Share on Facebook

Main News Page

ਹਾਏ ਓਏ, ਬੰਗਲਾ ਸਾਹਿਬ ਦੀ ਸਟੇਜ ਚਲੀ ਗਈ, ਹੁਣ ਕੀ ਬਣੂੰ !!!
- ਸੰਪਾਦਕ ਖ਼ਾਲਸਾ ਨਿਊਜ਼

ਦਿੱਲੀ ਗੁਰਦੁਆਰਾ ਕਮੇਟੀ ਦੀਆਂ ਚੋਣਾਂ 'ਚ ਬਾਦਲਾਂ ਦੀ ਸਿਆਸੀ ਜਿੱਤ, ਤੇ ਸਰਨਿਆਂ ਦੀ ਸਿਆਸੀ ਹਾਰ ਹੋਈ ਹੈ। ਇਨ੍ਹਾਂ ਚੋਣਾਂ ਦਾ ਸਿੱਖੀ ਨਾਲ ਕੋਈ ਲੈਣਾ ਦੇਣਾ ਨਹੀਂ। ਇਹ ਸਿਰਫ ਚੌਧਰ ਦੀ ਲੜਾਈ ਹੈ, ਗੋਲਕ ਨੂੰ ਜੱਫਾ ਮਾਰਨ ਦੀ ਲੜਾਈ ਹੈ, ਤੇ ਜਦੋਂ ਤੱਕ ਸਿੱਖ ਅਖਵਾਉਣ ਵਾਲੇ ਗੁਰਦੁਆਰਿਆਂ 'ਚ ਪੈਸਾ ਚੜਾਉਣਾ ਬੰਦ ਨਹੀਂ ਕਰਦੇ, ਇਹ ਕੰਮ ਹੁੰਦੇ ਰਹਿਣਗੇ। ਸਿਆਸੀ ਲੋਕ ਇਸੇ ਤਰ੍ਹਾਂ ਲੁੱਟੀ ਜਾਣਗੇ ਅਤੇ ਸਿੱਖ ਅਖਵਾਉਣ ਵਾਲੇ ਲੁੱਟ ਹੋਈ ਜਾਣਗੇ। ਬਾਦਲ ਦੀ ਜਿੱਤ ਅਤੇ ਸਰਨਿਆਂ ਦੀ ਹਾਰ ਨਾਲ ਨਾਲ ਇੱਕ ਸਵਾਲ ਹਰ ਕਿਸੇ ਦੀ ਜ਼ੁਬਾਨ 'ਤੇ ਹੈ, ਕਿ ਹੁਣ ਕੀ ਬਣੂੰ! ਹਾਏ ਓਏ ਬੰਗਲਾ ਸਾਹਿਬ ਦੀ ਸਟੇਜ ਚਲੀ ਗਈ, ਹੁਣ ਕੀ ਬਣੂੰ!!! This is not end of the world. ਕੀ ਦੁਨੀਆਂ 'ਤੇ ਸਿੱਖੀ ਦੇ ਪ੍ਰਚਾਰ ਲਈ ਸਿਰਫ ਬੰਗਲਾ ਸਾਹਿਬ ਦੀ ਹੀ ਸਟੇਜ ਹੈ, ਇਸ ਤੋਂ ਬਿਨਾਂ ਪ੍ਰਚਾਰ ਨਹੀਂ ਹੋ ਸਕਦਾ?

ਦੇਖਣ ਵਾਲੀ ਗੱਲ ਇਹ ਹੈ ਕਿ ਬੰਗਲਾ ਸਾਹਿਬ ਦੀ ਸਟੇਜ ਤੋਂ ਜੋ ਪ੍ਰਚਾਰਕ ਪ੍ਰਚਾਰ ਕਰ ਰਹੇ ਸਨ, ਉਸਦੇ ਪਿੱਛੇ ਕਾਰਣ ਕੀ ਸੀ। ਕਿ ਪਰਮਜੀਤ ਸਿੰਘ ਸਰਨਾ ਨੂੰ ਸਿੱਖੀ ਨਾਲ ਕੋਈ ਬਹੁਤਾ ਹੇਜ ਹੈ ਜਾਂ ਸੀ? ਉਸਨੂੰ ਮਤਲਬ ਸੀ ਕਿ ਜਿਹੜਾ ਵੀ ਪ੍ਰਚਾਰਕ ਉਥੋਂ ਬੋਲਦਾ ਸੀ, ਉਹ ਗੁਰਬਾਣੀ ਦੀ ਵਿਆਖਿਆ ਨਾਲ, ਕਰਮਕਾਂਡਾਂ, ਡੇਰਾਵਾਦ, ਪਖੰਡਾਂ ਆਦਿ ਨੂੰ ਭੰਡਣ ਦੇ ਨਾਲ ਨਾਲ, ਕਦੀ ਕਦੀ ਜਥੇਦਾਰਾਂ, ਅਕਾਲੀਆਂ, ਬਾਦਲਾਂ ਦੇ ਖਿਲਾਫ ਬੋਲ ਜਾਂਦਾ ਸੀ, ਜਿਸ ਦਾ ਸਵਾਦ ਸਰਨਾ ਹੋਰੀਂ ਲੈ ਰਹੇ ਸੀ। ਹਾਂ, ਜਾਗਰੂਕ ਸਿੱਖਾਂ ਲਈ ਇਹ ਇੱਕ ਵਰਦਾਨ ਸੀ ਕਿ ਉਨ੍ਹਾਂ ਨੂੰ ਇਕ ਥਾਂ ਮਿਲ ਗਈ ਸੀ, ਜਿਥੋਂ ਦੀ ਉਹ ਖੁੱਲ ਕੇ ਬੋਲ ਸਕਦੇ ਸੀ, ਜਿਸਦਾ ਪ੍ਰਸਾਰਣ ਦੁਨੀਆਂ ਦੇ ਹਰ ਕੋਨੇ 'ਚ ਬੈਠੇ ਸਿੱਖ ਦੇਖ ਸੁਣ ਰਹੇ ਸੀ। ਪਰ ਕਿਸੇ ਪ੍ਰਚਾਰਕ ਨੇ ਅੱਜ ਤੱਕ ਬੰਗਲਾ ਸਾਹਿਬ ਹੋ ਰਹੇ ਕਰਮਕਾਂਡਾਂ ਖਿਲਾਫ, ਸਰਨਿਆਂ ਵਲੋਂ ਕਿਤੇ ਜਾ ਰਹੇ ਘੱਪਲਿਆਂ ਵੱਲ ਕਦੀ ਮੂੰਹ ਨਹੀਂ ਖੋਲਿਆ, ਕਿਓਂ? ਕਿਉਂਕਿ ਅਗਲੇ ਦਿਨ ਉਸ ਪ੍ਰਚਾਰਕ ਨੂੰ ਉਥੇ ਵੜਨ ਨਹੀਂ ਦਿੱਤਾ ਜਾਣਾ ਸੀ। ਅਸੀਂ ਉਥੋਂ ਹੋ ਰਹੀ ਕਥਾ ਦੇ ਖਿਲਾਫ ਨਹੀਂ, ਸਗੋਂ ਇਹ ਗੱਲ ਦਾ ਹਾਮੀ ਸਾਂ, ਚਲੋ ਕਿਸੇ ਬਹਾਨੇ ਸਹੀ, ਗੁਰਮਤਿ ਦੀ ਗੱਲ ਤਾਂ ਲੋਕਾਂ ਤੱਕ ਪਹੁੰਚ ਰਹੀ ਸੀ। ਪਰ ਕੀ ਪਿਛਲੇ 5-7 ਸਾਲਾਂ ਤੋਂ ਹੋ ਰਹੀ ਕਥਾ ਨਾਲ ਲੋਕਾਂ 'ਚ ਕੋਈ ਫਰਕ ਪਿਆ? ਜਿੱਤ ਤਾਂ ਫਿਰ ਵੀ ਆਰ.ਐਸ.ਐਸ ਦੀ ਹੋਈ... ਕਿਓਂ?

ਕਿਉਂਕਿ ਸਟੇਜਾਂ 'ਤੇ ਗਲਾਂ ਕਰਨੀਆਂ ਸੌਖੀਆਂ ਹੁੰਦੀਆਂ ਨੇ, ਅਮਲੀ ਜੀਵਨ ਜੇ ਉਸ ਤਰ੍ਹਾਂ ਦਾ ਨਾ ਹੋਵੇ ਤਾਂ, ਗੱਲ ਨਹੀਂ ਬਣਦੀ। ਫਰਕ ਹਮੇਸ਼ਾਂ ਕਿਰਦਾਰ ਨਾਲ ਪੈਂਦਾ ਹੈ, ਕਰਣੀ ਨਾਲ ਪੈਂਦਾ ਹੈ। ਕੁੱਝ ਕੁ ਕਥਾਕਾਰਾਂ ਨੂੰ ਛੱਡ ਕੇ, ਜਿਨ੍ਹਾਂ ਦਾ ਇਹ ਰੋਜ਼ਗਾਰ ਨਹੀਂ ਹੈ, ਕਰਣੀ ਪੱਖੋਂ ਕਮਜ਼ੋਰ ਹੀ ਹਨ। ਲਿਪ ਸਰਵਿਸ ਨੇ ਕਦੀ ਬਦਲਾਅ ਨਹੀਂ ਲਿਆਂਦਾ। ਪਰਮਜੀਤ ਸਿੰਘ ਸਰਨਾ 'ਤੇ ਤਾਂ ਕੋਈ ਅਸਰ ਨਾ ਹੋਇਆ ਕਥਾ ਦਾ, ਉਸੇ ਤਰ੍ਹਾਂ ਦੀ ਬੋਲਬਾਣੀ, ਉਸੇ ਤਰ੍ਹਾਂ ਆਪਣੀ ਕੁਰਸੀ ਬਚਾਉਣ ਲਈ ਅਖੌਤੀ ਜਥੇਦਾਰਾਂ ਦੇ ਕਮਰਿਆਂ ਦੇ ਚੱਕਰ ਮਾਰਨਾ, ਜਿਨ੍ਹਾਂ ਨੂੰ ਬੰਗਲਾ ਸਾਹਿਬ ਬੈਠੇ ਕਥਾਕਾਰ ਅਖੌਤੀ ਜਥੇਦਾਰ ਕਹਿੰਦੇ ਸੀ। ਕਈ ਕਥਾਕਾਰ ਵੀ ਉਥੇ ਬੈਠ ਕੇ ਅਖੌਤੀ ਜਥੇਦਾਰਾਂ ਨੂੰ ਭੰਡੀ ਜਾਂਦੇ ਸੀ, ਪਰ ਉਹੀ ਕਥਾਕਾਰ ਹਜ਼ੂਰ ਸਾਹਿਬ ਜਾਕੇ ਉਨ੍ਹਾਂ ਦੇ ਸੋਹਲੇ ਗਾ ਆਉਂਦੇ ਸੀ, ਉਹੀ ਕਥਾਕਾਰ ਜਾ ਕੇ ਮਾਫੀਆਂ ਮੰਗ ਆਉਂਦੇ ਸੀ। ਖੈਰ…

ਪਰ ਕੀ ਸਿਰਫ ਇੱਕ ਵਡੀ ਸਟੇਜ ਖੁੱਸ ਜਾਣ ਨਾਲ ਸਿੱਖੀ ਦਾ ਭੋਗ ਪੈ ਗਿਆ ਹੈ, ਕਿ ਪ੍ਰਚਾਰ ਬੰਦ ਹੋ ਜਾਏਗਾ, ਕਿ ਹੁਣ ਕਦੀ ਕੋਈ ਬੋਲ ਨਹੀਂ ਸਕੇਗਾ? ਹੈਂਅਅਅਅ … ਇੰਨਾ ਨਿਰਾਸ਼ ਹੋਣ ਦੀ ਕੋਈ ਗੱਲ ਨਹੀਂ। ਪ੍ਰਚਾਰ ਸਟੇਜਾਂ ਨੇ ਨਹੀਂ, ਪ੍ਰਚਾਰਕਾਂ ਦੇ ਕਿਰਦਾਰ ਨੇ ਕਰਨਾ ਹੈ, ਜੋ ਔਖੇ ਸਮਿਆਂ 'ਚ ਵੀ ਬਿਨਾਂ ਕਿਸੇ ਸਟੇਜ ਤੋਂ ਜਾਰੀ ਰਖਿਆ ਜਾ ਸਕਦਾ ਹੈ। ਸਿੱਖ ਇਤਿਹਾਸ ਭਰਿਆ ਪਿਆ ਕਿਰਦਾਰ ਦੇ ਪ੍ਰਚਾਰ ਨਾਲ। ਪਰ ਬਹੁਤਾ ਪਿੱਛੇ ਨਾ ਜਾਂਦੇ ਹੋਏ, ਬਾਬਾ ਖੜਕ ਸਿੰਘ ਦੀ ਮਿਸਾਲ ਲੈ ਲਉ, ਜੋ ਨਾਲ ਦਿੱਤੀ ਫੋਟੋ ਆਪ ਬਿਆਨ ਕਰਦੀ ਹੈ। ਸ਼੍ਰੋਮਣੀ ਢਾਡੀ ਗਿਆਨੀ ਸੋਹਣ ਸਿੰਘ ਸੀਤਲ ਦੀ ਮਿਸਾਲ ਲੈ ਲਉ, ਜਿਸਨੇ ਭਰੇ ਪੰਡਾਲ ‘ਚ ਅਕਾਲੀਆਂ ਨੂੰ ਲਲਕਾਰਿਆ, ਸੱਚ ਬੋਲਿਆ, ਉਨ੍ਹਾਂ ਖਿਲਾਫ ਵੀ ਫਤਵੇ ਜਾਰੀ ਹੋਏ, ਧਮਕੀਆਂ ਦਿੱਤੀਆਂ ਗਈਆਂ, ਪ੍ਰੋਗ੍ਰਾਮ ਬੰਦ ਕੀਤੇ ਗਏ, ਲਾਲਚ ਦਿੱਤੇ ਗਏ, ਪਰ ਕਿਰਦਾਰ ਉੱਚਾ ਰੱਖਕੇ, ਉਨ੍ਹਾਂ ਨੇ ਈਨ ਨਾ ਮੰਨੀ ਅਤੇ ਅੰਤਿਮ ਸਾਹਾਂ ਤੱਕ ਸਿੱਖੀ ਸਿਧਾਂਤਾਂ ਨਾਲ ਬਿਨਾ ਕਿਸੇ ਸਮਝਤੇ ਤੋਂ ਪ੍ਰਚਾਰ ਕਰਦੇ ਰਹੇ। ਭਾਈ ਬਲਵੰਤ ਸਿੰਘ ਰਾਜੋਆਣਾ ਨੇ ਕਿਹੜੀ ਸਟੇਜ਼ 'ਤੇ ਪ੍ਰਚਾਰ ਕੀਤਾ, ਇੱਕ ਹਰਫ ਨੇ ਸਾਰਾ ਪੰਜਾਬ, ਕੇਸਰੀ ਕਰ ਦਿੱਤਾ, ਪੂਰਾ ਪੰਜਾਬ ਨਾਲ ਖੜਾ ਹੋ ਗਿਆ।

ਖ਼ਾਲਸਾ ਨਿਊਜ਼ ‘ਤੇ ਇਹ ਬਾਰ ਬਾਰ ਇਲਜ਼ਾਮ ਲਗਾਇਆ ਜਾਂਦਾ ਹੈ ਕਿ ਉਹ ਪ੍ਰੋ. ਦਰਸ਼ਨ ਸਿੰਘ ਦੀ ਮਿਸਾਲ ਹਮੇਸ਼ਾਂ ਦਿੰਦੀ ਹੈ। ਸਾਡੀ ਕੋਈ ਰਿਸ਼ਤੇਦਾਰੀ ਨਹੀਂ, ਉਨ੍ਹਾਂ ਨਾਲ ਅਸੀਂ ਤਾਂ ਖੜਦੇ ਹਾਂ, ਕਿ ਜੋ ਉਨ੍ਹਾਂ ਨੇ ਕਿਹਾ ਹੈ, ਕਰਕੇ ਦਿਖਾਇਆ ਹੈ। ਇਹ ਕੋਈ ਸ਼ਖਸੀਅਤਪ੍ਰਸਤੀ ਨਹੀਂ, ਇਕ ਵਿਦਵਾਨ ਤੇ ਦਲੇਰ ਪ੍ਰਚਾਰਕ ਦਾ ਸਾਥ ਸਿੱਖਾਂ ਨੇ ਨਹੀਂ ਦੇਣਾ, ਤੇ ਫਿਰ ਹਿੰਦੂਆਂ ਜਾਂ ਮੁਸਲਮਾਨਾਂ ਨੇ ਦੇਣਾ ਹੈ? ਪਰ ਕੀ ਇਹ ਗਲਤ ਹੈ, ਜੋ ਉਨ੍ਹਾਂ ਨੇ ਮੌਜੂਦਾ ਸਮੇਂ ‘ਚ ਕੀਤਾ ਹੈ, ਹੋਰ ਕਿਸੇ ਨੇ ਕੀਤਾ ਹੈ, ਇਸ ਜ਼ੁਰੱਤ ਨਾਲ? 1984 ਅਤੇ ਉਸ ਤੋਂ ਬਾਅਦ ਦੇ ਸਮੇਂ 'ਚ ਜਿਸ ਤਰ੍ਹਾਂ ਉਨ੍ਹਾਂ ਨੇ ਜਿਸ ਦਲੇਰੀ ਨਾਲ ਕੌਮ ਦੀ ਅਗਵਾਈ ਕੀਤੀ ਅਤੇ ਆਪਣੇ ਪਿੰਡੇ ਤੇ ਸੰਤਾਪ ਵੀ ਝਲਿਆ। ਉਸ ਸਮੇਂ 'ਚ ਲਿਪ ਸਰਵਿਸ ਵਾਲੇ ਪ੍ਰਚਾਰਕ ਦੋ ਦਿਨਾਂ 'ਚ ਜੇਲ 'ਚੋਂ ਬਾਹਰ ਆ ਗਏ ਸੀ, ਅਤੇ ਪ੍ਰੋ. ਸਾਹਿਬ ਨੂੰ ਵੀ ਆਫਰ ਮਿਲੀ ਸੀ ਕਿ ਉਨ੍ਹਾਂ ਨੂੰ ਵੀ ਦੋ ਦਿਨਾਂ 'ਚ ਬਾਹਰ ਲਿਆਇਆ ਜਾ ਸਕਦਾ ਹੈ, ਉਨ੍ਹਾਂ ਨੇ ਮਨਾ ਕੀਤਾ ਅਤੇ ਕਿੰਨਾਂ ਹੀ ਚਿਰ ਜੇਲ 'ਚ ਤਸੀਹੇ ਸਹੇ। ਉਹ ਸਮਾਂ ਇਸ ਤਰ੍ਹਾਂ ਦਾ ਸੀ ਕਿ ਗੋਲੀ ਕਿਸੇ ਪਾਸੋਂ ਵੀ ਚਲ ਸਕਦੀ ਸੀ, ਪੁਲਿਸ ਵਲੋਂ, ਕੈਟਾਂ ਵਲੋਂ, ਖਾੜਕੂਆਂ ਵਲੋਂ, ਐਸੇ ਸਮੇਂ ਵਿੱਚ ਵੀ ਉਨ੍ਹਾਂ ਨੇ ਦਲੇਰੀ ਨਾਲ ਪ੍ਰਚਾਰ ਕੀਤਾ। ਇਹ ਕਿਰਦਾਰ ਨਾਲ ਪ੍ਰਚਾਰ, ਇਹ ਹੈ ਨਿਧੜਕਤਾ। ਅਸੀਂ ਤਾਂ ਅੱਜ ਹਰ ਕਿਸੇ ਨੂੰ ਨਿਧੜਕ ਪ੍ਰਚਾਰਕ ਕਹੀ ਜਾਂਦੇ ਹਾਂ, ਸਟੇਜ 'ਤੇ ਬਹਿ ਕੇ ਬੋਲਣਾ ਨਿਧੜਕਤਾ ਨਹੀਂ, ਸਮਾਂ ਆਉਣ 'ਤੇ ਆਪਣੇ ਬੋਲੇ ਗਏ ਬੋਲਾਂ ਅਤੇ ਕਰਮਾਂ ਨਾਲ ਦਲੇਰੀ ਦਿਖਾਉਣਾ, ਨਿਧੜਕਤਾ ਹੈ।

ਜਿਸ ਤਰ੍ਹਾਂ ਸ੍ਰ. ਕਿਰਪਾਲ ਸਿੰਘ ਬਠਿੰਡਾ ਅਤੇ ਸ੍ਰ. ਇੰਦਰਜੀਤ ਸਿੰਘ ਕਾਨਪੁਰ ਨੇ ਆਪਣੇ ਆਪਣੇ ਲੇਖਾਂ ‘ਚ ਸਾਫ ਕੀਤਾ ਹੈ ਕਿ ਪ੍ਰੋ. ਦਰਸ਼ਨ ਸਿੰਘ ਹੋਰਾਂ ਕਰਕੇ ਹੀ ਦਿੱਲੀ ਕਮੇਟੀ ‘ਤੇ ਸਰਨਿਆਂ ਨੂੰ ਮੌਕਾ ਮਿਲਿਆ, ਜੋ ਕਿ ਸਰਨਿਆਂ ਨੇ ਆਪਣੀ ਗੈਰ ਜ਼ਿੰਮੇਦਾਰਾਨਾਂ ਹਰਕਤਾਂ ਨਾਲ ਗੁਆ ਲਈ। ਪਰ ਕਿ ਇਸ ਨਾਲ ਪ੍ਰੋ. ਦਰਸ਼ਨ ਸਿੰਘ ਨੂੰ ਕੋਈ ਫਰਕ ਪਿਆ? ਕੀ ਉਨ੍ਹਾਂ ਨੂੰ ਬੰਗਲਾ ਸਾਹਿਬ ਦੀ ਸਟੇਜ ਖੁਸਣ ਨਾਲ ਕੋਈ ਫਰਕ ਪਿਆ? ਨਹੀਂ! 2009 ਤੋਂ ਬਾਅਦ ਬਿਨਾਂ ਕਿਸੇ ਸਟੇਜ ਤੋਂ ਵੀ ਉਹ ਸਟੇਜੀ ਪ੍ਰਚਾਰਕਾਂ ਨਾਲੋਂ ਵੱਧ ਪ੍ਰਚਾਰ ਕਰ ਰਹੇ ਨੇ।

ਜਿਹੜੇ ਪ੍ਰਚਾਰਕਾਂ ਨੇ ਆਪਣੀ ਰੋਜ਼ੀ ਰੋਟੀ ਬੰਗਲਾ ਸਾਹਿਬ ਦੀ ਸਟੇਜ ਤੋਂ ਪ੍ਰਾਪਤ ਕੀਤੀ, ਅਮਰੀਕਾ, ਕਨੇਡਾ ਅਤੇ ਹੋਰ ਦੇਸ਼ਾਂ ‘ਚ ਗਏ, ਉਨ੍ਹਾਂ ਨੇ ਬੰਗਲਾ ਸਾਹਿਬ ਦੀ ਸਟੇਜ ਬਚਾਉਣ ਲਈ ਕੀ ਕੀਤਾ? ਇੱਕ ਬਿਆਨ ਤੱਕ ਨਹੀਂ ਆਇਆ !!! ਹਾਅ ਦਾ ਨਾਹਰਾ ਤੱਕ ਨਹੀਂ ਮਾਰਿਆ !!!

ਇਹ ਕੌੜੀ ਸੱਚਾਈ ਹੈ, ਨਿਗਲਣੀ ਔਖੀ ਹੈ, ਕਈਆਂ ਨੇ ਫਿਰ ਖ਼ਾਲਸਾ ਨਿਊਜ਼ ਵਿਰੁੱਧ ਝੰਡਾ ਚੁੱਕ ਲੈਣਾ ਹੈ, ਪਰ ਇਸ ਨਾਲ ਸੱਚਾਈ ਬਦਲ ਨਹੀਂ ਜਾਣੀ। ਹੁਣ ਤਾਂ ਬੰਗਲਾ ਸਾਹਿਬ ਤੋਂ ਉਹੀ ਕਥਾਕਾਰ ਕਥਾ ਕਰ ਸਕਣਗੇ ਜੋ ਉਸ ਕਮੇਟੀ ਨੂੰ ਚੰਗਾ ਲਗੇਗਾ। ਜਿਵੇਂ ਸਰਨਿਆਂ ਨੂੰ ਚੰਗਾ ਲਗਦਾ ਸੀ, ਉਥੇ ਕਥਾਕਾਰ ਬਾਦਲ ਅਤੇ ਜਥੇਦਾਰਾਂ ਦੇ ਵਿਰੁੱਧ ਵੀ ਬੋਲਦੇ ਸੀ, ਹੁਣ ਵਾਰੀ ਉਨ੍ਹਾਂ ਦੀ ਹੈ, ਹੁਣ ਹਰੀ ਪ੍ਰਸਾਦ ਰੰਧਾਵਾ, ਗਪੌੜੀ ਠਾਕੁਰ ਸਿੰਘ, “ਭਾਈ ਸਾਹਿਬ” ਪਿੰਦਰਪਾਲ ਸਿੰਘ, ਢੱਡਰੀਆਂ ਵਾਲਾ, ਪੀਪਲੀ ਵਾਲਾ, ਪਿਹੋਵੇ ਵਾਲਾ ਅਤੇ ਕਈ ਦਲ ਬਦਲੂ ਕਥਾਕਾਰ ਹੀ ੳਥੇ ਕਥਾ ਕਰ ਸਕਣਗੇ।

ਕੀ ਕਦੇ ਇਸਾਈ ਮਿਸ਼ਨਰੀਆਂ ਨੂੰ ਤੱਕਿਆ ਜੇ, ਉਹ ਕਿਸ ਤਰ੍ਹਾਂ ਪ੍ਰਚਾਰ ਕਰਦੇ ਨੇ। ਕਈ ਪਿੰਡਾਂ ‘ਚ ਜਾ ਕੇ ਰਹਿੰਦੇ ਨੇ, ਕਈ ਸਾਲਾਂ ਬੱਧੀ ਮਿਹਨਤ ਕਰਕੇ, ਲੋਕਾਂ ‘ਚ ਘੁਲ ਮਿਲ ਕੇ, ਗਰੀਬਾਂ ਦੀ ਮਦਦ ਕਰਕੇ, ਹਸਪਤਾਲ, ਸਕੂਲ ਖੋਲਕੇ, ਇਸ ਤਰ੍ਹਾਂ ਦਾ ਜਾਲ ਬੁਣਦੇ ਨੇ, ਤੇ ਫਿਰ ਇਸਾਈ ਮੱਤ ਵੱਲ ਲੋਕ ਖਿਚੇ ਆਉਂਦੇ ਨੇ। ਹਾਂ ਉਨ੍ਹਾਂ ਪਿਛੇ ਸਰਕਾਰਾਂ ਹਨ, ਦੇਸ਼ ਖੜੋਤੇ ਨੇ ਉਨ੍ਹਾਂ ਮਿਸ਼ਨਰੀਆਂ ਨੂੰ ਪੈਸਾ ਦੇਣ ਲਈ, ਪਰ ਕੀ ਸਿੱਖਾਂ ਕੋਲ ਪੈਸਾ ਘੱਟ ਹੈ? ਨਹੀਂ, ਪੈਸਾ ਨਹੀਂ, ਪੈਸੇ ਦੀ ਵਰਤੋਂ ਦੀ ਅਕਲ ਘੱਟ ਹੈ।

ਜਾਗਰੂਕ ਅਖਵਾਉਣ ਵਾਲਿਆਂ ਨੂੰ ਵੀ ਹੁਣ ਇਹ ਭਰਮ ਕੱਢ ਦੇਣਾ ਚਾਹੀਦਾ ਹੈ ਕਿ ਸਟੇਜੀ ਪ੍ਰਚਾਰ ਨਾਲ ਕੁੱਝ ਸੰਵਰ ਸਕਦਾ ਹੈ, ਜਦੋਂ ਤੱਕ ਜਥੇਬੰਦਕ ਤੌਰ ‘ਤੇ, ਸਾਰੇ ਜਾਗਰੂਕ ਸਿੱਖ, ਜਥੇਬੰਦੀਆਂ, ਇਕ ਨਹੀਂ ਹੁੰਦੀਆਂ ਤਦੋਂ ਤੱਕ ਕੁੱਝ ਨਹੀਂ ਜੇ ਸੰਵਰਨਾ। ਮੁਆਫ ਕਰਨਾ, ਸਟੇਜੀ ਕਲਾਕਾਰਾਂ ਨੇ ਸਾਡੇ ਤੁਹਾਡੇ ਪੈਸੇ ਅਤੇ ਸਮਾਂ ਦੋਵੇਂ ਬਰਬਾਦ ਕਰਕੇ, ਆਪ ਤਾਂ ਆਪਣੇ ਬੋਲਾਂ ‘ਤੇ ਨਾ ਖੜੋਕੇ ਉਨ੍ਹਾਂ ਲੋਕਾਂ ਨਾਲ ਹੀ ਜਾ ਰਲ਼ਣਾ ਹੈ, ਜਿਨ੍ਹਾਂ ਖਿਲਾਫ ਬੋਲਦੇ ਨੇ, ਫਿਰ ਸਾਨੂੰ ਸੋਚਣਾ ਪਵੇਗਾ ਕਿ ਹੁਣ ਸਾਨੂੰ ਕੀ ਕਰਨਾ ਚਾਹੀਦਾ ਹੈ, ਹੱਲ ਇਕੋ ਹੀ ਹੈ, ਏਕਤਾ।

ਜਿਹੜੇ ਵੀ ਸਿੱਖ / ਜਥੇਬੰਦੀਆਂ / ਗਰੁੱਪ, ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ‘ਤੇ ਹੀ ਵਿਸ਼ਵਾਸ ਰੱਖਦੇ ਹਨ, ਪੁਜਾਰੀਵਾਦ (ਅਖੌਤੀ ਜਥੇਦਾਰ), ਡੇਰਾਵਾਦ (ਅਖੌਤੀ ਬਾਬਿਆਂ / ਸੰਤਾਂ / ਸਾਧਾਂ), ਕਾਮਰੇਡਵਾਦ (ਸਿਰਫ ਪੁਸਤਕ ਗਿਆਨੀ), ਕਰਮਕਾਂਡ, ਪਖੰਡਵਾਦ ਵਿਰੁੱਧ ਖੜ ਸਕਦੇ ਹਨ, ਗੁਰਮਤਿ ਦੇ ਸਿਧਾਂਤਾਂ ‘ਤੇ ਸਮਝੌਤਾ ਕੀਤੇ ਬਗੈਰ, ਉਹ ਇੱਕਠੇ ਹੋਣ। ਅੱਜ ਜ਼ਮਾਨਾ ਹੈ ਮੀਡੀਏ ਦਾ, ਗੁਰਦੁਆਰਿਆਂ ਆਦਿ ‘ਚ ਪੈਸਾ ਚੜਾਉਣ ਦੀ ਬਜਾਏ, ਪੈਸਾ ਇੱਕਠਾ ਕਰਕੇ ਆਪਣਾ ਇੱਕ ਮੀਡੀਆ ਬਣਾਇਆ ਜਾਏ, ਆਪਣਾ ਟੀ.ਵੀ. ਚੈਨਲ ਹੋਵੇ, ਰੇਡੀਓ ਹੋਵੇ, ਜਿਸ ਨਾਲ ਦੁਨੀਆਂ ਦੇ ਹਰ ਕੋਨੇ ‘ਤੇ ਪ੍ਰਚਾਰ ਕੀਤਾ ਜਾ ਸਕਦਾ ਹੈ। ਖ਼ਾਲਸਾ ਨਿਊਜ਼ ਟੀਮ ਆਪਣੀ ਤਰਫੋਂ ਜੋ ਯੋਗਦਾਨ ਪਾ ਸਕਦੀ ਹੈ, ਪਾਵੇਗੀ।

ਨਿਰਾਸ਼ ਹੋਣ ਦੀ ਲੋੜ ਨਹੀਂ, ਖ਼ਾਲਸਾ ਸਦਾ ਚੜਦੀਆਂ ਕਲਾਂ ‘ਚ ਰਹਿੰਦਾ ਹੈ। ਇੱਕ ਦਰਵਾਜਾ ਬੰਦ ਹੋ ਗਿਆ ਤਾਂ ਕਿ ਹੈ, ਹੋਰ ਬਥੇਰੇ ਦਰਵਾਜੇ ਖੁਲ ਸਕਦੇ ਨੇ।

 


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top