Share on Facebook

Main News Page

ਸਮਾਂ ਹੀ ਦੱਸੇਗਾ ਕਿ ਦਿੱਲੀ ਦੇ ਇਤਿਹਾਸਿਕ ਗੁਰਦੁਆਰੇ ਮਸੰਦਾਂ ਤੋਂ ਆਜ਼ਾਦ ਹੋਏ ਹਨ, ਜਾਂ ਮਸੰਦਾਂ ਦੇ ਕਬਜ਼ੇ ਵਿੱਚ ਚਲੇ ਗਏ ਹਨ
- ਹਰਵਿੰਦਰ ਸਿੰਘ ਸਰਨਾ

ਨਵੀਂ ਦਿਲੀ :ਦਿੱਲੀ ਪ੍ਰਦੇਸ਼ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਜ. ਮਨਜੀਤ ਸਿੰਘ ਜੀਕੇ ਵਲੋਂ ਦਿੱਲੀ ਗੁਰਦੁਆਰਾ ਚੋਣਾਂ ਵਿੱਚ ਬਾਦਲ ਦਲ ਦੀ ਹੋਈ ਜਿਤ ਨੂੰ ਮਸੰਦਾਂ ਤੋਂ ਗੁਰਦੁਆਰੇ ਆਜ਼ਾਦ ਕਰਵਾ ਲਏ ਜਾਣਾ ਕਰਾਰ ਦਿੱਤੇ ਜਾਣ ਪੁਰ ਆਪਣੀ ਪ੍ਰਤੀਕ੍ਰਿਆ ਦਿੰਦਿਆਂ ਸ. ਹਰਵਿੰਦਰ ਸਿੰਘ ਸਰਨਾ, ਸਕਤੱਰ ਜਨਰਲ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਆਪਣੇ ਬਿਆਨ ਵਿੱਚ, ਕਿਹਾ ਕਿ ਸਮਾਂ ਹੀ ਇਸਦਾ ਫੈਸਲਾ ਕਰੇਗਾ ਕਿ ਦਿੱਲੀ ਦੇ ਇਤਿਹਾਸਿਕ ਗੁਰਦੁਆਰੇ ਮਸੰਦਾਂ ਤੋਂ ਆਜ਼ਾਦ ਹੋਏ ਹਨ, ਜਾਂ ਮਸੰਦਾਂ ਦੇ ਕਬਜ਼ੇ ਵਿੱਚ ਚਲੇ ਗਏ ਹਨ। ਸ. ਸਰਨਾ ਨੇ ਕਿਹਾ ਕਿ ਮਾੜੇ-ਚੰਗੇ ਹਥਕੰਡੇ ਵਰਤ ਬਾਦਲ ਦਲ ਨੇ ਦਿੱਲੀ ਦੇ ਗੁਰਦੁਆਰਿਆਂ ਪੁਰ ਕਬਜ਼ਾ ਤਾਂ ਕਰ ਲਿਆ ਹੈ, ਪਰ ਉਸ ਵਲੋਂ ਕੀਤੇ ਜਾਣ ਵਾਲੇ ਕੰਮਾਂ ਤੋਂ ਹੀ ਪਤਾ ਚਲੇਗਾ ਕਿ ਉਨ੍ਹਾਂ ਇਹ ਕਬਜ਼ਾ ਕਿਸ ਉਦੇਸ਼ ਅਤੇ ਕਿਸ ਨੀਅਤ ਨਾਲ ਕੀਤਾ ਹੈ।

ਸ. ਹਰਵਿੰਦਰ ਸਿੰਘ ਸਰਨਾ ਨੇ ਕਿਹਾ ਕਿ ਭਾਜਪਾ ਆਗੂਆਂ ਦਾ ਇਹ ਦਾਅਵਾ ਕਰਨਾ ਕਿ ਉਨ੍ਹਾਂ ਦੀ ਮਦਦ ਬਿਨਾਂ ਬਾਦਲ ਦਲ ਦਾ ਦਿੱਲੀ ਗੁਰਦੁਆਰਾ ਚੋਣਾਂ ਜਿਤਣਾ ਸੰਭਵ ਨਹੀਂ ਸੀ, ਇਹੀ ਸੰਕੇਤ ਦਿੰਦਾ ਹੈ ਕਿ ਭਾਜਪਾ ਦੀਆਂ ਨਜ਼ਰਾਂ ਵਿੱਚ ਦਿੱਲੀ ਗੁਰਦੁਆਰਾ ਚੋਣਾਂ ਵਿੱਚ ਬਾਦਲ ਅਕਾਲੀ ਦਲ ਦੀ ਚਹੁੰਮੁਖੀ ਤਾਕਤ, ਜੋ ਉਹ ਪੰਜਾਬ ਸਰਕਾਰ, ਸ਼੍ਰੋਮਣੀ ਕਮੇਟੀ, ਯੂਥ ਬ੍ਰਿਗੇਡ ਅਤੇ ਆਪਣੇ ਦਲ ਦੇ ਦਲ-ਬਲ ਨਾਲ ਲੈ ਕੇ ਆਏ ਹੋਏ ਸਨ, ਉਨ੍ਹਾਂ ਦੀ ਮਦੱਦ ਬਿਨਾ ਰਾਜਧਾਨੀ ਦੇ ਗੁਰਦੁਆਰਿਆਂ ਪੁਰ ਕਬਜ਼ਾ ਕਰਨ ਵਿੱਚ ਕਦੀ ਵੀ ਸਫਲ ਨਹੀਂ ਸੀ ਹੋ ਸਕਦੀ। ਸ. ਸਰਨਾ ਨੇ ਸੁਆਲ ਉਠਾਇਆ ਕਿ ਇਸ ਸਥਿਤੀ ਵਿੱਚ ਜੇ ਭਾਜਪਾਈਆਂ ਨੇ ਬਾਦਲ ਦਲ ਦੇ ਮੁਖੀਆਂ ਪਾਸੋਂ ਆਪਣੇ ਇਸ ‘ਕੀਮਤੀ ਸਹਿਯੋਗ’ ਅਤੇ ‘ਅਹਿਸਾਨ’ ਦੇ ਮੁਲ ਦੀ ਮੰਗ ਕੀਤੀ ਤਾਂ ਬਾਦਲ ਅਕਾਲੀ ਦਲ ਦੇ ਮੁੱਖੀ ਪੰਜਾਬ ਵਾਂਗ ਦਿੱਲੀ ਵਿੱਚ ਵੀ ਉਨ੍ਹਾਂ ਸਾਹਮਣੇ ਆਤਮ-ਸਮਰਪਣ ਕਰ ਸਿੱਖ ਧਰਮ ਅਤੇ ਸਿੱਖ ਰਾਜਨੀਤੀ ਦਾ ਭਗਵਾ-ਕਰਣ ਕਰਨ ਵਲ ਤਾਂ ਨਹੀਂ ਤੁਰ ਪੈਣਗੇ? ਉਨ੍ਹਾਂ ਕਿਹਾ ਕਿ ਇਸਦਾ ਜਵਾਬ ਆਉਣ ਵਾਲਾ ਸਮਾਂ ਜ਼ਰੂਰ ਦੇਵੇਗਾ।


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top