ ਸਕਦੇ ਹਨ। ਬੇਸ਼ਕ ਸਿੱਖੀ ਸਿਧਾਂਤਾਂ ਦੀ ਪਾਲਣਾਂ ਕਰਨ ਲਈ ਇਹ ਅਖੌਤੀ ਸਿੰਘ ਸਾਹਿਬ ਕੋਈ ਵੀ ਹੁਕਮਨਾਮਾ ਐਸਾ ਜਾਰੀ ਨਹੀਂ ਕਰ ਸਕਦੇ ਜਿਹੜਾ ਕਾਬਜ਼ ਧੜੇ ਦੇ ਹਿੱਤਾਂ ਦੇ ਅਨੂਕੂਲ ਨਾ ਹੋਵੇ ਪਰ ਫਿਰ ਵੀ ਸਮੇਂ ਅਨੁਸਰ ਤੇ ਹੋਰ ਕਾਰਣਾਂ ਕਰਕੇ ਕਈ ਐਸੇ ਹੁਕਮਨਾਮੇ ਜਾਰੀ ਹੋ ਜਾਂਦੇ ਹਨ ਜਿਹੜੇ ਕਾਬਜ਼ ਧੜੇ ਨੂੰ ਮਾਫਕ ਨਹੀਂ ਹੁੰਦੇ ਉਨ੍ਹਾਂ ਨੂੰ ਲਾਗੂ ਕਰਵਾ ਕੇ ਅਕਾਲ ਤਖ਼ਤ ਦੀ ਸਰਬਉਚਤਾ ਦਾ ਢੋਲ ਕਦੀ ਨਹੀਂ ਪੁੱਟਿਆ ਜਾਂਦਾ।

ਇਨ੍ਹਾਂ ਪ੍ਰਸਥਿਤੀਆਂ ਵਿੱਚ ਅਖੌਤੀ ਪੰਥ ਅਤੇ ਅਕਾਲ ਤਖ਼ਤ ਦੀ ਜਿੱਤ ਦੀ ਖੁਸ਼ੀ ਵਿੱਚ ਢੋਲ ਢਮੱਕਾ ਬਜਾਉਣ ਵਾਲੇ ਦੱਸਣ ਕਿ ਇਹ ਕਿਹੜੇ ਪੰਥ ਦੀ ਜਿੱਤ ਹੈ! ਜਾਂ ਅਕਾਲ ਤਖ਼ਤ ਦੇ ਕਿਹੜੇ ਰੂਪ ਦੀ ਜਿੱਤ ਹੈ!! ਜਾਂ ਸਹੀ ਅਰਥਾਂ ਵਿੱਚ ਬਾਦਲ ਰਾਹੀਂ ਆਰ.ਐੱਸ.ਐੱਸ. ਦੀ ਜਿੱਤ ਹੈ!!! ਆਰ.ਐੱਸ.ਐੱਸ. ਦੀ ਇਸ ਜਿੱਤ ਲਈ ਕੁਝ ਕਸੂਰਵਾਰ ਪਰਮਜੀਤ ਸਿੰਘ ਸਰਨਾ ਵੀ ਹੈ। ਬੇਸ਼ੱਕ ਉਨ੍ਹਾਂ ਦੇ ਪ੍ਰਬੰਧਕੀ ਦੋਸ਼ਾਂ ਨੂੰ ਵੀ ਚੋਣ ਮੁੱਦੇ ਦੇ ਤੌਰ ’ਤੇ ਖ਼ੂਬ ਉਛਾਲਿਆ ਗਿਆ ਸੀ ਪਰ ਹਾਰ ਲਈ ਇਕੱਲਾ ਉਸ ਦਾ ਭ੍ਰਿਸ਼ਟਾਚਾਰ ਅਤੇ ਗਲਤ ਫੈਸਲੇ ਜਿੰਮੇਵਾਰ ਨਹੀਂ ਹਨ ਕਿਉਂਕਿ ਜੇ ਇਹੀ ਕਾਰਣ ਹੁੰਦੇ ਤਾਂ ਬਾਦਲ ਹਰ ਮਸਲੇ ਵਿੱਚ ਇਸ ਤੋਂ 10 ਗੁਣਾਂ ਵੱਧ ਦੋਸ਼ੀ ਹੈ।

ਅਸਲ ਕਾਰਣ ਇਹ ਹੈ ਕਿ ਆਰ.ਐੱਸ.ਐੱਸ. ਦੇ ਸੈੱਲ ਭਾਵੇਂ ਭਾਜਪਾ ਵਿੱਚ ਹੋਣ ਤੇ ਭਾਵੇਂ ਕਾਂਗਰਸ ਜਾਂ ਕਿਸੇ ਹੋਰ ਪਾਰਟੀ ਵਿੱਚ ਉਹ ਸਾਰੇ ਘੱਟ ਗਿਣਤੀ ਵਿਰੋਧੀ ਹਨ। ਬਦਕਿਸਮਤੀ ਨਾਲ ਪੰਥਕ ਸੋਚ ਤੋਂ ਕਿਨਾਰਾ ਕਰਨ ਵਾਲੇ ਸਾਰੇ ਦਲ ਗੋਲਕ ’ਤੇ ਕਬਜ਼ੇ ਲਈ ਇਨ੍ਹਾਂ ਦੋਵਾਂ ਮੁੱਖ ਪਾਰਟੀਆਂ ਵਿੱਚੋਂ ਇੱਕ ਇੱਕ ਦੇ ਥੱਲੇ ਲੱਗ ਚੁਕੇ ਹਨ। ਘੱਟ ਗਿਣਤੀ ਵਿਰੋਧੀ ਪਾਰਟੀਆਂ ਦੇ ਆਗੂਆਂ ਨੇ ਚੰਗੀ ਤਰ੍ਹਾਂ ਭਾਂਪ ਲਿਆ ਹੈ ਕਿ ਸਿੱਖੀ ਵਿਰੋਧੀ ਕੁਹਾੜਾ ਵਰਤਣ ਲਈ ਦਸਤਾ ਬਾਦਲ ਤੋਂ ਚੰਗਾ ਹੋਰ ਕੋਈ ਸਿੱਖ ਨਹੀਂ ਹੋ ਸਕਦਾ।

ਇਸ ਲਈ ਉਨ੍ਹਾਂ ਦੋਵਾਂ ਹੀ ਪਾਰਟੀਆਂ ਨੇ ਸਾਰੀਆਂ ਪੰਥਕ ਸੰਸਥਾਵਾਂ ’ਤੇ ਬਾਦਲ ਦਾ ਕਬਜ਼ਾ ਕਰਵਾਉਣ ਲਈ ਸਿਰ ਤੋੜ ਜਤਨ ਕੀਤੇ ਤੇ ਹਰ ਸਾਧਨ ਵਰਤਿਆ। ਪੰਜਾਬ ਦੀ ਸਾਰੀ ਬਾਦਲ ਕੈਬਨਿਟ, ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਨੇ 2-3 ਹਫਤੇ ਦਿੱਲੀ ਵਿੱਚ ਡੇਰੇ ਲਾ ਰੱਖੇ ਜਿਨ੍ਹਾਂ ਨੇ ਨਸ਼ੇ, ਪੈਸੇ ਤੇ ਅਹੁਦੇ ਵੰਡਣ ਤੋਂ ਇਲਾਵਾ ਹੋਰ ਹਰ ਭ੍ਰਿਸ਼ਟ ਢੰਗ ਸ਼ਰੇਆਮ ਵਰਤੇ ਤੇ ਲੱਗਪਗ ਅੱਧੀ ਪੰਜਾਬ ਪੁਲਿਸ ਦਿੱਲੀ ਵਿੱਚ ਵੋਟਰਾਂ ਦੀ ਸੀਆਈਡੀ ਕਰਨ ਲਈ ਤਾਇਨਤ ਸੀ। ਸਰਨੇ ਨੇ ਸ਼ੀਲਾ ਦਿਕਸ਼ਤ ਦੀ ਸਰਕਾਰ ’ਤੇ ਭਰੋਸਾ ਰੱਖਿਆ ਕਿ ਉਹ ਇਨ੍ਹਾਂ ਨੂੰ ਨੱਥ ਪਾਏਗੀ ਪਰ ਉਸ ਨੇ ਕੋਈ ਕਾਰਵਾਈ ਨਾ ਕੀਤੀ ਕਿਉਂਕਿ ਅੰਦਰੋਂ ਉਹ ਬਾਦਲ ਨੂੰ ਜਿਤਾਉਣ ਦੇ ਹੱਕ ਵਿੱਚ ਸੀ।

ਸ਼੍ਰੋਮਣੀ ਕਮੇਟੀ ਚੋਣਾਂ ਤੋਂ ਪਹਿਲਾਂ ਜੇ ਕਦੀ ਕੈਪਟਨ ਅਮਰਿੰਦਰ ਸਿੰਘ ਬਿਆਨ ਵੀ ਦੇ ਦਿੰਦਾ ਸੀ ਕਿ ਉਹ ਚੰਗੇ ਉਮੀਦਵਾਰਾਂ ਦੀ ਮੱਦਦ ਕਰਨਗੇ ਤਾਂ ਹਾਈ ਕਮਾਂਡ ਵਲੋਂ ਝੱਟ ਬਿਆਨ ਆ ਜਾਂਦਾ ਸੀ ਕਿ ਕਾਂਗਰਸ ਧਰਮ ਨਿਰਪੱਖ ਪਰਟੀ ਹੈ ਇਸ ਲਈ ਸਾਡਾ ਕੋਈ ਆਗੂ ਜਾਂ ਵਰਕਰ ਸਿੱਧੇ ਜਾਂ ਅਸਿੱਧੇ ਰੂਪ ਵਿੱਚ ਕਿਸੇ ਧਾਰਮਕ ਚੋਣ ਵਿੱਚ ਹਿੱਸਾ ਨਹੀਂ ਲਵੇਗਾ। ਪਰ ਦਿੱਲੀ ਵਿੱਚ ਕਾਂਗਰਸ ਵਿਧਾਇਕ ਤਰਵਿੰਦਰ ਸਿੰਘ ਮਰਵਾਹਾ ਤੇ ਕਾਂਗਰਸ ਸਮਰਥਕ ਜਸਜੀਤ ਸਿੰਘ ਟੋਨੀ ਨੇ ਆਪਣੀਆਂ ਪਾਰਟੀਆਂ ਬਣਾ ਕੇ ਚੋਣਾਂ ਲੜੀਆਂ। ਕਿਸੇ ਆਗੂ ਦਾ ਉਨ੍ਹਾਂ ਵਿਰੁੱਧ ਬਿਆਨ ਨਹੀਂ ਆਇਆ ਕਿਉਂਕਿ ਉਨ੍ਹਾਂ ਨੂੰ ਪਤਾ ਸੀ ਕਿ ਉਹ ਜਿੰਨੀਆਂ ਵੀ ਵੋਟਾਂ ਲਿਜਾਣਗੇ ਉਸ ਦਾ ਸਿੱਧਾ ਨੁਕਸਾਨ ਸਰਨਾ ਧੜੇ ਨੂੰ ਹੀ ਹੋਵੇਗਾ। ਉਨ੍ਹਾਂ ਦੋਵਾਂ ਦੇ ਬਿਆਨ ਵੀ ਆ ਚੁੱਕੇ ਹਨ ਕਿ ਉਨ੍ਹਾਂ ਦਾ ਟੀਚਾ ਸਰਨਾ ਨੂੰ ਹਰਾਉਣ ਦਾ ਸੀ ਉਹ ਪੂਰਾ ਹੋ ਚੁੱਕਾ ਹੈ।

ਦੂਸਰਾ ਨੁਕਸਾਨ ਸਰਨਾ ਧੜਾ ਨੂੰ ਇਹ ਵੀ ਹੋਇਆ ਹੈ, ਕਿ ਇਕ ਪਾਸੇ ਤਾਂ ਉਹ ਪ੍ਰੋ: ਦਰਸ਼ਨ ਸਿੰਘ ਨੂੰ ਹਜੂਰ ਸਾਹਿਬ ਆਪਣੇ ਜਥੇ ਦੇ ਨਾਲ ਲੈ ਕੇ ਗਏ, ਜਿੱਥੇ ਉਨ੍ਹਾਂ ਅਖੌਤੀ ਦਸਮ ਗ੍ਰੰਥ ਨੂੰ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਪ੍ਰਕਾਸ਼ ਕੀਤੇ ਜਾਣ ਦਾ ਸਵਾਲ ਖੜ੍ਹਾ ਕੀਤਾ। ਸਰਨਾ ਨੇ ਖ਼ੁਦ ਨਾਨਕਸ਼ਾਹੀ ਕੈਲੰਡਰ ਵਿੱਚ ਕੀਤੀਆਂ ਕੁਸੋਧਾਂ ਦਾ ਡਟਵਾਂ ਵਿਰੋਧ ਕੀਤਾ ਜਿਸ ਕਾਰਣ ਆਰ.ਐੱਸ.ਐੱਸ. ਦੇ ਕੁਹਾੜੇ ਵਿੱਚ ਦਸਤੇ ਬਣੇ ਸਾਰੇ ਡੇਰਾਦਾਰ ਉਨ੍ਹਾਂ ਦੇ ਵਿਰੁੱਧ ਹੋ ਗਏ।

ਪਰ ਦੂਸਰੇ ਪਾਸੇ ਅਕਾਲ ਤਖ਼ਤ ਨੂੰ ਉਨ੍ਹਾਂ ਵਿਰੁਧ ਵਰਤੇ ਜਾਣ ਦੇ ਡਰੋਂ ਸ: ਸਰਨਾ ਨੇ ਪ੍ਰੋ: ਦਰਸ਼ਨ ਸਿੰਘ ਨਾਲੋਂ ਸੰਪਰਕ ਤੋੜ ਲਿਆ ਤੇ ਕੁਸੋਧੇ ਕੈਲੰਡਰ ਦੀਆਂ ਅਖੌਤੀ ਸੰਗ੍ਰਾਂਦਾਂ ਨੂੰ ਵੀ ਮਾਣਤਾ ਦੇ ਦਿਤੀ ਜਿਸ ਨਾਲ ਨਾਨਕਸ਼ਾਹੀ ਕੈਲੰਡਰ ਦਾ ਮੁੱਢਲਾ ਸਿਧਾਂਤ ਹੀ ਰੱਦ ਹੋ ਜਾਂਦਾ ਹੈ। ਇਸ ਕਾਰਣ ਜਾਗਰੂਕ ਧੜਾ ਵੀ ਸਰਨੇ ਨੂੰ ਬਾਦਲ ਵਾਂਗ ਇੱਕ ਸਿਆਸਤਦਾਨ ਹੀ ਸਮਝਣ ਲੱਗ ਪਿਆ ਸੀ ਤੇ ਉਨ੍ਹਾਂ ਵਿੱਚੋਂ ਕੋਈ ਵੀ ਖੁੱਲ੍ਹ ਕੇ ਉਨ੍ਹਾਂ ਦੀ ਮੱਦਦ ਵਿੱਚ ਨਹੀਂ ਆਇਆ।

ਦੂਸਰੀ ਗੱਲ ਇਹ ਹੈ ਕਿ ਜਾਗਰੂਕ ਧੜਾ ਵੀ ਆਪਣੀ ਹਉਮੈ ਤੇ ਹੋਰ ਕਈ ਕਾਰਣਾਂ ਕਰਕੇ ਕਈ ਹਿੱਸਿਆਂ ਵਿਚ ਵੰਡਿਆ ਗਿਆ ਹੈ। ਸ: ਗੁਰਬਖ਼ਸ਼ ਸਿੰਘ ਕਾਲਾ ਅਫ਼ਗਾਨਾ ਨੂੰ ਛੇਕੇ ਜਾਣ ਉਪ੍ਰੰਤ ਉਠੀ ਜਾਗਰੂਕ ਲਹਿਰ ਨੂੰ ਉਸ ਸਮੇਂ ਹੀ ਧੱਕਾ ਲੱਗ ਗਿਆ ਜਿਸ ਸਮੇਂ ਉਹ ਲਹਿਰ ਖੜ੍ਹੀ ਕਰਨ ਵਾਲੇ ਮੁੱਖ ਆਗੂ ਕਿਸੇ ਦੀ ਹਉਮੈ ਦੀ ਭੇਟ ਚੜ੍ਹ ਗਏ। ਪ੍ਰੋ: ਦਰਸ਼ਨ ਸਿੰਘ ਨੂੰ ਛੇਕੇ ਜਾਣ ਉਪ੍ਰੰਤ ਲਹਿਰ ਨੇ ਫਿਰ ਜੋਰ ਫੜਿਆ ਤਾਂ ਜਾਗਰੂਕ ਧਿਰ ਦੇ ਬਣੇ ਅਲੰਬਰਦਾਰ ਸਪੋਕਸਮੈਨ ਨੇ ਹੀ ਉਸ ਦਾ ਵਿਰੋਧ ਸ਼ੁਰੂ ਕਰ ਦਿੱਤਾ।

ਉਸ ਉਪ੍ਰੰਤ ਪ੍ਰੋ: ਸਰਬਜੀਤ ਸਿੰਘ ਧੂੰਦਾ ਨੂੰ ਛੇਕੇ ਜਾਣ ਉਪ੍ਰੰਤ ਕੁਝ ਉਨ੍ਹਾਂ ਲੋਕਾਂ, ਜਿਹੜੇ ਸਪੋਕਸਮੈਨ ਦੀ ਇਸ ਗੱਲੋਂ ਸਿਫਤ ਕਰਦੇ ਨਹੀਂ ਸੀ ਥਕਦੇ ਕਿ ਉਸ ਨੇ ਅਕਾਲ ਤਖ਼ਤ ਦੇ ਜਥੇਦਾਰਾਂ ਅਤੇ ਬਾਦਲ ਦਲ ਦੀ ਮਿੱਟੀ ਪਲੀਤ ਕਰ ਦਿੱਤੀ ਹੈ, ਉਹ ਹੀ ਉਨ੍ਹਾਂ ਮਿੱਟੀ ਪਲੀਤ ਹੋਏ ਜਥੇਦਾਰਾਂ ਅੱਗੇ ਉਨ੍ਹਾਂ ਦੀ ਸਕੱਤਰੇਤ ਨੁਮਾ ਕੋਠੜੀ ਵਿੱਚ ਪੇਸ਼ ਕਰਵਾਉਣ ਦੇ ਮੋਹਰੀ ਹੋ ਨਿਬੜੇ। ਮਿੱਟੀ ਪੁੱਟਣ ਵਾਲੇ ਨੇ ਖ਼ੁਦ ਵੀ ਇਸ਼ਤਿਹਾਰਾਂ ਖਾਤਰ, ਉਨ੍ਹਾਂ ਹੀ ਜਥੇਦਾਰਾਂ ਨੂੰ ਲਿਖਤੀ ਮੁਆਫੀ ਭੇਜ ਦਿੱਤਾ।

ਪ੍ਰੋ: ਦਰਸ਼ਨ ਸਿੰਘ ਵਲੋਂ ਅਕਾਲ ਤਖ਼ਤ ਨੂੰ ਸਿਆਸੀ ਪ੍ਰਭਾਵ ਤੋਂ ਮੁਕਤ ਕਰਵਾਉਣ ਦੀ ਵਿੱਡੀ ਮੁਹਿੰਮ ਨੂੰ ਢਾਹ ਲਾਉਣ ਲਈ ਇਨ੍ਹਾਂ ਸਾਰੇ ਗਰੁੱਪਾਂ ਨੇ ਇੱਕ ਤਰ੍ਹਾਂ ਜਹਾਦ ਖੜ੍ਹਾ ਕਰ ਦਿੱਤਾ। ਜਿਸ ਕਾਰਣ ਜਾਗਰੂਕ ਧੜੇ ਵਿਚ ਵੰਡੀਆਂ ਪੈਣੀਆਂ ਸ਼ੁਰੂ ਹੋ ਗਈਆਂ। ਜਾਗਰੂਕ ਧੜੇ ਵਿੱਚ ਸੁਹਿਰਦ ਲੋਕਾਂ ਨੇ ਮੁੜ ਏਕਤਾ ਦੇ ਯਤਨ ਅਰੰਭੇ ਤਾਂ ਇੱਕ ਵਿਅਕਤੀ ਦੇ ਢਿੱਡ ਵਿੱਚ ਫਿਰ ਪੀੜ ਉਠਣੀ ਸ਼ੁਰੂ ਹੋ ਗਈ ਹੈ। ਕਈ ਧੜਿਆਂ ਨੇ ਅਣਲੋਂੜੀਦੇ ਉਹ ਮਸਲੇ ਚੁੱਕਣੇ ਸ਼ੁਰੂ ਕਰ ਦਿੱਤੇ ਜਿਨ੍ਹਾਂ ਦੀ ਡੇਰਾਵਾਦੀਆਂ ਨੇ ਜਾਗਰੂਕ ਧਿਰ ਤੇ ਉਸ ਦੇ ਸਮਰਥਕ ਸਮਝੇ ਜਾ ਰਹੇ ਸਰਨਾ ਧੜੇ ਵਿਰੁਧ ਸਿੱਖ ਸੰਗਤਾਂ ਨੂੰ ਗੁੰਮਰਾਹ ਕਰਨ ਲਈ ਖ਼ੂਬ ਵਰਤੋਂ ਕੀਤੀ।

ਇਸ ਤਰ੍ਹਾਂ ਜਾਗਰੂਕ ਧੜਾ ਬੁਰੀ ਤਰ੍ਹਾਂ ਵੰਡਿਆ ਰਿਹਾ ਤੇ ਪੁਜਾਰੀਵਾਦ-ਕਾਬਜ਼ ਰਾਜਨੀਤਕ ਗਠਜੋੜ ਦੀ ਮਿੱਟੀ ਪੁੱਟਣ ਦਾ ਦਾਅਵਾ ਕਰਨ ਵਾਲੇ ਖ਼ੁਦ ਹੀ ਉਸ ਹੱਥੋਂ ਬੁਰੀ ਤਰ੍ਹਾਂ ਹਾਰ ਗਏ ਹਨ। ਸਭ ਕੁਝ ਹੱਥੋਂ ਗੁਆ ਕੇ ਜੇ ਹੁਣ ਵੀ ਆਪਣੇ ਆਪ ਨੂੰ ਜਾਗਰੂਕ ਅਖਵਾਉਣ ਵਾਲੇ ਏਕਤਾ ਕਰਨ ਦੀ ਥਾਂ ਪੁਜਾਰੀਵਾਦ ਦੀ ਮਿੱਟੀ ਪੁੱਟਣ ਦੇ ਬਹਾਨੇ, ਦੂਜੇ ਸ਼ਬਦਾਂ ਵਿੱਚ ਉਨ੍ਹਾਂ ਦੀਆਂ ਹਉਂਮੈ ਦੀਆਂ ਫਸਲਾਂ ਦੀ ਗੋਡੀ ਹੀ ਕਰਦੇ ਰਹੇ ਤਾਂ ਸਮਝੋ ਸਿੱਖਾਂ ਵਿੱਚੋਂ ਸਿੱਖੀ ਕਿਰਦਾਰ ਬਿਲਕੁਲ ਖਤਮ ਹੋ ਗਿਆ ਹੈ।


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top