Share on Facebook

Main News Page

ਇੱਕ ਮਿਆਨ ’ਚ ਦੋ ਤਲਵਾਰਾਂ
-
ਅਵਤਾਰ ਸਿੰਘ ਮਿਸ਼ਨਰੀ 510 432 5827

ਸੰਪ੍ਰਦਾਈ, ਨਿਰਮਲੇ, ਉਦਾਸੀ, ਰਾੜੇ ਵਾਲੇ, ਨਾਨਕਸਰੀਏ ਅਤੇ ਨੀਲਧਾਰੀਏ ਆਦਿਕ ਡੇਰੇਦਾਰ ਇਕੋ ਹਾਲ ਵਿੱਚ 51-51 ਪਾਠ ਇਕੱਠੇ ਰੱਖਕੇ ਅਤੇ ਗੁਰੂ ਗ੍ਰੰਥ ਸਾਹਿਬ ਦੀ ਬੀੜ ਦੇ ਨਾਲ ਹੋਰ ਗ੍ਰੰਥ ਪ੍ਰਕਾਸ਼ ਕਰਕੇ, ਇੱਕ ਮਿਆਨ ਚ’ ਦੋ ਤਲਵਾਰਾਂ ਪਾ ਰਹੇ ਹਨ ਜਦ ਕਿ ਅਕਾਲ ਤਖਤ ਦੀ "ਸਿੱਖ ਰਹਿਤ ਮਰਯਾਦਾ" ਵਿੱਚ ਲਿਖਿਆ ਹੈ ਕਿ ਇੱਕ ਸਮੇ ਇੱਕ ਹੀ ਪਾਠ, ਕੀਰਤਨ ਜਾਂ ਕਥਾ ਹੋ ਸਕਦੀ ਹੈ। ਲੜੀਆਂ ਦੇ ਪਾਠਾਂ ਦੀਆਂ ਰੀਤਾਂ ਤਾਂ ਡੇਰੇਦਾਰ ਟਕਸਾਲੀਆਂ ਨੇ ਚਲਾਈਆਂ ਹਨ ਪਰ ਕੁਟਦੇ ਉਨ੍ਹਾਂ ਨੂੰ ਹਨ ਜੋ ਇਨ੍ਹਾਂ ਦੀ ਸਿਖਿਆ ਤੇ ਚਲਦੇ ਹੋਏ, ਵੱਧ ਪਾਠਾਂ ਦਾ ਬਿਜ਼ਨਸ ਚਲਾ ਰਹੇ ਹਨ। ਸਪਤਾਹਿਕ, ਸੰਪਟ ਅਤੇ ਮਹਾਂਸੰਪਟ ਪਾਠ ਤਾਂ ਸੰਪ੍ਰਦਾਈਆਂ ਦੇ ਖੁਦ ਚਲਾਏ ਹੋਏ ਹਨ। ਇਹ ਆਪ ਹੀ ਆਪਣਿਆਂ ਡੇਰਿਆਂ ਅਤੇ ਸ਼ਰਧਾਲੂਆਂ ਦੇ ਘਰਾਂ ਵਿੱਚ, 25-25 ਪਾਠੀ ਪਾਠ ਕਰਦੇ ਹਨ। ਇਨ੍ਹਾਂ ਨੂੰ ਆਪ ਨੂੰ ਕੌਣ ਸਮਝਾਏਗਾ ਕਿ ਇਹ ਕਰਮਕਾਂਡ ਸਾਰੇ ਮਨਮਤਿ ਹਨ? ਪਹਿਲਾਂ ਟਕਸਾਲਾਂ ਸੰਪ੍ਰਦਾਵਾਂ ਚੋ ਇਕੋਤਰੀਆਂ ਬੰਦ ਕਰੋ ਫਿਰ ਹੋਰ ਲੋਕ ਵੀ ਸੁਧਰ ਜਾਣਗੇ। ਬਾਣੀ ਵਿਚਾਰ ਕੇ ਜੀਵਨ ਸਫਲਾ ਕਰਨ ਵਾਸਤੇ ਹੈ ਨਾਂ ਕਿ ਤੋਤਾ ਰਟਨੀ ਗਿਣਤੀ ਦੇ ਪਾਠਾਂ ਵਾਸਤੇ।

ਗੁਰੂ ਸਾਹਿਬ ਤਾਂ “ਘਰਿ ਘਰਿ ਅੰਦਰਿ ਧਰਮਸ਼ਾਲ” ਦੀ ਗਲ ਕਰਦੇ ਹਨ ਪਰ ਇਹ ਕੈਸੇ ਸਿੱਖ ਹਨ? ਜੋ ਘਰਾਂ ਚੋਂ ਗੁਰੂ ਗ੍ਰੰਥ ਸਾਹਿਬ ਚੁਕਵਾ ਰਹੇ ਹਨ। ਸ਼ਰਧਾਲੂਆਂ ਨੂੰ ਇਨ੍ਹਾਂ ਡਰਾ ਦਿੰਦੇ ਹਨ ਕਿ ਉਹ ਫਿਰ ਜਾਂ ਤਾਂ ਨਾਸਤਕ ਬਣ ਜਾਂਦੇ ਹਨ ਜਾਂ ਕਿਸੇ ਹੋਰ ਧਰਮ ਵਾਲੇ ਪਾਸੇ ਚਲੇ ਜਾਂਦੇ ਹਨ। ਜਰਾ ਧਿਆਨ ਨਾਲ ਵਿਚਾਰੋ ਕਿ ਜੇ ਬਾਈਬਲ ਤੇ ਕੁਰਾਨ ਆਦਿਕ ਘਰ ਘਰ ਪੜੇ ਜਾ ਸਕਦੇ ਹਨ ਤਾਂ ਗੁਰੂ ਗ੍ਰੰਥ ਸਾਹਿਬ ਕਿਉਂ ਨਹੀਂ? ਐਨੀ ਬੇਸਮਝੀ ਕੱਟੜਤਾ ਤਾਂ ਬ੍ਰਾਹਮਣਾਂ ਨੇ ਵੀ ਨਹੀਂ ਦਿਖਾਈ ਹੋਣੀ, ਜਿਨ੍ਹੀ ਅਜੋਕੇ ਡੇਰੇਦਾਰ ਸੰਪ੍ਰਦਾਈ ਦਿਖਾ ਰਹੇ ਹਨ। ਕੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਛੱਡ ਕੇ ਅਖੌਤੀ ਗ੍ਰੰਥਾਂ ਅਤੇ ਬਾਬਿਆਂ ਨੂੰ ਮੱਥੇ ਟੇਕਣੇ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੇ “ਗਿਆਨ ਪ੍ਰਕਾਸ਼” ਦੇ ਨਾਲ ਅਖੌਤੀ ਦਸਮ ਗ੍ਰੰਥ ਦਾ ਬ੍ਰਾਹਮਣੀ ਅਤੇ ਅਸਭਿਅਕ “ਅੰਧੇਰਾ” ਖੜਾ ਕਰਨਾ “ਇੱਕ ਮਿਆਨ ਵਿੱਚ ਜਬਰੀ ਦੋ ਤਲਵਾਰਾਂ ਪਾਉਣ ਵਾਲੀ ਜੋਰਾਜਬਰੀ” ਨਹੀਂ ਤਾਂ ਹੋਰ ਕੀ ਹੈ? ਸਮੁੱਚੇ ਪੰਥ ਵੱਲੋਂ, ਪੰਥਕ ਫੈਸਲੇ ਲੈ ਤੋਂ ਬਿਨਾ, ਦੋ-ਦੋ ਕੈਲੰਡਰ, ਦੋ-ਦੋ ਮਰਯਾਦਾ ਚਲਾਉਣਾਂ, ਇੱਕੋ ਪਿੰਡ ਜਾਂ ਮੁਹੱਲੇ ਵਿੱਚ ਦੋ-ਦੋ ਗੁਰਦੁਆਰੇ ਖੜੇ ਕਰਨੇ, ਗੁਰਦੁਆਰਿਆਂ ਦੇ ਨਾਲ-ਨਾਲ ਬਰਾਬਰ ਡੇਰੇ ਪੈਦਾ ਕਰਨ ਦਾ ਕੀ ਮਤਲਵ ਹੈ?

ਕੀ ਗੁਰੂ ਸਾਹਿਬ ਜੀਆਂ ਨੇ “ਇੱਕ ਨਿਰਮਲ (ਖਾਲਸਾ) ਪੰਥ” ਚਲਾਇਆ ਸੀ ਜਾਂ ਡੇਰੇ, ਸੰਪ੍ਰਦਾਵਾਂ (ਟਕਸਾਲਾਂ) ਆਦਿਕ ਚਲਾਈਆਂ ਸਨ? ਕੀ ਗੁਰਸਿੱਖ-ਇਕਾ ਬਾਣੀ ਇਕੁ ਗੁਰੁ, ਇਕੋ ਸ਼ਬਦੁ ਵਿਚਾਰੁ (ਗੁਰੂ ਗ੍ਰੰਥ) ਦੇ ਧਾਰਨੀ ਹੁੰਦੇ ਹਨ ਜਾਂ ਅਨੇਕ ਪ੍ਰਕਾਰੀ ਕੱਚੀਆਂ ਮਨਘੜਤ ਰਚਨਾਵਾਂ ਦੇ? ਕੀ ਇੱਕ ਦੇਸ਼ ਦੀ ਰਾਜਧਾਨੀ ਇੱਕ ਤਖਤ ਹੁੰਦਾ ਹੈ ਜਾਂ ਦੋ? ਕੀ ਸਿੱਖ ਇੱਕ ਵੱਖਰੀ ਕੌਮ ਨਹੀਂ? ਜੇ ਹੈ ਤਾਂ ਇਸ ਦਾ ਇੱਕ ਕੋਮੀ ਗ੍ਰੰਥ, ਪੰਥ, ਮਰਯਾਦਾ, ਕੈਲੰਡਰ ਅਤੇ ਇੱਕ ਤਖਤ (ਰਾਜਧਾਨੀ) ਕਿਉਂ ਨਹੀਂ? ਕੀ ਅਸੀਂ ਇੱਕ “ਗ੍ਰੰਥ” ਦੀ ਸੱਚੀ-ਸੁੱਚੀ ਅਤੇ ਵਿਗਿਆਨਕ ਵਿਚਾਰਧਾਰਾ ਨੂੰ ਛੱਡ ਕੇ ਆਏ ਦਿਨ “ਇੱਕ ਮਿਆਨ ਚ’ ਦੋ ਤਲਵਾਰਾਂ” ਨਹੀਂ ਪਾਈ ਜਾ ਰਹੇ? ਸ਼ਬਦ ਗੁਰੂ ਗ੍ਰੰਥ ਸਾਹਿਬ ਨਾਲੋਂ ਵੱਧ ਕੇ ਕਿਸੇ ਆਪੂੰ ਬਣੇ ਸੰਤ ਨੂੰ ਗੱਦੀਆਂ ਤੇ ਬੈਠਾਉਣਾਂ ਅਤੇ ਮੱਥੇ ਟੇਕਣੇ, ਗੁਰੂ ਦੇ ਬਰਾਬਰ ਸੰਤ ਨੂੰ ਬੈਠਾ ਕੇ ਜਾਂ ਗੁਰੂ ਨਾਲੋਂ ਵੱਧ ਸਤਿਕਾਰ ਦੇ ਕੇ ਅਤੇ ਗੁਰੂ ਵੱਲੋਂ ਬੇਪ੍ਰਵਾਹ ਹੋ ਕੇ, ਸੰਤ ਦੀ ਕਹੀ ਗੱਲ ਮੰਨ ਕੇ, ਉਸ ਮਗਰ ਲੱਗਣਾਂ ਦੋਗਲਾਪਨ ਨਹੀਂ ਤਾਂ ਹੋਰ ਕੀ ਹੈ? ਸਾਨੂੰ ਇਹ ਸਮਝ ਕਦੋਂ ਆਵੇਗੀ ਕਿ ਗੁਰ ਸਿਧਾਂਤਾਂ ਨੂੰ ਛੱਡ ਕੇ, ਦੋਗਲੇ ਹੋਣਾਂ “ਇੱਕ ਮਿਆਨ ਚ’ ਦੋ ਤਲਵਾਰਾਂ” ਪਾ ਕੇ ਪੰਥਕ ਮਿਆਨ ਨੂੰ ਤੋੜਨਾ ਹੈ।

ਨਾਨਕਸਰੀਆਂ ਵੱਲੋਂ ਬਾਬਾ ਨੰਦ ਸਿੰਘ ਦੀ ਯਾਦ ਵਿੱਚ, ਉਨ੍ਹਾਂ ਦੀ ਫੋਟੋ ਸਮੇਤ ਲੁਧਿਆਣੇ ਸਿੰਘ ਸਭਾ ਗੁਰਦੁਆਰੇ ਵਿੱਚ 151 ਅਖੰਡ ਪਾਠ, ਆਹਮੋ ਸਾਹਮਣੇ ਦੋ ਦੋ ਲਾਈਨਾਂ ਪਿੱਠਾਂ ਜੋੜ ਕੇ ਤੇ 151 ਕੁੰਭ ਰੱਖ ਕੇ
ਇਹ ਤਸਵੀਰਾਂ ਗਿਆਨੀ ਜਗਤਾਰ ਸਿੰਘ ਜਾਚਕ ਜੀ ਨੇ ਭੇਜੀਆਂ ਹਨ।


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top