Share on Facebook

Main News Page

ਜਿਸ ਅਕਾਲ ਤਖ਼ਤ ਦੀ ਸਥਾਪਨਾ ਕੌਮੀ ਹਿੱਤਾਂ ਅਤੇ ਪੰਥਕ ਏਕਤਾ ਲਈ ਵਰਤੋਂ ਕਰਨ ਲਈ ਹੋਈ ਸੀ, ਅੱਜ ਉਸੇ ਹੀ ਅਕਾਲ ਤਖ਼ਤ ਦੀ ਦੁਰਵਰਤੋਂ ਹੋ ਰਹੀ ਹੈ, ਸਿੱਖਾਂ ਨੂੰ ਆਪਸੀ ਝਗੜਿਆਂ ਵਿੱਚ ਉਲਝਾ ਕੇ ਖੇਰੂੰ ਖੇਰੂੰ ਕਰਨ ਲਈ
- ਕਿਰਪਾਲ ਸਿੰਘ ਬਠਿੰਡਾ
ਮੋਬ: 9855480797

* ਜਥੇਦਾਰ ਨਿਭਾ ਰਹੇ ਹਨ ਦੋਹਰਾ ਰੋਲ: ਪ੍ਰੋ. ਦਰਸ਼ਨ ਸਿੰਘ ਵਿਰੁਧ ਜਾਰੀ ਹੁਕਮਨਾਮਾ ਲਾਗੂ ਕਰਵਾਉਣ ਲਈ ਬਜ਼ਿਦ, ਪਰ ਆਰ.ਐੱਸ.ਐੱਸ. ਅਤੇ ਸੌਦਾ ਸਾਧ ਵਿਰੁੱਧ ਜਾਰੀ ਹੋਏ ਹੁਕਨਾਮੇ ਲਾਗੂ ਕਰਵਾਉਣ ਸਬੰਧੀ ਪੁੱਛੇ ਜਾਣ’ਤੇ ਵੱਟਿਆ ਜਾ ਰਿਹਾ ਟਾਲ਼ਾ

ਸਿੱਖ ਕੌਮ ਦੀ ਬਹੁਤ ਵੱਡੀ ਤ੍ਰਾਸਦੀ ਹੈ ਕਿ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਜਿਸ ਅਕਾਲ ਤਖ਼ਤ ਦੀ ਸਥਾਪਨਾ ਕੌਮੀ ਹਿੱਤਾਂ ਵਿੱਚ ਫੈਸਲੇ ਕਰਨ ਲਈ ਸਿੱਖਾਂ ਦੇ ਸਿਰ ਜੋੜ ਕੇ ਬੈਠਣ ਦੇ ਸਾਧਨ ਵਜੋਂ ਕੀਤੀ ਸੀ, ਅੱਜ ਸਿੱਖਾਂ ਨੂੰ ਆਪਸੀ ਝਗੜਿਆਂ ਵਿੱਚ ਉਲਝਾ ਕੇ ਖੇਰੂੰ ਖੇਰੂੰ ਕਰਨ ਲਈ ਉਸੇ ਹੀ ਅਕਾਲ ਤਖ਼ਤ ਦੀ ਦੁਰਵਰਤੋਂ ਹੋ ਰਹੀ ਹੈ।

ਇਸ ਦੀ ਮਿਸਾਲ ਹਿੰਦੀ ਦੇ ਇਕ ਅਖ਼ਬਾਰ ਦੈਨਿਕ ਜਾਗਰਣ ਦੇ 10 ਫਰਵਰੀ ਦੇ ਅੰਕ ਵਿੱਚ ਛਪੀ ਇਕ ਖ਼ਬਰ ਤੋਂ ਮਿਲਦੀ ਹੈ ਜਿਸ ਵਿੱਚ ਸ਼੍ਰੀ ਗੁਰੂ ਸਿੰਘ ਸਭਾ ਕਾਨਪੁਰ ਦੇ ਚੇਅਰਮੈਨ ਅਤੇ ਸਾਬਕਾ ਐੱਮ.ਐੱਲ.ਸੀ ਕੁਲਦੀਪ ਸਿੰਘ ਨੇ ਦਾਅਵਾ ਕੀਤਾ ਹੈ ਕਿ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਉਸ ਨੂੰ ਆਦੇਸ਼ ਦਿੱਤਾ ਹੈ, ਕਿ 16-17 ਫਰਵਰੀ ਨੂੰ ਖ਼ਾਲਸਾ ਕਾਲਜ ਗੋਬਿੰਦ ਨਗਰ ਕਾਨ੍ਹਪੁਰ ਦੇ ਹਾਲ ਵਿੱਚ ਅਕਾਲੀ ਜਥਾ ਕਾਨ੍ਹਪੁਰ ਵੱਲੋਂ ਕਰਵਾਏ ਜਾ ਰਹੇ ਕੀਰਤਨ ਸਮਾਗਮ ਵਿੱਚ, ਅਕਾਲ ਤਖ਼ਤ ਵੱਲੋਂ ਪੰਥ ਵਿੱਚੋਂ ਛੇਕੇ ਗਏ ਪ੍ਰੋ: ਦਰਸ਼ਨ ਸਿੰਘ ਨੂੰ ਸ਼ਾਮਲ ਹੋਣ ਤੋਂ ਰੋਕਿਆ ਜਾਵੇ। ਕੁਲਦੀਪ ਸਿੰਘ ਨੇ ਕਿਹਾ ਅਕਾਲ ਤਖ਼ਤ ਵੱਲੋਂ ਮਿਲੇ ਇਸ ਆਦੇਸ਼ ਉਪ੍ਰੰਤ ਸ਼੍ਰੀ ਗੁਰੂ ਸਿੰਘ ਸਭਾ ਅਸ਼ੋਕ ਨਗਰ ਵਿਖੇ ਸਿੱਖਾਂ ਦੀ ਇਕ ਐਮਰਜੈਂਸੀ ਮੀਟਿੰਗ ਹੋਈ ਜਿਸ ਵਿੱਚ ਪ੍ਰੋ: ਦਰਸ਼ਨ ਸਿੰਘ ਦੀ ਆਮਦ ’ਤੇ ਉਸ ਨੂੰ ਕਾਲੀਆਂ ਝੰਡੀਆਂ ਵਿਖਾਉਣ ਅਤੇ ਸਟੇਜ਼ ’ਤੇ ਚੜ੍ਹਨ ਦਾ ਵਿਰੋਧ ਕਰਨ ਦਾ ਫੈਸਲਾ ਹੋਇਆ ਹੈ। ਉਸ ਨੇ ਇੱਥੋਂ ਤੱਕ ਧਮਕੀ ਦਿੱਤੀ ਹੈ ਕਿ ਜੇ ਉਨ੍ਹਾਂ ਦੇ ਰੋਕਣ ਦੇ ਬਾਵਯੂਦ ਪ੍ਰੋ: ਦਰਸ਼ਨ ਸਿੰਘ ਸਮਾਗਮ ਵਿੱਚ ਸ਼ਾਮਲ ਹੋਏ ਤਾਂ 1978 ਵਿੱਚ ਨਿਰੰਕਾਰੀ ਗੁਰਬਚਨ ਸਿੰਘ ਵੱਲੋਂ ਕਾਨ੍ਹਪੁਰ ਦੇ ਨਿਰੰਕਾਰੀ ਭਵਨ ਵਿਖੇ ਪਹੁੰਚਣ ਸਮੇਂ ਵਾਪਰਿਆ ਕਾਂਡ ਦੁਹਰਾਇਆ ਜਾ ਸਕਦਾ ਹੈ, ਜਿਸ ਵਿੱਚ ਉਸ ਸਮੇਂ ਦੋਵਾਂ ਪਾਸਿਆਂ ਦੇ 14 ਵਿਅਕਤੀ ਹਲਾਕ ਹੋ ਗਏ ਸਨ।

ਇਸ ਖ਼ਬਰ ਸਬੰਧੀ ਹੋਰ ਜਾਣਕਾਰੀ ਲੈਣ ਲਈ ਪ੍ਰੋ: ਦਰਸ਼ਨ ਸਿੰਘ ਨੂੰ ਕੀਰਤਨ ਸਮਾਗਮ ਵਿੱਚ ਸੱਦਾ ਦੇਣ ਵਾਲੇ ਅਕਾਲੀ ਜਥੇ ਦੇ ਪ੍ਰਧਾਨ ਹਰਚਰਨ ਸਿੰਘ ਨੂੰ ਉਨ੍ਹਾਂ ਦੇ ਮੋਬ: ਨੰ: 09452054955 ਅਤੇ ਇੱਕ ਹੋਰ ਸਰਗਰਮ ਮੈਂਬਰ ਇੰਦਰਜੀਤ ਸਿੰਘ ਕਾਨ੍ਹਪੁਰ ਦੇ ਮੋਬ: ਨੰ: 09452527879 ’ਤੇ ਸੰਪਰਕ ਕੀਤਾ ਤਾਂ ਉਨ੍ਹਾਂ ਦੱਸਿਆ ਕਿ ਕੁਲਦੀਪ ਸਿੰਘ ਅਪਰਾਧਕ ਕਿਸਮ ਦਾ ਬੰਦਾ ਹੈ ਜਿਸ ’ਤੇ ਸਰਕਾਰੀ ਤੇ ਦਲਿਤਾਂ ਦੀਆਂ ਜਮੀਨਾਂ ਹੜੱਪਣ ਦੇ ਕਈ ਕੇਸ ਦਰਜ ਹਨ, ਜਿਨ੍ਹਾਂ ਵਿੱਚੋਂ ਕਈ ਹਾਲੀ ਵੀ ਅਦਾਲਤਾਂ ਵਿੱਚ ਚੱਲ ਰਹੇ ਹਨ ਅਤੇ ਕਈ ਕੇਸਾਂ ਵਿੱਚ ਉਹ ਜੇਲ੍ਹ ਵੀ ਕੱਟ ਚੁੱਕਾ ਹੈ।

ਉਨ੍ਹਾਂ ਇਹ ਵੀ ਦੱਸਿਆ ਕਿ ਇਸ ਦਾ ਕਾਂਗਰਸ ਪਾਰਟੀ ਨਾਲ ਸਬੰਧ ਹੈ। 1978 ਵਿੱਚ ਇਹ ਸਿੱਖਾਂ ਨੂੰ ਚੁੱਕ ਚੁਕਾ ਕੇ ਨਿਰੰਕਾਰੀ ਗੁਰਬਚਨ ਸਿੰਘ ਦਾ ਵਿਰੋਧ ਕਰਨ ਲਈ ਲੈ ਗਿਆ ਪਰ ਜਦੋਂ ਅੱਗੋਂ ਗੋਲ਼ੀ ਚੱਲੀ ਤਾਂ ਇਹ ਆਪ ਉਥੋਂ ਦੌੜ ਆਇਆ ਤੇ ਭੋਲੇ ਤੇ ਸ਼੍ਰਧਾਲੂ ਸਿੱਖ ਉਥੇ ਮਾਰੇ ਗਏ। ਸਿਆਸਤ ਵਿੱਚ ਆਪਣੀ ਚੌਧਰ ਜਮਾਉਣ ਲਈ ਇਹੀ ਹਾਲ ਕੁਲਦੀਪ ਸਿੰਘ ਨੇ ਹੁਣ ਕਰਨਾ ਹੈ ਕਿ ਦੋਵਾਂ ਪਾਸਿਆਂ ਤੋਂ ਸਿੱਖਾਂ ਨੂੰ ਮਰਵਾਉਣ ਲਈ ਮਾਹੌਲ ਬਣਾ ਕੇ ਆਪ ਬੱਚ ਕੇ ਦੌੜ ਜਾਵੇਗਾ। ਭਾਵ ਇਸ ਦੀ ਨੀਤੀ ‘‘ਤੀਲੀ ਲਾਈ, ਡੱਬੂ ਕੰਧ ’ਤੇ।’’ ਵਾਲੀ ਹੈ, ਜਿਸ ਨੂੰ ਇਸ ਵਾਰ ਸਫਲ ਨਹੀਂ ਹੋਣ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਅਵਤਾਰ ਸਿੰਘ ਮੱਕੜ ਇਸ ਨੀਵੇਂ ਪੱਧਰ ’ਤੇ ਚਲੇ ਗਏ ਹਨ ਕਿ ਉਨ੍ਹਾਂ ਨੇ ਗੁਰਬਾਣੀ ਦਾ ਕੀਰਤਨ ਰੁਕਵਾਉਣ ਲਈ ਕਾਂਗਰਸੀ ਤੇ ਅਪਰਾਧਕ ਪਿਛੋਕੜ ਵਾਲੇ ਵਿਅਕਤੀ ਦੀ ਸੇਵਾਵਾਂ ਲੈਣ ਤੋਂ ਵੀ ਗੁਰੇਜ਼ ਨਹੀਂ ਕੀਤਾ।

ਸ: ਇੰਦਰਜੀਤ ਸਿੰਘ ਨੇ ਕਿਹਾ 100 ਤੋਂ ਵੱਧ ਸਿੱਖ ਨੌਜਵਾਨਾਂ ਨੇ ਫੈਸਲਾ ਕੀਤਾ ਹੈ ਕਿ ਉਹ ਆਪਣੇ ਨਾਮ, ਸਮਾਗਮ ਦਾ ਵਿਰੋਧ ਕਰ ਰਹੇ ਕੁਲਦੀਪ ਸਿੰਘ ਨੂੰ ਲਿਖਤੀ ਰੂਪ ਵਿੱਚ ਦੇਣ ਲਈ ਤਿਆਰ ਹਨ ਜੇ ਗੁਰਬਾਣੀ ਦਾ ਕੀਰਤਨ ਕਰਵਾਉਣ ਦੇ ਦੋਸ਼ ਹੇਠ ਉਨ੍ਹਾਂ ਨੂੰ ਅਕਾਲ ਤਖ਼ਤ ਤੋਂ ਛੇਕਣਾਂ ਚਾਹੁੰਦੇ ਹਨ ਤਾਂ ਬੜੀ ਖੁਸ਼ੀ ਸਾਡੇ ਵਿਰੁੱਧ ਫ਼ਤਵਾ ਜਾਰੀ ਕਰਵਾ ਲੈਣ ਪਰ ਉਨ੍ਹਾਂ ਵੱਲੋਂ ਤਹਿਸ਼ੁਦਾ ਪ੍ਰੋਗਰਾਮ ਜਿਹੜਾ ਪਿਛਲੇ ਤਿੰਨ ਸਾਲਾਂ ਤੋਂ ਲਗਾਤਾਰ ਹੁੰਦਾ ਆ ਰਿਹਾ ਹੈ ਉਹ ਹਰ ਹਾਲਤ ਹੋਵੇਗਾ। ਅਪਰਾਧਕ ਪਿਛੋਕੜ ਵਾਲੇ ਇਸ ਕਾਂਗਰਸੀ ਨੂੰ ਸਿੱਖ ਧਰਮ ਵਿੱਚ ਚੌਧਰ ਕਾਇਮ ਕਰਨ ਦੀ ਇਜਾਜਤ ਬਿਲਕੁਲ ਨਹੀਂ ਦਿੱਤੀ ਜਾਵੇਗੀ ਤੇ ਜੇ ਉਸ ਨੇ ਕੋਈ ਬੁਰਛਾਗਰਦੀ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਨੂੰ ਸਬਕ ਸਿਖਾ ਦਿੱਤਾ ਜਾਵੇਗਾ। ਸ: ਇੰਦਰਜੀਤ ਸਿੰਘ ਨੇ ਕਿਹਾ ਕਿ ਸਮਾਗਮ ਤਾਂ ਹਰ ਹਾਲਤ ਵਿੱਚ ਹੋਵੇਗਾ ਹੀ ਪਰ ਉਹ ਆਪਣੇ ਸਾਥੀ ਨੌਜਵਾਨਾਂ ਅਤੇ ਦੂਸਰੀ ਧਿਰ ਨੂੰ ਸਮਝਾਉਣ ਬੁਝਾਉਣ ਵਿੱਚ ਲੱਗੇ ਹੋਏ ਹਨ ਕਿ ਕਿਸੇ ਦੁਖਦਾਈ ਘਟਨਾ ਵਾਪਰਨ ਤੋਂ ਬਚਿਆ ਜਾਵੇ। ਪਰ ਜੇ ਫਿਰ ਵੀ ਮੰਦਭਾਗੀ ਘਟਨਾ ਵਾਪਰੀ ਤਾਂ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਇਸ ਲਈ ਸਿੱਧੇ ਤੌਰ ’ਤੇ ਜਿੰਮੇਵਾਰ ਹੋਣਗੇ। ਉਨ੍ਹਾਂ ਦੱਸਿਆ ਕਿ ਅਕਾਲੀ ਜਥਾ ਕਾਨ੍ਹਪੁਰ ਦੇ ਪ੍ਰਧਾਨ ਵਜੋਂ ਹਰਚਰਨ ਸਿੰਘ ਨੇ ਕੁਲਦੀਪ ਸਿੰਘ ਵਿਰੁੱਧ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਹੈ, ਜਿਸ ਵਿੱਚ ਇਹ ਸਾਰੇ ਤੱਥ ਵਿਸਥਾਰ ਨਾਲ ਦਰਜ ਕੀਤੇ ਗਏ ਹਨ।

ਹੋਰ ਜਾਣਕਾਰੀ ਹਾਸਲ ਕਰਨ ਲਈ ਸ਼੍ਰੀ ਗੁਰੂ ਸਿੰਘ ਸਭਾ ਲਾਟੂਸ ਰੋਡ ਕਾਨ੍ਹਪੁਰ ਦੇ ਪ੍ਰਧਾਨ ਹਰਵਿੰਦਰ ਸਿੰਘ ਲਾਰਡ ਨਾਲ ਉਨ੍ਹਾਂ ਦੇ ਮੋਬ: ਨੰ: 09984855555 ’ਤੇ ਸੰਪਰਕ ਕਰਕੇ ਪੁੱਛਿਆ ਕਿ ਕੀ ਤੁਹਾਨੂੰ ਵੀ ਅਕਾਲ ਤਖ਼ਤ ਵਲੋਂ ਕੋਈ ਆਦੇਸ਼ ਜਾਰੀ ਹੋਇਆ ਹੈ ਕਿ ਪ੍ਰੋ: ਦਰਸ਼ਨ ਸਿੰਘ ਨੂੰ ਕੀਰਤਨ ਕਰਨ ਤੋਂ ਹਰ ਹਾਲਤ ਰੋਕਿਆ ਜਾਵੇ, ਤਾਂ ਉਨ੍ਹਾਂ ਦੱਸਿਆ ਕਿ ਲਿਖਤੀ ਰੂਪ ਵਿੱਚ ਤਾਂ ਉਨ੍ਹਾਂ ਨੂੰ ਕੋਈ ਆਦੇਸ਼ ਨਹੀਂ ਦਿੱਤਾ ਗਿਆ ਪਰ ਜ਼ਬਾਨੀ ਤੌਰ ’ਤੇ ਜਰੂਰ ਕਿਹਾ ਗਿਆ ਹੈ ਕਿ ਉਸ ਦਾ ਕੋਈ ਕੀਰਤਨ ਸਮਾਗਮ ਨਾ ਹੋਣ ਦਿੱਤਾ ਜਾਵੇ।

ਜਦੋਂ ਸ: ਲਾਰਡ ਤੋਂ ਕੁਲਦੀਪ ਸਿੰਘ ਦੇ ਪਿਛੋਕੜ ਅਤੇ ਹੁਣ ਨਿਭਾਏ ਜਾ ਰਹੇ ਰੋਲ ਸਬੰਧੀ ਪੁੱਛਿਆ, ਤਾਂ ਉਨ੍ਹਾਂ ਨੇ ਤਕਰੀਬਨ ਹਰਚਰਨ ਸਿੰਘ ਅਤੇ ਇੰਦਰਜੀਤ ਸਿੰਘ ਦੇ ਕਥਨਾਂ ਨਾਲ ਸਹਿਮਤੀ ਪ੍ਰਗਟ ਕਰਦੇ ਹੋਏ ਕਿਹਾ, ਕਿ ਅਸਲ ਵਿੱਚ ਇਹ ਸਿਆਸਤ ਦੀ ਲੜਾਈ ਹੈ, ਤੇ ਕੁਲਦੀਪ ਸਿੰਘ ਕਾਂਗਰਸ ਪਾਰਟੀ ਨੂੰ ਇਹ ਵਿਖਾ ਕੇ ਕਿ ਉਸ ਦਾ ਸਿੱਖਾਂ ਵਿੱਚ ਕਾਫੀ ਅਧਾਰ ਹੈ, ਕੋਈ ਅਹੁਦਾ ਲੈਣਾ ਚਾਹੁੰਦਾ ਹੈ। ਜੇ ਕਾਂਗਰਸ ਪਾਰਟੀ ਨੇ ਉਸ ਦੀ ਇੱਛਾ ਅਨੁਸਾਰ ਕੋਈ ਅਹੁਦਾ ਨਾ ਦਿੱਤਾ ਤਾਂ ਗਿਆਨੀ ਗੁਰਬਚਨ ਸਿੰਘ ਅਤੇ ਅਵਤਾਰ ਸਿੰਘ ਮੱਕੜ ਨੂੰ ਇਹ ਦੱਸਣ ਦੀ ਕੋਸ਼ਿਸ਼ ਕਰੇਗਾ, ਕਿ ਕਾਨ੍ਹਪੁਰ ਵਿਖੇ ਪ੍ਰੋ: ਦਰਸ਼ਨ ਸਿੰਘ ਦੇ ਜਿਹੜੇ ਪ੍ਰੋਗਰਾਮ ਉਹ ਪਿਛਲੇ ਤਿੰਨ ਸਾਲਾਂ ਤੋਂ ਨਹੀਂ ਰੁਕਵਾ ਸਕੇ, ਉਹ ਉਸ ਨੇ ਰੁਕਵਾ ਦਿੱਤਾ ਹੈ ਤੇ ਇਸ ਦੇ ਇਨਾਮ ਵਜੋਂ ਉਨ੍ਹਾਂ ਦਾ ਪ੍ਰਭਾਵ ਵਰਤ ਕੇ ਉਨ੍ਹਾਂ ਰਾਹੀਂ ਅਕਾਲੀ ਦਲ ਬਾਦਲ ਜਾਂ ਭਾਜਪਾ ਵਿੱਚ ਕੋਈ ਅਹੁੱਦਾ ਲੈ ਲਵੇਗਾ।

ਜਦ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਜੇ ਕਰ ਤੁਸੀਂ ਸਮਝਦੇ ਹੋ ਕਿ ਇਹ ਸਿਆਸਤ ਦੀ ਲੜਾਈ ਹੈ ਤਾਂ ਤੁਸੀਂ ਕਿਉਂ ਸਿੱਖਾਂ ਵਿੱਚ ਖੂੰਨੀ ਟਕਰਾ ਵਾਲੀ ਸਥਿਤੀ ਪੈਦਾ ਕਰਨ ਵਾਲੇ ਦਾ ਸਾਥ ਦੇ ਕੇ ਸਿੱਖ ਕੌਮ ਦੇ ਨੁਕਸਾਨ ਅਤੇ ਬਦਨਾਮੀ ਖੱਟਣ ਵਿੱਚ ਭਾਈਵਾਲ ਬਣ ਰਹੇ ਹੋ? ਸ: ਲਾਰਡ ਨੇ ਸਪਸ਼ਟ ਸ਼ਬਦਾਂ ਵਿੱਚ ਕਿਹਾ ਕਿ ਪਹਿਲਾਂ ਵੀ ਉਨ੍ਹਾਂ ਨੇ ਇਸ ਕਦਰ ਕਦੀ ਵੀ ਪ੍ਰੋ: ਦਰਸ਼ਨ ਸਿੰਘ ਦੇ ਸਮਾਗਮਾਂ ਦਾ ਵਿਰੋਧ ਨਹੀਂ ਕੀਤਾ। ਇਸੇ ਕਾਰਣ ਅਕਾਲੀ ਜਥੇ ਨਾਲ ਵੀਚਾਰਧਾਰਕ ਮਤਭੇਦ ਹੋਣ ਦੇ ਬਾਵਯੂਦ ਕਾਨ੍ਹਪੁਰ ਦੇ ਸਿੱਖਾਂ ਵਿੱਚ ਕਦੇ ਤਕਰਾਰ ਨਹੀਂ ਹੋਇਆ ਤੇ ਸਾਰੇ ਮਿਲ ਕੇ ਰਹਿ ਰਹੇ ਹਨ। ਜਿਸ ਤਰ੍ਹਾਂ ਦੀ ਸਥਿਤੀ ਹੁਣ ਬਣਾਈ ਜਾ ਰਹੀ ਹੈ ਇਸ ਤੋਂ ਉਹ ਪ੍ਰੇਸ਼ਾਨ ਹਨ।

ਉਨ੍ਹਾਂ ਕਿਹਾ ਪ੍ਰੋ: ਦਰਸ਼ਨ ਸਿੰਘ ਦਾ ਸਮਾਗਮ ਰੋਕਣ ਲਈ ਉਹ ਤਾਂ ਹੀ ਕੋਈ ਕਾਰਵਾਈ ਕਰਨਗੇ ਜੇ ਉਨ੍ਹਾਂ ਨੂੰ ਅਕਾਲ ਤਖ਼ਤ ਵੱਲੋਂ ਕੋਈ ਲਿਖਤੀ ਪੱਤਰ ਮਿਲਿਆ, ਜ਼ਬਾਨੀ ਹਦਾਇਤਾਂ ’ਤੇ ਉਹ ਕੋਈ ਕਾਰਵਾਈ ਨਹੀਂ ਕਰਨਗੇ। ਸ: ਲਾਰਡ ਨੂੰ ਦੱਸਿਆ ਕਿ ਪੰਜਾਬ ਵਿੱਚ ਸੌਦਾ ਸਧ ਦੀਆਂ ਨਾਮ ਚਰਚਾਵਾਂ ਰੁਕਵਾਉਣ ਲਈ ਅਕਾਲ ਤਖ਼ਤ ਤੋਂ ਹੁਕਮਨਾਮਾ ਜਾਰੀ ਹੋਇਆ ਹੈ ਪਰ ਇਥੋਂ ਦੀ ਬਾਦਲ ਸਰਕਾਰ ਉਨ੍ਹਾਂ ਨੂੰ ਸਰਕਾਰੀ ਸੁਰੱਖਿਆ ਦੇ ਕੇ ਉਨ੍ਹਾਂ ਦੇ ਸਮਾਗਮ ਕਰਵਾ ਰਹੀ ਹੈ। ਗੁਰੂ ਗੋਬਿੰਦ ਸਿੰਘ ਜੀ ਦਾ ਸਵਾਂਗ ਉਤਾਰ ਕੇ ਸਿੱਖਾਂ ਦੇ ਜ਼ਜ਼ਬਾਤਾਂ ਨੂੰ ਪਹੁੰਚਾਈ ਠੇਸ ਕਾਰਣ ਇਕ ਸਿੱਖ ਵਲੋਂ ਸੌਦਾ ਸਾਧ ਵਿਰੁੱਧ ਦਰਜ ਕਰਵਾਇਆ ਕੇਸ ਵੀ ਵਾਪਸ ਲੈਣ ਲਈ ਪੰਜਾਬ ਸਰਕਾਰ ਨੇ ਅਦਾਲਤ ਵਿੱਚ ਅਰਜੀ ਦਾਖ਼ਲ ਕਰਵਾ ਦਿੱਤੀ ਸੀ। ਇਸ ਲਈ ਜੇ ਤੁਹਾਨੂੰ ਲਿਖਤੀ ਆਦੇਸ਼ ਵੀ ਆ ਜਾਂਦਾ ਹੈ ਤਾਂ ਤੁਸੀਂ ਜਥੇਦਾਰ ਜੀ ਨੂੰ ਪੁੱਛਣਾਂ ਕਿ ਜੇ ਪੰਜਾਬ ਵਿੱਚ ਸਿੱਖਾਂ ਦੀ ਬਹੁਗਿਣਤੀ ਅਤੇ ਅਕਾਲੀ ਦਲ ਦੀ ਸਰਕਾਰ ਹੋਣ ਦੇ ਬਾਵਯੂਦ, ਤੁਸੀਂ ਸੌਦਾ ਸਾਧ ਵਿਰੁੱਧ ਜਾਰੀ ਹੋਇਆ ਹੁਕਮਨਾਮਾ ਲਾਗੂ ਨਹੀਂ ਕਰਵਾ ਸਕਦੇ ਤਾਂ ਕਾਨ੍ਹਪੁਰ ਜਿੱਥੇ ਸਿੱਖ ਪਹਿਲਾਂ ਹੀ ਘੱਟ ਗਿਣਤੀ ਵਿੱਚ ਹਨ ਤਾਂ ਉਥੇ ਪ੍ਰੋ: ਦਰਸ਼ਨ ਸਿੰਘ ਵਿਰੁਧ ਜਾਰੀ ਹੋਏ ਹੁਕਨਾਮੇ ਨੂੰ ਲਾਗੂ ਕਰਵਾਉਣ ਦੀ ਜ਼ਿਦ ਕਰਕੇ ਸਿੱਖਾਂ ਵਿੱਚ ਖਾਨਾਜੰਗੀ ਕਰਵਾਉਣ ਵਿੱਚ ਇੰਨੀ ਦਿਲਚਸਪੀ ਕਿਉਂ ਲੈ ਰਹੇ ਹਨ? ਇਸ ਦੇ ਜਵਾਬ ਵਿੱਚ ਸ: ਲਾਰਡ ਨੇ ਕਿਹਾ ਕਿ ਅਕਾਲ ਤਖ਼ਤ ਦਾ ਲਿਖਤੀ ਪੱਤਰ ਮਿਲਣ ਤੋਂ ਬਾਅਦ ਹੀ ਉਹ ਕਾਨ੍ਹਪੁਰ ਦੀ ਸਿੱਖ ਸੰਗਤ ਨਾਲ ਬੈਠ ਕੇ ਕੋਈ ਫੈਸਲਾ ਕਰਨਗੇ।

ਕੁਲਦੀਪ ਸਿੰਘ ਨਾਲ ਉਨ੍ਹਾਂ ਦੇ ਮੋਬ: ਨੰ: 09415050748 ’ਤੇ ਸੰਪਰਕ ਕਰਕੇ ਕਈ ਵਾਰ ਉਨ੍ਹਾਂ ਦਾ ਪੱਖ ਜਾਨਣ ਦੀ ਕੋਸ਼ਿਸ਼ ਕੀਤੀ, ਪਰ ਉਸ ਕੋਲ ਕੋਈ ਤਸੱਲੀ ਬਖ਼ਸ਼ ਜਵਾਬ ਨਾ ਹੋਣ ਕਰਕੇ ਮੀਟਿੰਗ ਵਿੱਚ ਬੈਠੇ ਹੋਣ ਦਾ ਬਹਾਨਾ ਦੱਸ ਕੇ ਫ਼ੋਨ ਕੱਟ ਦਿੰਦਾ ਸੀ।

ਜਦੋਂ ਦੈਨਕ ਜਾਗਰਨ ਵਿੱਚ ਛਪੀ ਖ਼ਬਰ ਅਤੇ ਕਾਨ੍ਹਪੁਰ ਦੇ ਸਿੱਖ ਆਗੂਆਂ ਵੱਲੋਂ ਪ੍ਰਗਟ ਕੀਤੇ ਵੀਚਾਰਾਂ ਦੀ ਪੂਰੀ ਜਾਣਕਾਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਦੇ ਕੇ ਉਨ੍ਹਾਂ ਦੇ ਮੋਬ: ਨੰਬਰ ਨੂੰ ਪੁੱਛਿਆ ਕਿ ਜੋ ਸਥਿਤੀ ਕਾਨ੍ਹਪੁਰ ਵਿਖੇ ਬਣ ਰਹੀ ਹੈ, ਕੀ ਇਹ ਪੰਥ ਲਈ ਅਫਸੋਸਜਨਕ ਨਹੀਂ? ਉਨ੍ਹਾਂ ਮੰਨਿਆਂ ਕਿ ਹੈ ਤਾਂ ਅਫਸੋਸਜਨਕ, ਪਰ ਇਸ ਲਈ ਪ੍ਰੋ: ਦਰਸ਼ਨ ਸਿੰਘ ਜਿੰਮੇਵਾਰ ਹੈ। ਜੇ ਉਸ ਨੇ ਸਿੱਖ ਸਟੇਜਾਂ ’ਤੇ ਵਿਚਰਨਾ ਹੈ, ਤਾਂ ਅਕਾਲ ਤਖ਼ਤ ਆ ਕੇ ਮੁਆਫੀ ਮੰਗ ਲਵੇ, ਤਾਂ ਉਸ ਨੂੰ ਕੀਰਤਨ ਕਰਨ ਦੀ ਇਜਾਜਤ ਦਿੱਤੀ ਜਾ ਸਕਦੀ ਹੈ।

ਪੁੱਛਿਆ ਗਿਆ ਕਿ ਠੀਕ ਹੈ ਕਿ ਪ੍ਰੋ: ਦਰਸ਼ਨ ਸਿੰਘ ਤੁਹਾਡੇ ਅੱਗੇ ਗੋਡੇ ਟੇਕਣ ਤੋਂ ਇਨਕਾਰੀ ਹੈ, ਇਸ ਲਈ ਉਸ ਨੂੰ ਪੰਥ ਵਿੱਚ ਛੇਕ ਦਿੱਤਾ ਹੈ। ਜਿਹੜੇ ਪ੍ਰੋ: ਦਰਸ਼ਨ ਸਿੰਘ ਤੋਂ ਕੀਰਤਨ ਕਰਵਾਉਣ ਦੇ ਚਾਹਵਾਨ ਹਨ, ਉਹ ਵੀ ਕਹਿੰਦੇ ਹਨ ਕਿ ਬੇਸ਼ੱਕ ਉਨ੍ਹਾਂ ਨੂੰ ਛੇਕ ਦਿੱਤਾ ਜਾਵੇ, ਪਰ ਉਹ ਉਨ੍ਹਾਂ ਦਾ ਕੀਰਤਨ ਜਰੂਰ ਕਰਵਾਉਣਗੇ। ਤੁਹਾਡੇ ਅਨੁਸਾਰ ਜੇ ਉਹ ਪੰਥ ਦਾ ਹਿੱਸਾ ਹੀ ਨਹੀਂ ਹਨ, ਤਾਂ ਉਨ੍ਹਾਂ ਦੇ ਸਮਾਗਮ ਰੁਕਵਾਉਣ ਲਈ ਤੁਹਾਡੇ ਵੱਲੋਂ ਇੰਨੀ ਦਿਲਚਸਪੀ ਕਿਉਂ ਲਈ ਜਾ ਰਹੀ ਹੈ, ਜਦੋਂ ਕਿ ਭਾਰਤ ਦੇ ਕਾਨੂੰਨ ਮੁਤਾਬਕ ਮਿਲੇ ਮਨੁੱਖੀ ਅਧਿਕਾਰਾਂ ਅਨੁਸਾਰ ਅਸੀਂ ਕਿਸੇ ਨੂੰ ਵੀ ਆਪਣੇ ਸਮਾਗਮ ਕਰਵਾਉਣ ਤੋਂ ਰੋਕ ਨਹੀਂ ਸਕਦੇ।

ਅਕਾਲ ਤਖ਼ਤ ਵੱਲੋਂ ਤਾਂ ਸੌਦਾ ਸਾਧ, ਨਿਰੰਕਾਰੀ ਮਿਸ਼ਨ ਅਤੇ ਆਰ.ਐੱਸ.ਐੱਸ. ਵਿਰੁੱਧ ਵੀ ਹੁਕਮਨਾਮੇ ਜਾਰੀ ਹੋਏ ਹਨ। ਪੰਜਾਬ ਵਿੱਚ ਤਾਂ ਸਰਕਾਰੀ ਸੁਰੱਖਿਆ ਅਧੀਨ ਉਨ੍ਹਾਂ ਦੇ ਸਮਾਗਮ ਕਰਵਾਏ ਜਾ ਰਹੇ ਤੇ ਬਾਕੀ ਦੇ ਭਾਰਤ ਵਿੱਚ ਸਿੱਖ ਕੋਈ ਦਖ਼ਲਅੰਦਾਜ਼ੀ ਨਹੀਂ ਕਰ ਰਹੇ। ਜਥੇਦਾਰ ਜੀ ਇਸ ਤੋਂ ਸਾਫ ਤੌਰ ’ਤੇ ਮੁਨਕਰ ਹੋਏ ਤੇ ਕਿਹਾ ਸਰਕਾਰ ਵੱਲੋਂ ਇਨ੍ਹਾਂ ਨੂੰ ਸਮਾਗਮ ਕਰਵਾਉਣ ਲਈ ਕੋਈ ਸੁਰੱਖਿਆ ਨਹੀਂ ਦਿੱਤੀ ਜਾਂਦੀ।

ਉਨ੍ਹਾਂ ਇਹ ਵੀ ਕਿਹਾ ਕਿ ਪ੍ਰੋ: ਦਰਸ਼ਨ ਸਿੰਘ ਸਬੰਧੀ ਵੀ ਜੋ ਪਿਛਲਾ ਹੁਕਮਨਾਮਾ ਜਾਰੀ ਹੋਇਆ ਹੈ, ਉਹ ਹੀ ਹੈ; ਵਿਸ਼ੇਸ਼ ਤੌਰ ’ਤੇ ਹੁਣ ਉਨ੍ਹਾਂ ਦੇ ਪ੍ਰੋਗਰਾਮ ਰੋਕਣ ਲਈ ਕਿਸੇ ਨੂੰ ਕੋਈ ਹਦਾਇਤ ਜਾਰੀ ਨਹੀਂ ਕੀਤੀ। ਪਰ ਆਪਣੇ ਇਸ ਕਥਨ ਨੂੰ ਕਟਦੇ ਹੋਏ ਉਨ੍ਹਾਂ ਤੁਰੰਤ ਇਹ ਵੀ ਕਹਿ ਦਿੱਤਾ ਕਿ ਉਸ ਦੇ ਪ੍ਰੋਗਰਾਮ ਨਹੀਂ ਹੋਣ ਦਿੱਤੇ ਜਾਣਗੇ। ਜਦ ਆਰ.ਐੱਸ.ਐੱਸ. ਅਤੇ ਸੌਦਾ ਸਾਧ ਵਿਰੁੱਧ ਜਾਰੀ ਹੋਏ ਹੁਕਨਾਮੇ ਲਾਗੂ ਕਰਵਾਉਣ ਸਬੰਧੀ ਪੁੱਛਿਆ ਤਾਂ ਉਨ੍ਹਾਂ ਕਿਹਾ ਹੁਣ ਉਹ ਦਰਬਾਰ ਸਾਹਿਬ ਦੀ ਪ੍ਰਕਰਮਾਂ ਵਿੱਚ ਹਨ ਇਸ ਲਈ ਬਾਅਦ ਵਿੱਚ ਗੱਲ ਕਰਨਾ।

ਇਹ ਗੱਲ ਕਿਸੇ ਵੀ ਪੰਥ ਦਰਦੀ ਤੋਂ ਲੁਕੀ ਹੋਈ ਨਹੀਂ ਹੈ ਕਿ ਜਿਸ ਸਮੇਂ ਗੁਰੂ ਨਾਨਕ ਸਾਹਿਬ ਜੀ ਨੇ 9 ਸਾਲ ਦੀ ਉਮਰ ’ਚ ਹੀ ਜਨੇਊ ਪਹਿਨਣ ਤੋਂ ਨਾਂਹ ਕਰ ਦਿੱਤੀ ਸੀ ਉਸੇ ਸਮੇਂ ਤੋਂ ਬਿਪਰਵਾਦੀ ਸੋਚ ਨੇ ਇਸ ਘਟਨਾ ਨੂੰ ਧਰਮ ਵਿੱਚ ਬ੍ਰਾਹਮਣ ਦੀ ਸਿਰਮੌਰਤਾ ਅਤੇ ਉਸ ਵਲੋਂ ਧਰਮ ਦੇ ਨਾਮ ’ਤੇ ਪ੍ਰਚਾਰੇ ਜਾ ਰਹੇ ਕਰਮਕਾਂਡਾਂ ਵਿਰੁੱਧ ਬਗਾਵਤ ਵਜੋਂ ਲਿਆ ਸੀ ਤੇ ਇਸ ਨੂੰ ਮੁੱਢ ਤੋਂ ਹੀ ਖਤਮ ਕਰਨ ਦੀਆਂ ਸਾਜਿਸ਼ਾਂ ਘੜਨ ਲੱਗ ਪਏ ਸਨ। ਤਰਕ ਦੇ ਅਧਾਰ ’ਤੇ ਗੁਰੂ ਨਾਨਕ ਵੀਚਾਰਾਧਾਰਾ ਦਾ ਸਾਹਮਣਾਂ ਕਰਨ ਤੋਂ ਅਸਮਰਥ ਬਿਪਰਾਂ ਨੇ ਇਸ ਵੀਚਾਰਧਾਰਾ ਨੂੰ ਖਤਮ ਕਰਨ ਲਈ ਪਹਿਲਾਂ ਗੁਰੂ ਨਾਨਕ ਸਾਹਿਬ ਜੀ ਦੇ ਪੁੱਤਰ ਸ਼੍ਰੀਚੰਦ ਨੂੰ ਗੱਠ ਕੇ ਗੁਰਮਤਿ ਵੀਚਾਰਧਾਰਾ ਦੇ ਵਿਰੋਧ ਵਿੱਚ ਵਰਤਣ ਲਈ ਉਸ ਨੂੰ ਉਦਾਸੀ ਮੱਤ ਵਿੱਚ ਸ਼ਾਮਲ ਕਰ ਲਿਆ ਜਿਸ ਦੇ ਨਾਮ ’ਤੇ ਅੱਜ ਵੀ ਉਦਾਸੀ ਮੱਤ ਚੱਲ ਰਿਹਾ ਹੈ।

ਇਸੇ ਤਰ੍ਹਾਂ ਵੱਖ ਵੱਖ ਸਮੇਂ ’ਤੇ ਗੁਰੂ ਸਾਹਿਬਾਨਾਂ ਦੇ ਪੁੱਤਰਾਂ ਨੂੰ ਗੱਦੀ ਦੇ ਦਾਅਵੇਦਾਰ ਬਣਾ ਕੇ ਬਗਾਵਤ ਕਰਵਾਉਣ ਲਈ ਅੰਦਰਖਾਤੇ ਆਪਣੇ ਹੱਥਕੰਡੇ ਵਰਤਦੇ ਰਹੇ ਹਨ। ਜਦ ਸਿੱਖਾਂ ਨੂੰ ਸ਼ਬਦ ਗੁਰੂ ਤੋਂ ਸਿੱਧੇ ਰੂਪ ਵਿੱਚ ਅਗਵਾਈ ਲੈਣ ਦੇ ਯੋਗ ਸਮਝ ਕੇ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਿਆਈ ਦੇ ਕੇ ਗੁਰਿਆਈ ਲਈ ਵਿਅਕਤੀਗਤ ਝਗੜਿਆਂ ਦਾ ਸਦਾ ਲਈ ਅੰਤ ਕਰ ਦਿੱਤਾ ਤਾਂ ਵੀ ਬਿਪਰ ਨੇ ਹਾਰ ਨਹੀਂ ਮੰਨੀ ਤੇ ਗੁਰੂ ਸਾਹਿਬ ਜੀ ਦੇ ਜੋਤੀ ਜੋਤ ਸਮਾਉਣ ਤੋਂ ਕਾਫੀ ਸਮਾ ਪਿੱਛੋਂ ਉਸ ਨੇ ਸਿੱਖਾਂ ਵਿੱਚ ਦੁਬਿਧਾ ਤੇ ਵੰਡੀਆਂ ਪਾਉਣ ਲਈ ਇੱਕ ਬਚਿੱਤਰ ਨਾਟਕ ਨਾਮੀ ਵਡ ਆਕਾਰੀ ਪੁਸਤਕ ਤਿਆਰ ਕਰ ਲਈ। ਬੇਸ਼ੱਕ ਇਹ ਪੁਸਤਕ ਜਦੋਂ ਦੀ ਹੋਂਦ ਵਿੱਚ ਆਈ ਹੈ ਉਸੇ ਸਮੇਂ ਤੋਂ ਹੀ ਵਿਵਾਦਾਂ ਵਿੱਚ ਘਿਰੀ ਹੋਈ ਹੈ ਪਰ ਇਸ ਦੇ ਬਾਵਯੂਦ ਸਿੱਖਾਂ ਵਿੱਚ ਸਾਜਿਸ਼ ਅਧੀਨ ਘੁਸਪੈਠ ਕਰਵਾਏ ਗਏ ਲੋਕਾਂ ਰਾਹੀਂ ਸ਼ਾਇਦ ਅੰਗਰੇਜਾਂ ਦੇ ਰਾਜ ਸਮੇਂ ਬਚਿੱਤਰ ਨਾਟਕ ਪੁਸਤਕ ਨੂੰ ਅਖੌਤੀ ‘ਸ਼੍ਰੀ ਦਸਮ ਗ੍ਰੰਥ ਸਾਹਿਬ’ ਦਾ ਨਾਮ ਦੇ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਪ੍ਰਕਾਸ਼ ਕਰਵਾਉਣ ਵਿੱਚ ਸਫਲਤਾ ਹਾਸਲ ਕਰ ਲਈ। ਬੇਸ਼ਕ ਇਸ ਪੁਸਤਕ ਦਾ ਉਸੇ ਸਮੇਂ ਤੋਂ ਹੀ ਵਿਰੋਧ ਚਲਦਾ ਰਿਹਾ ਸੀ ਪਰ 2007 ਵਿੱਚ ਹਜੂਰ ਸਾਹਿਬ ਵਿਖੇ ਪੁਹੰਚ ਕੇ ਕੀਰਤਨ ਕਰਦੇ ਸਮੇਂ ਜਦ ਆਪਣੇ ਵਖਿਆਣ ਦੌਰਾਨ ਪ੍ਰੋ: ਦਰਸ਼ਨ ਸਿੰਘ ਨੇ ਇਹ ਸਵਾਲ ਖੜ੍ਹਾ ਕੀਤਾ ਕਿ ਇਸ ਸਥਾਨ ’ਤੇ ਜਿਸ ਸਮੇਂ 1708 ਈਸਵੀ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਗ੍ਰ੍ਰੰਥ ਸਾਹਿਬ ਜੀ ਨੂੰ ਗੁਰਿਆਈ ਦੇ ਕੇ ਸਾਨੂੰ ਹੁਕਮ ਕੀਤਾ ਸੀ ‘ਸਭ ਸਿੱਖਨ ਕਉ ਹੁਕਮ ਹੈ, ਗੁਰੂ ਮਾਨੀਓ ਗ੍ਰੰਥ’ ਕੀ ਉਸ ਸਮੇਂ ਉਨ੍ਹਾਂ ਕੋਈ ਹੋਰ ਗ੍ਰੰਥ ਵੀ ਨਾਲ ਪ੍ਰਕਾਸ਼ ਕੀਤਾ ਸੀ ਜਾਂ ਉਸ ਸਮੇਂ ਕਿਸੇ ਦੂਸਰੇ ਗ੍ਰੰਥ ਦੀ ਹੋਂਦ ਵੀ ਸੀ? ਜੇ ਨਹੀਂ ਤਾਂ ਤੁਹਾਨੂੰ ਇਹ ਅਧਿਕਾਰ ਕਿਥੋਂ ਮਿਲ ਗਿਆ ਕਿ ਉਨ੍ਹਾਂ ਤੋਂ ਪਿੱਛੋਂ ਕੋਈ ਗ੍ਰੰਥ ਤਿਆਰ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਪ੍ਰਕਾਸ਼ ਕਰਕੇ ਸਿੱਖਾਂ ਵਿੱਚ ਦੁਬਿਧਾ ਪੈਦਾ ਕੀਤੀ ਜਾਵੇ ਕਿ ਸਿੱਖਾਂ ਦਾ ਗੁਰੂ ਇੱਕ ਗ੍ਰੰਥ ਹੈ ਜਾਂ ਦੋ? ਅਸੀਂ 2008 ਵਿੱਚ 300 ਸਾਲਾ ਗੁਰਤਾਗੱਦੀ ਸ਼ਤਾਬਦੀ ਮਨਾ ਰਹੇ ਹਾਂ ਤੇ ਉਸ ਸਮੇਂ ਦੇਸ਼ ਵਿਦੇਸ਼ ਦੇ ਲੱਖਾਂ ਸਿੱਖ ਇਸ ਸਥਾਨ ’ਤੇ ਨਤਮਸਤਕ ਹੋਣ ਲਈ ਆਉਣਗੇ ਤਾਂ ਉਹ ਇੱਥੋਂ ਕੀ ਸੰਦੇਸ਼ ਲੈ ਕੇ ਜਾਣਗੇ?

ਪ੍ਰੋ: ਦਰਸ਼ਨ ਸਿੰਘ ਦੇ ਇਸ ਬਿਆਨ ਨੇ ਆਰ.ਐੱਸ.ਐੱਸ. ਕੇਡਰ ਤੇ ਉਨ੍ਹਾਂ ਦੇ ਏਜੰਟ ਬਣੇ ਡੇਰਾਵਾਦੀ ਸਿੱਖਾਂ ਦੇ ਮਨਾਂ ਵਿੱ ਖਲਬਲੀ ਮਚ ਗਈ ਤੇ ਉਹ ਪ੍ਰੋ: ਦਰਸ਼ਨ ਸਿੰਘ ਦੀ ਜ਼ਬਾਨ ਬੰਦ ਕਰਵਾਉਣ ਲਈ ਸਾਜਿਸ਼ਾਂ ਘੜਨ ਲੱਗ ਪਏ। ਇਸ ਸਮੇਂ ਵੋਟ ਰਾਜਨੀਤੀ ਕਾਰਣ ਪ੍ਰਕਾਸ਼ ਸਿੰਘ ਬਾਦਲ ਵੀ ਆਰ.ਐੱਸ.ਐੱਸ. ਦੀ ਝੋਲੀ ਵਿੱਚ ਪੂਰੀ ਤਰ੍ਹਾਂ ਡਿੱਗ ਚੁੱਕਾ ਹੈ ਤੇ ਉਨ੍ਹਾਂ ਰਾਹੀਂ ਸ਼੍ਰੋਮਣੀ ਅਕਾਲੀ ਦਲ, ਸ਼੍ਰੋਮਣੀ ਕਮੇਟੀ, ਅਕਾਲ ਤਖ਼ਤ ਦਾ ਜਥੇਦਾਰ ਸਿੱਧੇ/ਅਸਿੱਧੇ ਤੌਰ ’ਤੇ ਆਰ.ਐੱਸ.ਐੱਸ. ਦੇ ਹੱਥ ਦਾ ਖਿਡੌਣਾ ਬਣ ਚੁੱਕੇ ਹਨ ਆਪਣੀਆਂ ਇਨ੍ਹਾਂ ਕਠਪੁਤਲੀਆਂ ਰਾਹੀਂ ਪ੍ਰੋ: ਦਰਸ਼ਨ ਸਿੰਘ ਨੂੰ ਪੰਥ ਵਿੱਚੋਂ ਛੇਕ ਕੇ ਉਨ੍ਹਾਂ ਦੀ ਅਵਾਜ਼ ਬੰਦ ਕਵਾਉਣ ਲਈ ਸਿਰਤੋੜ ਯਤਨ ਕੀਤੇ ਜਾ ਰਹੇ ਹਨ। ਦੂਸਰੇ ਪਾਸੇ ਜਿਹੜੇ ਸਿੱਖ ਆਰ.ਐੱਸ.ਐੱਸ. ਦੇ ਮਨਸੂਬਿਆਂ ਤੋਂ ਜਾਣੂ ਹਹਨ ਉਹ ਇਸ ਆਵਾਜ਼ ਨੂੰ ਬੰਦ ਨਹੀਂ ਹੋਣ ਦੇਣਾਂ ਚਾਹੁੰਦੇ ਇਸ ਲਈ ਉਨ੍ਹਾਂ ਦੇ ਪ੍ਰੋਗਰਾਮ ਕਰਵਾਉਂਦੇ ਰਹਿੰਦੇ ਹਨ। ਗਿਆਨੀ ਗੁਰਬਚਨ ਸਿੰਘ ਅਤੇ ਅਵਤਾਰ ਸਿੰਘ ਮੱਕੜ ਵੱਲੋਂ ਨਿੱਜੀ ਤੌਰ ’ਤੇ ਲਈ ਜਾ ਦਿਲਚਸਪੀ ਅਕਾਲ ਤਖ਼ਤ ਦੇ ਨਾਮ ਦੀ ਦੁਰਵਰਤੋਂ ਕਰਕੇ ਕੌਮ ਵਿੱਚ ਖਾਨਾਜੰਗੀ ਦੇ ਅਸਾਰ ਬਣੇ ਰਹਿੰਦੇ ਹਨ ਤੇ ਅਨੇਕਾਂ ਵਾਰ ਦੇਸ਼ ਵਿਦੇਸ਼ਾਂ ਵਿੱਚ ਮਾਰ ਕੁਟਾਈ ਤੇ ਖੂਨ ਖਰਾਬੇ ਕਰਕੇ ਸਿੱਖਾਂ ਦੀ ਪੱਗ ਰੋਲੀ ਜਾ ਰਹੀ ਹੈ। ਜਿਸ ਤਰ੍ਹਾਂ ਹੁਣ ਹੁਣ ਅਕਾਲ ਤਖ਼ਤ ਦੇ ਜਥੇਦਾਰ ਵੱਲੋਂ ਆਰ.ਐੱਸ.ਐੱਸ. ਦੇ ਅੰਦਰਖਾਤੇ ਹੁਕਮ ਨੂੰ ਅਕਾਲ ਤਖ਼ਤ ਦੇ ਹੁਕਮਨਾਮਿਆਂ ਦੇ ਤੌਰ ’ਤੇ ਪੇਸ਼ ਕਰਕੇ ਅਕਾਲ ਤਖ਼ਤ ਦੇ ਨਾਮ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ ਇਸ ਤੋਂ ਲਗਦਾ ਹੈ ਕਿ ਅਕਾਲ ਤਖ਼ਤ ਦਾ ਜਥੇਦਾਰ ਉਸੇ ਤਰ੍ਹਾਂ ਪੰਥ ਵਿੱਚ ਇੱਕ ਘ੍ਰਿਣਾਯੋਗ ਸ਼ਬਦ ਬਣ ਜਾਵੇਗਾ, ਜਿਵੇਂ ਕਿ ਮਸੰਦ ਸ਼ਬਦ ਮਸੰਦਾਂ ਦੇ ਘਟੀਆ ਕਿਰਦਾਰ ਸਦਕਾ ਪੰਥ ਵਿੱਚ ਘ੍ਰਿਣਾਯੋਗ ਬਣ ਗਿਆ ਹੈ ਤੇ ਹੁਣ ਕਿਸੇ ਸਿੱਖ ਨੂੰ ਮਸੰਦ ਕਹਿਣ ਦਾ ਭਾਵ ਉਸ ਨੂੰ ਗਾਲ਼ ਕੱਢਣੀ ਸਮਝੀ ਜਾ ਰਹੀ ਹੈ।

ਅਕਾਲੀ ਜੱਥਾ ਕਾਨਪੁਰ ਦੇ ਪ੍ਰਧਾਨ ਸ. ਹਰਚਰਨ ਸਿੰਘ ਵਲੋਂ ਪੁਲਿਸ ਨੂੰ ਲਿਖੀ ਗਈ ਚਿੱਠੀ


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top