Share on Facebook

Main News Page

ਅਦਾਲਤ ਤੋਂ ਕਿਸੇ ਵੀ ਤਰ੍ਹਾਂ ਦੀ ਸਜ਼ਾ ਮੁਆਫੀ ਨਹੀਂ, ਸਗੋਂ ਕੌਮ ਦੀ ਅਜ਼ਾਦੀ ਦੀ ਮੰਗ ਕਰਦਾ ਹਾਂ
-
ਭਾਈ ਬਲਵੰਤ ਸਿੰਘ ਰਾਜੋਆਣਾ

* ਜਿਸ ਸਿਸਟਮ ਦੀਆਂ ਅੱਖਾਂ ਦੇ ਸਾਹਮਣੇ ਤਿੰਨ ਦਿਨਾਂ ਤੱਕ ਦਿਨ ਦੀਵੀ ਨਿਰਦੋਸ਼ ਸਿੱਖਾਂ ਦੇ ਹੋਏ ਕਤਲਾਂ ਤੇ ਸਿੱਖ ਬੀਬੀਆਂ ਦੇ ਸ਼ਰੇਆਮ ਸਮੂਹਿਕ ਬਲਾਤਕਾਰਾਂ ਦੇ ਦੋਸ਼ੀਆਂ ਨੂੰ 28 ਸਾਲਾਂ ਤੱਕ ਵੀ ਸਜਾ ਦੇਣਾ ਵੀਚਾਰ ਅਧੀਨ ਹੀ ਨਹੀਂ ਹੈ, ਉਸ ਸਿਸਟਿਮ ਤੋਂ ਕਿਸੇ ਵੀ ਤਰ੍ਹਾਂ ਦਾ ਰਹਿਮ ਮੰਗ ਕੇ ਰੂਹਾਨੀ ਮੌਤ ਮਰਨ ਨਾਲੋਂ ਹੱਸ ਕੇ ਸਰੀਰਕ ਮੌਤ ਨੂੰ ਆਪਣੇ ਗਲੇ ਲਾ ਲਵਾਂਗਾ

ਬਠਿੰਡਾ, 6 ਫਰਵਰੀ (ਕਿਰਪਾਲ ਸਿੰਘ): ਅਦਾਲਤ ਤੋਂ ਕਿਸੇ ਵੀ ਤਰ੍ਹਾਂ ਦੀ ਸਜ਼ਾ ਮੁਆਫੀ ਨਹੀਂ ਸਗੋਂ ਕੌਮ ਦੀ ਅਜ਼ਾਦੀ ਦੀ ਮੰਗ ਕਰਦਾ ਹਾਂ। ਈਮੇਲ ਰਾਹੀਂ ਮਿਲੀ ਸੂਚਨਾ ਅਨੁਸਾਰ ਬੀਤੇ ਸੋਮਵਾਰ ਪਟਿਆਲਾ ਕਚਹਿਰੀਆਂ ਵਿਚ ਰਾਜਪੁਰੇ ਵਾਲੇ ਕੇਸ ਵਿਚ ਤਾਰੀਕ ਭੁਗਤਨ ਆਏ ਭਾਈ ਬਲਵੰਤ ਸਿੰਘ ਰਾਜੋਆਣਾ ਨੇ ਧਾਰਾ 313 ਸੀ ਆਰ ਪੀ ਸੀ ਦੇ ਤਹਿਤ ਬਿਆਨ ਦਿੰਦੇ ਹੋਏ ਕਹੇ। ਸਿੱਖੀ ਦੇ ਮੂਲਮੰਤਰ ਨਾਲ ਆਰੰਭ ਕੀਤਾ ਆਪਣਾ ਲਿਖਤੀ ਬਿਆਨ ਅਦਾਲਤ ਵਿਚ ਪੜ੍ਹ ਕੇ ਵੀ ਸੁਣਾਇਆ। ਆਪਣੇ ਲਿਖਤੀ ਬਿਆਨ ਵਿੱਚ ਉਨ੍ਹਾਂ ਮਾਨਯੋਗ ਜੱਜ ਨੂੰ ‘ਸਤਿਕਾਰਯੋਗ ਜੱਜ ਸਾਹਿਬ’ ਸ਼ਬਦ ਨਾਲ ਸੰਬੋਧਨ ਕੀਤਾ ਅਤੇ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਸਿੱਖ ਨੂੰ ਫ਼ਤਹਿ ਬੁਲਾਉਣ ਦੀ ਹਦਾਇਤ ’ਤੇ ਪਹਿਰਾ ਦਿੰਦਿਆਂ ਗੱਜ ਕੇ ‘ਵਾਹਿਗੁਰੂ ਜੀ ਕਾ ਖਾਲਸਾ॥ ਵਾਹਿਗੁਰੂ ਜੀ ਕੀ ਫ਼ਤਹਿ॥’ ਬੁਲਾਉਣ ਉਪ੍ਰੰਤ ਕਿਹਾ ‘‘ਜੱਜ ਸਾਹਿਬ! ਮੈਂ ਹਿੰਦੋਸਤਾਨ ਦੀ ਇਸ ਅਦਾਲਤ ਨੂੰ ਇਹ ਸਪਸ਼ਟ ਕਰਨਾ ਚਾਹੁੰਦਾ ਹਾਂ ਕਿ ਜਿਸ ਦੇਸ਼ ਦੇ ਹੁਕਮਰਾਨਾਂ ਨੇ ਸਿੱਖਾਂ ਦੀ ਸਰਵ-ਉੱਚ ਅਦਾਲਤ ‘ਸ੍ਰੀ ਅਕਾਲ ਤਖ਼ਤ ਸਾਹਿਬ’ ਨੂੰ ਟੈਕਾਂ ਤੋਪਾਂ ਨਾਲ ਢਹਿ ਢੇਰੀ ਕਰਕੇ ਹਜ਼ਾਰਾਂ ਹੀ ਨਿਰਦੋਸ਼ ਸਰਧਾਲੂਆਂ ਦਾ ਕਤਲੇਆਮ ਕੀਤਾ ਹੈ ਅਤੇ ਜਿਸ ਦੇਸ਼ ਦਾ ਕਾਨੂੰਨ ਇਸ ਦੀ ਕਿਸੇ ਵੀ ਅਦਾਲਤ ਵਿਚ, ਹਜ਼ਾਰਾਂ ਨਿਰਦੋਸ਼ ਸਿੱਖਾਂ ਦੇ ਕਾਤਲਾਂ ’ਤੇ ਲਾਗੂ ਨਹੀਂ ਹੁੰਦਾ ਉਸ ਕਾਨੂੰਨੀ ਸਿਸਟਿਮ ਵਿਚ ਮੇਰਾ ਕੋਈ ਭਰੋਸਾ ਨਹੀਂ ਹੈ। ਇਸ ਲਈ ਇਸ ਦੇਸ਼ ਦੀ ਕਿਸੇ ਵੀ ਅਦਾਲਤੀ ਕਾਰਵਾਈ ਦਾ ਮੈਂ ਹਿੱਸਾ ਨਹੀਂ ਬਣਨਾ ਚਾਹੁੰਦਾ।

ਜੱਜ ਸਾਹਿਬ! ਇਸ ਦੇਸ਼ ਦੇ ਹੁਕਮਰਾਨਾਂ ਦੇ, ਕਾਨੂੰਨੀ ਪ੍ਰਬੰਧ ਦੇ, ਨਿਆਇਕ ਸਿਸਟਿਮ ਦੇ ਦੋਹਰੇ ਮਾਪਦੰਡਾਂ ਦਾ ਪਤਾ ਇਸ ਗੱਲ ਤੋਂ ਲੱਗਦਾ ਹੈ ਕਿ ਅੱਜ ਦੇਸ਼ ਦੀ ਰਾਜਧਾਨੀ ਵਿਚ ਇੱਕ ਲੜਕੀ ਦਾਮਿਨੀ ਨੂੰ ਬਲਾਤਕਾਰ ਕਰਕੇ ਕਤਲ ਕਰ ਦਿੱਤਾ ਜਾਂਦਾ ਹੈ ਤਾਂ ਦੇਸ਼ ਦੀ ਸੁਪਰੀਮ ਕੋਰਟ ਦੇ ਜੱਜ ਇਹ ਟਿੱਪਣੀ ਕਰਦੇ ਹਨ ਕਿ ਦੇਸ਼ ਦੀ ਰਾਜਧਾਨੀ ਵਿੱਚ ਔਰਤਾਂ ਸੁਰੱਖਿਅਤ ਨਹੀਂ ਹਨ, ਦੇਸ਼ ਦੇ ਹੁਕਮਰਾਨ ਸਖ਼ਤ ਕਾਨੂੰਨ ਬਣਾਉਣ ਦੇ ਅਤੇ ਦੋਸ਼ੀਆਂ ਸਖ਼ਤ ਤੋਂ ਸਖ਼ਤ ਸਜਾਵਾਂ ਦੇਣ ਦੇ ਦਾਅਵੇ ਕਰਦੇ ਹਨ। ਪੁਲਿਸ ਪ੍ਰਸ਼ਾਸਨ ਵੱਲੋਂ ਰਾਤ ਸਮੇˆ ਵਾਪਰੀ ਇਸ ਘਟਨਾ ਦੇ ਦੋਸ਼ੀਆˆ ਨੂੰ ਤੁਰੰਤ ਹੀ ਗ੍ਰਿਫਤਾਰ ਕਰ ਲਿਆ ਜਾˆਦਾ ਹੈ। ਨਿਰਸੰਦੇਹ ਕਿਸੇ ਦੀ ਵੀ ਬੇਟੀ ਨਾਲ ਘਟੀ ਅਜਿਹੀ ਘਟਨਾ ਕਿਸੇ ਵੀ ਸੱਭਿਅਕ ਸਮਾਜ ਦੇ ਮੱਥੇ ’ਤੇ ਲੱਗੇ ਹੋਏ ਇੱਕ ਕਲੰਕ ਵਾˆਗ ਹੈ। ਮੇਰੀ ਪੂਰੀ ਹਮਦਰਦੀ ਬਲਾਤਕਾਰ ਤੋਂ ਬਾਅਦ ਕਤਲ ਹੋਈ ਉਸ ਲੜਕੀ ਦੇ ਪਰਿਵਾਰ ਨਾਲ ਹੈ।

ਸਮੁੱਚੇ ਦੇਸ਼ ਵਾਸੀਆਂ ਵਾਂਗ ਮੇਰੀ ਵੀ ਇਹ ਇੱਛਾ ਹੈ ਕਿ ਅਜਿਹੀ ਘਿਨੌਣੀ ਕਾਰਵਾਈ ਕਰਨ ਵਾਲੇ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਹੀ ਚਾਹੀਦੀ ਹੈ। ਪਰ ਜੱਜ ਸਾਹਿਬ! ਇਸ ਦੇਸ਼ ਦੇ ਇਨ੍ਹਾਂ ਮਕਾਰ ਹੁਕਮਰਾਨਾਂ ਦੀਆਂ ਗੱਲਾਂ ’ਤੇ ਕਿਵੇਂ ਭਰੋਸਾ ਕੀਤਾ ਜਾ ਸਕਦਾ ਹੈ ਜਿਹੜੇ ਖੁਦ ਹਜ਼ਾਰਾਂ ਨਿਰਦੋਸ਼ ਸਿੱਖਾਂ ਦੇ ਕਤਲਾਂ ਲਈ ਜਿੰਮੇਵਾਰ ਹੋਣ, ਜਿਹੜੇ ਖ਼ੁਦ ਸਿੱਖਾਂ ਦੀਆਂ ਹਜ਼ਾਰਾਂ ਧੀਆਂ, ਭੈਣਾਂ ਨਾਲ ਬਲਾਤਕਾਰ ਕਰਕੇ ਉਨ੍ਹਾਂ ਨੂੰ ਕੋਹ ਕੋਹ ਕੇ ਮਾਰ ਦੇਣ ਦੇ ਲਈ ਜਿੰਮੇਵਾਰ ਹੋਣ, ਜਿਨ੍ਹਾਂ ਦੇ ਆਪਣੇ ਖੁਦ ਦੇ ਹੱਥ ਹਜ਼ਾਰਾਂ ਨਿਰਦੋਸ਼ ਸਿੱਖਾਂ ਦੇ ਖੂਨ ਨਾਲ ਰੰਗੇ ਹੋਣ। ਇਨ੍ਹਾਂ ਹੁਕਮਰਾਨਾਂ ਦੇ ਇਸ਼ਾਰਿਆਂ ’ਤੇ ਨੱਚਣ ਵਾਲੇ ਪੁਲਿਸ ਪ੍ਰਸ਼ਾਸਨ ਦੀ ਨਿਰਪੱਖਤਾ ’ਤੇ ਕਿਵੇਂ ਭਰੋਸਾ ਕੀਤਾ ਜਾ ਸਕਦਾ ਹੈ ਜਿਹੜਾ ਇੱਕ ਰਾਤ ਦੇ ਹਨੇਰੇ ਵਿੱਚ ਘਟੀ ਦਾਮਿਨੀ ਬਲਾਤਕਾਰ ਅਤੇ ਕਤਲ ਦੀ ਘਟਨਾ ਲਈ ਜਿੰਮੇਵਾਰ ਦੋਸ਼ੀਆਂ ਨੂੰ ਤਾਂ ਰਾਤੋ ਰਾਤ ਹੀ ਬਿਹਾਰ ਵਿੱਚੋਂ ਜਾ ਕੇ ਗ੍ਰਿਫਤਾਰ ਕਰ ਲਿਆਉਂਦਾ ਹੈ ਪਰ ਤਿੰਨ ਦਿਨ ਦਿੱਲੀ ਦੀਆਂ ਗਲੀਆਂ ਵਿੱਚ ਦਿਨ ਦੇ ਉਜਾਲੇ ਵਿਚ ਸਿੱਖਾਂ ਦੀਆਂ ਧੀਆਂ ਭੈਣਾਂ ਨੂੰ ਉਨ੍ਹਾਂ ਦੇ ਘਰਾਂ ਵਿੱਚੋਂ ਕੱਢ ਕੱਢ ਕੇ ਉਨ੍ਹਾਂ ਨਾਲ ਬਲਾਤਕਾਰ ਕਰਕੇ ਉਨ੍ਹਾ ਨੂੰ ਨੋਚ ਨੋਚਕੇ, ਕੋਹ ਕੋਹ ਕੇ ਮਾਰਿਆ ਜਾਂਦਾ ਰਿਹਾ। ਸਿੱਖਾਂ ਦੀਆ ਧੀਆਂ ਭੈਣਾਂ ਚੀਕ ਚੀਕ ਕੇ ਪੁਲਿਸ ਪ੍ਰਸ਼ਾਸਨ ਤੋਂ ਮੱਦਦ ਲਈ ਪੁਕਾਰਦੀਆਂ ਰਹੀਆਂ।

ਪਰ ਇਹ ਪੁਲਿਸ ਪ੍ਰਸ਼ਾਸਨ ਮੂਕ ਦਰਸ਼ਕ ਬਣਕੇ ਕਾਤਲਾਂ ਅਤੇ ਬਲਾਤਕਾਰੀਆਂ ਦੀ ਮੱਦਦ ਕਰਦਾ ਰਿਹਾ। ਅੱਜ 28 ਸਾਲਾਂ ਬਾਅਦ ਵੀ ਇਸ ਪੁਲਿਸ ਪ੍ਰਸ਼ਾਸਨ ਨੂੰ ਉਹ ਕਾਤਲ ਅਤੇ ਬਲਾਤਕਾਰੀ ਲੱਭ ਨਹੀਂ ਸਕੇ, ਜਦ ਕਿ ਦੇਸ਼ ਦਾ ਬੱਚਾ ਬੱਚਾ ਉਨ੍ਹਾˆ ਕਾਤਲਾˆ ਅਤੇ ਬਲਾਤਕਾਰੀਆˆ ਨੂੰ ਜਾਣਦਾ ਹੈ। ਇਨ੍ਹਾਂ ਕਾਤਲ ਹੁਕਮਰਾਨਾਂ ਦੇ ਇਸ਼ਾਰਿਆਂ ’ਤੇ ਨੱਚਣ ਵਾਲੇ ਨਿਆਇਕ ਸਿਸਟਿਮ ਦੇ ਜੱਜਾਂ ਨੂੰ ਅੱਜ ਇੱਕ ਦਾਮਿਨੀ ਦੇ ਬਲਾਤਕਾਰ ਅਤੇ ਕਤਲ ਤੋਂ ਬਾਅਦ ਦਿੱਲੀ ਮਹਿਲਾਵਾਂ ਲਈ ਅਸੁੱਰਖਿਅਤ ਲੱਗਦੀ ਹੈ ਪਰ ਸਿੱਖਾਂ ਦੀਆਂ ਹਜ਼ਾਰਾਂ ਧੀਆਂ ਭੈਣਾਂ ਨਾਲ ਘਟੀਆਂ ਅਜਿਹੀਆਂ ਘਟਨਾਵਾਂ ’ਤੇ ਇਹ ਜੱਜ ਭੇਦਭਰੀ ਖ਼ਾਮੋਸ਼ੀ ਧਾਰਨ ਕਰ ਲੈਂਦੇ ਹਨ। ਅੱਜ ਦੇਸ਼ ਦੇ ਇਹ ਕਾਤਲ ਹੁਕਮਰਾਨ ਇੱਕ ਦਾਮਿਨੀ ਦੇ ਬਲਾਤਕਾਰ ਅਤੇ ਕਤਲ ਤੋਂ ਬਾਅਦ ਦੋਸ਼ੀਆਂ ਨੂੰ ਸਖ਼ਤ ਕਾਨੂੰਨ ਬਣਾ ਕੇ ਮੌਤ ਦੀ ਸਜ਼ਾ ਦੀ ਮੰਗ ਕਰਦੇ ਹਨ ਪਰ ਇਨ੍ਹਾਂ ਮਕਾਰ ਹੁਕਮਰਾਨਾਂ ਨੇ ਉਨ੍ਹਾਂ ਹਜ਼ਾਰਾਂ ਮਾਸੂਮਾਂ ਦੇ ਕਾਤਲਾਂ ਅਤੇ ਬਲਾਤਕਾਰੀਆਂ ਦੀ ਕਦੇ ਗ੍ਰਿਫਤਾਰੀ ਦੀ ਵੀ ਮੰਗ ਨਹੀਂ ਕੀਤੀ। ਫਿਰ ਕਿਵੇਂ ਇਨ੍ਹਾਂ ਹੁਕਮਰਾਨਾਂ ’ਤੇ, ਪੁਲਿਸ ਪ੍ਰਸ਼ਾਸਨ ’ਤੇ, ਨਿਆਇਕ ਸਿਸਟਿਮ ’ਤੇ ਭਰੋਸਾ ਕੀਤਾ ਜਾ ਸਕਦਾ ਹੈ?

ਜੱਜ ਸਾਹਿਬ! ਪੰਜਾਬ ਦੀ ਧਰਤੀ ’ਤੇ ਦਿੱਲੀ ਦੇ ਇਨ੍ਹਾਂ ਮੱਕਾਰ ਕਾਂਗਰਸੀ ਹੁਕਮਰਾਨਾਂ ਨੇ ਪਹਿਲਾਂ ਜੂਨ 1984 ਨੂੰ ਸਿੱਖ ਧਰਮ ’ਤੇ ਟੈਕਾਂ ਅਤੇ ਤੋਪਾਂ ਨਾਲ ਹਮਲਾ ਕੀਤਾ, ਸਿੱਖਾਂ ਦੀ ਸਰਵ-ਉੱਚ ਅਦਾਲਤ ‘ਸ੍ਰੀ ਅਕਾਲ ਤਖ਼ਤ ਸਾਹਿਬ’ ਨੂੰ ਟੈਕਾਂ ਅਤੇ ਤੋਪਾਂ ਨਾਲ ਢਹਿ ਢੇਰੀ ਕੀਤਾ ਹਜ਼ਾਰਾਂ ਨਿਰਦੋਸ਼ ਸਰਧਾਲੂਆਂ ਦਾ ਕਤਲੇਆਮ ਕੀਤਾ। ਦਿੱਲੀ ਦੀਆਂ ਗਲੀਆਂ ਵਿੱਚ ਹਜ਼ਾਰਾਂ ਨਿਰਦੋਸ਼ ਸਿੱਖਾਂ ਦਾ ਤਿੰਨ ਦਿਨ ਕਤਲੇਆਮ ਹੁੰਦਾ ਰਿਹਾ, ਸਿੱਖਾਂ ਦੀਆਂ ਧੀਆਂ ਭੈਣਾˆ ਨਾਲ ਬਲਾਤਕਾਰ ਕਰਕੇ ਉਨ੍ਹਾਂ ਨੂੰ ਕੋਹ ਕੋਹ ਕੇ ਮਾਰ ਦਿੱਤਾ ਗਿਆ, ਬਜੁਰਗਾਂ ਅਤੇ ਬੱਚਿਆਂ ਨੂੰ ਬਹੁਤ ਹੀ ਬੇਰਹਿਮੀ ਨਾਲ ਕਤਲ ਕੀਤਾ ਗਿਆ। ਦਿੱਲੀ ਦੇ ਇਨ੍ਹਾਂ ਕਾਂਗਰਸੀ ਹੁਕਮਰਾਨਾਂ ਦੇ ਇਸ਼ਾਰਿਆਂ ’ਤੇ ਪੰਜਾਬ ਦੀ ਪਵਿੱਤਰ ਧਰਤੀ ਨੂੰ ਨਿਰਦੋਸ਼ ਸਿੱਖ ਨੌਜਵਾਨਾਂ ਦੇ ਖੂਨ ਨਾਲ ਰੰਗਿਆ ਗਿਆ। 25,000 ਸਿੱਖ ਨੌਜਵਾਨਾਂ ਨੂੰ ਉਨ੍ਹਾਂ ਦੇ ਘਰਾਂ ਤੋਂ ਚੁੱਕ ਕੇ, ਉਨ੍ਹਾਂ ਦਾ ਕਤਲ ਕਰਕੇ ਉਨ੍ਹਾਂ ਨੂੰ ਲਾਵਾਰਿਸ ਕਹਿ ਕੇ ਸਾੜ ਦਿੱਤਾ ਗਿਆ। ਪੰਜਾਬ ਦੀ ਧਰਤੀ ਤੇ ਸਿੱਖਾਂ ’ਤੇ ਉਹ ਜ਼ੁਲਮ ਹੋਏ ਜਿਸ ਨੂੰ ਬਿਆਨ ਕਰਨਾ ਬਹੁਤ ਔਖਾ ਹੈ।

ਜੱਜ ਸਾਹਿਬ, ਸਾਡੇ ਗੁਰੂ ਸਾਹਿਬਾਨ ਨੇ ਸਾਨੂੰ ਇਹੀ ਸਿੱਖਿਆ ਦਿੱਤੀ ਹੈ ਕਿ ਜ਼ੁਲਮ ਕਰਨਾ ਪਾਪ ਹੈ ਅਤੇ ਜ਼ੁਲਮ ਸਹਿਣਾ ਮਹਾਂਪਾਪ ਹੈ। ਸਿੱਖਾਂ ’ਤੇ ਇਸ ਦੇਸ਼ ਵਿੱਚ ਹੋਏ ਇੰਨੇ ਜ਼ੁਲਮ ਅਤੇ ਅੱਤਿਆਚਾਰ ਤੋਂ ਬਾਅਦ ਗੁਰੂ ਦੇ ਅਣਖੀ ਸਿੱਖ ਨੌਜਵਾਨਾਂ ਨੇ ਇਨ੍ਹਾˆ ਜਾਲਮਾˆ ਅਤੇ ਕਾਤਲ ਹੁਕਮਰਾਨਾਂ ਦੇ ਖਿਲਾਫ਼ ਹਥਿਆਰ ਚੁੱਕੇ ਅਤੇ ਇਸ ਦੇਸ਼ ਤੋਂ ਸਿੱਖਾਂ ਦੀ ਆਜ਼ਾਦੀ ਦੀ ਮੰਗ ਕੀਤੀ ਹਜ਼ਾਰਾਂ ਸਿੱਖ ਨੌਜਵਾਨ ਕੌਮ ਦੀ ਅਣਖ਼ ਅਤੇ ਗੈਰਤ ਲਈ ਇਨ੍ਹਾਂ ਜ਼ਾਲਮਾਂ ਦੇ ਖਿਲਾਫ਼ ਜੂਝਦੇ ਹੋਏ ਸ਼ਹਾਦਤਾਂ ਪ੍ਰਾਪਤ ਕਰ ਗਏ। ਮੈਨੂੰ ਆਪਣੀ ਕੌਮ ਦੀ ਆਜ਼ਾਦੀ ਦੇ ਸ਼ੰਘਰਸ਼ ਵਿੱਚ ਸ਼ਾਮਿਲ ਹੋਣ ਦਾ ਕੋਈ ਅਫ਼ਸੋਸ ਨਹੀਂ ਹੈ। ਨਾ ਹੀ ਇਸ ਦੌਰਾਨ ਕੀਤੇ ਹੋਏ ਕਿਸੇ ਕੰਮ ਦਾ ਮੈਨੂੰ ਕੋਈ ਅਫ਼ਸੋਸ ਹੈ।

ਜੱਜ ਸਾਹਿਬ! ਹਿੰਦੋਸਤਾਨ ਦੀਆਂ ਇਨ੍ਹਾਂ ਅਦਾਲਤਾਂ ਦਾ ਹਰ ਅਹਿਮ ਫ਼ੈਸਲਾ ਰਾਜਨੀਤੀ ਤੋਂ ਪ੍ਰੇਰਤ ਹੁੰਦਾ ਹੈ। ਇੱਥੇ ਹਜ਼ਾਰਾਂ ਕਰੋੜਾਂ ਦੇ ਘਪਲੇ ਕਰਕੇ ਦੇਸ਼ ਧਰੋਹੀ ਕਰਨ ਵਾਲੇ ਇਹ ਹੁਕਮਰਾਨ ਨਿਆਇਕ ਸਿਸਟਿਮ ਦੀ ਮਿਲੀ ਭੁਗਤ ਨਾਲ ਦੋ ਮਹੀਨੇ ਬਾਅਦ ਹੀ ਜੇਲ੍ਹ ਤੋਂ ਬਾਹਰ ਆ ਜਾਂਦੇ ਹਨ। ਇਥੇ ਹਜ਼ਾਰਾਂ ਨਿਰਦੋਸ਼ ਲੋਕਾਂ ਦੇ ਕਾਤਲ ਦੇਸ਼ ਦੇ ਉੱਚ ਅਹੁੱਦਿਆਂ ਦਾ ਅਨੰਦ ਮਾਣਦੇ ਹਨ ਇਨ੍ਹਾਂ ਅਦਾਲਤਾਂ ਵਿੱਚ ਹਰ ਰੋਜ਼ ਸੱਚ ਅਤੇ ਇਨਸਾਫ਼ ਦੀ ਮੌਤ ਹੁੰਦੀ ਹੈ। ਪਰ ਅਫ਼ਸੋਸ ਕਿ ਸੱਚ ਅਤੇ ਇਨਸਾਫ਼ ਦੀ ਮੌਤ ਤੇ ਹੰਝੂ ਵਹਾਉਣ ਵਾਲਾ ਕੋਈ ਨਹੀਂ ਹੈ। ਇਸ ਦੇਸ਼ ਦਾ ਕਾਨੂੰਨ ਸਿਰਫ ਘੱਟ ਗਿਣਤੀ ਕੌਮਾਂ ਵਾਸਤੇ ਅਤੇ ਗਰੀਬ ਲੋਕਾਂ ’ਤੇ ਹੀ ਲਾਗੂ ਹੁੰਦਾ ਹੈ।

ਜੱਜ ਸਾਹਿਬ! ਮੇਰਾ ਇਸ ਦੇਸ਼ ਦੇ ਨਿਆਇਕ ਸਿਸਟਿਮ ਵਿਚ ਕੋਈ ਭਰੋਸਾ ਨਹੀਂ ਹੈ। ਜਿਥੋਂ ਤੱਕ ਮੇਰੇ ’ਤੇ ਦਰਜ ਇਸ ਕੇਸ ਦਾ ਸਬੰਧ ਹੈ, ਪਟਿਆਲਾ ਪੁਲਿਸ ਵੱਲੋਂ ਮੈਨੂੰ 22 ਦਸੰਬਰ 1995 ਨੂੰ ਜਲੰਧਰ ਬੱਸ ਸਟੈਂਡ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਪੁਲਿਸ ਵੱਲੋਂ ਰਾਜਪੁਰਾ ਤੋਂ ਗ੍ਰਿਫਤਾਰੀ ਦੀ ਜੋ ਕਹਾਣੀ ਘੜੀ ਗਈ ਹੈ ਇਹ ਬਿਲਕੁਲ ਝੂਠ ਹੈ। ਮੈਂ ਇਸ ਨਿਆਇਕ ਸਿਸਟਿਮ ਅੱਗੇ ਝੁਕ ਕੇ ਆਪਣੇ ਸ਼ਹੀਦ ਹੋਏ ਵੀਰਾਂ ਦੀ ਸੋਚ ਨਾਲ ਧੋਖਾ ਨਹੀਂ ਕਰਾਂਗਾ। ਮੈਂ ਇਸ ਸਿਸਟਿਮ ਤੋਂ ਕਿਸੇ ਵੀ ਤਰ੍ਹਾਂ ਦਾ ਰਹਿਮ ਮੰਗ ਕੇ ਰੂਹਾਨੀ ਮੌਤ ਮਰਨ ਨਾਲੋਂ ਹੱਸ ਕੇ ਸਰੀਰਕ ਮੌਤ ਨੂੰ ਆਪਣੇ ਗਲੇ ਲਾ ਲਵਾਂਗਾ। ਮੈਂ ਇਸ ਅਦਾਲਤ ਤੋਂ ਕਿਸੇ ਵੀ ਤਰ੍ਹਾˆ ਦੀ ਸਜ਼ਾ ਮੁਆਫੀ ਨਹੀਂ ਸਗੋਂ ਕੌਮ ਦੀ ਅਜ਼ਾਦੀ ਦੀ ਮੰਗ ਕਰਦਾ ਹਾਂ। ਮੇਰੇ ਵੱਲੋਂ ਆਪਣੇ ਸ਼ਹੀਦ ਹੋਏ ਵੀਰਾਂ ਨੂੰ ਇਹੀ ਸਰਧਾਂਝਲੀ ਹੈ।’’

ਆਪਣਾ ਇਹ ਲਿਖਤੀ ਬਿਆਨ ਅਦਾਲਤ ਵਿੱਚ ਪੜ੍ਹਨ ਉਪ੍ਰੰਤ ਬਲਵੰਤ ਸਿੰਘ ਰਾਜੋਆਣਾ ਨੇ ‘ਖ਼ਾਲਸਤਾਨ ਜਿੰਦਾਬਾਦ! ਖ਼ਾਲਸਤਾਨ ਜ਼ਿੰਦਾਬਾਦ!!’ ਦੇ ਨਾਹਰੇ ਲਾਏ ਤੇ ਅਦਾਲਤ ਵਿੱਚੋਂ ਬਾਹਰ ਆ ਕੇ ਵੀ ਉਨ੍ਹਾਂ ਨੇ ਖ਼ਾਲਸਤਾਨ ਦੇ ਨਾਹਰੇ ਲਾਏ।

ਇਹ ਦੱਸਣਯੋਗ ਹੈ ਕਿ ਭਾਈ ਬਲਵੰਤ ਸਿੰਘ ਰਾਜੋਆਣਾ ਮਹਿਰੂਮ ਬੇਅੰਤ ਸਿੰਘ ਮੁੱਖ ਮੰਤਰੀ ਪੰਜਾਬ ਦੇ ਕਤਲ ਕੇਸ ਵਿੱਚ ਫਾਂਸੀ ਦੀ ਸਜਾ ਅਧੀਨ ਕੇˆਦਰੀ ਜੇਲ੍ਹ ਪਟਿਆਲਾ ਦੀ ਕੋਠੀ ਨੰ: 16 ਵਿੱਚ ਨਜ਼ਰਬੰਦ ਹਨ ਤੇ ਸ਼ੁਰੂ ਤੋਂ ਹੀ ਬੇਅੰਤ ਸਿੰਘ ਕਤਲ ਕੇਸ ਵਿੱਚ ਆਪਣੀ ਸ਼ਮੂਲੀਅਤ ਬੜੇ ਹੀ ਸਪਸ਼ਟ ਸਬਦਾਂ ਵਿੱਚ ਕਬੂਲਦੇ ਆ ਰਹੇ ਹਨ ਤੇ ਦੇਸ਼ ਦੀ ਸਰਕਾਰ, ਪੁਲਿਸ ਪ੍ਰਸ਼ਾਸ਼ਨ ਅਤੇ ਅਦਾਲਤੀ ਸਿਸਟਮ ’ਤੇ ਘਟਗਿਣਤੀ ਕੌਮਾਂ ਨਾਲ ਬੇਇਨਸਾਫੀ ਕਰਨ ਦੀਆਂ ਸਖ਼ਤ ਚੋਟਾਂ ਕਰਦੇ ਹੋਏ ਕਿਸੇ ਵੀ ਕਾਨੂੰਨੀ ਸਹਾਇਤਾ ਲੈਣ ਤੋਂ ਇਨਕਾਰ ਅਤੇ ਕਿਸੇ ਅਪੀਲ ਜਾਂ ਰਹਿਮ ਦੀ ਅਪੀਲ ’ਤੇ ਦਸਤਖ਼ਤ ਕਰਨ ਤੋਂ ਬੜੀ ਦ੍ਰਿੜਤਾ ਨਾਲ ਨਾਂਹ ਕਰਦੇ ਆ ਰਹੇ ਹਨ। ਅਦਾਲਤ ਵੱਲੋਂ ਉਨ੍ਹਾਂ ਨੂੰ 31 ਮਾਰਚ 2012 ਨੂੰ ਫਾਂਸੀ ’ਤੇ ਲਟਕਾਏ ਜਾਣ ਦੇ ਹੁਕਮਾਂ ਵਿਰੁਧ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤੀ ਅਪੀਲ ਦੇ ਅਧਾਰ ’ਤੇ ਰਾਸ਼ਟਰਪਤੀ ਵੱਲੋਂ ਉਨ੍ਹਾਂ ਦੀ ਫਾਂਸੀ ’ਤੇ ਰੋਕ ਲਾ ਦਿੱਤੀ ਸੀ ਤੇ ਹੁਣ ਉਹ ਅਪੀਲ ਵੀਚਾਰ ਅਧੀਨ ਹੈ।

04-02-2013


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top