Share on Facebook

Main News Page

ਹੁਕਮਨਾਮਿਆਂ ਬਾਰੇ ਤੱਥ
- ਪ੍ਰੋ. ਇੰਦਰ ਸਿੰਘ 'ਘੱਗਾ'

ਗੁਰਮਤਿ ਦੀ ਸੋਝੀ ਰੱਖਣ ਵਾਲੇ, ਇਤਿਹਾਸ ਪੜ੍ਹਨ ਵਾਲੇ ਸੁਚੇਤ ਪਾਠਕ ਜਾਣਦੇ ਹਨ ਕਿ ਸਾਡੇ ਤਖ਼ਤਾਂ ਦੇ ਜਥੇਦਾਰਾਂ ਦੀ ਕੋਈ ਵਿਦਿਅਕ ਯੋਗਤਾ ਅਨੁਸਾਰ ਅਹੁਦੇ ਨਹੀਂ ਦਿੱਤੇ ਜਾਂਦੇ। ਧਰਮ ਖੇਤਰ ਵਿਚ ਇਨ੍ਹਾਂ ਦੀ ਕੋਈ ਮਹੱਤਵਪੂਰਨ ਪ੍ਰਾਪਤੀ ਭੀ ਨਹੀਂ ਹੁੰਦੀ ਪੜ੍ਹੇ-ਲਿਖੇ ਸਿੱਖ ਨੌਕਰੀ, ਵਿਉਪਾਰ ਜਾਂ ਦੁਕਾਨਦਾਰੀ ਆਦਿਕ ਵੱਲ ਚਲੇ ਜਾਂਦੇ ਹਨ। ਬਹੁਤੇ ਰਿਟਾਇਰ ਬਜ਼ੁਰਗ ਗੁਰਦੁਆਰਾ ਕਮੇਟੀਆਂ ਤੇ ਕਾਬਜ ਹੋ ਜਾਂਦੇ ਹਨ। ਰਹਿੰਦੇ ਬੇਰੁਜ਼ਗਾਰ ਲੋਕ ਰਾਜਂਨੀਤੀ ਵਿਚ ਕਿਸੇ ਵੀ ਰਸਤੇ ਦਾਖ਼ਲ ਹੋਣ ਲਈ ਕੋਸ਼ਿਸ਼ ਕਰਦੇ ਹਨ। ਸਭ ਤੋਂ ਅਖੀਰਲਾ ਤਬਕਾ ਧਰਮ ਅਸਥਾਨਾਂ ਦੀ ਸੇਵਾ-ਸੰਭਾਲ ਤੇ, ਪਾਠੀ, ਗ੍ਰੰਥੀ, ਕਥਾ, ਕੀਰਤਨ ਕਰਕੇ ਨਿਰਬਾਹ ਕਰਨ ਦੀ ਕੋਸ਼ਿਸ਼ ਕਰਦਾ ਹੈ।

ਸ਼੍ਰੋਮਣੀ ਕਮੇਟੀ ਵਿਚ ਸਿਫਾਰਸ਼ੀ ਅਤੇ ਜੀ ਹਜ਼ੂਰੀਏ ਲੋਕਾਂ ਦੀ ਭਰਮਾਰ ਹੈ। ਜਿਸ ਦੀ ਵੱਡੀ ਸਿਫਾਰਸ਼ ਹੋਵੇ ਤੇ ਸਿਰੇ ਦਾ ਚਾਪਲੂਸ ਹੋਵੇ, ਓਹੀ ਨੌਕਰੀ ਵਿਚ ਟਿਕਿਆ ਰਹਿ ਸਕਦਾ ਹੈ, ਤਰੱਕੀ ਕਰ ਸਕਦਾ ਹੈ। ਅਨੇਕ ਪ੍ਰਕਾਰ ਰਾਜਸੀ ਬੇਈਮਾਨੀ ਵਿਚ ਗਰਕ ਹੋਏ ਲੀਡਰ, ਤਖ਼ਤਾਂ ਦੇ ਜਥੇਦਾਰਾਂ ਦੀ ਨਿਯੁਕਤੀ ਕਰਦੇ ਹਨ। ਇਹ ਵਿਚਾਰੇ ਫਿਰ ਸਰਕਸ ਦੇ ਜਾਨਵਰਾਂ ਵਾਂਗ ਸਿੱਖੀ ਦੀ ਸਟੇਜ ਤੇ ਹਰ ਰੋਜ਼ ਤਮਾਸ਼ਾ ਕਰਕੇ ਲੋਕਾਂ ਦਾ ਖੂਬ ਮਨੋਰੰਜਨ ਕਰਦੇ ਹਨ। ਬੇਅੰਤ ਕੰਮ ਗੁਰਮਤਿ ਤੋਂ ਉਲਟ ਹੋ ਰਹੇ ਹਨ, ਜਥੇਦਾਰ ਘੂਕ ਸੁੱਤੇ ਰਹਿਣਗੇ। ਪਰ ਜਦੋਂ ਕੋਈ ਰਾਜਨੀਤੀਵਾਨ ਇਸ਼ਾਰਾ ਕਰੇ ਤਾਂ ਵਫਾਦਾਰੀ ਲੈਣ ਲਈ, ਝੱਟ "ਹੁਕਮਨਾਮੇ" ਜਾਰੀ ਕਰਨ ਲੱਗ ਪੈਂਦੇ ਹਨ। ਸਿਰਦਾਰ ਗੁਰਬਖ਼ਸ਼ ਸਿੰਘ ਕਾਲਾ ਅਫਗਾਨਾ ਦੇ ਸਬੰਧ ਵਿਚ ਵੀ ਏਹੀ ਕੁੱਝ ਹੋਇਆ ਹੈ। ਪੰਥ ਵਿਚ ਵਾਪਰ ਰਹੀਆਂ ਮਨਮਤਾਂ, ਕੁਰੀਤੀਆਂ ਦਾ ਸੰਖੇਪ ਸਾਰ ਹਾਜ਼ਰ ਹੈ:-

ਹੇਠਾਂ ਕੁੱਝ ਕੁ ਵੰਨਗੀ ਮਾਤਰ ਆਪ ਸਭ ਦੀ ਜਾਣਕਾਰੀ ਲਈ ਟੂਕਾਂ ਹਾਜ਼ਰ ਹਨ:

1. ਗੁਰੂ ਕਾਲ ਸਮੇਂ ਕਿਸੇ ਵਿਅਕਤੀ ਵਿਰੁੱਧ ਸਤਿਗੁਰੂ ਜੀ ਨੇ ਹੁਕਮਨਾਮਾ ਜਾਰੀ ਨਹੀਂ ਕੀਤਾ। ਪ੍ਰਿਥੀ ਚੰਦ, ਸ੍ਰੀ ਚੰਦ, ਧੀਰ ਮਲ, ਰਾਮ ਰਾਏ, ਜਹਾਂਗੀਰ, ਸ਼ਾਹ ਜਹਾਨ ਅਤੇ ਔਰੰਗਜ਼ੇਬ ਵਿਰੁੱਧ ਵੀ ਨਹੀਂ।
2. ਪਹਿਲੀ ਵਾਰ ਪ੍ਰੋ. ਗੁਰਮੁਖ ਸਿੰਘ ਨੂੰ (1887) ਪੰਥ ਵਿਚੋਂ ਛੇਕਆ, 1995 ਵਿਚ ਵਾਪਸ ਲਿਆ।
3. ਭਾਈ ਤੇਜਾ ਸਿੰਘ ਭਸੌੜ ਵਾਲੇ ਨੂੰ ਦਸਮ ਗ੍ਰੰਥ, ਅਰਦਾਸ ਬਾਰੇ ਮਤਭੇਦਾਂ ਕਾਰਨ 1928 ਨੂੰ ਛੇਕਿਆ ਗਿਆ।
4. ਜੈਤੋ ਮੋਰਚੇ ਵਕਤ (1923) ਗੁਰਦਿਆਲ ਸਿੰਘ ਸਿੱਖਾਂ ਨੂੰ ਮਰਵਾ, ਪਕੜਵਾ ਰਿਹਾ ਸੀ, ਛੇਕਿਆ ਗਿਆ।
5. ਜ਼ਾਤ-ਪਾਤ ਵਿਰੋਧੀ ਹੁਕਨਾਮਾ ਜਾਰੀ ਕੀਤਾ ਗਿਆ 1936 ਵਿਚ।

ਸਿੱਖ ਰਹਿਤ ਮਰਯਾਦਾ ਬਾਰੇ

6. ਸਿੱਖ ਰਹਿਤ ਮਰਯਾਦਾ ਪੰਥਕ ਭਾਵਨਾ ਦੀ ਤਰਜਮਾਨੀ ਕਰਦੀ ਹੈ, ਸਾਰੀਆਂ ਜਥੇਬੰਦੀਆਂ ਦੇ ਮੁਖੀ ਸ਼ਾਮਲ ਹੋਏ।
7. ਇਸ ਵਿਚ ਜਥੇਦਾਰ ਮੋਹਣ ਸਿੰਘ ਅਕਾਲ ਤਖ਼ਤ, ਗਿ. ਅੱਛਰ ਸਿੰਘ ਹੈੱਡ ਗ੍ਰੰਥੀ ਦਰਬਾਰ ਸਾਹਿਬ ਸ਼ਾਮਲ ਹੋਏ।
8. ਲਗਭਗ ਸਾਰੇ ਡੇਰੇਦਾਰਾਂ ਇਸ ਮਰਯਾਦਾ ਨੂੰ ਮੰਨਣ ਤੋਂ ਇਨਕਾਰ ਕੀਤਾ। ਉਨ੍ਹਾਂ ਡੇਰੇਦਾਰਾਂ ਨੂੰ ਸਜਾ ਕਿਉਂ ਨਹੀਂ ਦਿੱਤੀ ਗਈ?
9. ਅਕਾਲ ਤਖ਼ਤ ਦੇ ਸਮਾਨਾਂਤਰ ਆਪੋ-ਆਪਣੀਆਂ ਮਰਿਆਦਾਵਾਂ ਬਣਾ ਲਈਆਂ। ਫਿਰ ਵੀ ਜਥੇਦਾਰ ਸੁੱਤੇ ਰਹੇ ਕੋਈ ਕਾਰਵਾਈ ਨਾ ਕੀਤੀ, ਕਿਉਂ?
10. 1994 ਵਿਚ ਜੋਧਾਂ ਮਨਸੂਰਾਂ ਵਿਖੇ ਨਵੀਂ ਸਿੱਖ ਰਹਿਤ ਮਰਯਾਦਾ ਤਿਆਰ ਕਰਕੇ ਜਾਰੀ ਕੀਤੀ ਗਈ। ਸਰਬਜੋਤ ਸਿੰਘ ਬੇਦੀ ਤੇ ਟਕਸਾਲ ਵਾਲੇ ਮੋਹਰੀ ਸਨ। ਕੋਈ ਕਾਰਵਾਈ ਨਹੀਂ ਕੀਤੀ। ਪਰ ਕਿਉਂ ਜਥੇਦਾਰਾਂ ਚੁੱਪ ਵੱਟੀ?
11. ਟਕਸਾਲ ਵਾਲੇ ਆਪਣੀਆਂ ਕਿਤਾਬਾਂ ਵਿਚ ਕੂੜ ਪ੍ਰਚਾਰ ਕਰਦੇ ਹਨ, ਕੋਈ ਐਕਸ਼ਨ ਨਹੀਂ ਕਿਉਂ?
12. ਵੀਹ ਸਾਲ ਤੋਂ ਟਕਸਾਲ ਵਾਲੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ ਕਿ ਜਰਨੈਲ ਸਿੰਘ ਜੀਵਤ ਹੈ ਆਖਕੇ, ਕਿਉਂ?
13. ਕੇ.ਪੀ.ਐੱਸ. ਗਿੱਲ ਅਤੇ ਉਸਦੇ ਸਾਥੀਆਂ ਨੂੰ ਟਕਸਾਲ ਵਾਲਿਆਂ ਮਹਿਤੇ ਸਿਰੋਪੇ ਦਿੱਤੇ ਦੁੱਧ ਛਕਾਇਆ। ਕੇ.ਪੀ.ਐੱਸ. ਗਿੱਲ ਜੋ ਸਿੱਖਾਂ ਦੀ ਨਸਲਕੁਸੀ ਕਰਨ ਵਾਲਾ ਪੁਲਿਸ ਅਫ਼ਸਰ ਹੈ। ਅਕਾਲ ਤਖ਼ਤ ਖਾਮੋਸ਼ ਕਿਉਂ?
14. ਸਿੱਖਾਂ ਦੀ ਤਬਾਹੀ ਕਰਨ ਵਾਲੇ, ਬੇਅੰਤ ਸਿੰਘ ਮੁੱਖ ਮੰਤ੍ਰੀ, ਕੇ.ਪੀ.ਐੱਸ. ਗਿੱਲ, ਅਜੀਤ ਸਿੰਘ ਸੰਧੂ ਨੂੰ ਪੰਥ ਵਿਚੋਂ ਖਾਰਜ ਨਾ ਕੀਤਾ ਗਿਆ, ਕਿਉਂ?
15. ਭਾਈ ਗੁਰਦੇਵ ਸਿੰਘ ਕਾਉਂਕੇ ਦੇ ਕਾਤਲਾਂ ਨੂੰ ਬਾਦਲ ਨੇ ਸਜਾ ਨਾ ਹੋਣ ਦਿੱਤੀ ਰਿਪੋਰਟ ਦਬਾ ਲਈ। ਜਥੇਦਾਰਾਂ ਨੇ ਬਾਦਲ ਵਿਰੁੱਧ ਕਾਰਵਾਈ ਕਿਉਂ ਨਾ ਕੀਤੀ?
16. ਜਸਵੰਤ ਸਿੰਘ ਖਾਲੜਾ ਦੇ ਕੇਸ ਨੂੰ ਬਾਦਲ ਨੇ ਕੋਈ ਅਹਿਮੀਅਤ ਨਾ ਦਿੱਤੀ ਕਾਤਲ ਬਚ ਗਏ। ਇਸ ਕੇਸ ਬਾਰੇ ਤਖ਼ਤਾਂ ਦੇ ਜਥੇਦਾਰਾਂ ਨੂੰ ਬਾਦਲ ਤੇ ਦਬਾਓ ਪਾਉਣਾ ਚਾਹੀਦਾ ਸੀ ਪਰ ਕੁੱਝ ਨਾ ਕੀਤਾ ਗਿਆ, ਕਿਉਂ?
17. ਬੇਦੋਸ਼ਿਆ ਨੂੰ ਕਤਲ ਕਰਨ ਵਾਲੇ ਪੁਲਸੀਆਂ ਨੂੰ ਬਾਦਲ ਨੇ ਬਚਾਇਆ। ਜੱਥੇਦਾਰ ਸੁੱਤੇ ਰਹੇ, ਕਿਉਂ?
18. ਜਸਟਿਸ ਕੁਲਦੀਪ ਸਿੰਘ ਵੱਲੋਂ ਕਾਇਮ ਪੀਪਲ ਕਮਿਸ਼ਨ ਬਾਦਲ ਨੇ ਬੰਦ ਕਰਵਾਇਆ, ਕਿਉਂ?
19. ਅਕਾਲ ਤਖ਼ਤ ਤੇ ਬਣਿਆ ਅਕਾਲੀ ਦਲ ਤੋੜ ਕੇ ਬਾਦਲ ਨੇ ਪੰਜਾਬੀ ਪਾਰਟੀ ਮੋਗੇ ਬਣਾ ਦਿੱਤੀ, ਕਿਉਂ?
20. 1994 ਵਿਚ ਅਕਾਲੀ ਦਲਾਂ ਨੂੰ ਖ਼ਤਮ ਕਰਕੇ ਇੱਕ ਦਲ ਬਣਾਇਆ ਗਿਆ, ਮੇਲ ਨਾ ਹੋਇਆ। ਸਗੋਂ ਭਾਈ ਮਨਜੀਤ ਸਿੰਘ ਜਥੇਦਾਰ ਨੂੰ ਬੇਇੱਜ਼ਤ ਕੀਤਾ ਗਿਆ, ਕਿਉਂ?
21. 1999 ਵਿਚ ਪੰਥਕ ਏਕਤਾ ਵਾਸਤੇ ਬਾਦਲ ਨੇ ਫਿਰ ਹੁਕਨਾਮੇ ਦੀ ਉਲੰਘਣਾ ਕੀਤੀ, ਕੋਈ ਐਕਸ਼ਨ ਨਾ ਲਿਆ ਗਿਆ, ਕਿਉਂ?
22. ਬਾਦਲ ਦੀ ਸਰਕਾਰ ਦੇ ਵਜ਼ੀਰਾ-ਚੇਅਰਮੈਨਾਂ ਨੇ ਰਿਸ਼ਵਤ ਦੇ ਰਿਕਾਰਡ ਤੋੜ ਦਿੱਤੇ, ਜਥੇਦਾਰ ਘੂਕ ਸੁੱਤੇ ਰਹੇ, ਕਿਉਂ?
23. ਬਲਬੀਰ ਸਿੰਘ ਪੰਨੂ ਸੀਨੀਅਰ ਮੀਤ ਪ੍ਰਧਾਨ ਐੱਸ.ਜੀ.ਪੀ.ਸੀ. ਦੀ ਗੱਡੀ ਵਿਚੋਂ ਸ਼ਰਾਬ ਮਿਲਣੀ (ਯੂ.ਪੀ.), ਕਿਉਂ?
24. ਬਾਦਲ ਨੇ ਚੰਦਰਾ ਸੁਆਮੀ ਤੋਂ ਹਵਨ ਕਰਾਏ ਤਿਲਕ ਲਗਵਾਏ, ਪੈਰੀਂ ਪਿਆ, ਮੂਰਤੀਆਂ ਪੂਜੀਆਂ, ਕਾਰਵਾਈ ਕਿਉਂ ਨਹੀਂ ਕੀਤੀ?
25. ਬੀਬੀ ਸੁਰਿੰਦਰ ਕੌਰ (ਪਤਨੀ ਬਾਦਲ) ਆਸ਼ੂਤੋਸ਼ ਨੂਰਮਹਿਲੀਏ ਦੇ ਪੈਰੀਂ ਪਈ, ਕਿਉਂ?
26. ਕਈ ਅਕਾਲੀ ਲੀਡਰ ਭਨਿਆਰੇ ਵਾਲੇ ਨੂੰ ਮੱਥਾ ਟੇਕਣ ਗਏ, ਕਿਉਂ?
27. ਪੰਜ ਸਾਲ ਦੁਹਰਾਨ ਪੰਜਾਬ ਦੀ ਕੋਈ ਮੰਗ ਨਾ ਮਨਵਾਈ, ਸਭ ਭੁਲਾ ਦਿੱਤੀਆਂ, ਕਿਉਂ?
28. ਭ੍ਰਿਸ਼ਟਾਚਾਰ ਦੇ ਦੋਸ਼ਾਂ ਵਿਚ ਫਸਕੇ ਪੰਥ ਖ਼ਤਰੇ ਵਿਚ ਹੈ ਦਾ ਹੋਕਾ ਦੇ ਰਿਹਾ ਹੈ, ਜਥੇਦਾਰ ਸਪੱਸ਼ਟ ਕਰਨ ਕੇ ਬਾਦਲ ਤੇ ਕੇਸ ਬਣਨ ਨਾਲ ਪੰਥ ਖ਼ਤਰੇ ਵਿਚ ਹੈ, ਕਿਵੇਂ?
29. ਬਾਦਲ ਦੀ 35 ਅਰਬ ਰੁਪਏ ਦੀ ਜਾਇਦਾਦ ਕਿਵੇਂ ਬਣੀ? ਜਥੇਦਾਰਾਂ ਕਦੀ ਨਹੀਂ ਪੁੱਛਿਆ, ਕਿਉਂ?
30. ਧਨਵੰਤ ਸਿੰਘ ਦੇ ਕੇਸ ਵਿਚ ਜਥੇਦਾਰ ਵੇਦਾਂਤੀ ਖ਼ੁਦ ਇਨਵਾਲਵ involve ਹੈ (ਸ਼ਾਮਲ ਰਿਸ਼ਵਤ ਵਿਚ), ਕਿਉਂ?
31. ਪੂਰਨ ਸਿੰਘ ਵੱਲੋਂ ਵਿਸ਼ਵ ਸਿੱਖ ਕੌਸਲ ਦਾ ਖ਼ਾਤਮਾ ਕੀਤਾ ਗਿਆ, ਕਿਉਂ?
32. ਭਾਈ ਮਨਜੀਤ ਸਿੰਘ ਵੱਲੋਂ ਅੱਜਤੱਕ ਵਿਸ਼ਵ ਸਿੱਖ ਕੌਂਸਲ ਦਾ ਹਿਸਾਬ ਨਹੀਂ ਦਿੱਤਾ ਗਿਆ, ਕਿਉਂ?
33. ਅਨੰਦਪੁਰ ਸਾਹਿਬ ਵਾਲਾ ਮਤਾ ਅਕਾਲੀ ਦਲ ਨੇ ਕਿਉਂ ਛੱਡਿਆ?

ਪੁਰਾਤਨ ਗ੍ਰੰਥਾਂ ਬਾਰੇ

34. ਪੁਰਾਤਨ ਇਤਿਹਾਸਕ ਗ੍ਰੰਥਾਂ ਵਿਚ ਬਹੁਤ ਮਿਲਾਵਟ ਹੈ, ਸੋਧਣ ਦਾ ਕੋਈ ਉਪਰਾਲਾ ਨਹੀਂ ਹੈ, ਕਿਉਂ?
35. ਇਸੇ ਕਾਰਨ ਗਿ. ਪੂਰਨ ਸਿੰਘ ਸਿੱਖਾਂ ਨੂੰ ਲਵਕੁਸ਼ ਦੀ ਔਲਾਦ ਕਹਿ ਰਿਹਾ ਹੈ, ਉਸ ਨੂੰ ਰੋਕਿਆ ਕਿਉਂ ਨਹੀਂ?
36. ਗਿ. ਪੂਰਨ ਸਿੰਘ ਨੇ ਨਾਨਕਸ਼ਾਹੀ ਕੈਲੰਡਰ ਦੋ ਸਾਲ ਲਈ ਲੇਟ ਕਰਵਾ ਦਿੱਤਾ, ਫਿਰ ਲਾਗੂ ਕਿਵੇਂ ਹੋਇਆ?
37. ਬੀਬੀ ਜਾਗੀਰ ਕੌਰ, ਗਿ, ਕੇਵਲ ਸਿੰਘ, ਭਾਈ ਮਨਜੀਤ ਸਿੰਘ ਵਿਰੁੱਧ ਪੂਰਨ ਸਿੰਘ ਵਾਲੇ ਹੁਕਮਨਾਮੇ ਵਾਪਸ ਕਿਵੇਂ ਹੋ ਗਏ?
38. ਪੂਰਨ ਸਿੰਘ ਨੂੰ ਅਕਾਲ ਤਖ਼ਤ ਤੋਂ ਤੁਰੰਤ ਹਟਾ ਕੇ ਦਰਬਾਰ ਸਾਹਿਬ ਦਾ ਹੈੱਡ ਗ੍ਰੰਥੀ ਕਿਵੇਂ ਲਾ ਦਿੱਤਾ ਗਿਆ?
39. ਗਿ. ਪੂਰਨ ਸਿੰਘ ਅੱਜ ਤੱਕ ਜਥੇਦਾਰਾਂ ਦੀਆਂ ਮੀਟਿਗਾਂ ਵਿਚ ਸ਼ਾਮਲ ਕਿਉਂ ਨਹੀਂ ਹੁੰਦਾ?
40. ਅਕਾਲੀ ਤੇ ਇਸੇ ਦਾ ਇੱਕ ਹਿੱਸਾ ਐੱਸ.ਜੀ.ਪੀ.ਸੀ. ਅਕਾਲ ਤਖ਼ਤ ਨੂੰ ਆਪਣੇ ਨਿੱਜੀ ਮੁਫਾਦ ਲਈ ਵਰਤ ਰਹੇ ਹਨ, ਕਿਉਂ ?
41. ਐੱਸ.ਜੀਪੀ.ਸੀ. ਦਾ ਪ੍ਰਧਾਨ ਜਾਂ ਮੈਂਬਰ ਰਾਜਸੀ ਅਹੁਦੇ ਲੈਂਦੇ ਹਨ, ਕਿਉਂ?
42. ਰਾਜਸੀ ਬੰਦੇ ਧਾਰਮਕ ਬੰਦਿਆਂ ਦੀ ਨਿਯੁਕਤੀ ਕਿਉਂ ਕਰਦੇ ਹਨ, ਕਿਉਂ?
43. ਦਸਮ ਗ੍ਰੰਥ ਬਾਰੇ ਨਿਰਣਾ ਕਰਨ ਲਈ ਜਥੇਦਾਰ ਨੇ ਐੱਸ.ਜੀ.ਪੀ.ਸੀ. ਨੂੰ ਹੁਕਮ ਦਿੱਤਾ ਸੀ। ਤਿੰਨ ਸਾਲ ਪਹਿਲਾਂ ਪਰ ਉਹਨਾਂ ਕੋਈ ਕਾਰਵਾਈ ਨਾ ਕੀਤੀ। ਜਥੇਦਾਰ ਤੇ (ਨੇ) ਐਕਸ਼ਨ ਕਿਉਂ ਨਾ ਲਿਆ?
44. ਐੱਸ.ਜੀਪੀ.ਸੀ. ਦੇ ਹੁਕਮ ਦਿਤੇ ਜਾਣ ਦੇ ਬਾਵਜੂਦ ਜਥੇਦਾਰਾਂ ਦੀ ਨਿਯੁਕਤੀ ਬਰਖਾਸਤਗੀ ਅਤੇ ਵਿਦਿਅਕ ਯੋਗਤਾ ਬਾਰੇ ਨਿਯਮ ਕਿਉਂ ਨਹੀਂ ਬਣਾਏ ?
45. ਐੱਸ.ਜੀਪੀ.ਸੀ. ਵੱਲੋਂ ਸਿੱਖੀ ਦੇ ਪ੍ਰਚਾਰ ਵਾਸਤੇ ਪੰਜਾਬੀ, ਹਿੰਦੀ ਤੇ ਅੰਗਰੇਜ਼ੀ ਅਖ਼ਬਾਰ ਕਿਉਂ ਨਹੀਂ ਕੱਢਿਆ ਜਾਂਦਾ, ਸੈਟੇਲਾਈਟ ਚੈਨਲ ਕਿਉਂ ਨਹੀਂ ਲਿਆ ਜਾਂਦਾ?
46. ਪਤਿਤਪੁਣੇ ਅਤੇ ਨਸ਼ਿਆਂ ਨੂੰ ਰੋਕਣ ਲਈ ਐੱਸ.ਜੀਪੀ.ਸੀ. ਨੂੰ ਆਦੇਸ਼ ਕਿਉਂ ਨਹੀਂ ਦਿੱਤਾ ਜਾਂਦਾ?
47. ਦਰਬਾਰ ਸਾਹਿਬ ਦੀ ਮਰਯਾਦਾ ਸਿੱਖ ਰਹਿਤ ਮਰਯਾਦਾ ਮੁਤਾਬਕ ਕਿਉਂ ਨਹੀਂ ਹੈ?
48. ਦਰਬਾਰ ਸਾਹਿਬ ਵਿਚ ਬੀਬੀਆਂ ਨੂੰ ਕੀਤਰਨ ਅਤੇ ਸਫਾਈ ਸੇਵਾ ਕਿਉਂ ਨਹੀਂ ਕਰਨ ਦਿੱਤੀ ਜਾਂਦੀ?
49. ਜਥੇਦਾਰਾਂ ਲਈ ਵੱਖੋ-ਵੱਖਰੇ ਵਿਸ਼ਿਆਂ ਦੇ ਮਾਹਰ ਤੇ ਪੂਰਾ ਵਿਭਾਗ ਕਿਉਂ ਨਹੀਂ ਹੈ?
50. ਦਿੱਲੀ ਦੀਆਂ ਦੁਖਆਰੀਆਂ ਸਿੱਖ ਬੀਬੀਆਂ ਨਾਲ ਜਥੇਦਾਰ ਨੇ ਖ਼ੁਦ ਬੁਰਾ ਸਲੂਕ ਕੀਤਾ ਕਿਉਂ?
51. ਡੇਰਦਾਰਾਂ ਵੱਲੋਂ ਛਪੇ ਗੁਟਕੇ, ਪੋਥੀਆਂ ਵਿਚ ਬੇਅੰਤ ਮਨਮਤ ਹੈ ਪਾਬੰਦੀ ਕਿਉਂ ਨਹੀਂ ਲਾਈ ਜਾਂਦੀ?
52. ਕੱਚੀਆਂ ਧਾਰਨਾਵਾਂ ਲਾ ਕੇ ਡੇਰੇਦਾਰ ਗੁਰਬਾਣੀ ਦਾ ਨਿਰਾਦਰ ਕਰ ਰਹੇ ਹਨ ਕਿਉਂ?
53. ਦਸਮ ਗ੍ਰੰਥ, ਗੁਰੂ ਗ੍ਰੰਥ ਦੇ ਬਰਾਬਰ ਪ੍ਰਕਾਸ਼ ਕਰਨ ਵਾਲਿਆਂ ਵਿਰੁਧ ਕਾਰਵਾਈ ਕਿਉਂ ਨਹੀਂ ਕੀਤੀ ?
54. ਸਿੱਖ ਇਤਿਹਾਸ ਦੇ ਸੋਮੇ ਲੇਖਕ ਸੋਹਣ ਸਿੰਘ ਸੀਤਲ (5 ਭਾਗ, 1981, ਲਾਹੌਰ ਬੁੱਕ ਸਾਪ ਲੁਧਿਆਣਾ) ਇਸ ਕਿਤਾਬ ਵਿਚ ਗੁਰਬਿਲਾਸ ਪਾਤਸਾਹੀ 6 ਬਾਰੇ ਸਖਤ ਟਿੱਪਣੀਆਂ ਕਰਦਾ ਹੈ, ਉਸ ਵਿਰੁੱਧ ਕੋਈ ਕਾਰਵਾਈ ਨਹੀਂ ਹੋਈ ਕਿਉਂ?
55. 1993 ਵਿਚ ਡਾ. ਪਿਆਰ ਸਿੰਘ ਦੀ ਵਿਵਾਦਤ ਪੁਸਤਕ ਵਾਸਤੇ ਭਾਈ ਮਨਜੀਤ ਸਿੰਘ ਜਥੇਦਾਰ ਨੇ ਵਿਦਵਾਨਾਂ ਦੀ ਕਮੇਟੀ ਬਣਾਈ ਸੀ। ਪਰ ਵੇਦਾਂਤੀ ਨੇ ਵਿਦਵਾਨਾਂ ਦੀ ਕਮੇਟੀ ਕਿਉਂ ਨਹੀਂ ਬਣਾਈ?
56. ਡਾ. ਪਸ਼ੌਰਾ ਸਿੰਘ, ਕੈਨਡਾ ਨਿਵਾਸੀ ਦੇ ਵਿਵਾਦਤ ਥੀਸਸ ਬਾਰੇ ਡਾ. ਖੜਕ ਸਿੰਘ, ਗੁਰਤੇਜ ਸਿੰਘ ਤੇ ਗੁਰਦਰਸ਼ਨ ਸਿੰਘ ਢਿੱਲੋਂ ਨੂੰ ਸੱਦਕੇ ਵਿਚਾਰ ਕੀਤੀ ਜਥੇਦਾਰ ਨੇ, ਪਰ ਹੁਣ ਕਿਉਂ ਨਹੀਂ ਇਸ ਤਰ੍ਹਾਂ ਕੀਤਾ ਗਿਆ?
57. ਅਮਰਜੀਤ ਸਿੰਘ ਗਰੇਵਾਲ ਦੇ ਵਿਵਾਦਤ ਲੇਖ ਦੀ ਪੜਚੋਲ ਵਾਸਤੇ ਯੂਨੀਵਰਸਿਟੀ ਦੇ ਵਿਦਵਾਨਾਂ ਦੀ ਕਮੇਟੀ ਬਣਾਈ ਸੀ। ਡਾ. ਗੁਰਮਾਨ ਕੌਰ ਪੰਜਾਬੀ ਯੁਨੀ. ਡਾ. ਦਰਸ਼ਨ ਸਿੰਘ ਪੰਜਾਬ ਯੂਨੀ. ਡਾ. ਬਲਵੰਤ ਸਿੰਘ ਗੁਰੂ ਨਾਨਕ ਦੇਵ ਯੂਨੀ., ਫਿਰ ਵੇਦਾਤੀ ਨੇ ਅਜਿਹਾ ਕਿਉਂ ਨਹੀਂ ਕੀਤਾ?
58. ਸ. ਗੁਰਬਖ਼ਸ਼ ਸਿੰਘ ਕਾਲਾ ਅਫਗਾਨਾ ਦੀਆਂ ਪੁਸਤਕਾਂ ਦੀ ਪਰਖ ਵਾਸਤੇ ਵਿਦਵਾਨਾਂ ਦੀ ਕਮੇਟੀ ਬਣਾਉਣ ਤੋਂ ਇਨਕਾਰ ਕਿਸ ਆਧਾਰ ਤੇ ਕੀਤਾ ਗਿਆ?
59. ਐੱਸ.ਜੀਪੀ.ਸੀ. ਦੇ ਨਾਮਜਦ ਕੀਤੇ ਸ. ਗੁਰਤੇਜ ਸਿੰਘ ਜਦੋਂ 10 ਮਈ ਨੂੰ ਅਕਾਲ ਤਖ਼ਤ ਪੁੱਜੇ ਤਾਂ ਜਥੇਦਾਰਾਂ ਉਹਨਾਂ ਅਤੇ ਸਾਥੀ ਵਿਦਵਾਨਾਂ ਨੂੰ ਮਿਲਣ ਤੋਂ ਇਨਕਾਰ ਕੀਤਾ ਕਿਉਂ?
60. ਦਸ ਪੁਸਤਕਾਂ ਵਿਚੋਂ ਕੇਵਲ ਛੇ ਲਾਈਨਾਂ ਇਤਰਾਜਯੋਗ ਲੱਭੀਆਂ ਪਰ ਪਾਬੰਦੀ ਸਾਰੀਆਂ ਕਿਤਾਬਾਂ ਤੇ ਕਿਉਂ ?
61. ਕੈਨੇਡਾ ਵਿਖੇ ਵੀਡੀਓ ਕਾਨਫਰੰਸ ਕਰਨ ਲਈ ਖ਼ੁਦ ਹੀ ਕਿਹਾ ਤੇ ਖ਼ੁਦ ਹੀ ਮੁਕਰ ਗਏ ਬਿਨਾਂ ਕਾਰਨ ਦੱਸੇ, ਪਰ ਕਿਉਂ?
62. ਗੁਰਬਖ਼ਸ਼ ਸਿੰਘ ਦੀ ਸ਼ਿਕਾਇਤ ਕਰਨ ਵਾਲਿਆਂ ਦੇ ਨਾਮ ਦੀ ਲਿਸਟ ਮੰਗੀ ਗਈ ਪਰ ਨਹੀਂ ਦਿੱਤੀ ਗਈ ਪਰ ਕਿਉਂ?
63. 10-4-2003 ਨੂੰ ਸ. ਗੁਰਬਖ਼ਸ਼ ਸਿੰਘ ਦਾ ਪੋਤਰਾ ਇੰਦਰਬੀਰ ਸਿੰਘ ਹੋਰ ਸਮਾਂ ਮੰਗਣ ਵਾਸਤੇ ਗਿਆ। ਜਥੇਦਾਰ ਦੇ ਪੀ.ਏ. ਨੇ ਚਿੱਠੀ ਲੈ ਕੇ ਜਥੇਦਾਰ ਨੂੰ ਦਿਤੀ ਪਰ ਜਥੇਦਾਰ ਨੇ ਕੋਈ ਗੱਲ ਨਾ ਸੁਣੀ, ਕਿਉਂ?
64. ਸ. ਗੁਰਬਖ਼ਸ਼ ਸਿੰਘ ਦਾ ਸਿਧਾਂਤਕ ਕਾਰਜ ਭਾਈ ਕਾਨ੍ਹ ਸਿੰਘ ਨਾਭਾ ਦੇ ਲੈਵਲ ਦਾ ਹੈ। ਚਾਹੀਦਾ ਤਾਂ ਇਹ ਸੀ ਕਿ ਜਥੇਦਾਰ ਉਨ੍ਹਾਂ ਨੂੰ ਸਨਮਾਨਿਤ ਕਰਦਾ। ਪਰ ਸਿਤਮ ਜਰੀਫੀ ਵੇਖੋ ਸਿਧਾਂਤਕਾਰ ਗੁਰਸਿੱਖ ਨੂੰ ਇਨਾਮ ਮਿਲਿਆ ਪੰਥ ਵਿਚੋਂ ਖਾਰਜ। ਕਿਉਂ?
65. ਜਥੇਦਾਰ ਵੇਦਾਂਤੀ ਦੀ ਸੰਪਾਦਤ ਕੀਤੀ ਪੁਸਤਕ ਗੁਰਬਿਲਾਸ ਪਾ. 6 ਵਿਚ ਘੋਰ ਅਪਮਾਨ ਸਤਿਗੁਰੂ ਜੀ ਦਾ, ਤੇ ਵੇਦਾਂਤੀ ਫਿਰ ਭੀ ਮਹਾਨ ਹੈ, ਕਿਉਂ?
66. ਸਾਰੇ ਜਥੇਦਾਰਾਂ ਦੀ ਜਾਇਦਾਦ ਅਗਰ ਪੜਤਾਲੀ ਜਾਵੇ ਤਾਂ ਇਧਰ ਭੀ ਬਹੁਤ ਕਾਲਖ ਨਜ਼ਰ ਆਵੇਗੀ, ਪੜਤਾਲ ਕਿਉਂ ਨਹੀਂ ਕੀਤੀ ਜਾਂਦੀ?
67. ਸ. ਗੁਰਤੇਜ ਸਿੰਘ ਕੋਲੋਂ ਪ੍ਰੋਫੈਸਰ ਦੀ ਪਦਵੀ ਵਾਪਸ ਲੈਣ ਬਾਰੇ ਬਿਆਨ ਕਿਉਂ? ਗੁਰਤੇਜ ਸਿੰਘ ਨੇ ਐਸਾ ਕੋਈ ਵੀ ਬੁਰਾ ਕੰਮ ਨਹੀਂ ਕੀਤਾ, ਫਿਰ ਉਸ ਵਿਦਵਾਨ ਗੁਰਸਿੱਖ ਨੂੰ ਅਪਮਾਨਤ ਕਿਉਂ ਕੀਤਾ ਜਾ ਰਿਹਾ ਹੈ।

(ਪੁਸਤਕਾਂ ਪੇਪਰ ਸਬੂਤ ਹਾਜ਼ਰ ਹਨ)


ਪ੍ਰੋ. ਇੰਦਰ ਸਿੰਘ ਘੱਗਾ ਜੀ,

ਆਪ ਜੀ ਵਲੋਂ ਸਾਰੇ ਸਵਾਲ ਜਾਇਜ਼ ਹਨ, ਜਿਨ੍ਹਾਂ ਦਾ ਜਵਾਬ ਕਿਸੇ ਨਹੀਂ ਦੇਣਾ। ਜਾਗਰੂਕ ਅਖਵਾਉਣ ਵਾਲਿਆਂ ਨੂੰ ਇਨ੍ਹਾਂ ਦੇ ਜਵਾਬ ਪਤਾ ਹਨ। ਸਾਨੂੰ ਤੁਹਾਡੀ ਕਰੈਡਿਬਿਲਟੀ 'ਤੇ ਕੋਈ ਸ਼ੱਕ ਨਹੀਂ, ਪਰ ਸਾਡੇ ਵਲੋਂ ਆਪਜੀ ਨੂੰ ਸਵਾਲ ਹੈ:

ਸਵਾਲ: ਗੁਰਚਰਣ ਸਿੰਘ ਜਿਊਣਵਾਲਾ ਵਰਗੇ ਕਾਮਰੇਡ ਬੰਦੇ ਨਾਲ ਆਪਜੀ ਦਾ ਕੀ ਸੰਬੰਧ ਹੈ? ਕੀ ਤੁਸੀਂ ਉਸਦੇ ਵਿਚਾਰਾਂ ਨਾਲ ਸਹਿਮਤ ਹੋ? ਜੇ ਨਹੀਂ ਤਾਂ ਉਸ ਵਰਗੇ ਨਾਸਤਿਕ ਨਾਲ ਤੁਹਾਡੀ ਕੀ ਸਾਂਝ ਹੈ?

ਜਵਾਬ ਦੀ ਉਡੀਕ 'ਚ...

ਸੰਪਾਦਕ ਖ਼ਾਲਸਾ ਨਿਊਜ਼


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top