“ਬਾਬਾ ਜੀ, ਅਸੀਂ ਆਪ ਜੀ ਨੂੰ ਪਰਸ਼ਾਦਾ ਵਰਜਣ ਆਏ ਆਂ ਜੀ,” ਜਗੀਰ
ਸਿੰਘ ਨੇ ਦੋਵੇਂ ਹੱਥ ਜੋੜ ਕੇ ਬੜੀ ਨਿਮਰਤਾ ਨਾਲ ਕਥਾਵਾਚਕ ਬਾਬੇ ਨੂੰ ਬੇਨਤੀ ਕੀਤੀ। ਉਸ
ਦੇ ਨਾਲ ਉਹਦੇ ਘਰ ਵਾਲੀ ਗਿਆਨ ਕੌਰ ਵੀ ਹੱਥ ਜੋੜੀ ਬੈਠੀ ਸੀ।
ਬਾਬੇ ਦੀਆਂ ਅੱਖਾਂ ਇਕ ਦਮ ਲਾਲ ਹੋ ਗਈਆਂ ਤੇ ਉਹਦੀਆਂ ਮੁੱਛਾਂ ਕੰਡਿਆਲੇ ਚੂਹੇ ਦੀਆਂ
ਮੁੱਛਾਂ ਵਾਂਗ ਫ਼ਰਕਣ ਲੱਗੀਆਂ ਤੇ ਉਹ ਗਰਜ ਕੇ ਬੋਲਿਆ, “ਸ਼ਕਲ ਦੇਖ ਪਹਿਲਾਂ ਆਪਣੀ, ਪ੍ਰਸ਼ਾਦਾ
ਵਰਜਣ ਆਏ ਐ ਸਾਨੂੰ! ਰੋਡਿਆਂ ਭੋਡਿਆਂ ਦੇ ਘਰੇ ਨਈਂ ਜਾਂਦੇ ਅਸੀਂ ਪ੍ਰਸ਼ਾਦਾ ਛਕਣ, ਪਹਿਲਾਂ
ਸ਼ਕਲ ਬਣਾ ਆਪਣੀ ਪ੍ਰਸ਼ਾਦਾ ਛਕੌਣ ਵਾਲੀ, ਫੇਰ ਸੋਚਾਂਗੇ”।
ਜਗੀਰ ਸਿੰਘ ਤੇ ਉਹਦੇ ਘਰ ਵਾਲੀ ਇਹ ਸੁਣ ਕੇ ਸੁੰਨ ਹੋ ਗਏ। ਉਹ ਤਾਂ ਬੜੇ ਚਾਅ ਨਾਲ ਬਾਬੇ
ਨੂੰ ਆਪਣੇ ਘਰੇ ਲੰਗਰ ਛਕਣ ਲਈ ਬੇਨਤੀ ਕਰਨ ਆਏ ਸਨ, ਪਰ ਬਾਬੇ ਨੇ ਤਾਂ ਚਹੁੰ ਬੰਦਿਆਂ ਵਿਚ
ਉਨ੍ਹਾਂ ਦੀ ਲਾਹ-ਪਾਹ ਕਰ ਸੁੱਟੀ ਸੀ।
ਉਹ ਦੋਵੇਂ ਜੀਅ ਹੀ ਬੜੇ ਸਾਊ ਸਨ। ਉਨ੍ਹਾਂ ਵਿਚਾਰਿਆਂ ਨੇ ਕੋਈ ਸਵਾਲ ਜਵਾਬ ਨਹੀਂ ਕੀਤਾ
ਤੇ ਸਭ ਨੂੰ ਸਤਿ ਸ੍ਰੀ ਅਕਾਲ ਬੁਲਾ ਕੇ ਕਮਰਿਉਂ ਬਾਹਰ ਹੋ ਗਏ।
ਇਹ ਗੁਰਦੁਆਰੇ ਦੇ ਗ੍ਰੰਥੀ ਦਾ ਕਮਰਾ ਸੀ ਤੇ ਕਮਰੇ ਵਿਚ ਉਸ ਵੇਲੇ ਕਥਾਵਾਚਕ ਬਾਬੇ ਤੋਂ
ਇਲਾਵਾ ਗੁਰਦੁਆਰੇ ਦਾ ਗ੍ਰੰਥੀ, ਦੋ ਕਮੇਟੀ ਮੈਂਬਰ ਅਤੇ ਇਕ ਹੋਰ ਵਿਅਕਤੀ ਬੈਠਾ ਸੀ ਜਿਸ
ਨੂੰ ਹਮੇਸ਼ਾ ਨੀਲੀ ਪੱਗ ਬੰਨ੍ਹਣ ਕਰ ਕੇ ਸਭ ਅਕਾਲੀ ਕਹਿ ਕੇ ਬੁਲਾਉਂਦੇ ਸਨ ਤੇ ਇਸੇ ਕਰਕੇ
ਉਹਦੀ ਅੱਲ ਹੀ ਅਕਾਲੀ ਪੈ ਗਈ ਹੋਈ ਸੀ। ਬਾਬੇ ਦੇ ਚਿਹਰੇ ‘ਤੇ ਅਜੇ ਵੀ ਤਣਾਉ ਸੀ। ਦੋ ਕੁ
ਮਿੰਟ ਉੱਥੇ ਬੈਠ ਕੇ ਫੇਰ ਉਹ ਆਪਣੇ ਕਮਰੇ ‘ਚ ਚਲਿਆ ਗਿਆ। ਇਹ ਬਾਬਾ ਪੰਜਾਬ ਤੋਂ ਆਇਆ
ਹੋਇਆ ਸੀ ਤੇ ਅੱਜ ਕੱਲ ਇਸ ਗੁਰਦੁਆਰੇ ‘ਚ ਕਥਾ ਕਰ ਰਿਹਾ ਸੀ।
ਬਾਬੇ ਦੇ ਜਾਣ ਤੋਂ ਬਾਅਦ ਇਕ ਕਮੇਟੀ ਮੈਂਬਰ ਕਹਿਣ ਲੱਗਾ, “ਯਾਰ, ਬਾਬਾ ਜੀ ਨੇ ਚੰਗਾ ਨਈਂ
ਕੀਤਾ, ਇਉਂ ਤੋੜ ਕੇ ਜਵਾਬ ਨਹੀਂ ਸੀ ਦੇਣਾ ਚਾਹੀਦਾ, ਉਂਜ ਪਿਆਰ ਨਾਲ ਕਹਿ ਦਿੰਦੇ”।
ਅਕਾਲੀ ਬੋਲਿਆ, “ਹੁਣ ਨਾ ਉਹ ਅੱਗੇ ਵਾਲੇ ਬਾਬੇ ਰਹੇ ਐ ਤੇ ਨਾ ਹੀ ਲੋਕ। ਲੋਕ ਵੀ ਉਸੇ
ਬਾਬੇ ਨੂੰ ਚੰਗਾ ਸਮਝਦੇ ਐ ਜਿਹੜਾ ਇਨ੍ਹਾਂ ਨੂੰ ਮੰਦਾ ਬੋਲੇ ਤੇ ਖੂੰਡਾ ਫੇਰੇ ਏਹਨਾਂ ਦੇ,
ਫੇਰ ਦੇਖੋ ਕਿਵੇਂ ਅੱਗੇ ਪਿੱਛੇ ਫਿਰਦੇ ਐ ਉਸ ਬਾਬੇ ਦੇ। ਤੁਸੀਂ ਇੰਡੀਆ ‘ਚ ਦੇਖੇ ਈ ਹੋਣੈ
ਐਂ ਕਮਲੇ ਰਮਲੇ ਜਿਹੇ ਬਾਬੇ, ਜਿਹੜੇ ਦੜੇ-ਸੱਟੇ ਦੇ ਨੰਬਰ ਦੱਸਦੇ ਐ। ਉਹ ਲੋਕਾਂ ਨੂੰ
ਗਾਹਲਾਂ ਕੱਢਦੇ ਐ, ਨਾਲੇ ਇੱਟਾਂ ਰੋੜੇ ਮਾਰਦੇ ਐ ਪਰ ਫੇਰ ਵੀ ਲੋਕ ਉਨ੍ਹਾਂ ਕੋਲੋਂ ਦੜੇ
ਸੱਟੇ ਦੇ ਨੰਬਰ ਪੁੱਛਣ ਆਉਂਦੇ ਐ”।
“ਲੈ ਬਈ ‘ਕਾਲੀ ਨੇ ਤਾਂ ਸਾਰੇ ਬਾਬੇ ਇਕੋ ਰੱਸੇ ਈ ਬੰਨ੍ਹ ‘ਤੇ” ਇਕ ਕਮੇਟੀ ਮੈਂਬਰ ਬੋਲਿਆ।
ਇਸ ਤੋਂ ਬਾਅਦ ਕਿਸੇ ਨੇ ਇਸ ਬਾਰੇ ਕੋਈ ਗੱਲ ਨਾ ਕੀਤੀ ਤੇ ਗੱਲਾਂ ਦਾ ਵਿਸ਼ਾ ਬਦਲ ਗਿਆ।
ਇਸ ਘਟਨਾ ਤੋਂ ਦੂਸਰੇ ਦਿਨ ਗ੍ਰੰਥੀ ਨੇ ਕਿਸੇ ਸ਼ਰਧਾਲੂ ਦੇ ਘਰ ਜਾਣਾ ਸੀ ਤੇ ਉਹ ਕਿਸੇ ਪਾਸੋਂ
ਲਿਫ਼ਟ ਲੈਣ ਬਾਰੇ ਅਜੇ ਸੋਚ ਰਿਹਾ ਸੀ ਕਿ ਉਹਨੂੰ ਕਾਰ ਪਾਰਕ ਵਲੋਂ ਅਕਾਲੀ ਆਉਂਦਾ ਦਿਸਿਆ।
ਗ੍ਰੰਥੀ ਦੀ ਬੇਨਤੀ ਮੰਨ ਕੇ ਉਹ ਉੱਥੋਂ ਹੀ ਕਾਰ ਪਾਰਕ ਵਲ ਨੂੰ ਮੁੜ ਪਿਆ।
ਜਿਸ ਘਰ ਜਾਣਾ ਸੀ, ਅਕਾਲੀ ਉਨ੍ਹਾਂ ਨੂੰ ਚੰਗੀ ਤਰ੍ਹਾਂ ਜਾਣਦਾ ਸੀ। ਸ਼ਹਿਰ ਦੀ ਇਕ ਬੜੀ
ਮੋਟੀ ਸਾਮੀ ਦਾ ਘਰ ਸੀ ਇਹ। ਜਦੋਂ ਉਹ ਦੋਵੇਂ ਉੱਥੇ ਪਹੁੰਚੇ ਤਾਂ ਘਰ ਦੀ ਮਾਲਕਣ ਬੀਬੀ ਨੇ
ਦਰਵਾਜ਼ਾ ਖੋਲ੍ਹ ਕੇ ਸਤਿ ਸ੍ਰੀ ਅਕਾਲ ਬੁਲਾਈ ਤੇ ਦੋਵਾਂ ਨੂੰ ਬੜੇ ਸਤਿਕਾਰ ਨਾਲ ਅੰਦਰ
ਲੰਘਾਇਆ ਤੇ ਉਨ੍ਹਾਂ ਨੂੰ ਧੁਰ ਅੰਦਰਲੇ ਕਮਰੇ ‘ਚ ਜਾਣ ਦਾ ਇਸ਼ਾਰਾ ਕਰ ਕੇ ਗ੍ਰੰਥੀ ਹੋਰਾਂ
ਨੂੰ ਕਹਿਣ ਲੱਗੀ, “ਭਾਈ ਜੀ, ਇਹ ਆਪ ਬਾਥ-ਰੂਮ ਗਏ ਹੋਏ ਆ, ਹੁਣੇ ਈ ਆਉਂਦੇ ਆ, ਤੁਸੀਂ ਔਹ
ਅਗਲੇ ਅੰਦਰ ਲੰਘ ਕੇ ਬੈਠੋ”।
ਦੋ ਬੜੇ ਬੜੇ ਦਲਾਨਾਂ ਵਰਗੇ ਕਮਰੇ ਲੰਘ ਕੇ ਜਦ ਉਹ ਦੋਨੋਂ ਜਣੇ ਧੁਰ ਅਗਲੇ ਕਮਰੇ ‘ਚ
ਪਹੁੰਚੇ ਤਾਂ ਉਨ੍ਹਾਂ ਨੂੰ ਇਉਂ ਜਾਪਿਆ ਜਿਵੇਂ ਉਹ ਕਿਸੇ ਪੱਬ ਵਿਚ ਆ ਗਏ ਹੋਣ। ਘਰ ਦੇ
ਮਾਲਕ ਨੇ ਉਸ ਕਮਰੇ ਵਿਚ ਬੀਅਰ-ਬਾਰ ਬਣਾਈ ਹੋਈ ਸੀ ਤੇ ਸਾਹਮਣੇ ਵਾਲ਼ੀ ਕੰਧ ਦੇ ਨਾਲ ਅਨੇਕ
ਪ੍ਰਕਾਰ ਦੀਆਂ ਸ਼ਰਾਬ ਦੀਆਂ ਬੋਤਲਾਂ ਪੁੱਠੀਆਂ ਕਰ ਕੇ ਰਾਮ ਤੋਰੀਆਂ ਵਾਂਗ ਟੰਗੀਆਂ ਹੋਈਆਂ
ਸਨ।
ਉਨ੍ਹਾਂ ਦੀਆਂ ਅੱਖਾਂ ਨੂੰ ਇਹ ਦੇਖ ਕੇ ਯਕੀਨ ਨਹੀਂ ਸੀ ਆ ਰਿਹਾ ਕਿ ਕੱਲ੍ਹ ਜਿਹੜਾ ਬਾਬਾ
ਮੋਨੇ ਬੰਦੇ ਦੇ ਘਰ ਪ੍ਰਸ਼ਾਦਾ ਛਕਣ ਨਹੀਂ ਸੀ ਗਿਆ ਅੱਜ ਉਹ ਇਥੇ ਘੋਨ-ਮੋਨ ਬੰਦੇ ਦੇ ਘਰ
ਸ਼ਰਾਬਖ਼ਾਨੇ ‘ਚ ਬੈਠਾ ਕੌਫ਼ੀ ਪੀ ਰਿਹਾ ਸੀ।