Share on Facebook

Main News Page

ਗੁਰੂ ਗ੍ਰੰਥ ਸਾਹਿਬ ਜੀ ਦੀ ਅਗੁਆਈ
- ਹਰਦੇਵ ਸਿੰਘ,ਜੰਮੂ

ਦਸ ਗੁਰੂ ਸਾਹਿਬਾਨ ਦੀ ਆਤਮਕ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਵੋੱਚਤਾ ਨਿਰਸੰਦੇਹ ਨਿਰਵਿਵਾਦਤ ਹੈ। ਦਸਮੇਸ਼ ਜੀ ਨੇ ਸਿੱਖ ਪੰਥ ਨੂੰ ਕੁੱਝ ਅਧਿਕਾਰ-ਜ਼ਿੰਮੇਵਾਰੀ ਸੋਂਪਦੇ ਇਸੇ ਸਰਵੋੱਚਤਾ ਦੇ ਅਧੀਨਸਥ ‘ਮਿਲ ਕੇ’ ਤੁਰਨ ਦਾ ਹੁਕਮ ਦਿੱਤਾ ਸੀ। ਗੁਰੂ ਗ੍ਰੰਥ ਸਾਹਿਬ ਜੀ ਦੀ ਇਕਛੱਤਰ ਅਗੁਆਈ ਦਾ ਪਹਿਲਾ ਪੰਥਕ ਸਬਕ, ‘ਇਕ ਪੰਥ’ ਦਾ ਸਿਧਾਂਤ ਹੈ। ਜੋ ਇਸ ਸਿਧਾਂਤ ਨੂੰ ਢਾਹ ਲਾਏ, ਉਹ ਕਿਤਨੇ ਵੀ ‘ਦਾਵੇ’ ਕਿਉਂ ਨਾ ਕਰ ਲਏ, ਉਹ ਗੁਰੂ ਗ੍ਰੰਥ ਸਾਹਿਬ ਜੀ ਦੀ ਅਗੁਆਈ ਹੇਠ ਨਹੀਂ ਮੰਨਆ ਜਾ ਸਕਦਾ।

ਪਹਿਲੀ ਨਜ਼ਰੇ ‘ਕੇਵਲ ਗੁਰੂ ਗ੍ਰੰਥ ਜੀ ਦੀ ਅਗੁਆਈ’ ਦਾ ਤਰਕ ਕਿਸੇ ਵੀ ਪੰਥ ਦਰਦੀ ਨੂੰ ਆਕਰਸ਼ਤ ਕਰਦਾ ਹੈ ਕਿਉਂਕਿ ਕੋਈ ਸਿੱਖ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਤਾ ਤੋਂ ਮੁਨਕਰ ਨਹੀਂ ਹੋ ਸਕਦਾ ਅਤੇ ਨਾ ਹੀ ਹੋਂਣਾ ਚਾਹੀਦਾ ਹੈ।ਲੇਕਿਨ ‘ਨਿਜ ਸਵਾਰਥ’ ਧਰਮ ਅਸਥਾਨਾਂ ਤੇ ਨਹੀਂ ਉਪਜਦਾ ਬਲਕਿ ਅਕਸਰ ‘ਬਾਹਰੋਂ’ ਪਨਪਦਾ ਧਰਮ ਸਥਾਨ ਵਿਚ ਵੜਦਾ ਹੈ, ਅਤੇ ਕਈਂ ਵਾਰ, ਕਿਸੇ ਸੰਸਥਾਨ, ਧਿਰ, ਰਸਾਲੇ, ਅਖ਼ਬਾਰ ਆਦਿ ਦੇ ਰੂਪ ਵਿਚ ‘ਧਰਮ ਅਧਾਰਤ ਸਵਾਰਥ ਨੀਤੀ’, ਧਰਮ ਸਥਾਨ ਤੋਂ ਬਾਹਰ ਰਹਿ ਕੇ ਕਰਦਾ ਹੈ।

ਖੈਰ! ਕੇਵਲ ਗੁਰੂ ਗ੍ਰੰਥ ਸਾਹਿਬ ਜੀ ਦੀ ਅਗੁਆਈ ਦੀ ਦਲੀਲ਼, ਕੁੱਝ ਸਾਲਾਂ ਤੋਂ, ਕੁੱਝ ਇੰਝ ਤੁਰੀ:-

(1) ਇਤਹਾਸ ਨਹੀਂ, ਕੇਵਲ ਗੁਰੁ ਗ੍ਰੰਥ ਸਾਹਿਬ ਜੀ ਦੀ ਅਗੁਆਈ!
(2) ਸਿੱਖ ਰਹਿਤ ਮਰਿਆਦਾ ਨਹੀਂ, ਕੇਵਲ ਗੁਰੂ ਗ੍ਰੰਥ ਸਾਹਿਬ ਜੀ ਦੀ ਅਗੁਆਈ !
(3) ਸ਼੍ਰੀ ਅਕਾਲ ਤਖਤ ਕੋਈ ਸੰਸਥਾਨ ਨਹੀਂ, ਕੇਵਲ ਗੁਰੂ ਗ੍ਰੰਥ ਸਾਹਿਬ ਜੀ ਦੀ ਅਗੁਆਈ!
(4) ਭਾਈ ਗੁਰਦਾਸ, ਭਾਈ ਨੰਦ ਲਾਲ ਨਹੀਂ, ਕੇਵਲ ਗੁਰੂ ਗ੍ਰੰਥ ਸਾਹਿਬ ਜੀ ਦੀ ਅਗੁਆਈ!
(5) ਭਗਤ ਅਤੇ ਭੱਟ ਬਾਣੀ, ਬਾਣੀ ਨਹੀਂ ਅਤੇ ਕੇਵਲ ਗੁਰੂ ਸਾਹਿਬਾਨ ਜੀ ਵਲੋਂ ਉਚਰੀ ਬਾਣੀ ਦੀ ਅਗੁਆਈ
(6) ਗੁਰੂ ਸਾਹਿਬਾਨ ਦੀ ਬਾਣੀ ਵਿਚੋਂ ਕੇਵਲ ਗੁਰੂ ਨਾਨਕ ਜੀ ਵਲੋਂ ਉਚਾਰੀ ਬਾਣੀ ਦੀ ਅਗੁਆਈ!
(7) ਗੁਰੂ ਸਾਹਿਬਾਨ ਗੁਰੂ ਨਹੀਂ ਸਨ, ਭੁੱਲਣਹਾਰ ਸਨ ਅਤੇ ਇਸ ਲਈ ਕੇਵਲ ਸ਼ਬਦ ਗੁਰੂ ਤੋਂ ਅਗੁਆਈ!
(8) ਸ਼ਬਦ ਗੁਰੂ ਨਹੀਂ, ਕੇਵਲ ਉਸ ਵਿਚਲੇ ਸੱਚ ਦੇ ਗਿਆਨ ਤੋਂ ਅਗੁਆਈ!
(9) ਸੱਚ ਦਾ ਗਿਆਨ ਗੁਰੂ ਹੈ, ਇਸ ਲਈ ‘ਗੁਰੂ ਗ੍ਰੰਥ ਸਾਹਿਬ’ ਗੁਰੂ ਨਹੀਂ ਪੁਸਤਕ ਹੈ।

ਹੁਣ ਤਾਂ ਕੁੱਝ ਦਿਲ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਦੁਆਰੇਆਂ ਤੋਂ ਹਟਾਉਣ ਲਈ ਮਚਲ ਰਹੇ ਹਨ। ਪਹਿਲਾਂ ਕਹਿੰਦੇ ਸਨ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਕਿਸੇ ਹੋਰ ਪੁਸਤਕ ਦਾ ਪ੍ਰਕਾਸ਼ ਨਹੀਂ ਹੋ ਸਕਦਾ। ਬਹੁਤ ਚੰਗੀ ਗਲ ਸੀ, ਪਰ ਹੁਣ ਕਹਿੰਦੇ ਹਨ ਕਿ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਦੀ ਵੀ ਲੋੜ ਨਹੀਂ। ਇਸ ਨੀਤੀ ਨੂੰ ਅਘੋਸ਼ਤ ਢੰਗ ਨਾਲ ਹੋਲੀ-ਹੋਲੀ ਪੜਾਅਵਾਰ ਤੋਰੇਆ ਜਾ ਰਿਹਾ ਹੈ।

ਬਹੁਤੇ ਪੰਥ ਦਰਦੀ ਅਚੰਬਤ ਹਨ ਕਿ ਉਨ੍ਹਾਂ ਦੀ 1% ਰੱਧ ਕਰਨ ਦੀ ਚਾਹ 100% ਰੱਦ ਕਰਨ ਦਾ ਦਰਦ ਲੇ ਆਈ। ਇਸ ਵਰਤਾਰੇ ਨੇ ਜਾਗਰੂਕਤਾ ਦੀ ਵਿਸ਼ਵਿਸਨੀਯਤਾ ਨੂੰ ਗਹਿਰੀ ਸੱਟ ਮਾਰੀ ਹੈ। ਇਹ ਵੱਡਾ ਨੁਕਸਾਨ ਹੈ!

10-15 ਸਾਲ ਪਹਿਲਾਂ ਆਰੰਭ ਹੋਏ ਇਸ ਨਾਟਕ ਦਾ ਅਸਲੀ ਟੀਚਾ ਸਿੱਖ ਪੰਥ ਵਿਚ ਦੁਬਿਦਾ ਉਤਪੰਨ ਕਰਨਾ ਨਹੀਂ ਬਲਕਿ ਦੁਫ਼ੇੜ ਉਤਪੰਨ ਕਰਨਾ ਸੀ। ਦੁਬਿਧਾਵਾਂ ਤਾਂ ਕੇਵਲ ਮਾਧਿਅਮ ਹਨ! ਉਸ ਵੇਲੇ ਕਿਸੇ ਦੀ ਪੈਸੇ ਦੀ ਭੁੱਖ, ਕਿਸੇ ਦੀ ਚੋਧਰਾਹਟ ਦੀ ਭੁੱਖ, ਕਈਂ ਪੰਥ ਦਰਦੀ ਸੁਹਿਰਦਾਂ ਦੇ ਭੋਲੇਪਨ ਲਈ, ਧਰਮ ਦੀ ਗਲ ਹੋ ਗਈ, ਜਿਸ ਵਿਚ ਜਜ਼ਬਾਤਾਂ ਨੂੰ ਇਸਤੇਮਾਲ ਕੀਤਾ ਗਿਆ।

ਖੈਰ! ਕੋਈ ਇਨ੍ਹਾਂ ਸੱਜਣਾ ਨੂੰ ਪੁੱਛੇ ਕਿ ਜੇ ਕਰ ਹਰ ਅਧਾਰ ਨੂੰ ਰੱਦ ਕਰਨ ਲਈ ‘ਕੇਵਲ ਗੁਰੂ ਗ੍ਰੰਥ ਸਾਹਿਬ ਜੀ ਦੀ ਅਗੁਆਈ’ ਦੀ ਦਲੀਲ ਹੈ, ਤਾਂ ਇਹ ਆਪ ਲੇਖ ਕਿਉਂ ਲਿਖਦੇ ਹਨ? ਨਾ ਲਿਖਣ ਕੋਈ ਵੀ ਲੇਖ, ਨਾ ਬਨਾਉਣ ਕੋਈ ਵੀ ਸੰਸਥਾ, ਨਾ ਬਨਾਉਣ ਕੋਈ ਵੀ ਜੱਥੇਬੰਦੀ, ਨਾ ਕਰਨ ਸਟੇਜਾਂ ਤੇ ਲੈਕਚਰ ਅਤੇ ਛੱਡ ਦੇਂਣ ਸਿੱਖਾਂ ਨੂੰ, ਕਿ ਉਹ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੀ ਪੜਨ। ਗੁਰੂ ਗ੍ਰੰਥ ਸਾਹਿਬ ਨੂੰ ਸਮਝਣ ਲਈ ਕਿਸੇ ਦੇ ਵੀ ਲੇਖਾਂ ਤੋਂ ਅਗੁਆਈ ਕਿਉਂ ਲਈ ਜਾਏ?

ਪੰਥ ਦੇ ਮਾਹਨ ਵਿਦਵਾਨਾਂ ਦੇ ਕੰਮ ਨੂੰ ‘ਕੇਵਲ ਗੁਰੂ ਗ੍ਰੰਥ ਸਾਹਿਬ ਜੀ ਦੀ ਅਗੁਆਈ’ ਦੇ ਤਰਕ ਨਾਲ ਰੱਦ ਕਰਨ ਵਾਲੇ ਆਪ ਕਿਵੇਂ ਅਤੇ ਕਿਉਂ ਕੰਮ ਕਰ ਰਹੇ ਹਨ? ਜੇ ਕਰ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਪਾਸ ਹਨ ਤਾਂ ਕੋਈ ਵੀ ਹੋਰ ਲਿਖਤ ਲਿਖੀ ਹੀ ਕਿਉਂ ਜਾਂਦੀ ਹੈ? ਬੜੀ ਅਜੀਬ ਗਲ ਪ੍ਰਤੀਤ ਹੁੰਦੀ ਹੈ ਕਿ ਕੌਮ ਦੇ ਵਿਲੱਖਣ ਵਿਦਵਾਨਾਂ ਦੇ ਕੰਮ ਨੂੰ ‘ਕੇਵਲ ਗੁਰੂ ਗ੍ਰੰਥ ਸਾਹਿਬ ਜੀ ਦੀ ਅਗੁਆਈ’ ਦੇ ਤਰਕ ਤੇ ਰੱਦ ਕਰਨ ਵਾਲਾ ਕੋਈ ਸੱਜਣ ਆਪ ਗੁਰਮਤਿ ਸਮਝਾਉਂਣ ਲਈ ਲੇਖ ਲਿਖਦਾ ਰਹੇ।

ਦਰਅਸਲ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਦੀ ਅਗੁਆਈ ਵਿਚ ਸਿੱਖ ਦੇ ਨਿਸ਼ਚੇ ਦਾ ਅਤੇ ਇਸ ਦਲੀਲ ਦਾ ਦੁਰਉਪਯੋਗ ਕਰਕੇ ਸਿੱਖਾਂ ਨੂੰ ਗੁਰੂ ਸਾਹਿਬਾਨ ਵਲੋਂ ਸਥਾਪਤ ਹਰ ਅਧਾਰ ਨਾਲੋਂ ਤੋੜ ਕੇ ਆਪਣੀ ਕੱਚੀ ਮਾਨਸਿਕਤਾ ਦੀ ਅਗੁਆਈ ਨਾਲ ਜੋੜਨ ਦੀ ਲਚਰਤਾ ਪਰੋਸੀ ਗਈ। ਆਪਣੇ ਸਵਾਰਥ ਹੇਤੂ ਇਸ ਲਚਰਤਾ ਨੂੰ ਅਰੰਭਣ ਵਾਲੇ ਸੱਜਣਾਂ ਲਈ ਇਹ ਜ਼ਰੂਰੀ ਸੀ ਕਿ ਉਹ ਸਿੱਖ ਵਿਰਸੇ ਵਿਚ ਹੋਏ ਹਰ ਮਹਾਨ ਵਿਦਵਾਨਾਂ ਨੂੰ ਹੌਲੀ-ਹੌਲੀ ਸ਼ੱਕ ਦੇ ਘੇਰੇ ਵਿਚ ਲਿਆਉਂਣ। ਉਨ੍ਹਾਂ ਆਪਣਾ ਸਵਾਰਥ ਪੂਰਾ ਕੀਤਾ ਤੇ ਕਈਆਂ ਨੂੰ ਆਪਣੇ ਵਿਦਵਾਨ ਹੋਂਣ ਦਾ ਹਉਮੈ ਰੋਗ ਲਗ ਗਿਆ।

ਨਿਜ ਹਿਤਾਂ ਲਈ ਧਰਮ ਸੰਸਥਾਨਾਂ ਨਾਲ ਜੁੜੇ ਸੱਜਣਾਂ ਅਤੇ ਰਾਜਨੀਤੀ ਦੇ ਗਠਜੋੜ ਦੀ ਪ੍ਰੋਢਤਾ ਗੁਰਮਤਿ ਵਿਚ ਨਹੀਂ ਹੈ। ਇਸ ਵਿਚ ਕੋਈ ਸ਼ੱਕ ਨਹੀਂ ਅਤੇ ਇਹ ਨਿੰਦਨੀਯ ਹੈ। ਲੇਕਿਨ ਇਸ ਦੇ ਨਾਲ ਨਾਲ ਕੀ ਗੁਰਦੁਆਰਾ ਵਿਵਸਥਾ ਤੋਂ ਬਾਹਰ ਧਰਮ ਨਾਲ ਜੁੜੀਆਂ ਧਿਰਾਂ ਲਈ, ਧਰਮ ਦੇ ਨਾਮ ਤੇ ‘ਨਿਜ ਹਿਤ ਰਾਜਨੀਤੀ’ ਕਰਨ ਦੀ ਛੂਟ ਗੁਰਮਤਿ ਵਿਚ ਹੈ? ਜੇ ਕਰ ਬੇਲੋੜੀ ‘ਪੁਜਾਰੀ’ ਟਰਮ ਵਰਤੀ ਜਾਂਦੀ ਹੈ ਤਾਂ ਕੀ ਕੇਵਲ ਗੁਰਦੁਆਰੇਆਂ ਵਿਚ ਬੈਠਾ ਸੇਵਾਦਾਰ-ਗ੍ਰੰਥੀ-ਕੀਰਤਨੀਆਂ ਪੁਜਾਰੀ ਹੈ? ਕੀ ਗੁਰਦੁਆਰਿਆਂ ਤੋਂ ਬਾਹਰ ਗੁਰਮਤਿ ਨੂੰ ਢਾਹ ਲਗਾਉਂਦੇ ਲੋਗ ਪੁਜਾਰੀ ਨਹੀਂ ਹਨ? ਕੀ ਧਰਮ ਦੇ ਨਾਮ ਤੇ ਉਨ੍ਹਾਂ ਦਾ ਆਪਣਾ ‘ਨਿਜ ਸਵਾਰਥ’ ਅਤੇ ‘ਵਪਾਰਕ ਰਾਜਨੀਤੀ’ ਪੁਜਾਰੀਵਾਦ ਨਹੀਂ?

ਜੇ ਕਰ ਪੁਜਾਰੀ ਮਨੁੱਖ ਅਤੇ ਪਰਮਾਤਮਾ ਦੇ ਦਰਮਿਆਨ ਖੜਾ ‘ਪੇਸ਼ਾਵਰ’ ਹੁੰਦਾ ਹੈ, ਤਾਂ ਧਿਆਨ ਵਿਚ ਰਹੇ ਕਿ ਇਹ ਪੇਸ਼ਾਵਰ ਹੁਣ ਸਫ਼ੇਦ ਕੁਰਤੇ ਪਜਾਮੇ ਜਾਂ ਚੋਲੇ-ਵਿਮਟੇ ਵਿਚ ਹੀ ਨਹੀਂ ਬਲਕਿ ਪੇਂਟ-ਕੋਟ-ਕਮੀਜ਼ ਵਿਚ ਵੀ ਹੈ। ਇਹ ਪੁਜਾਰੀ ਕੁਰਤੇ-ਪਜਾਮੇ ਵਾਲੇ ਨੂੰ ਪੁਜਾਰੀ ਕਹਿ ਕੇ ਆਪਣੇ ਪੁਜਾਰੀ ਪੁਣੇ ਨੂੰ ਛੁਪਾਉਂਣਾ ਚਾਹੁੰਦਾ ਹੈ? ਨਿਰਸੰਦੇਹ: ਛੁਪਾਉਂਣਾ ਚਾਹੁੰਦਾ ਹੈ! ਪਰ ‘ਗੁਰੂ ਗ੍ਰੰਥ ਸਾਹਿਬ ਜੀ ਦੀ ਅਗੁਆਈ’ ਉਸ ਦੀ ਪਛਾਣ ਵੀ ਪ੍ਰਗਟ ਕਰਦੀ ਹੈ!


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top