Share on Facebook

Main News Page

ਮਿਤ੍ਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ...
- ਅਮਰਜੀਤ ਸਿੰਘ ਚੰਦੀ 91 95685 41414

ਕੀ ਇਹ, ਗੁਰਬਾਣੀ ਹੈ?

ਸ੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦਾ ਦਸੰਬਰ, 2008 ਦਾ ਮਾਸਿਕ ਪੱਤਰ, ਗੁਰਮਤਿ ਪ੍ਰਕਾਸ਼, ਪੁਜਿਆ। ਪਹਿਲਾ ਹੀ ਲੇਖ ਹੈ, ਗੁਰਬਾਵੀ ਵਿਚਾਰ, ਜੋ ਇਸ ਤਰ੍ਹਾਂ ਹੈ।

ਮਿਤ੍ਰ ਪਿਆਰੇ ਨੂੰ …….
ਮਿਤ੍ਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ।
ਤੁਧੁ ਬਿਨੁ ਰੋਗੁ ਰਜਾਇਯਾਂ ਦਾ ਓਢਣੁ ਨਾਗ ਨਿਵਾਸਾਂ ਦੇ ਰਹਿਣਾ।
ਸੂਲ ਸੁਰਾਹੀ ਖੰਜਰ ਪਿਯਾਲਾ ਬਿੰਗੁ ਕਸਾਈਆਂ ਦਾ ਸਹਿਣਾ।
ਯਾਰੜੇ ਦਾ ਸਾਨੂੰ ਸੱਥਰ ਚੰਗਾ ਭੱਠ ਖੇੜਿਆਂ ਦਾ ਰਹਿਣਾ।
(ਖਿਆਲ ਪਾ: 10)

(ਅਗਾਂਹ ਵਧਣ ਤੋਂ ਪਹਿਲਾਂ ਮੈਂ ਸੂਝਵਾਨ ਪੲਠਕਾਂ ਕੋਲੋਂ ਮੁਆਫੀ ਮੰਗ ਲਵਾਂ, ਕਿਉਂਕਿ ਚਾਹੀਦਾ ਤਾਂ ਇਹ ਹੈ ਕਿ ਕਿਤਾਬ ਵਿਚਲੀ ਰਚਨਾ, ਇਨ ਬਿਨ ਦਿੱਤੀ ਜਾਵੇ, ਉਸ ਵਿਚੋਂ ਇਕ ਬਿੰਦੂ ਵੀ ਵੱਧ ਘੱਟ ਨਾ ਹੋਵੇ। ਇਸ ਰਚਨਾ ਵਿਚ ਹਰ ਤੁਕ ਮਗਰੋਂ ਦੋ ਡੰਡੀਆਂ ਲਗੀਆਂ ਹੋਈਆਂ ਹਨ, ਜੋ ਕਿ ਗੁਰਬਾਣੀ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਦੂਸਰੀਆਂ ਰਚਨਾਵਾਂ ਨਾਲੋਂ ਨਖੇੜਨ ਲਈ ਗੁਰੂ ਅਰਜਨ ਪਾਤਸ਼ਾਹ ਨੇ ਵਰਤਿਆ ਸੀ। ਗੁਰੂ ਅਰਜਨ ਸਾਹਿਬ ਨੇ, ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਵੇਲੇ ਹੀ, ਇਹ ਖਿਆਲ ਰਖਦਿਆਂ ਕਿ ਬਹੁਤ ਸਾਰੀ ਰਚੀ, ਕੱਚੀ ਬਾਣੀ, ਗੁਰਬਾਣੀ ਵਿਚ ਰਲਾਈ ਜਾ ਰਹੀ ਹੈ, ਪੰਜਾਬੀ ਵਿਚ ਵਿਸ਼ਰਾਮ ਲਈ ਇਕ ਡੰਡੀ ਵਰਤੀ ਜਾਂਦੀ ਹੈ, ਗੁਰੂ ਸਾਹਿਬ ਨੇ ਗੁਰਬਾਣੀ ਨੂੰ ਆਮ ਰਚਨਾਵਾਂ ਤੋਂ ਨਖੇੜਨ ਲਈ, ਗੁਰਬਾਣੀ ਲਈ ਦੋ ਡੰਡੀਆਂ ਦੀ ਵਰਤੋਂ ਕੀਤੀ।

ਇਹ ਗੱਲ ਵੱਖਰੀ ਹੈ ਕਿ ਸਿੱਖ ਧਰਮ ਅਸਥਾਨਾਂ ਤੇ ਨਿਰਮਲਿਆਂ, ਉਦਾਸੀਆਂ ਦਾ ਕਬਜ਼ਾ ਹੋ ਜਾਣ ਨਾਲ, ਸਿੱਖਾਂ ਦੀ ਮਜਬੂਰੀ, ਅਣਗਹਿਲੀ ਕਾਰਨ, ਹਰ, ਮਿਥਹਾਸਿਕ, ਰਚਨਾ ਨਾਲ ਦੋ ਡੰਡੀਆਂ ਲੱਗਣ ਲੱਗੀਆਂ। ਜੇ ਸਿੱਖ ਉਸ ਵੇਲੇ ਸੁਚੇਤ ਹੋਏ ਹੁੰਦੇ ਤਾਂ ਗੁਰੂ ਗ੍ਰੰਥ ਸਾਹਿਬ ਦੇ ਨਿਰਮਲ ਸਿਧਾਂਤ ਨੂੰ ਗੰਧਲਾ ਕਰਨ ਲਈ, ਉਸ ਦੇ ਮੁਕਾਬਲੇ ਤੇ ਹੋਰ ਗ੍ਰੰਥ ਸਥਾਪਤ ਕਰਨ ਦੀ ਪਰਕਿਰਿਆ ਨਾ ਸ਼ੁਰੂ ਹੋਈ ਹੁੰਦੀ। ਸੋ, ਗੁਰੂ ਸਾਹਿਬ ਵਲੋਂ ਪਾਈ ਪਿਰਤ ਨੂੰ ਧਿਆਨ ਵਿਚ ਰਖਦਿਆਂ, ਮੈਂ ਇਨ੍ਹਾਂ ਤੁਕਾਂ ਅੱਗੇ ਦੋ ਡੰਡੀਆਂ ਲਗਾਉਣ ਤੋਂ ਮਜਬੂਰ ਹਾਂ। ਉਮੀਦ ਹੈ, ਸੂਝਵਾਨ ਪਾਠਕ ਮੁਆਫ ਕਰ ਦੇਣਗੇ।)

ਪਰਤਦੇ ਹਾਂ ਅਸਲ ਵਿਸ਼ੇ ਵੱਲ। ਉਪ੍ਰੋਕਤ ਰਚਨਾ ਬਾਰੇ ਵਿਚਾਰ ਕਰਨ ਲੱਗਿਆਂ, ਵਿਦਵਾਨ ਵੀਰ (ਨਾਮ ਨਹੀਂ ਲਿਖਿਆ) ਨੇ ਭੂਮਕਾ ਵਜੋਂ ਲਿਖਿਆ ਹੈ ਕਿ “ਸਰਬੰਸ ਦਾਨੀ, ਦਸ਼ਮੇਸ਼ ਪਿਤਾ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਇਸ ਪਾਵਨ ਸ਼ਬਦ ਵਿਚ, ਤਤਕਾਲੀ ਜ਼ਾਲਮ ਰਾਜਤੰਤਰ ਨਾਲ ਜੀਵਨ ਭਰ ਦੇ, ਹੱਕ ਸੱਚ ਦੀ ਮੁੜ ਸਥਾਪਤੀ ਹਿਤ ਲੜੀ ਜਾ ਰਹੀ ਜੱਦੋ-ਜਹਿਦ ਦੌਰਾਨ ਆਪਣੇ ਦੁਆਰਾ, ਮਾਛੀਵਾੜੇ ਦੇ ਜੰਗਲਾਂ ਵਿਚ ਵਿਚਰਨ ਸਮੇ ਅਕਾਲ ਪੁਰਖ ਪਮਾਤਮਾ ਨਾਲ ਇਕ ਮਿਕਤਾ ਵਜੋਂ ਉਪਜੀ ਚੜ੍ਹਦੀ ਕਲਾ ਵਾਲੀ, ਉੱਚੀ ਆਤਮਿਕ ਅਵਸਥਾ ਪ੍ਰਗਟ ਕਰਦੇ ਹਨ। ਗੁਰੂ ਜੀ ਫੁਰਮਾਨ ਕਰਦੇ ਹਨ ਕਿ ਕੋਈ ਸਾਡੇ ਪਿਆਰੇ ਮਿੱਤਰ ਭਾਵ ਅਕਾਲ ਪੁਰਖ ਪਰਮਾਤਮਾ ਨੂੰ ਅਸਾਂ ਮੁਰੀਦਾਂ ਦੀ ਅਵਸਥਾ ਕਹੇ ਜਾਂ ਦੱਸੇ। ( ਗੁਰੂ ਜੀ ਅਕਾਲ ਪੁਰਖ ਨਾਲ ਇਕ ਮਿਕ ਹੋਏ, ਲੇਖਕ ਵੀਰ ਆਪ ਲਿਕਦੇ ਹਨ। ਫਿਰ ਉਨ੍ਹਾਂ ਨੂੰ ਅਪਣੇ ਅਤੇ ਅਕਾਲ ਪੁਰਖ ਦੇ ਵਿਚਾਲੇ ਵਿਚੋਲਾ ਪਾਉਣ ਦੀ ਕੀ ਲੋੜ ਸੀ? ਜੇ ਗੁਰੂ ਜੀ ਆਪ ਹੀ ਅਜਿਹਾ ਕਰਦੇ ਹਨ, ਤਾਂ ਵਿਚਾਰੇ ਆਮ ਸਿੱਖ, ਆਪੂੰ ਬਣ ਬੈਠੇ ਰੱਬ ਦੇ ਵਿਚੋਲਿਆਂ, ਸੰਤਾਂ, ਮਹਾਂ ਪੁਰਖਾਂ, ਬ੍ਰਹਮ ਗਿਆਨੀਆਂ, ਡੇਰੇਦਾਰਾਂ, ਪੁਜਾਰੀਆਂ ਦੇ ਤਲਵੇ ਕਿਉਂ ਨਾ ਚੱਟਣ ?

ਭਾਵ ਉਸ ਸੱਚੇ ਮਿੱਤਰ, ਅਕਾਲ ਪੁਰਖ, ਜਿਸ ਨਾਲ ਗੁਰੂ ਸਾਹਿਬ ਇਕ ਮਿਕ ਸਨ, ਨੂੰ ਗੁਰੂ ਸਾਹਿਬ ਅਪਣੀ ਗੱਲ ਆਪ ਹੀ ਕਿਉਂ ਨਾ ਦੱਸ ਸਕੇ ? ਫਿਰ ਗੁਰੂ ਸਾਹਿਬ ਤਾਂ ਕਹਿੰਦੇ ਹਨ

ਅੰਤਰਜਾਮੀ ਜਾਨੈ ॥ ਬਿਨੁ ਬੋਲਤ ਆਪਿ ਪਛਾਨੈ ॥ ( 621 )

ਇਸ ਬਾਰੇ ਵਿਚਾਰ ਸ਼ੁਰੂ ਕਰਨ ਲੱਗਿਆਂ ਆਪਾਂ ਇਕ ਚੌਹੱਦੀ ਮਿੱਥਾਂਗੇ,ਤਾਂ ਜੋ ਉਸ ਚੌਹੱਦੀ ਵਿਚ ਰਹਿੰਦਿਆਂ, ਵਿਚਾਰ ਸਾਰਥਿਕ ਸੋਝੀ ਦੇ ਸਕਣ।

ਚੌਹੱਦੀ ਹੈ:

  1. ਗੁਰੂ ਗੋਬਿੰਦ ਸਿੰਘ ਜੀ ਦੀ ਸ਼ਖਸੀਅਤ, ਉਸ ਵੇਲੇ ਦੀ ਸਮਾਜਕ ਹਾਲਤ ?

  2. ਉਨ੍ਹਾਂ ਹਾਲਤਾਂ ਦਾ ਵਿਸਲੇਸ਼ਨ, ਜਿਨ੍ਹਾਂ ਨਾਲ ਇਸ ਰਚਨਾ ਨੂੰ ਜੋੜਿਆ ਜਾ ਰਿਹਾ ਹੈ।

  3. ਵਿਦਵਾਨ ਲੇਖਕ ਵਲੋਂ ਦਿੱਤੀ ਭੂਮਕਾ।

  4. ਤੁਕਾਂ ਵਿਚ ਵਰਤੇ ਲਫਜ਼ ਅਤੇ ਤੁਕਾਂ ਦਾ ਭਾਵ।

ਵਿਚਾਰ :

1. ਗੁਰੂ ਗੋਬਿੰਦ ਸਿੰਘ ਜੀ, ਨਾਨਕ ਜੋਤ ਦੇ ਦਸਵੇਂ ਸਰੂਪ ਸਨ, ਜਿਨ੍ਹਾਂ ਉੱਤੇ ਬਾਬੇ ਨਾਨਕ ਵੱਲੋਂ ਦੱਸੇ ਧਰਮ ਦੇ ਪੰਧ ਰਸਤੇ ( ਜਿਸ ਤੇ ਚਲ ਕੇ ਬੰਦਾ, ਬੜੀ ਸਰਲਤਾ ਨਾਲ, ਬਿਨਾ ਕੋਈ ਵਿਖਾਵੇ ਦੇ ਕਰਮ ਕਾਂਡ ਕੀਤਿਆਂ, ਕਰਤਾਰ ਨਾਲ ਨੇੜਤਾ ਹਾਸਲ ਕਰ ਸਕਦਾ ਹੈ ) ਬਾਰੇ ਸੋਝੀ ਦੇਣ, ਉਸ ਤੇ ਚੱਲਣ ਦੀ ਪ੍ਰੇਰਨਾ ਦੇਣ ਦੀ ਜ਼ਿਮੇਵਾਰੀ ਸੀ।ਇਸ ਪੰਥ ਦੇ ਲਿਖਤੀ ਨਿਯਮ, ਗੁਰੂ ਗੋਬਿੰਦ ਸਿੰਘ ਜੀ ਨੂੰ ਵਿਰਾਸਤ ਵਿਚ ਮਿਲ ਗਏ ਸਨ। ਜਿਨ੍ਹਾਂ ਬਾਰੇ ਗੁਰੂ ਜੀ ਨੂੰ ਪੂਰੀ ਜਾਣਕਾਰੀ ਹੋਣੀ ਜ਼ਰੂਰੀ ਸੀ।ਇਸ ਜਾਣਕਾਰੀ ਦੇ ਪੂਰਨ ਹੋਣ ਦਾ ਇਸ ਤੋਂ ਵੱਡਾ ਕੋਈ ਸਬੂਤ ਨਹੀਂ ਹੋ ਸਕਦਾ ਕਿ ਅਜਿਹੇ ਬਿਖੜੇ ਸਮੇ ਵੀ, ਉਨ੍ਹਾਂ ਨੇ ਆਪ, ਉਸ ਨੂੰ ਘੋਖਿਆ ਪਰਖਿਆ ਅਤੇ ਉਸ ਦਾ ਉਤਾਰਾ ਕਰਨ ਵਾਲਿਆਂ ਵੱਲੋਂ ਉਸ ਵਿਚ ਕੀਤੀਆਂ ਗਲਤੀਆਂ ਦੀ ਸੋਧ ਸੁਧਾਈ ਕੀਤੀ। ਉਸ ਵਿਚ ਗੁਰੂ ਤੇਗ ਬਹਾਦੁਰ ਜੀ ਦੀ ਬਾਣੀ ਸ਼ਾਮਲ ਕੀਤੀ। ਅਪਣੇ ਜੋਤੀ ਜੋਤ ਸਮਾਉਣ ਵੇਲੇ, ਸਿੱਖਾਂ ਨੂੰ, ਉਨ੍ਹਾਂ ਨਿਯਮਾਂ, ਸ਼ਬਦ ਗੁਰੂ, ਗੁਰੂ ਗ੍ਰੰਥ ਸਾਹਿਬ ਜੀ ਦੇ ਹੁਕਮ ਦੀ ਅੱਖਰ ਅੱਖਰ ਪਾਲਣਾ ਕਰਨ, ਉਸ ਨੂੰ ਹੀ, ਇਕੋ ਇਕ ਗੁਰੂ ਮੰਨਣ, ਉਸ ਦੀ ਅਗਵਾਈ ਵਿਚ ਹੀ ਸਾਰੇ ਪੰਥਕ ਫੈਸਲੇ ਲੈਣ ਦੀ ਹਦਾਇਤ ਕੀਤੀ।

ਗੁਰੂ ਗੋਬਿੰਦ ਸਿੰਘ ਜੀ ਦੇ ਸਾਮ੍ਹਣੇ, ਇਨ੍ਹਾਂ ਸਿਧਾਂਤਾਂ ਨੂੰ ਪਰਚਾਰਨ ਅਤੇ ਉਨ੍ਹਾਂ ਅਨੁਸਾਰ ਚਲਣ ਵਾਲਿਆਂ ਦੇ ਰਾਹ ਵਿਚ ਆਉਂਦੀਆਂ ਔਕੜਾਂ ਦਾ ਪੂਰਾ ਇਤਿਹਾਸ ਸੀ। ਜਿਸ ਵਿਚ ਗੁਰੂ ਨਾਨਕ ਸਾਹਿਬ, ਗੁਰੂ ਅੰਗਦ ਸਾਹਿਬ, ਗੁਰੂ ਅਮਰ ਦਾਸ ਜੀ ਅਤੇ ਗੁਰੂ ਰਾਮਦਾਸ ਜੀ ਦੇ ਜੀਵਨ ਵਿਚ ਆਈਆਂ ਔਕੜਾਂ। ਗੁਰੂ ਅਰਜਨ ਪਾਤਸ਼ਾਹ ਦੀ ਸ਼ਹਾਦਤ। ਗੁਰੂ ਹਰਿਗੋਬਿੰਦ ਸਾਹਿਬ ਦਾ ਜੀਵਨ ਘੋਲ, ਅਤੇ ਗੁਰੂ ਤੇਗ ਬਹਾਦਰ ਜੀ ਵਲੋਂ ਸਿਖਾਇਆ ਇਹ ਸਬਕ ਕਿ ਪਹਿਲਾਂ ਪ੍ਰਚਲਤ ਧਰਮਾਂ ਵਾਂਗ, ਸਿੱਖੀ ਇੰਸਾਨੀਅਤ ਵਿਚ ਹੋਰ ਵੰਡੀਆਂ ਪਾਉਣ ਵਾਲਾ ਧਰਮ ਨਹੀਂ ਹੈ। ਇਹ ਇੰਸਾਨੀਅਤ ਦਾ ਪੰਧ, ਪੰਥ, ਰਸਤਾ ਹੈ,ਇਸ ਤੇ ਚਲਦਿਆਂ ਹਰ ਮਨੁੱਖ ਦੇ ਹੱਕਾਂ ਦੀ ਰਾਖੀ ਕਰਨੀ ਹੈ, ਉਨ੍ਹਾਂ ਹੱਕਾਂ ਦੀ ਰਾਖੀ ਲਈ ਸ਼ਹਾਦਤ ਵੀ ਦੇਣੀ ਪਵੇ ਤਾਂ ਢਿੱਲ ਨਹੀਂ ਕਰਨੀ। ਸਿੱਖਾਂ ਅਤੇ ਸਾਹਿਬਜ਼ਾਦਿਆਂ ਵਲੋਂ ਦਿੱਤੀਆਂ ਸ਼ਹਾਦਤਾਂ ਵੀ ਗੁਰੂ ਸਾਹਿਬ ਦੇ ਸਾਮ੍ਹਣੇ ਸਨ।( ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਬਾਰੇ ਅਜੇ ਗੁਰੂ ਸਾਹਿਬ ਨੂੰ ਪਤਾ ਨਹੀਂ ਲੱਗਾ ਸੀ ) ਵੇਲੇ ਦੇ ਪੁਜਾਰੀਆਂ ਵਲੋਂ ( ਜਿਨ੍ਹਾਂ ਵਿਚ ਬ੍ਰਾਹਮਣ ਅਤੇ ਮੁੱਲਾਂ, ਦੋਵੇਂ ਸ਼ਾਮਲ ਸਨ ) ਇਸ ਜਾਗਰਤੀ ਲਹਿਰ ਦਾ ਖੁਲ੍ਹਾ ਵਿਰੋਧ, ਜਾਤ ਅਭਿਮਾਨੀ ਹਿੰਦੂ ਰਾਜਿਆਂ, ਮੁਗਲ ਹਾਕਮਾ ਵਲੋਂ, ਇਸ ਹੱਕ ਸੱਚ ਦੀ ਆਵਾਜ਼ ਨੂੰ ਦਬਾਉਣ ਲਈ, ਹਰ ਵਲ-ਛਲ, ਅਤੇ ਫੌਜੀ ਤਾਕਤ ਦੀ ਦੁਰਵਰਤੋਂ ਵੀ ਉਨ੍ਹਾਂ ਦੇ ਸਾਮ੍ਹਣੇ ਸੀ, ਜਿਸ ਕਾਰਨ ਗੁਰੂ ਗੋਬਿੰਦ ਸਿੰਘ ਜੀ ਮਾਛੀਵਾੜੇ ਦੁ ਜੰਗਲ ਵਿਚ ਪੁਜੇ ਸਨ।

2. ਗੁਰੂ ਗੋਬਿੰਦ ਸਿੰਘ ਜੀ ਛੋਟੀਆਂ ਵੱਡੀਆਂ ਚੌਦਾਂ ਲੜਾਈਆਂ ਲੜ ਚੁੱਕੇ ਸਨ, ਜਿਸ ਵਿਚ ਸਿੱਖੀ ਦੇ ਪਰਚਾਰ ਦਾ ਸਾਰਾ ਤਾਣਾ ਬਾਣਾ, ਖਿੰਡ-ਪੁੰਡ ਗਿਆ ਸੀ। ਗੁਰੂ ਸਾਹਿਬ, ਵੱਡੇ ਸਾਹਿਬਜ਼ਾਦੇ ਅਤੇ ਬਹੁਤ ਸਾਰੇ ਸਿੱਖ ਸ਼ਹੀਦ ਕਰਵਾ ਕੇ, ਪਰਵਾਰ ਨਾਲੋਂ ਵਿਛੜ ਕੇ ,ਬਿਨਾ ਸਾਜ਼ੋ-ਸਾਮਾਨ, ਕਈ ਥਾਵਾਂ ਤੋਂ ਪਾਟੇ ਕਪੜਿਆਂ ਨਾਲ ਮਾਛੀਵਾੜੈ ਦੇ ਜੰਗਲ ਵਿਚ ਵਿਚਰ ਰਹੇ ਸਨ। ਜਿਸ ਥਾਂ ਨਾਲ ਇਸ ਰਚਨਾ ਨੂੰ ਜੋੜਿਆ ਜਾ ਰਿਹਾ ਹੈ।

3. ਭੂਮਕਾ ਵਿਚ ਵਿਦਵਾਨ ਵੀਰ ਜੀ ਕੁਝ ਗੱਲਾਂ ਵੱਲ ਇਸ਼ਾਰਾ ਕਰ ਰਹੇ ਹਨ ਕਿ, ਗੁਰੂ ਸਾਹਿਬ, ਅਕਾਲ ਪੁਰਖ ਨਾਲ ਇਕ ਮਿਕ ਸਨ। ਇਸ ਇਕ ਮਿਕਤਾ ਸਦਕਾ ਉਹ ਚੜ੍ਹਦੀ ਕਲਾ ਵਿਚ, ਉੱਚ ਆਤਮਕ ਅਵੱਸਥਾ ਵਿਚ ਸਨ।

4. ਪਹਿਲੀ ਤੁਕ ਵਿਚ, ਮਿਤ੍ਰ ਪਿਆਰੇ ਨੂੰ, ਹਾਲ ਮੁਰੀਦਾਂ ਦਾ ਕਹਿਣਾ। ਤੋਂ ਸਾਫ ਜ਼ਾਹਰ ਹੈ ਕਿ ਇਹ ਕਿਸੇ ਅਜਿਹੇ ਵਿਅਕਤੀ ਦੀ ਗੱਲ ਹੈ, ਜੋ ਅਪਣੇ ਪਿਆਰੇ ਮਿਤ੍ਰ ਤੋਂ ਵਿਛੜਿਆ ਹੋਇਆ ਹੈ ਅਤੇ ਕਿਸੇ ਅੱਗੇ ਜੋਦੜੀ ਕਰ ਰਿਹਾ ਹੈ ਕਿ ਮੇਰਾ ਹਾਲ ਮੇਰੇ ਪਿਆਰੇ ਮਿਤ੍ਰ ਨੂੰ ਕਹਿ ਦੇਣਾ ਦੱਸ ਦੇਣਾ।

ਦੂਸਰੀ ਤੁਕ ਤੋਂ ਸੁਨੇਹਾ ਸ਼ੁਰੂ ਹੁੰਦਾ ਹੈ,

ਤੁਧੁ ਬਿਨ ਰੋਗ ਰਜਾਇਯਾਂ ਦਾ ਓਢਣੁ, ਨਾਗ ਨਿਵਾਸਾਂ ਦਾ ਰਹਿਣਾ।

ਹੇ ਪਿਆਰੇ ਮਿਤ੍ਰ, ਤੇਰੇ ਬਗੈਰ, ਚੰਗੀ ਸੁਖਾਲੀ ਸੇਜ ਮਾਨਣੀ ਵੀ, ਮੇਰੇ ਲਈ ਇਵੇਂ ਹੈ, ਜਿਵੇਂ ਨਾਗਾਂ ਦੇ ਨਿਵਾਸ ਵਿਚ ਨਾਗਾਂ ਦੇ ਨਾਲ ਰਹਿਣਾ ਹੋਵੇ।

ਤੀਸਰੀ ਤੁਕ ਹੈ,

ਸੂਲ਼ ਸੁਰਾਹੀ ਖੰਜਰ ਪਿਯਾਲਾ, ਬਿੰਗੁ ਕਸਾਇਯਾਂ ਦਾ ਸਹਣਾ।

ਹੇ ਪਿਆਰੇ ਮਿਤ੍ਰ, ਤੇਰੇ ਤੋਂ ਬਗੈਰ, ਮੈਨੂੰ ਸ਼ਰਾਬ ਨਾਲ ਭਰੀ ਹੋਈ ਸੁਰਾਹੀ, ਸੂਲਾਂ ਵਾਂਗ ਚੁਭਦੀ ਹੈ। ਸ਼ਰਾਬ ਪੀਣ ਵਾਲਾ ਪਿਆਲਾ, ਮੇਰੇ ਸੀਨੇ ਵਿਚ ਖੰਜਰ ਵਾਂਗ ਰੜਕਦਾ ਹੈ। ਜ਼ਿੰਦਗੀ ਦੇ ਸਾਰੇ ਐਸ਼ ਆਰਾਮ ਦੇ ਸਾਧਨ ਵਰਤਦਿਆਂ ਮੈਨੂੰ ਇਵੇਂ ਜਾਪਦਾ ਹੇ, ਜਿਵੇਂ ਮੈਨੂੰ ਕਸਾਈਆਂ ਵਾਲਾ ਬਿੰਗ ( ਉਹ ਛੁਰੀ, ਜਿਸ ਨਾਲ ਮੁਸਲਮਾਨ ਕਸਾਈ, ਜਾਨਵਰ ਦੀ ਸ਼ਾਹਰੱਗ ਹੌਲੀ ਹੌਲੀ ਵੱਢ ਕੇ, ਉਸ ਨੂੰ ਜ਼ਿਬ੍ਹਾ ਕਰਦੇ ਹਨ।) ਸਹਿਣਾ ਪੈ ਰਿਹਾ ਹੈ। ਮੈਨੂੰ ਜ਼ਿਬ੍ਹਾ ਕੀਤਾ ਜਾ ਰਿਹਾ ਹੈ।

ਅਤੇ ਆਖਰੀ ਤੁਕ ਹੈ,

ਯਾਰੜੇ ਦਾ ਸਾਨੂੰ ਸੱਥਰ ਚੰਗਾ, ਭੱਠ ਖੇੜਿਆਂ ਦਾ ਰਹਿਣਾ।

ਸਾਨੂੰ ਯਾਰ, ਮਿਤ੍ਰ ਨਾਲ, ਘਾਹ-ਫੂਸ, ਪਰਾਲੀ ਤੇ ਹੀ ਸੌਣਾ ਚੰਗਾ ਲਗਦਾ ਹੈ। ਖੇੜਿਆਂ ਦੇ ਸਾਰੇ, ਐਸ਼ ਆਰਾਮ ਦੇ ਸਾਧਨ, ਭੱਠ ਵਿਚ ਪੈਣ, ਤਿਆਗਣ ਜੋਗ ਹਨ, ਉਨ੍ਹਾਂ ਦੇ ਮੁਕਾਬਲੇ, ਸਾਨੂੰ ਯਾਰ ਨਾਲ ਗਰੀਬੀ ਦੀ ਹਾਲਤ ਵਿਚ ਰਹਿਣਾ ਹੀ ਭਾਉਂਦਾ ਹੈ।

ਵਿਚਾਰ : ਇਨ੍ਹਾਂ ਤੁਕਾਂ ਵਿਚਲੇ ਆਦਮੀ ਕੋਲ, ਐਸ਼ ਆਰਾਮ ਦੇ ਸਾਰੇ ਸਾਸ਼ਨ ਹਨ, ਪਰ ਪਿਆਰੇ, ਯਾਰ, ਮਿਤ੍ਰ ਦਾ ਵਿਛੋੜਾ ਹੈ। ਉਸ ਦਾ ਅਪਣੇ ਪਿਆਰੇ ਮਿਤ੍ਰ ਨੂੰ ਸੁਨੇਹਾ ਹੈ ਕਿ ਤੇਰੇ ਬਗੈਰ, ਇਹ ਸਾਰੇ ਸੁਖ ਮੇਰੇ ਲਈ ਦੁਖਦਾਈ ਹਨ। ਜੇ ਤੂੰ ਮੈਨੂੰ ਮਿਲ ਜਾਵੇਂ, ਤਾਂ ਮੈਂ ਇਹ ਸਾਰੇ ਸੁਖ ਤਿਆਗਣ ਨੂੰ ਤਿਆਰ ਹਾਂ।

ਦੂਸਰੇ ਪਾਸੇ ਗੁਰੂ ਗੋਬਿੰਦ ਸਿੰਘ ਜੀ ਦੇ ਸਾਰੇ, ਦੁਨਿਆਵੀ ਸੁਖ, ਆਰਾਮ ਦੇ ਸਾਧਨ ਖੁਸ ਗਏ ਹਨ। ਮਾਤਾ, ਮਹਲ, ਪੁਤ੍ਰ, ਸਿੱਖ, ਆਨੰਦ ਪੁਰ ਸਾਹਿਬ ਦਾ ਸਾਰਾ ਵੈਭਵ, ਵਿਛੜ ਗਏ ਹ ਨ। ਪਰ ਗੁਰੂ ਸਾਹਿਬ ਅਪਣੇ ਪਿਆਰੇ ਮਿਤ੍ਰ, ਅਕਾਲ ਪੁਰਖ ਨਾਲ ਇਕ ਮਿਕ ਹੋਏ, ਉੱਚੀ ਆਤਮਕ ਅਵੱਸਥਾ ਵਿਚ, ਚੜ੍ਹਦੀ ਕਲਾ ਵਿਚ ਹਨ।

ਇਕ ਗੱਲ ਵਿਚਾਰਨ ਗੋਚਰੀ ਹੈ, ਕੀ ਗੁਰਮਤ, ਚੰਗੀ ਸੇਜ, ਸੁਰਾਹੀ, ਪਿਆਲੇ ਅਤੇ ਚੰਗੇ ਆਵਾਸ ਨੂੰ ਹੀ ਸੁਖ ਦਾ ਸਾਧਨ ਮੰਨਦੀ ਹੈ ? ਜੋ ਇਸ ਵਿਚ ਇਨ੍ਹਾਂ ਚੀਜ਼ਾਂ ਦਾ ਜ਼ਿਕਰ ਹੈ

ਗੁਰਬਾਣੀ ਸਿਧਾਂਤ ਹੈ:

ਦੁਖੁ ਤਦੇ ਜਾ ਵਿਸਰਿ ਜਾਵੈ ॥ ( 98 )

ਬੰਦਾ ਤਦ ਹੀ ਦੁਖੀ ਹੁੰਦਾ ਹੈ, ਜਦ ਉਸ ਨੂੰ ਪਰਮਾਤਮਾ ਦੀ ਯਾਦ ਵਿੱਸਰ ਜਾਵੈ। ਬੰਦਾ ਸੁਖੀ ਤਦ ਹੀ ਰਹਿੰਦਾ ਹੈ ਜਦ ਉਹ ਪਰਮਾਤਮਾ ਨਾਲ ਜੁੜਿਆ ਰਹੇ ਅਤੇ

ਜਾ ਕਉ ਚੀਤਿ ਆਵੈ ਗੁਰੁ ਅਪਨਾ ॥ ਤਾ ਕਉ ਦੂਖ ਨਾਹੀ ਤਿਲੁ ਸੁਪਨਾ ॥ (1298 )

ਜਿਸ ਬੰਦੇ ਨੂੰ ਮਨ ਵਿਚ ਪਰਮਾਤਮਾ ਯਾਦ ਰਹੇ, ਉਸ ਨੂੰ ਸੁਪਨੇ ਵਿਚ ਵੀ ਤਿਲ ਜਿੰਨਾ ਦੁਖ ਨਹੀਂ ਹੁੰਦਾ। ਗੁਰੂ ਜੀ ਤਾਂ ਕਰਤਾਰ ਨਾਲ ਇਕ ਮਿਕ, ਚੜ੍ਹਦੀ ਕਲਾ ਵਿਚ ਸਨ। ਉਨ੍ਹਾਂ ਦੇ ਦੁਖੀ ਹੋਣ ਦਾ ਤਾਂ ਸਵਾਲ ਹੀ ਨਹੀਂ ਪੈਦਾ ਹੁੰਦਾ।

ਰਚਨਾ ਪੁਕਾਰ ਪੁਕਾਰ ਕੇ ਕਹਿ ਰਹੀ ਹੈ ਕਿ ਕਵੀ ਨੇ ਇਨ੍ਹਾਂ ਪੰਗਤੀਆਂ ਵਿਚ, ਅਪਣੇ ਪਿਆਰੇ, ਰਾਂਝੇ ਦੇ ਵਿਛੋੜੇ ਵਿਚ ਦੁਖੀ, ਹੀਰ ਦਾ, ਅਪਣੇ ਯਾਰ ਰਾਂਝੇ ਨੂੰ, ਸੁਨੇਹੇ ਦਾ ਚਿਤ੍ਰ ਖਿਚਿਆ ਹੈ। ਇਸ ਦੇ ਥੱਲੇ, ਖਿਆਲ ਪਾ:10। ਲਿਖ ਕੇ ਪਤਾ ਨਹੀਂ ਕਿਸ ਯੋਜਨਾ ਅਧੀਨ, ਕਿਸ ਅਧਾਰ ਤੇ, ਇਸ ਦੇ ਲਿਖਣਹਾਰੇ ਕਵੀ ਨੂੰ ਗੁਰੂ ਗੋਬਿੰਦ ਸਿੰਘ, ਅਤੇ ਇਸ ਇਸ਼ਕੀਆ ਰਚਨਾ ਨੂੰ ਗੁਰਬਾਣੀ ਬਣਾ ਦਿੱਤਾ ਹੈ ?

ਸਿੱਖੀ ਨੂੰ ਸਮੱਰਪਿਤ, ਸਿੱਖ ਵਿਦਵਾਨਾਂ ਅੱਗੇ ਬੇਨਤੀ ਹੈ, ਜੋਦੜੀ ਹੈ ਕਿ ਨਾਂ ਤਾਂ ਆਪ ਹੀ ਅਜਿਹੀਆਂ ਊਲ਼-ਜਲੂਲ ਰਚਨਾਵਾਂ ਨੂੰ, ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਨਾਲ ਜੋੜ ਕੇ, ਉਨ੍ਹਾਂ ਦਾ ਅਕਸ ਵਿਗੜਨ ਦਾ ਉਪਰਾਲਾ ਕਰਨ, ਅਤੇ ਅਜਿਹਾ ਕਰਨ ਵਾਲੇ ਦੂਸਰੇ ਵਿਦਵਾਨਾਂ ਨੂੰ ਵੀ ਸੁਚੇਤ ਕਰ ਕੇ, ਅਜਿਹਾ ਕਰਨ ਤੋਂ ਰੋਕਣ। ਅਜਿਹਾ ਕਰਨ ਨਾਲ ਹੀ ਸਿੱਖੀ ਦਾ ਕੁਝ ਭਲਾ ਹੋ ਸਕਦਾ ਹੈ।


Disclaimer: Khalsanews.org does not necessarily endorse the views and opinions voiced in the news। articles। audios । videos or any other contents published on www.khalsanews.org and cannot be held responsible for their views.  Read full details....

Go to Top