|
Share on Facebook | ||
ਬੇਨਤੀ ਚੌਪਈ:
ਚਰਿਤ੍ਰੋਪਾਖਿਆਨ - ਗੁਰਮੀਤ ਸਿੰਘ (ਸਿੱਡਨੀ - ਆਸਟ੍ਰੇਲੀਆ)
ਧੰਨ੍ਹਯ ਧੰਨ੍ਹਯ ਲੋਗਨ ਕੇ ਰਾਜਾ। ਦੁਸਟਨ ਦਾਹ ਗਰੀਬ ਨਿਵਾਜਾ। ਅਰਥ: (ਅਤੇ ਕਿਹਾ: ) ਹੇ ਲੋਕਾਂ ਦੇ ਰਾਜੇ! ਤੁਸੀਂ ਧੰਨ ਹੋ, (ਤੁਸੀਂ) ਦੁਸ਼ਟਾਂ ਨੂੰ ਮਾਰ ਕੇ ਗ਼ਰੀਬਾਂ ਦੀ ਰਖਿਆ ਕੀਤੀ ਹੈ। ਹੇ ਸਾਰੇ ਸੰਸਾਰ ਦੀ ਸਿਰਜਨਾ ਕਰਨ ਵਾਲੇ! ਦਾਸ ਜਾਣ ਕੇ ਮੇਰੀ ਰਖਿਆ ਕਰੋ। ੩੭੬। ਇਸ ਤੋਂ ਅੱਗੇ ਕਬ੍ਹਯੋ ਬਾਚ ਬੇਨਤੀ: ਚੌਪਈ ਆਰੰਭ ਹੁੰਦੀ ਹੈ: ਹਮਰੀ ਕਰੋ ਹਾਥ ਦੈ ਰਛਾ। ਪੂਰਨ ਹੋਇ ਚਿਤ ਕੀ ਇਛਾ। ਡਾ: ਜੱਗੀ ਜੀ ਅਰਥ ਕਰਦੇ ਹਨ: ਕਵੀ ਨੇ ਬੇਨਤੀ ਕੀਤੀ: (ਹੇ ਪਰਮ ਸੱਤਾ) ਆਪਣਾ ਹੱਥ ਦੇ ਕੇ ਮੇਰੀ ਰਖਿਆ ਕਰੋ। (ਤਾਂ ਜੋ) ਮੇਰੇ ਚਿਤ ਦੀ ਇੱਛਾ ਪੂਰੀ ਹੋ ਜਾਏ। ਮੇਰਾ ਮਨ (ਸਦਾ) ਤੁਹਾਡੇ ਚਰਨਾਂ ਨਾਲ ਜੁੜਿਆ ਰਹੇ। ਆਪਣਾ ਜਾਣ ਕੇ ਮੇਰੀ ਪ੍ਰਤਿਪਾਲਨਾ ਕਰੋ। ੩੭੭। ਫਿਰ, ਅਖੀਰਲੇ ਕੁੱਝ ਪੈਰੇ ਪੜ੍ਹੋ: ਖੜਗਕੇਤੁ ਮੈ ਸਰਨਿ ਤਿਹਾਰੀ। ਆਪੁ ਹਾਥ ਦੈ ਲੇਹੁ ਉਬਾਰੀ। ਇਸ ਦੇ ਅਰਥ ਡਾ: ਜੱਗੀ ਜੀ ਨੇ ਕੀਤੇ ਹੋਏ ਹਨ: ਹੇ ਖੜਗਕੇਤੁ! ਮੈਂ ਤੁਹਾਡੀ ਸ਼ਰਨ ਵਿੱਚ ਹਾਂ। ਆਪਣਾ ਹੱਥ ਦੇ ਕੇ (ਮੈਨੂੰ) ਬਚਾ ਲਵੋ। ਸਭ ਥਾਂਵਾਂ ਤੇ ਮੇਰੇ ਸਹਾਇਕ ਹੋ ਜਾਓ। ਦੁਸ਼ਟ (ਦੁਸ਼ਮਨ) ਅਤੇ ਦੁਖ ਤੋਂ ਬਚਾ ਲਵੋ। ੪੦੧। ਕ੍ਰਿਪਾ ਕਰੀ ਹਮ ਪਰ ਜਗਮਾਤਾ। ਗ੍ਰੰਥ ਕਰਾ ਪੂਰਨ ਸੁਭਰਾਤਾ। ਅਰਥ: ਮੇਰੇ ਉਤੇ ਜਗਮਾਤਾ ਨੇ ਕ੍ਰਿਪਾ ਕੀਤੀ ਹੈ (ਅਤੇ ਮੈਂ) ਸ਼ੁਭ ਗੁਣਾਂ ਨਾਲ ਭਰਪੂਰ (ਸੁਭਰਾਤਾ) ਗ੍ਰੰਥ ਪੂਰਾ ਕੀਤਾ ਹੈ। (ਉਹੀ) ਮੇਰੇ ਸ਼ਰੀਰ ਦੇ ਸਾਰੇ ਪਾਪਾਂ ਨੂੰ ਨਸ਼ਟ ਕਰਨ ਵਾਲੀ ਅਤੇ ਦੁਸ਼ਟਾਂ (ਵੈਰੀਆਂ) ਅਤੇ ਦੋਖੀਆ ਨੂੰ ਨਸ਼ਟ ਕਰਨ ਵਾਲੀ ਹੈ। ੪੦੨। ਸ੍ਰੀ ਅਸਿਧੁਜ ਜਬ ਭਏ ਦਯਾਲਾ। ਪੂਰਨ ਕਰਾ ਗ੍ਰੰਥ ਤਤਕਾਲਾ। ਅਰਥ: ਜਦ ਸ੍ਰੀ ਅਸਿਧੁਜ (ਮਹਾ ਕਾਲ) ਦਿਆਲ ਹੋਏ, ਤਾਂ ਉਸੇ ਵੇਲੇ (ਮੈਂ ਇਹ) ਗ੍ਰੰਥ ਮੁਕੰਮਲ ਕਰ ਲਿਆ। (ਜੋ ਇਸ ਦਾ ਪਠਨ ਪਾਠਨ ਕਰੇਗਾ) ਉਹ ਮਨ-ਇੱਛਤ ਫਲ ਪ੍ਰਾਪਤ ਕਰੇਗਾ। ਉਸ ਨੂੰ ਕੋਈ ਵੀ ਦੂਖ ਵਿਆਪਤ ਨਹੀਂ ਹੋਵੇਗਾ। ੪੦੩। ਅੜਿਲ ਸੁਨੈ ਗੁੰਗ ਜੋ ਯਾਹਿ ਸੁ ਰਸਨਾ ਪਾਵਈ। ਸੁਨੈ ਮੂੜ ਚਿਤ ਲਾਇ
ਚਤੁਰਤਾ ਆਵਈ। ਅਰਥ: ਇਸ ਗ੍ਰੰਥ ਨੂੰ ਜੇ ਗੁੰਗਾ ਸੁਣੇਗਾ, (ਤਾਂ) ਉਹ ਜੀਭ ਪ੍ਰਾਪਤ ਕਰ ਲਵੇਗਾ। ਜੇ ਮੂਰਖ ਚਿਤ ਲਗਾ ਕੇ ਸੁਣੇਗਾ, (ਤਾਂ ਉਸ ਦੇ ਅੰਦਰ) ਸਿਆਣਪ ਆ ਜਾਏਗੀ। ਉਸ ਵਿਅਕਤੀ ਦੇ ਨੇੜੇ ਦੂਖ, ਦਰਦ ਅਤੇ ਭੈ ਨਹੀਂ ਰਹੇਗਾ, ਜੋ ਇੱਕ ਵਾਰ ਇਸ ਚੌਪਈ ਦਾ ਪਾਠ ਕਰੇਗਾ। ੪੦੪। ਚੌਪਈ ਸੰਬਤ ਸਤ੍ਰਹ ਸਹਸ ਭਣਿਜੈ। ਅਰਧ ਸਹਸ ਫੁਨਿ ਤੀਨਿ ਕਹਿਜੈ। ਇਤਿ ਸ੍ਰੀ ਚਰਿਤ੍ਰ ਪਖ੍ਹਯਾਨੋ ਤ੍ਰਿਯਾ ਚਰਿਤ੍ਰੋ ਮੰਤ੍ਰੀ ਭੂਪ
ਸੰਬਾਦੇ ਚਾਰ ਸੌ ਚਾਰ ਚਰਿਤ੍ਰ ਸਮਾਪਤਮ ਅਰਥ: (ਪਹਿਲਾਂ) ਸਤਾਰਾਂ ਸੌ ਸੰਮਤ ਕਹੋ ਅਤੇ (ਫਿਰ ਉਸ ਨਾਲ) ਅੱਧਾ ਸੌ (੫੦) ਅਤੇ ਤਿੰਨ ਕਹੋ (ਅਰਥਾਤ: ੧੭੫੩ ਬਿ.)। ਭਾਦੋਂ ਮਹੀਨੇ ਦੀ ਸੁਦੀ ਅੱਠਵੀਂ ਐਤਵਾਰ ਨੂੰ ਸਤਲੁਜ ਨਦੀ ਦੇ ਕੰਢੇ (ਬੈਠ ਕੇ ਇਹ) ਗ੍ਰੰਥ ਸੰਪੂਰਨ ਕੀਤਾ। ੪੦੫। ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ
ਸੰਵਾਦ ਦੇ ੪੦੪ ਚਰਿਤ੍ਰ ਦੀ ਸਮਾਪਤੀ, ਕਈ ਸਾਲਾਂ ਤੋਂ ਇਸ ਚੌਪਈ ਦੇ ਅਣਗਿਣਤ ਪਾਠ ਕੀਤੇ ਜਾ ਰਹੇ ਹਨ, ਪਰ ਇਸ ਦਾ ਕੋਈ ਪਤਾ ਨਹੀਂ ਕਿ ਕੀ ਕੋਈ ਗੁੰਗਾ ਬੋਲਣ ਲੱਗ ਪਿਆ ਹੈ ਜਾਂ ਕੋਈ ਮੂਰਖ ਸਿਆਣਾ ਬਣ ਗਿਆ ਹੈ? ਜਾਂ ਕੀ ਉਨ੍ਹਾਂ ਦੇ ਸਾਰੇ ਦੁੱਖ ਦੂਰ ਹੋ ਗਏ ਹਨ ਅਤੇ ਮਹਾ ਕਾਲ ਨੇ ਉਨ੍ਹਾਂ ਦੀਆਂ ਸਾਰੀਆਂ ਮੰਗਾਂ ਪੂਰੀਆਂ ਕਰ ਦਿੱਤੀਆਂ ਹਨ? ਬਚਿਤ੍ਰ ਨਾਟਕ ਵਿਚੋਂ ਇਸ ਚੌਪਈ ਦੇ ਨੰਬਰ ੩੭੭ ਤੋਂ ੪੦੧, ਨਿੱਤਨੇਮ ਦੇ ਗੁਟਕਿਆਂ ਵਿਖੇ ੧ ਤੋਂ ੨੫ ਤੱਕ ਕਿਉਂ ਬਦਲੇ ਗਏ ਅਤੇ ਆਖੀਰਲੀ ਵਾਰਤਾ ਨੰਬਰ ੪੦੨ ਤੋਂ ੪੦੫ ਕਿਉਂ ਛੱਡ ਦਿੱਤੀ ਗਈ? ਕੀ ਇਹ ਸਿੱਖਾਂ ਨਾਲ ਧੋਖੇਬਾਜ਼ੀ-ਚਾਲਾਕੀ ਨਹੀਂ ਅਤੇ ਇਸ ਦਾ ਕੌਣ ਜ਼ੁਮੇਵਾਰ ਹੈ? ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅੰਮ੍ਰਿਤਸਰ ਦੀ ਇੱਕ ਹੋਰ ਦਵੈਤ-ਨੀਤੀ ਦੇਖੋ ਕਿ ਇੱਕ ਪਾਸੇ ਤਾਂ ਇਹ ਕਹਿ ਰਹੀ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਾਕਰ (ਤੁੱਲ) ਕਿਸੇ ਪੁਸਤਕ ਨੂੰ ਅਸਥਾਪਨ ਨਹੀਂ ਕਰਨਾ। ਪਰ, ਨਾਲ ਹੀ ਕਈ ਵਾਰਤਾਂਵਾਂ ਐਸੀਆਂ ਹਨ ਜਿਨ੍ਹਾਂ ਦਾ ਪਾਠ ਕਰਨਾ ਜ਼ਰੂਰੀ ਹੁਕਮ ਕੀਤਾ ਹੋਇਆ ਹੈ, ਭਾਵੇਂ ਉਹ ਕਈ ਹੋਰ ਪੁਸਤਕਾਂ ਵਿਚੋਂ ਲਈਆਂ ਹੋਈਆਂ ਹਨ ਅਤੇ ਇਨ੍ਹਾਂ ਦਾ ਪਾਠ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਹੁੰਦਾ ਆ ਰਿਹਾ ਹੈ! ਕੀ ਐਸਾ ਕਰਨਾ ਘੋਰ-ਅਵਗਿਆ, ਅਤੇ ਗੁਰੂ ਸਾਹਿਬ ਦੇ ਹੁਕਮ ਦੀ ਉਲੰਘਣਾ/ਕੁਫਰ ਨਹੀਂ? ਗੁਰਪੁਰਵਾਸੀ ਗਿਆਨੀ ਭਾਗ ਸਿੰਘ (ਅੰਬਾਲਾ) ਨੇ ਇੱਕ ਪੁਸਤਕ ਦਸਮ ਗ੍ਰੰਥ ਦਰਪਣ (ਦਸਮ ਗ੍ਰੰਥ ਨਿਰਣੈ) ੧੯੭੬ ਵਿੱਚ ਛਪਾਈ ਸੀ ਜਿਸ ਵਿੱਚ ਉਨ੍ਹਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਵਲੋਂ ਇੱਕ ਚਿੱਠੀ ਨੰਬਰ ੩੬੬੭੨ ਮਿਤੀ ੩-੮-੭੩ ਦਾ ਵੇਰਵਾ ਦਿੱਤਾ ਹੋਇਆ ਹੈ ਕਿ ਚਰਿਤ੍ਰੋ ਪਾਖਯਾਨ ਜੋ ਦਸਮ ਗ੍ਰੰਥ ਵਿੱਚ ਅੰਕਿਤ ਹਨ, ਇਹ ਦਸ਼ਮੇਸ਼ ਬਾਣੀ ਨਹੀਂ, ਇਹ ਪੁਰਾਤਨ ਹਿੰਦੂ ਮਿਥਿਆਸਕ ਸਾਖੀਆਂ ਦਾ ਉਤਾਰਾ ਹੈ। ਇਹ ਵੀ ਜਾਣਕਾਰੀ ਦਿੱਤੀ ਹੋਈ ਹੈ ਕਿ ਇਸ ਚਿੱਠੀ-ਪੱਤਰਾਂ ਦਾ ਵੇਰਵਾ ਸ੍ਰ. ਮਾਨ ਸਿੰਘ ਜੀ, ਭਗਤ ਸਿੰਘ ਮਾਰਕੀਟ, ਨਵੀਂ ਦਿੱਲੀ ਨੇ ਆਪਣੀ ਹਫ਼ਤਾਵਾਰੀ ਅਖ਼ਬਾਰ ਮਾਨਸਰੋਵਰ ਜਿਲਦ ੧੯ ਨੰਬਰ ੨੩-੨੪-੨੮, ਜੂਨ ਤੋਂ ਜੁਲਾਈ ੧੯੭੪ ਦੇ ਪਰਚੇ ਵਿੱਚ ਸਫ਼ਾ ੫ ਦੇ ਚੌਥੇ ਕਾਲਮ ਦੇ ਅੰਤਲੇ ਪੈਰੇ ਤੋਂ ਸ਼ੁਰੂ ਕਰਕੇ ਸਫਾ ੬ ਦੇ ਚੌਥੇ ਕਾਲਮ ਤਕ ਦਿੱਤਾ ਹੈ। ਇਹ ਜਾਣਕਾਰੀ ਪੁਸਤਕ: ਦਸਮ ਗ੍ਰੰਥ ਬਾਰੇ ਚੋਣਵੇਂ ਲੇਖ ਲੇਖਕ ਪ੍ਰਿੰ. ਹਰਿਭਜਨ ਸਿੰਘ (ਚੰਡੀਗੜ੍ਹ, ੧੯੯੬) ਅਤੇ ਇੱਕ ਹੋਰ ਕਿਤਾਬ: ਅਖੌਤੀ ਗ੍ਰੰਥਾਂ ਦੀ ਪੜਚੋਲ? ਲੇਖਕ ਚਰਨਜੀਤ ਸਿੰਘ ਬੱਲ (ਕੈਨੇਡਾ, ੨੦੦੪) ਵਿੱਚ ਭੀ ਪੜ੍ਹੀ ਜਾ ਸਕਦੀ ਹੈ। ਗਿਆਨੀ ਜੀ ਇਹ ਵੀ ਲਿਖਦੇ ਹਨ ਕਿ ਸ਼੍ਰੋ. ਗੁ. ਪ੍ਰ. ਕਮੇਟੀ ਅਤੇ ਡਾ. ਰਤਨ ਸਿੰਘ ਜੱਗੀ ਸਾਹਿਬ ਨਾਲ ਹੋਏ ਉਪ੍ਰੋਕਤ ਚਿੱਠੀ-ਪੱਤਰਾਂ ਦੇ ਆਧਾਰ `ਤੇ ਵੀ ਇਹੋ ਸਪਸ਼ਟ ਹੋਇਆ ਕਿ ਹਮਰੀ ਕਰੋ ਹਾਥ ਦੇ ਰੱਛਾ ਵਾਲੀ ਚੌਪਈ ਦਸ਼ਮੇਸ਼ ਕ੍ਰਿਤ ਨਹੀਂ, ਬਲਕਿ ਉਸ ਦੇਵੀ ਉਪਾਸ਼ਕ ਕਵੀ ਦੀ ਰਚਨਾ ਹੈ ਜਿਸਨੇ ੪੦੫ਵੇਂ ਭਾਵ ਅੰਤਲੇ ਚਰਿਤ੍ਰ ਮਹਾਂਕਾਲ ਵਾਲੇ ਵਿਚਲਿਆਂ ੩੭੬ ਬੰਦਾਂ ਵਿੱਚ ਨਾਟਕੀ ਢੰਗ ਨਾਲ ਆਪਣੇ ਇਸ਼ਟ ਮਹਾਂਕਾਲ ਦਾ ਤੇਜ-ਪ੍ਰਤਾਪ (ਸਬੁੱਧ ਨਾਮੇ ਮੰਤ੍ਰੀ ਦੇ ਮੂੰਹੋਂ) ਦਰਸਾਉਣ ਉਪ੍ਰੰਤ, ੨੫ ਬੰਦਾਂ ਵਾਲੀ ਚੌਪਈ ਵਿੱਚ ਉਸੇ ਮਹਾਂਕਾਲ ਅੱਗੇ ਬੇਨਤੀ ਕਰਨ ਪਿਛੋਂ ੨ ਬੰਦਾਂ ਵਿੱਚ ਜਗ-ਮਾਤਾ (ਦੁਰਗਾ) ਅਤੇ ਅਸਿਧੁੱਜ (ਮਹਾਂਕਾਲ) ਦਾ ਧੰਨਵਾਦ ਕਰਨ ਅਤੇ ਚੌਪਈ ਦਾ ਮਹਾਤਮ ਦਰਸਾ ਕੇ ਅੰਤਲੀ ਪੁਸ਼ਪਿਕਾ ਅੰਦਰ ਸੰਮਤਿ ਆਦਿਕ ਦੱਸਣ ਪਿਛੋਂ ੪੦੫ਵੇਂ ਅੰਕ ਟੋਟਲੀ ੭੫੫੫ ਅੰਕਾਂ ਉਤੇ ਸਮਾਪਤ ਕੀਤੀ ਹੈ। ਪਰ, ਇਹ ਬੜੇ ਅਫ਼ਸੋਸ ਨਾਲ ਲਿਖਣਾ ਪੈ ਰਿਹਾ ਹੈ ਕਿ ਪਿਛਲੇ (੪੦) ਸਾਲਾਂ ਤੋਂ ਇਸ ਗ਼ਲਤੀ ਦੀ ਕੋਈ ਸੁਧਾਈ ਨਹੀਂ ਕੀਤੀ ਗਈ! ਦਰ-ਅਸਲ, ਸਿੱਖ ਗੁਰਦੁਆਰਾ ਐਕਟ ੧੯੨੫ ਦੀ ਧਾਰਾ ੧੩੪ (ਜੀ) ਅਨੁਸਾਰ ਇਸ ਕਮੇਟੀ ਦੇ ਖ਼ਿਲਾਫ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ! Section 134: The committee may suspend or dismiss any office-holder, provided . that such office-holder or minister (g) fails persistently to perform his duties in connection with the management or performance of public worship or the management or performance of any rituals and ceremonies in accordance with the teachings of Sri Guru Granth Sahib, or (h) has ceased to be a Sikh. ਆਓ, ਗੁਰੂ ਗ੍ਰੰਥ ਸਾਹਿਬ ਵਿੱਚ ਅੰਕਿਤ ਗੁਰਬਾਣੀ ਦਾ ਹੀ ਸੋਚ-ਸਮਝ ਕੇ ਪਾਠ ਕਰਕੇ, ਸਚਿਆਰ ਕੰਮ ਕਰੀਏ। ਖਿਮਾ ਦਾ ਜਾਚਕ, ਗੁਰਮੀਤ ਸਿੰਘ (ਸਿੱਡਨੀ - ਆਸਟ੍ਰੇਲੀਆ) ੨੭ ਜਨਵਰੀ ੨੦੧੩ |
||
|
|
Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views. Read full details.... |