Share on Facebook

Main News Page

ਗੁਰਬਾਣੀ ਅਤੇ ਗੁਰਦੁਆਰਿਆਂ ਦਾ ਵਪਾਰੀਕਰਣ
- ਨਿਰਮਲ ਸਿੰਘ ਕੰਧਾਲਵੀ

ਕਿਰਪਾ ਕਰਹੁ ਪ੍ਰਭ ਕਰਣੈਹਾਰੇ ਤੇਰੀ ਬਖਸ ਨਿਰਾਲੀ॥ (ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਪੰਨਾ 748)

ਕੁਝ ਅਰਸਾ ਹੋਇਆ ਇਕ ਸੱਜਣ ਦੇ ਵਿਆਹ ਦੀ ਪੰਜਾਹਵੀਂ ਵਰ੍ਹੇਗੰਢ ਸੰਬੰਧੀ ਸੁਖਮਨੀ ਸਾਹਿਬ ਜੀ ਦੇ ਪਾਠ ਸਮਾਗਮ ਉੱਪਰ ਗੁਰਦਆਰਾ ਸਾਹਿਬ ਵਿਚ ਹਾਜ਼ਰੀ ਭਰਨ ਦਾ ਅਵਸਰ ਪ੍ਰਾਪਤ ਹੋਇਆ। ਚਾਹ-ਪਾਣੀ ਛੱਕ ਕੇ ਜਦ ਦੀਵਾਨ ਹਾਲ ਵਿਚ ਗਏ ਤਾਂ ਆਰਤੀ ਪੜ੍ਹੀ ਜਾ ਰਹੀ ਸੀ। ਆਰਤੀ ਵਿਚ ਏਨੇ ਵਾਧੂ ਸ਼ਬਦ ਪਾਏ ਹੋਏ ਸਨ, ਕਿ ਇਹ ਮੁੱਕਣ ਵਿਚ ਹੀ ਨਹੀਂ ਸੀ ਆ ਰਹੀ ਅਤੇ ਇਹ ਪੜ੍ਹੀ ਵੀ ਹਿੰਦੂ ਮੰਦਰਾਂ ਵਿਚ ਪੜ੍ਹੀ ਜਾਣ ਵਾਲੀ ਆਰਤੀ ਦੀ ਤਰਜ਼ ਉੱਪਰ ਸੀ।

ਆਰਤੀ ਤੋਂ ਬਾਅਦ ਗ੍ਰੰਥੀ ਜੀ ਨੇ ਅਰਦਾਸ ਕੀਤੀ। ਗ੍ਰੰਥੀ ਜੀ ਦੇ ਭਾਸ਼ਾ ਦੇ ਉਚਾਰਣ ਤੋਂ ਪਤਾ ਚਲਦਾ ਸੀ ਕਿ ਉਹ ਪੰਜਾਬੀ ਨਹੀਂ ਸਨ। ਖ਼ੈਰ, ਕੋਈ ਵਿਅਕਤੀ ਵੀ ਕਿਸੇ ਧਰਮ ਨੂੰ ਅਪਣਾ ਸਕਦਾ ਹੈ ਪਰ ਜੇ ਅਪਣਾਏ ਜਾਣ ਵਾਲੇ ਧਰਮ ਦੀ ਆਤਮਾ ਨੂੰ ਸਮਝ ਕੇ ਉਸ ਵਿਚ ਪ੍ਰਵੇਸ਼ ਕਰਦਾ ਹੈ ਤਾਂ ਉਹ ਅਧਿਆਤਮਕ ਬੁਲੰਦੀਆਂ ਨੂੰ ਵੀ ਛੂਹ ਸਕਦਾ ਹੈ। ਪਰ ਅਫ਼ਸੋਸ ਕਿ ਬਹੁਤੀ ਵਾਰੀ ਅਜਿਹਾ ਨਹੀਂ ਹੁੰਦਾ। ਧਰਮ ਦੇ ਸਿਧਾਂਤ ਦੀਆਂ ਜੜ੍ਹਾਂ ਨੂੰ ਖੋਖਲਾ ਕਰਨ ਲਈ ਵੀ ਘੁਸਪੈਠ ਕਰਵਾਈ ਜਾਂਦੀ ਹੈ। ਇਤਿਹਾਸ ਵਿਚ ਬੁੱਧ ਧਰਮ ਸਾਡੇ ਲਈ ਸਭ ਤੋਂ ਵਧੀਆ ਮਿਸਾਲ ਹੈ। ਸਿੱਖ ਧਰਮ ਵਿਚ ਵੀ ਇਸ ਵੇਲੇ ਬੜੀ ਵੱਡੀ ਪੱਧਰ ‘ਤੇ ਘੁਸਪੈਠ ਹੋ ਰਹੀ ਹੈ। ਬੜੇ ਸ਼ਾਤਰ ਤਰੀਕਿਆਂ ਨਾਲ ਸਿੱਖ ਧਰਮ ਵਿਚ ਕਰਮਕਾਂਡ ਘੁਸੇੜੇ ਜਾ ਰਹੇ ਹਨ। ਸੁੱਤੇ ਪਏ ਸਿੱਖ ਚਾਈਂ ਚਾਈਂ ਇਨ੍ਹਾਂ ਕਰਮਕਾਂਡਾਂ ਨੂੰ ਅਪਣਾ ਰਹੇ ਹਨ। ਜੇ ਕੋਈ ਜਾਗਰੂਕ ਸਿੱਖ ਆਵਾਜ਼ ਉਠਾਉਂਦਾ ਹੈ ਤਾਂ ਉਸ ਨੂੰ ਸਿੱਖ ਧਰਮ ਦਾ ਵਿਰੋਧੀ ਤੇ ਨਾਸਤਿਕ ਗਰਦਾਨ ਦਿੱਤਾ ਜਾਂਦਾ ਹੈ।

ਖ਼ੈਰ, ਅਰਦਾਸ ਤੋਂ ਬਾਅਦ ਗ੍ਰੰਥੀ ਜੀ ਨੇ ਦੋ ਹੁਕਮਨਾਮੇ ਲਏ। ਮੇਜ਼ਬਾਨ ਮੇਰੇ ਨੇੜੇ ਹੀ ਬੈਠਾ ਸੀ ਮੈਂ ਉਸ ਪਾਸੋਂ ਇਸ ਦਾ ਕਾਰਨ ਪੁੱਛਿਆ ਤਾਂ ਉਹ ਮੇਰੇ ਹੋਰ ਨੇੜੇ ਹੋ ਕੇ ਹੌਲੀ ਜਿਹੀ ਕਹਿਣ ਲੱਗਾ, “ਪਹਿਲਾ ਹੁਕਮਨਾਮਾ ਗੁਰਦੁਆਰੇ ਦੀਆਂ ਰੈਗੂਲਰ ਸੰਗਤਾਂ ਦਾ ਸੀ, ਕਿਉਂਕਿ ਅਖੰਡਪਾਠ ਦੀ ਸੇਵਾ ਉਹਨਾਂ ਵਲੋਂ ਸੀ ਤੇ ਦੂਸਰਾ ਹੁਕਮਨਾਮਾ ਸਾਡੇ ਸੁਖਮਨੀ ਸਾਹਿਬ ਦੇ ਪਾਠ ਦਾ ਸੀ।”

ਸੁਣ ਕੇ ਮੈਂ ਬਹੁਤ ਹੈਰਾਨ ਹੋਇਆ ਕਿ ਕੀ ਸਿੱਖ ਹੁਣ ਹੁਕਮਨਾਮਾ ਵੀ ਆਪਣਾ ਆਪਣਾ ਖ਼ਰੀਦਣ ਲੱਗ ਪਏ ਹਨ। ਕੀ ਗੁਰੂ ਸਾਹਿਬ ਦਾ ਇੱਕੋ ਹੁਕਮ ਸਭ ਲਈ ਸਾਂਝਾ ਨਹੀਂ? ਮੇਰੀ ਉਤਸੁਕਤਾ ਹੋਰ ਵਧ ਗਈ ਤੇ ਮੈਂ ਉਸ ਨੂੰ ਪੁੱਛਿਆ ਕਿ ਸੁਖਮਨੀ ਸਾਹਿਬ ਦਾ ਪਾਠ ਕਦੋਂ ਹੋਇਆ ਸੀ?

ਉਹ ਬੋਲਿਆ, “ਇੱਥੇ ਹੀ ਸਵੇਰੇ ਤੜਕੇ ਦੂਸਰੀ ਬੀੜ ਦਾ ਪ੍ਰਕਾਸ਼ ਕਰ ਕੇ ਚਲਦੇ ਅਖੰਡ ਪਾਠ ਦੌਰਾਨ ਹੀ ਸੁਖਮਨੀ ਸਾਹਿਬ ਦਾ ਪਾਠ ਕਰ ਲਿਆ ਸੀ,” ਏਨੀ ਗੱਲ ਕਹਿ ਕੇ ਉਹ ਮੇਰੇ ਤੋਂ ਥੋੜ੍ਹਾ ਹੋਰ ਦੂਰ ਖਿਸਕ ਗਿਆ ਜਿਵੇਂ ਇਹ ਮੇਰੇ ਲਈ ਇਸ਼ਾਰਾ ਸੀ ਕਿ ਭਲੇਮਾਣਸਾ ਇਹ ਨਘੋਚਾਂ ਕੱਢਣ ਲਈ ਸੱਦਿਆ ਤੈਨੂੰ ਏਥੇ।
ਮੇਰੇ ਦਿਮਾਗ਼ ਵਿਚ ਕਈ ਪ੍ਰਕਾਰ ਦੇ ਸਵਾਲ ਉੱਠਣ ਲੱਗੇ ਕਿ ਜੇ ਅਸੀਂ ਸ੍ਰੀ ਗੁਰੂੁ ਗ੍ਰੰਥ ਸਾਹਿਬ ਜੀ ਨੂੰ ਹਾਜ਼ਰਾ ਹਜ਼ੂਰ ਮੰਨਦੇ ਹਾਂ ਤਾਂ ਜਦ ਉਹ ਬੋਲ ਰਹੇ ਹੁੰਦੇ ਹਨ ਤਾਂ ਹੋਰ ਕਿਸੇ ਨੂੰ ਵਿਚ ਕਿਉਂ ਬੋਲਣ ਦਿੱਤਾ ਜਾਂਦਾ ਹੈ? ਸ੍ਰੀ ਅਕਾਲ ਤਖ਼ਤ ਦੀ ਮਰਯਾਦਾ ਵਿਚ ਇਸ ਬਾਰੇ ਸਪਸ਼ਟ ਲਿਖ਼ਿਆ ਹੋਇਆ ਹੈ ਕਿ ਇਕ ਜਗ੍ਹਾ ‘ਤੇ ਇਕ ਸਮੇਂ ਕਥਾ, ਕੀਰਤਨ ਜਾਂ ਪਾਠ ਹੀ ਹੋ ਸਕਦਾ ਹੈ। ਆਮ ਜੀਵਨ ਵਿਚ ਵੀ ਜਦੋਂ ਘਰ ਵਿਚ ਕੋਈ ਸਿਆਣਾ ਬੋਲ ਰਿਹਾ ਹੋਵੇ ਤਾਂ ਛੋਟਿਆਂ ਦਾ ਵਿਚ ਬੋਲਣਾ ਚੰਗਾ ਨਹੀਂ ਸਮਝਿਆ ਜਾਂਦਾ। ਸਿਆਣੇ ਵਿਅਕਤੀਆਂ ਦੀ ਸਭਾ ਵਿਚ ਇਕ ਸਮੇਂ ‘ਤੇ ਇਕੋ ਵਿਅਕਤੀ ਹੀ ਬੋਲਦਾ ਹੈ।ਦੁਨਿਆਵੀ ਅਦਾਲਤਾਂ ਵਿਚ ਵੀ ਕਿਸੇ ਨੂੰ ਚੂੰ ਨਹੀਂ ਕਰਨ ਦਿੱਤਾ ਜਾਂਦਾ। ਬੋਲਣਾ ਤਾਂ ਕੀ ਕੋਈ ਖ਼ੁਸਰ ਫ਼ੁਸਰ ਵੀ ਕਰੇ ਤਾਂ ਅਦਾਲਤ ਵਲੋਂ ਉਸ ਵਿਅਕਤੀ ਨੂੰ ਤਾੜਨਾ ਕੀਤੀ ਜਾਂਦੀ ਹੈ ਜੇ ਉਹ ਫਿਰ ਵੀ ਚੁੱਪ ਨਾ ਕਰੇ ਤਾਂ ਅਦਾਲਤ ਦੇ ਕਰਮਚਾਰੀ ਉਸ ਨੂੰ ਬਾਹਰ ਕੱਢ ਦਿੰਦੇ ਹਨ। ਕਿਸੇ ਵੱਡੇ ਆਕੀ ਨੂੰ ਤਾਂ ਅਦਾਲਤ ਦਾ ਸਮਾਂ ਖ਼ਤਮ ਹੋਣ ਤੱਕ ਹਵਾਲਾਤ (ਛੲਲਲੲਰ) ਵਿਚ ਵੀ ਭੇਜ ਦਿੱਤਾ ਜਾਂਦਾ ਹੈ। ਮੈਂ ਆਪਣੀਆਂ ਅੱਖਾਂ ਨਾਲ ਅਜਿਹਾ ਹੁੰਦਾ ਦੇਖਿਆ ਹੈ।

ਹੁਣ ਸਵਾਲ ਪੈਦਾ ਹੁੰਦਾ ਹੈ ਕਿ ਜਿਸ ਗੁਰ ਸ਼ਬਦ ਨੂੰ ਅਸੀਂ ਸ਼ਹਿਨਸ਼ਾਹਾਂ ਦੇ ਸ਼ਹਿਨਸ਼ਾਹ ਦਾ ਦਰਜਾ ਦਿੰਦੇ ਹਾਂ, ਉਹਨਾਂ ਦੇ ਬਚਨਾਂ ਸਮੇਂ ਜੇ ਕੋਈ ਵਿਅਕਤੀ ਵਿਚੇ ਹੀ ਕਥਾ, ਕੀਰਤਨ ਜਾਂ ਕਿਸੇ ਹੋਰ ਪੋਥੀ ਜਾਂ ਗ੍ਰੰਥ ਤੋਂ ਪਾਠ ਕਰ ਰਿਹਾ ਹੈ ਤਾਂ ਕੀ ਇਹ ਸ਼ਹਿਨਸ਼ਾਹਾਂ ਦੇ ਸ਼ਹਿਨਸ਼ਾਹ ਦੀ ਹੁਕਮ-ਅਦੂਲੀ ਨਹੀਂ?

ਇਸ ਤਰ੍ਹਾਂ ਦਾ ਮਨਮੱਤ ਹੁਣ ਕਿਤੇ ਵੀ ਰੁਕਣ ਦਾ ਨਾਮ ਨਹੀਂ ਲੈ ਰਿਹਾ। ਦਿਨੋਂ ਦਿਨ ਸਗੋਂ ਕਈ ਪ੍ਰਕਾਰ ਦੇ ਨਵੇਂ ਮਨਮੱਤ ਦੇਖਣ ਨੂੰ ਮਿਲ ਰਹੇ ਹਨ। ਗਿਆਰਾਂ, ਇੱਕੀ, ਇਕਵੰਜਾ, ਇਕ ਸੌ ਇਕ ਦੀ ਗਿਣਤੀ ਵਿਚ ਇਕੱਠੇ ਰੱਖੇ ਹੋਏ ਅਖੰਡ ਪਾਠ ਤੁਸੀਂ ਅਖ਼ਬਾਰਾਂ ਅਤੇ ਟੈਲੀਵੀਯਨਾਂ ਦੀਆਂ ਖ਼ਬਰਾਂ ਵਿਚ ਆਮ ਹੀ ਦੇਖ ਸਕਦੇ ਹੋ। ਇੱਥੇ ਇੰਗਲੈਂਡ ਵਿਚ ਇਕ ਸਾਧ ਬਾਬਾ ਇੰਜ ਹੀ ਕਈ ਕਈ ਅਖੰਡ ਪਾਠ ਇਕੱਠੇ ਰਖਵਾ ਕੇ ਇਕ ਪਾਸੇ ਆਪ ਚੌਂਕੜਾ ਮਾਰ ਕੇ ਬਹਿ ਜਾਂਦਾ ਸੀ। ਲੋਕ ਫਿਰ ਸ਼ਹਿਨਸ਼ਾਹਾਂ ਦੇ ਸ਼ਹਿਨਸ਼ਾਹ ਅੱਗੇ ਤਾਂ ਪੰਜੀ ਦਸੀ ਦਾ ਮੱਥਾ ਟੇਕਦੇ ਸਨ, ਪਰ ਸਾਧ ਮੂਹਰੇ ਵੱਡੇ ਵੱਡੇ ਨੋਟਾਂ ਦਾ ਢੇਰ ਲੱਗ ਜਾਂਦਾ ਸੀ।

ਇਕ ਦਿਨ ਇਕ ਗੁਰਦੁਆਰਾ ਸਾਹਿਬ ਦੇ ਸਾਬਕਾ ਪ੍ਰਧਾਨ ਨਾਲ ਇਸੇ ਵਿਸ਼ੇ ‘ਤੇ ਗੱਲ ਬਾਤ ਹੋਈ ਤਾਂ ਉਹ ਕਹਿਣ ਲੱਗੇ, “ਇਹ ਅਮਲ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਰਯਾਦਾ ਦੇ ਉਲਟ ਹੈ ਪਰ ਜੇ ਮਰਯਾਦਾ ਦੇ ਰਾਖੇ ਹੀ ਥੈਲੀਆਂ ਦੇ ਲਾਲਚ ਵਿਚ ਇਹੋ ਜਿਹੇ ਸਮਾਗਮਾਂ ਵਿਚ ਹਿੱਸਾ ਲੈਂਦੇ ਹੋਣ ਅਤੇ ਮਿਰਾਸੀਆਂ ਵਾਂਗ ਸਾਧਾਂ ਤੇ ਪ੍ਰਬੰਧਕਾਂ ਦੀਆਂ ਸਿਫ਼ਤਾਂ ਕਰਦੇ ਹੋਣ ਤਾਂ ਕੌਮ ਨੂੰ ਅਗਵਾਈ ਕਿੱਥੋਂ ਮਿਲ ਸਕਦੀ ਹੈ? ਬਾਕੀ ਰਹੀ ਗੱਲ ਗੁਰਦੁਆਰਿਆਂ ਦੀ, ਇਨ੍ਹਾਂ ਦੇ ਖ਼ਰਚੇ ਬਹੁਤ ਵਧ ਗਏ ਹਨ, ਕਈ ਪ੍ਰਬੰਧਕ ਕਮੇਟੀਆਂ ਗੁਰਦੁਆਰਿਆਂ ਦੀਆਂ ਇਮਾਰਤਾਂ ਬਣਾਉਣ ਉੱਪਰ ਬੇਤਹਾਸ਼ਾ ਪੈਸਾ ਖ਼ਰਚ ਕਰਦੀਆਂ ਹਨ ਤੇ ਫਿਰ ਕਈ ਸਾਲ ਕਰਜ਼ੇ ਦੀਆਂ ਕਿਸ਼ਤਾਂ ਦੇਣ ਅਤੇ ਇਨ੍ਹਾਂ ਵੱਡੀਆਂ ਇਮਾਰਤਾਂ ਨੂੰ ਠੰਢਾ ਤੱਤਾ ਰੱਖਣ ਅਤੇ ਹੋਰ ਵੱਡੇ ਖ਼ਰਚਿਆਂ ਲਈ ਉਹਨਾਂ ਨੂੰ ਆਮਦਨ ਦੇ ਸ੍ਰੋਤ ਵਧਾਉਣੇ ਪੈਂਦੇ ਹਨ, ਸੋ ਆਮਦਨ ਵਧਾਉਣ ਲਈ ਗੁਰਦੁਆਰਿਆਂ ਪਾਸ ਸਭ ਤੋਂ ਆਸਾਨ ਤਰੀਕਾ ਇਕੱਠੇ ਕਈ ਕਈ ਅਖੰਡ ਪਾਠ ਰੱਖਣੇ ਹੀ ਹੈ ਸੋ ਅਸੀਂ ਇੰਜ ਵੀ ਕਹਿ ਸਕਦੇ ਹਾਂ ਕਿ ਇਕੱਠੇ ਅਖੰਡ ਪਾਠ ਰੱਖਣੇ ਕਈ ਗੁਰਦੁਆਰਿਆਂ ਦੀ ਮਜਬੂਰੀ ਬਣ ਗਈ ਹੈ, ਸ਼ਬਦ-ਗੁਰੂ ਦੀ ਕੌਣ ਪਰਵਾਹ ਕਰਦੈ।” ਪ੍ਰਧਾਨ ਜੀ ਹੋਰੀਂ ਗੱਲ ਸਪਸ਼ਟ ਕੀਤੀ।

“ਕੀ ਮਰਯਾਦਾ ਵਿਚ ਰਹਿੰਦਿਆਂ ਇਹ ਖ਼ਰਚ ਵਾਲਾ ਮਸਲਾ ਕਿਸੇ ਤਰ੍ਹਾਂ ਹੱਲ ਨਹੀਂ ਕੀਤਾ ਜਾ ਸਕਦਾ?” ਮੈਂ ਪੁੱਛਿਆ।

“ਜੇ ਸਿੱਖ ਕੌਮ ਨੇ ਬ੍ਰਾਹਮਣਵਾਦੀ ਕਰਮਕਾਂਡਾਂ ਤੋਂ ਖਹਿੜਾ ਛੁਡਵਾ ਕੇ ਸਿੱਖ-ਸਿਧਾਂਤ ਨੂੰ ਅਪਣਾ ਲਿਆ ਹੁੰਦਾ ਤਾਂ ਸ਼ਾਇਦ ਇਸ ਮਸਲੇ ਦਾ ਹੱਲ ਨਿੱਕਲ ਸਕਦਾ ਸੀ, ਪਰ ਅਜਿਹਾ ਨਹੀਂ ਹੋ ਸਕਣਾ ਕਿਉਂਕਿ ਬਹੁਤੇ ਸ਼ਰਧਾਲੂਆਂ ਵਲੋਂ ਕਰਵਾਏ ਜਾਂਦੇ ਅਖੰਡ ਪਾਠ ਵੀ ਸਤਿਗੁਰਾਂ ਨਾਲ ਇਕ ਪ੍ਰਕਾਰ ਦੀ ਸੌਦੇ-ਬਾਜ਼ੀ ਹੀ ਹੁੰਦੀ ਹੈ ਕਿਉਂਕਿ ਬਹੁਤੇ ਪਾਠ ਸੁੱਖਣਾ ਦੇ ਹੀ ਹੁੰਦੇ ਹਨ।

ਜਿਹੜਾ ਪਾਠ ਉਹਨਾਂ ਦੇ ਪੈਸਿਆਂ ਨਾਲ ਹੋ ਰਿਹਾ ਹੁੰਦਾ ਹੈ ਉਸੇ ਨੂੰ ਹੀ ਉਹ ਆਪਣਾ ਸਮਝਦੇ ਹਨ, ਹੋਰ ਕਿਸੇ ਦੇ ਹੋ ਰਹੇ ਪਾਠ ਨਾਲ ਉਹਨਾਂ ਦਾ ਕੋਈ ਲੈਣਾ ਦੇਣਾ ਨਹੀਂ ਹੁੰਦਾ।”

ਪ੍ਰਧਾਨ ਜੀ ਦੀ ਗੱਲ ਸੁਣ ਕੇ ਮੈਂ ਮੁਸਕਰਾਇਆ ਤਾਂ ਉਨ੍ਹਾਂ ਨੇ ਮੁਸਕਰਾਉਣ ਦਾ ਕਾਰਨ ਪੁੱਛਿਆ, ਮੈਂ ਉਹਨਾਂ ਨੂੰ ਮਿੱਤਰ ਦੇ ਵਿਆਹ ਦੀ ਪੰਜਾਹਵੀਂ ਵਰ੍ਹੇਗੰਢ ‘ਤੇ ਵਾਪਰੀ ਘਟਨਾ ਸੁਣਾਈ।

ਹੁਣ ਪ੍ਰਧਾਨ ਜੀ ਮੁਸਕਰਾਏ ਤੇ ਬੋਲੇ, “ਚਲੋ ਚੰਗਾ ਹੋਇਆ, ਮੇਰੀ ਗੱਲ ਦੀ ਤਾਈਦ ਤਾਂ ਹੋ ਗਈ, ਮੈਂ ਤਾਂ ਇਕ ਐਸੇ ਗੁਰਦੁਆਰੇ ਨੂੰ ਵੀ ਜਾਣਦਾ ਹਾਂ ਜਿੱਥੇ ਜੇ ਚਾਰ ਅਖੰਡ ਪਾਠ ਰੱਖੇ ਹੋਏ ਹੋਣ ਤਾਂ ਉੱਥੇ ਚੌਹਾਂ ਹੁਕਮਨਾਮਿਆਂ ਦੀ ਵਿਆਖਿਆ ਵੀ ਕੀਤੀ ਜਾਂਦੀ ਹੈ।”

“ਪ੍ਰਧਾਨ ਜੀ, ਜੇ ਮਾਇਆ ਦੀ ਹੀ ਗੱਲ ਹੈ ਤਾਂ ਇੰਜ ਨਹੀਂ ਹੋ ਸਕਦਾ ਕਿ ਜਿਤਨੇ ਵੀ ਪਰਿਵਾਰਾਂ ਨੇ ਅਖੰਡ ਪਾਠ ਕਰਵਾਉਣੇ ਹੋਣ ਉਹ ਸਾਰੇ ਹੀ ਗੁਰਦੁਆਰਾ ਸਾਹਿਬ ਨੂੰ ਮਾਇਆ ਭੇਟ ਕਰ ਦੇਣ ਪਰ ਅਖੰਡ ਪਾਠ ਇਕੋ ਹੀ ਹੋਵੇ ਤੇ ਸਾਰੇ ਮਿਲ ਜੁਲ ਕੇ ਪਾਠ ਸੁਣਨ ਅਤੇ ਸੇਵਾ ਕਰਨ, ਇਸ ਤਰ੍ਹਾਂ ਆਪਸੀ ਪਿਆਰ ਅਤੇ ਸਦਭਾਵਨਾ ਵਿਚ ਵੀ ਵਾਧਾ ਹੋਵੇਗਾ।” ਮੈਂ ਆਪਣੇ ਵਲੋਂ ਇਕ ਸੁਝਾਉ ਦਾਗ਼ ਦਿੱਤਾ।

“ਮੈਨੂੰ ਨਹੀਂ ਲਗਦਾ ਇੰਜ ਹੋ ਸਕੇਗਾ ਕਿਉਂਕਿ ਜਿਸ ਤਰ੍ਹਾਂ ਮੈਂ ਪਹਿਲਾਂ ਕਿਹਾ ਹੈ ਕਿ ਸ਼ਰਧਾਲੂ ਆਪਣੇ ਪੈਸੇ ਨਾਲ ਕਰਵਾਏ ਹੋਏ ਅਖੰਡ ਪਾਠ ਨੂੰ ਹੀ ਆਪਣਾ ਸਮਝਦੇ ਹਨ ਇਸੇ ਕਰਕੇ ਹੀ ਉਹ ਕਹਿੰਦੇ ਹਨ ਕਿ ‘ਇਹ ਸਾਡਾ ਪਾਠ ਹੈ, ਇਹ ਸਾਡਾ ਹੁਕਮਨਾਮਾ ਹੈ’।

ਕੀ ਕੋਈ ਪ੍ਰਚਾਰਕ ਸੰਗਤਾਂ ਨੂੰ ਉਪਦੇਸ਼ ਦਿੰਦਾ ਹੈ ਕਿ ਬਾਣੀ ਅਰਥ-ਬੋਧ ਸਮੇਤ ਆਪ ਪੜ੍ਹੋ? ਸਗੋਂ ਬਹੁਤਿਆਂ ਨੇ ਤਾਂ ਅਖੰਡ ਪਾਠ ਸੰਬੰਧੀ ਕਈ ਮਨਘੜਤ ਸਾਖੀਆਂ ਵੀ ਜੋੜੀਆਂ ਹੋਈਆਂ ਹਨ ਤੇ ਉਹ ਵੱਖੋ ਵੱਖਰੇ ਪਾਠਾਂ ਦਾ ਫਲ਼ ਵੀ ਦੱਸਦੇ ਹਨ।

ਮਾਫ਼ ਕਰਨਾ! ਸਾਡੇ ਬਹੁਤੇ ਪ੍ਰਚਾਰਕ ਰੋਲ-ਘਚੋਲੇ ਵਾਲਾ ਹੀ ਪ੍ਰਚਾਰ ਕਰਦੇ ਹਨ ਸਗੋਂ ਜੇ ਮੈਂ ਕਹਾਂ ਕਿ ਉਹ ਅਸਿੱਧੇ ਤੌਰ ‘ਤੇ ਬ੍ਰਾਹਮਣੀ ਕਰਮਕਾਂਡਾਂ ਦੀ ਸਿੱਖ ਧਰਮ ਵਿਚ ਘੁਸਪੈਠ ਕਰਵਾ ਰਹੇ ਹਨ ਤਾਂ ਇਹ ਅਤਿਕਥਨੀ ਨਹੀਂ ਹੋਵੇਗੀ।

ਮਿਸਾਲ ਦੇ ਤੌਰ ‘ਤੇ ਗੁਰਬਾਣੀ ਪਿਤਰ-ਪੂਜਣ ਦਾ ਬੜੇ ਸਖ਼ਤ ਸ਼ਬਦਾਂ ਵਿਚ ਖੰਡਨ ਕਰਦੀ ਹੈ ਪਰ ਸਾਡੇ ਕਈ ਪ੍ਰਚਾਰਕ ਆਪਣਾ ਹਲਵਾ-ਮੰਡਾ ਬਣਾਉਣ ਲਈ ਵਿੰਗੇ ਟੇਢੇ ਢੰਗ ਨਾਲ ਪਿਤਰਾਂ ਨੂੰ ਪੂਜਣ ਦਾ ਪ੍ਰਚਾਰ ਕਰੀ ਜਾਂਦੇ ਹਨ। ਇਨ੍ਹਾਂ ਨੇ ਕਈ ਸਾਖੀਆਂ ਤਾਂ ਗੁਰੂ ਸਾਹਿਬ ਦੇ ਜੀਵਨ ਨਾਲ ਵੀ ਜੋੜੀਆਂ ਹੋਈਆਂ ਹਨ। ਕਈ ਗੁਰਦੁਆਰਿਆਂ ਵਿਚ ਗੁਰੂ ਨਾਨਕ ਜੀ ਮਹਾਰਾਜ ਦਾ ਸ਼ਰਾਧ ਕੀਤਾ ਜਾਂਦਾ ਹੈ। ਇਹ ਪ੍ਰਚਾਰ ਇਸ ਢੰਗ ਨਾਲ ਕੀਤਾ ਜਾਂਦਾ ਹੈ ਕਿ ਸੰਗਤਾਂ ਜੈਕਾਰੇ ਮਾਰ ਮਾਰ ਕੇ ਇਸ ਉੱਪਰ ਮੋਹਰ ਲਾਉਂਦੀਆਂ ਹਨ। ਇੰਗਲੈਂਡ ਦੇ ਇਕ ਗੁਰਦੁਆਰੇ ਵਿਚ ਇਕ ਗ੍ਰੰਥੀ ਪੰਜਾਬ ਤੋਂ ਆਏ ਇਕ ਬਜ਼ੁਰਗ਼ ਨੂੰ ਸ਼ਰਧਾਲੂਆਂ ਦੇ ਘਰੀਂ ਪ੍ਰਸ਼ਾਦਾ ਛਕਣ ਲਈ ਨਾਲ ਲੈ ਜਾਂਦਾ ਸੀ। ਬਜ਼ੁਰਗ਼ ਹਫ਼ਤੇ ਦੇ ਵੀਹ ਪੱਚੀ ਪੌਂਡ ਤੇ ਕੱਪੜੇ ਇਕੱਠੇ ਕਰ ਲੈਂਦਾ ਸੀ। ਪੌਂਡ ਨੂੰ ਪਚਾਸੀਆਂ ਨਾਲ ਗੁਣਾਂ ਕਰ ਕੇ ਉਹ ਆਪਣੇ ਆਪ ਨੂੰ ਇੱਥੇ ਡੀ.ਸੀ. ਲੱਗਿਆ ਹੋਇਆ ਸਮਝਦਾ ਸੀ। ਇਕ ਦਿਨ ਕਿਸੇ ਕਾਰਨ ਬਜ਼ੁਰਗ਼ ਲੇਟ ਹੋ ਗਿਆ ਤੇ ਘਰ ਵਾਲੇ ਵੀ ਕਾਹਲੇ ਪਏ ਹੋਏ ਸਨ, ਸੋ ਗ੍ਰੰਥੀ ਬਜ਼ੁਰਗ਼ ਤੋਂ ਬਿਨਾਂ ਹੀ ਚਲਾ ਗਿਆ। ਬਜ਼ੁਰਗ਼ ਤੋਂ ਇਹ ‘ਘਾਟਾ’ ਬਰਦਾਸ਼ਤ ਨਾ ਹੋਇਆ, ਜਿਵੇਂ ਸਾਡੇ ਪੁਰਾਣੇ ਬਜ਼ੁਰਗ ਫਾਊਂਡਰੀਆਂ ਫੈਕਟਰੀਆਂ ਵਿਚ ਕੁਆਰਟਰ (ਸਵੇਰੇ ਦੋ ਚਾਰ ਮਿੰਟ ਲੇਟ ਹੋਣ ‘ਤੇ ਪੰਦਰਾਂ ਮਿੰਟ ਕੱਟੇ ਜਾਣੇ) ਕੱਟੇ ਜਾਣ ‘ਤੇ ਸਾਰਾ ਦਿਨ ਬਾਕੀ ਦੇ ਸਾਥੀਆਂ ਨਾਲ ਵੱਢੂੰ –ਖਾਊਂ ਕਰਿਆ ਕਰਦੇ ਸਨ ਉਸੇ ਤਰ੍ਹਾਂ ਇਹ ਬਜ਼ੁਰਗ਼ ਵੀ ਏਨਾਂ ਗੁੱਸੇ ਵਿਚ ਆ ਗਿਆ ਕਿ ਉਸ ਨੇ ਗ੍ਰੰਥੀ ਨੂੰ ਦਾਹੜੀਉਂ ਫੜ ਲਿਆ ਤੇ ਉਸ ਨੂੰ ਠੇਠ ਪੰਜਾਬੀ ਗਾਲ੍ਹਾਂ ਛਕਾਈਆਂ।

ਸੋ ਭਾਈ ਸਾਹਿਬ ਜੀ ਜੇ ਇੰਜ ਹੀ ਚਲਦਾ ਰਿਹਾ ਤਾਂ ਹੋ ਸਕਦੈ ਕਿ ਕਿਸੇ ਦਿਨ ਅਖੰਡ ਪਾਠ ਕਰਵਾਉਣ ਵਾਲੇ ਸ਼ਰਧਾਲੂ ਕਿਸੇ ਹੋਰ ਨੂੰ ‘ਆਪਣਾ’ ਹੁਕਮਨਾਮਾ ਸੁਣਨ ਦੀ ਵੀ ਪਾਬੰਦੀ ਲਗਵਾ ਦੇਣ। ਤੁਹਾਡੇ ਦੂਜੇ ਸਵਾਲ ਮੁਤਾਬਿਕ ਜੇ ਉਹ ਸਾਂਝਾ ਅਖੰਡ ਪਾਠ ਕਰਵਾਉਣ ਲਈ ਸਹਿਮਤ ਵੀ ਹੋ ਜਾਣ ਤਾਂ ਉਹ ਹਿੱਸੇ ਵਜੋਂ ਆਉਂਦੀ ਮਾਇਆ ਹੀ ਦੇਣ ਲਈ ਤਿਆਰ ਹੋਣਗੇ, ਇਸ ਨਾਲ ਗੁਰਦੁਆਰੇ ਦਾ ਆਮਦਨ ਦਾ ਮਕਸਦ ਹੱਲ ਨਹੀਂ ਹੋਣਾ।

ਇਕ ਤਜਰਬਾ ਹੋਰ ਤੁਸੀਂ ਗੁਰਦੁਆਰੇ ਵਿਚ ਕਰ ਕੇ ਦੇਖ ਲਉ, ਸੰਗਤ ਨੂੰ ਕਹੋ ਕਿ ਗੈਸ ਤੇ ਬਿਜਲੀ ਦੇ ਬਿੱਲ ਦੇਣੇ ਵਾਲੇ ਹਨ, ਸਾਰੀ ਸੰਗਤ ਆਪਣਾ ਆਪਣਾ ਹਿੱਸਾ ਪਾਵੇ, ਤੁਹਾਡਾ ਕੀ ਖ਼ਿਆਲ ਹੈ ਇੰਜ ਸੰਗਤ ਬਿੱਲਾਂ ਜੋਗੀ ਮਾਇਆ ਦੇ ਦੇਵੇਗੀ, ਮੇਰੇ ਖ਼ਿਆਲ ਵਿਚ ਨਹੀਂ! ਸ਼ਰਧਾਲੂ ਪਰਿਵਾਰ ਦਾ ਅਖੰਡ ਪਾਠ ਉੱਪਰ ਭਾਵੇਂ ਜਿਤਨਾ ਮਰਜ਼ੀ ਖ਼ਰਚ ਕਰਵਾ ਦਿਉ, ਉਹ ਹੱਸ ਕੇ ਕਰਨਗੇ ਕਿਉਂਕਿ ਉੱਥੇ ਸਤਿਗੁਰ ਤੋਂ ਕੁਝ ਪ੍ਰਾਪਤ ਕਰਨ ਦੀ ਸ਼ਰਤ ਉਨ੍ਹਾਂ ਨੇ ਰੱਖੀ ਹੋਈ ਹੋਵੇਗੀ।ਸੋ, ਇਹ ਇਕ ਲੈਣ ਦੇਣ ਦਾ ਮਸਲਾ ਬਣ ਗਿਆ ਹੈ।”

ਏਨੀ ਗੱਲ ਕਹਿ ਕੇ ਪ੍ਰਧਾਨ ਜੀ ਤਾਂ ਕਿਸੇ ਜ਼ਰੂਰੀ ਕੰਮ ‘ਤੇ ਜਾਣਾ ਕਹਿ ਕੇ ਚਲੇ ਗਏ, ਪਰ ਮੈਨੂੰ ਸੋਚਾਂ ਦੇ ਡੂੰਘੇ ਸਮੁੰਦਰ ਵਿਚ ਧਕੇਲ ਗਏ।


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top