Share on Facebook

Main News Page

ਕਾਨ੍ਹਪੁਰ ਵਿਖੇ ਹੋਣ ਵਾਲੇ ਵਿਵਾਦਤ ਗੁਰਮਤਿ ਸਮਾਗਮ ਨੂੰ ਮਨਜੂਰੀ ਦੇਣ ਸਬੰਧੀ ਪ੍ਰਸ਼ਾਸ਼ਨ ਕਰੇਗਾ ਅੱਜ ਫੈਸਲਾ

* ਅਕਾਲ ਤਖ਼ਤ ਦਾ ਹੁਕਮ ਹੈ, ਪ੍ਰੋ ਦਰਸ਼ਨ ਸਿੰਘ ਨੂੰ ਕਿਸੇ ਵੀ ਹਾਲਤ ਵਿੱਚ ਸਟੇਜ ’ਤੇ ਨਹੀਂ ਚੜ੍ਹਨ ਦਿੱਤਾ ਜਾਵੇਗਾ, ਬੇਸ਼ੱਕ ਉਨ੍ਹਾਂ ਨੂੰ ਕੁੱਟ ਖਾਣੀ ਪੈ ਜਾਵੇ ਜਾਂ ਗੋਲੀ ਖਾਣੀ ਪਵੇ ਉਹ ਖਾਣਗੇ: ਕੁਲਦੀਪ ਸਿੰਘ
* ਜੇ ਬਾਦਲ-ਮੱਕੜ ਰਾਹੀਂ ਰਾਜਨੀਤਕ ਦਬਾਅ ਕਾਰਣ ਪ੍ਰਸ਼ਾਸ਼ਨ ਨੇ ਉਨ੍ਹਾਂ ਨੂੰ ਸਮਾਗਮ ਕਰਨ ਦੀ ਇਜਾਜ਼ਤ ਨਾ ਦਿੱਤੀ, ਤਾਂ ਉਹ ਅਦਾਲਤ ਤੱਕ ਪਹੁੰਚ ਕਰਨਗੇ ਤੇ ਸਮਾਗਮ ਹਰ ਹਾਲਤ ਹੋਵੇਗਾ: ਅਕਾਲੀ ਜਥਾ ਕਾਨਪੁਰ
* ਕੁਲਦੀਪ ਸਿੰਘ ਨਾਲ ਸਹਿਮਤ ਨਹੀਂ ਹਾਂ। ਕੋਈ ਵਿੱਚ ਵਿਚਾਲੇ ਦਾ ਰਾਹ ਲੱਭਣ ਲਈ ਅਗਲੇ ਹਫਤੇ ਜਥੇਦਾਰ ਨੂੰ ਮਿਲਣ ਲਈ ਅੰਮ੍ਰਿਤਸਰ ਜਾਵਾਂਗਾ: ਹਰਚਰਨ ਸਿੰਘ ਲਾਰਡ
* ਜੇ ਕਰ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਉਤਰ ਪ੍ਰਦੇਸ਼ ਦੇ ਮੁੱਖ ਮੰਤਰੀ ਤੱਕ ਪਹੁੰਚ ਕਰਕੇ ਇੱਕ ਧਾਰਮਕ ਸਮਾਗਮ ਰੁਕਵਾਉਣ ਵਿੱਚ ਸਫਲ ਹੋ ਜਾਂਦੇ ਹਨ, ਤਾਂ ਇਸ ਸਰਕਾਰੀ ਦਖ਼ਲ ਅੰਦਾਜ਼ੀ ਅਤੇ ਔਰੰਗਜ਼ੇਬ ਦੀ ਨੀਤੀ ਵਿੱਚ ਕੀ ਅੰਤਰ ਰਹਿ ਜਾਵੇਗਾ

ਬਠਿੰਡਾ, 12 ਫਰਵਰੀ (ਕਿਰਪਾਲ ਸਿੰਘ): ਜਿਵੇਂ ਜਿਵੇਂ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਨੇ ਕਾਨ੍ਹਪੁਰ ਵਿਖੇ 16-17 ਫਰਵਰੀ ਨੂੰ ਕਾਨਪੁਰ ਦੇ ਅਕਾਲੀ ਜੱਥਾ ਵਲੋਂ ਅਯੋਜਿਤ ਕੀਤੇ ਜਾ ਰਹੇ ਸਮਾਗਮ ਵਿੱਚ ਪ੍ਰੋ: ਦਰਸ਼ਨ ਸਿੰਘ ਦੀ ਸ਼ਮੂਲੀਅਤ ਰੋਕਣ ਨੂੰ ਆਪਣੇ ਵਕਾਰ ਦਾ ਸਵਾਲ ਬਣਾਇਆ ਜਾ ਰਿਹਾ ਹੈ, ਤਿਉਂ ਤਿਉਂ ਕਾਨ੍ਹਪੁਰ ਦੇ ਵੀਰਾਂ ਦੇ ਜਜ਼ਬੇ ਅਤੇ ਹੌਸਲੇ ਨੂੰ ਵੇਖ ਕੇ ਕਾਨ੍ਹਪੁਰ ਦੀਆਂ ਬਹੁਤ ਸਾਰੀਆਂ ਜੱਥੇਬੰਦੀਆਂ ਪ੍ਰੋਫੈਸਰ ਦਰਸ਼ਨ ਸਿੰਘ ਦੇ ਸਮਰਥਨ ਵਿੱਚ ਅਕਾਲੀ ਜਥੇ ਦੇ ਨਾਲ ਮੈਦਾਨ ਵਿੱਚ ਉਤਰੀ ਪਈਆਂ ਹਨ। ਆਲ ਇੰਡੀਆ ਸੰਤ ਲੌਂਗੋਵਾਲ ਫਾਊਂਡੇਸ਼ਨ ਦੇ ਪ੍ਰਧਾਨ ਹਰਿਮੰਦਰ ਸਿੰਘ, ਗੁਰਦੁਆਰਾ ਰਾਮਬਾਗ ਦੇ ਪ੍ਰਧਾਨ ਰਾਜੂ ਖੰਡੂਜਾ, ਅਪਰ ਯੁਵਾ ਸੰਗਠਨ ਦੇ ਪ੍ਰਧਾਨ ਨਰਿੰਦਰਜੀਤ ਸਿੰਘ ਮਿੰਟਾ, ਅਤੇ ਅਪਰ ਪੰਜਾਬੀ ਸਭਾ ਦੇ ਪ੍ਰਧਾਨ ਸ਼੍ਰੀ ਅਜੈ ਚੱਢਾ ਨੇ ਇੱਕ ਧਾਰਮਿਕ ਸਮਾਗਮ ਨੂੰ ਰਾਜਨੀਤਕ ਇਛਾਵਾਂ ਕਾਰਣ ਵਿਵਾਦਤ ਬਣਾਉਣ ਵਾਲਿਆਂ ਦੀ ਨਿਖੇਧੀ ਕੀਤੀ ਹੈ, ਤੇ ਉਨ੍ਹਾਂ ਦੇ ਇਸ ਤਰ੍ਹਾਂ ਦੇ ਬਿਆਨ ਮੀਡੀਏ ਵਿੱਚ ਵੀ ਛਪ ਚੁੱਕੇ ਹਨ।

ਅਕਾਲੀ ਜਥੇ ਕਾਨਪੁਰ ਦੇ ਪ੍ਰਧਾਨ ਹਰਚਰਨ ਸਿੰਘ, ਕਨਵੀਨਰ ਇੰਦਰਜੀਤ ਸਿੰਘ, ਹਰਪਾਲ ਸਿੰਘ, ਬਲਵੀਰ ਸਿੰਘ, ਦਲੀਪ ਸਿੰਘ ਨੇ ਇੱਕ ਪ੍ਰੈੱਸ ਕਾਨਫਰੰਸ ਕਰਕੇ ਕਿਹਾ ਕਿ ਗੁਰਬਾਣੀ ਕੀਰਤਨ ਤੇ ਪਾਬੰਦੀ ਲਾਉਣ ਵਾਲਾ ਸਿੱਖ ਨਹੀਂ ਹੋ ਸਕਦਾ ਭਾਵੇਂ ਉਹ ਅਕਾਲ ਤਖਤ ਦਾ ਜੱਥੇਦਾਰ ਹੋਵੇ ਭਾਵੇਂ ਇਕ ਸਾਧਾਰਣ ਸਿੱਖ। ਉਨ੍ਹਾਂ ਕਿਹਾ ਕਿ ਕਾਨਪੁਰ ਵਿੱਚ ਇਹ ਪ੍ਰੋਗ੍ਰਾਮ ਪਿਛਲੇ 4 ਵਰ੍ਹਿਆਂ ਤੋਂ ਕੀਤਾ ਜਾ ਰਿਹਾ ਹੈ। ਇਸ ਵਾਰ ਅਕਾਲ ਤਖਤ ਦੇ ਜੱਥੇਦਾਰ ਨੇ ਕਾਨ੍ਹਪੁਰ ਦੇ ਇਕ ਅਪਰਾਧਕ ਰਿਕਾਰਡ ਵਾਲੇ ਬੰਦੇ ਕੁਲਦੀਪ ਸਿੰਘ ਨੂੰ ਇਹ ਪ੍ਰੋਗ੍ਰਾਮ ਰੁਕਵਾਉਣ ਲਈ ਠੇਕਾ ਦਿੱਤਾ ਗਿਆ ਹੈ। ਪ੍ਰੈੱਸ ਨਾਲ ਗਲਬਾਤ ਕਰਦਿਆਂ ਅਕਾਲੀ ਜੱਥਾ ਕਾਨਪੁਰ ਦੇ ਪ੍ਰਧਾਨ ਸ: ਹਰਚਰਣ ਸਿੰਘ ਨੇ ਕਿਹਾ ਕਿ ਅਕਾਲ ਤਖਤ ਦਾ ਮੁੱਖ ਸੇਵਾਦਾਰ ਅਪਣੀਆਂ ਨੀਚ ਹਰਕਤਾਂ ਨਾਲ ਪੰਥ ਦਰਦੀਆਂ ਦੀ ਜੁਬਾਨ ਬੰਦ ਕਰਨਾਂ ਚਾਹੁੰਦਾ ਹੈ, ਲੇਕਿਨ ਉਸ ਦੇ ਇਹ ਮਨਸੂਬੇ ਕਾਮਯਾਬ ਨਹੀਂ ਹੋਣ ਦਿਤੇ ਜਾਣਗੇ।

ਅਕਾਲੀ ਜੱਥਾ ਕਾਨਪੁਰ ਦੇ ਕਨਵੀਨਰ ਇੰਦਰ ਜੀਤ ਸਿੰਘ ਕਾਨ੍ਹਪੁਰ ਨੇ ਪ੍ਰੈੱਸ ਨਾਲ ਗਲ ਬਾਤ ਕਰਦਿਆਂ ਕਿਹਾ ਕਿ ਅਕਾਲ ਤਖਤ ਸਿੱਖਾਂ ਲਈ ਇਕ ਸਤਿਕਾਰਤ ਅਦਾਰਾ ਹੈ। ਹਰ ਸੱਚਾ ਸਿੱਖ ਅਕਾਲ ਤਖਤ ਦੇ ਸਿਧਾਂਤ ਦਾ ਸਤਿਕਾਰ ਕਰਦਾ ਹੈ, ਲੇਕਿਨ ਉਸ ਤੇ ਕਾਬਿਜ ਸਿਆਸੀ ਮੋਹਰਿਆਂ ਨੂੰ ਬੇਦਖ਼ਲ ਕਰਨ ਦੀ ਇਕ ਮੁਹਿੰਮ ਸ਼ੁਰੂ ਹੋ ਚੁੱਕੀ ਹੈ, ਜਿਸ ਦੀ ਬੁਨਿਆਦ ਵੀ ਕਾਨ੍ਹਪੁਰ ਤੋਂ ਹੀ ਸ਼ੁਰੂ ਹੋਵੇਗੀ। ਪੁਜਾਰੀਵਾਦ ਦੇ ਖਿਲਾਫ ਇਸ ਲਹਿਰ ਦੀ ਸ਼ੁਰੂਆਤ ਹੋ ਚੁੱਕੀ ਹੈ ਜਿਸ ਦੀ ਸਫਲਤਾ ਲਈ ਪੰਥਕ ਏਕਤਾ ਦੀ ਲੋੜ ਹੈ। ਸਿੱਖ ਧਾਰਮਿਕ ਅਦਾਰਿਆਂ ’ਤੇ ਬੈਠਣ ਵਾਲੇ ਅਹੁਦੇਦਾਰਾਂ, ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਤੋਂ ਅਗਵਾਈ ਲੈਣ ਦੀ ਬਜ਼ਾਏ, ਹੋਰ ਹੋਰ ਪੁਸਤਕਾਂ ਜਾਂ ਆਪਣੇ ਨਿਯੁਕਤੀਕਾਰ ਸਿਆਸੀ ਵਿਅਕਤੀਆਂ ਤੋਂ ਲੈ ਕੇ ਪੰਥ ’ਤੇ ਮਨਮਤ ਥੋਪਣ ਦੀ ਕੋਸ਼ਿਸ਼ ਕਰੇਗਾ, ਉਸ ਨੂੰ ਜੜੋਂ ਪੁੱਟ ਦਿਤਾ ਜਾਵੇਗਾ। ਇਸ ਪ੍ਰੈੱਸ ਕਾਨਫ੍ਰੰਸ ਵਿੱਚ ਹਰਪਾਲ ਸਿੰਘ ਗਾਂਧੀ, ਦਲੀਪ ਸਿੰਘ , ਰਵਿੰਦਰ ਸਿੰਘ ਸੋਨੂੰ, ਨਿਰਮਲ ਤੇਜ ਸਿੰਘ ਆਦਿਕ ਹੋਰ ਵੀਰਾਂ ਨੇ ਵੀ ਅਪਣੇ ਬਿਆਨ ਪ੍ਰੈੱਸ ਨੂੰ ਦਿਤੇ।

ਜਦ ਪ੍ਰੋ: ਦਰਸ਼ਨ ਸਿੰਘ ਦੇ ਪ੍ਰੋਗਾਮ ਨੂੰ ਗਿਆਨੀ ਗੁਰਬਚਨ ਸਿੰਘ ਵੱਲੋਂ ਹਰ ਹੀਲੇ ਰੋਕਣ ਲਈ ਅੱਗੇ ਲਾਏ ਗਏ ਵਿਵਾਦਤ ਕਾਂਗਰਸੀ ਨੇਤਾ ਸਾਬਕਾ ਐੱਮ.ਐੱਲ.ਸੀ ਕੁਲਦੀਪ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਅਕਾਲ ਤਖ਼ਤ ਦਾ ਹੁਕਮ ਹੈ, ਪ੍ਰੋ ਦਰਸ਼ਨ ਸਿੰਘ ਨੂੰ ਕਿਸੇ ਵੀ ਹਾਲਤ ਵਿੱਚ ਸਟੇਜ ’ਤੇ ਨਹੀਂ ਚੜ੍ਹਨ ਦਿੱਤਾ ਜਾਵੇਗਾ, ਬੇਸ਼ੱਕ ਉਨ੍ਹਾਂ ਨੂੰ ਕੁੱਟ ਖਾਣੀ ਪੈ ਜਾਵੇ, ਜਾਂ ਗੋਲੀ ਖਾਣੀ ਪਵੇ ਉਹ ਖਾਣਗੇ। ਉਨ੍ਹਾਂ ਬੜੇ ਫ਼ਖ਼ਰ ਨਾਲ ਕਿਹਾ 1978 ’ਚ ਨਿਰੰਕਾਰੀ ਗੁਰਬਚਨ ਸਿੰਘ ਦਾ ਕਾਨ੍ਹਪੁਰ ਵਿੱਚ ਵਿਰੋਧ ਕਰਨ ਵਾਲੇ ਜਥੇ ਦੀ ਅਗਵਾਈ ਵੀ ਉਨ੍ਹਾਂ ਨੇ ਹੀ ਕੀਤੀ ਸੀ, ਤੇ ਉਸੇ ਤਰ੍ਹਾਂ ਹੁਣ ਵੀ ਕਰਨਗੇ। ਜਦ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਮੀਡੀਏ ਵਿੱਚ ਆ ਚੁੱਕਾ ਹੈ, ਕਿ ਤੁਸੀਂ ਦੋਵਾਂ ਧਿਰਾਂ ਦੀ ਮੀਟਿੰਗ ਦੌਰਾਨ ਜਥੇਦਾਰ ਗਿਆਨੀ ਗੁਰਬਚਨ ਸਿੰਘ ਦੀ ਫ਼ੋਨ ’ਤੇ ਥਾਣੇਦਾਰ ਨਾਲ ਗੱਲ ਕਰਵਾਈ ਸੀ। ਉਸ ਵਿੱਚ ਉਨ੍ਹਾਂ ਵਿਚਕਾਰ ਕੀ ਵਾਰਤਲਾਪ ਹੋਈ ਸੀ? ਕੁਲਦੀਪ ਸਿੰਘ ਨੇ ਕਿਹਾ ਮੈਂ ਤਾਂ ਫ਼ੋਨ ਮਿਲਾ ਕੇ ਥਾਣੇਦਾਰ ਨੂੰ ਫੜਾ ਦਿਤਾ ਸੀ, ਮੈਨੂੰ ਨਹੀਂ ਪਤਾ ਉਨ੍ਹਾਂ ਦੀ ਕੀ ਗੱਲ ਹੋਈ ਸੀ, ਉਨ੍ਹਾਂ ਦੀ ਗਲਬਾਤ ਮੈਨੂੰ ਸੁਣਾਈ ਨਹੀਂ ਦਿੱਤੀ ਤੇ ਨਾ ਹੀ ਥਾਣੇਦਾਰ ਨੇ ਮੈਨੂੰ ਦੱਸਿਆ।

ਜਦੋਂ ਉਨ੍ਹਾਂ ਨੂ ਪੁੱਛਿਆ ਗਿਆ ਕਿ ਦੂਸਰੀ ਧਿਰ ਇਲਜ਼ਾਮ ਲਾ ਰਹੀ ਹੈ ਕਿ 1978 ਵਿੱਚ ਅਗਵਾਈ ਤਾਂ ਠੀਕ ਹੈ, ਤੁਸੀਂ ਹੀ ਕੀਤੀ ਸੀ ਪਰ ਗੋਲੀ ਚੱਲਣ ਵੇਲੇ ਤੁਸੀਂ ਉਥੋਂ ਦੌੜ ਆਏ ਸੀ ਜਦੋਂ ਕਿ ਤੁਹਾਨੂੰ ਆਗੂ ਮੰਨ ਕੇ ਤੁਹਾਡੇ ਪਿੱਛੇ ਜਾਣ ਵਾਲੇ ਸ਼੍ਰਧਾਲੂ ਸਿੱਖ ਮਾਰੇ ਗਏ ਸਨ। ਹੁਣ ਕੌਣ ਤੁਹਾਡੇ ’ਤੇ ਵਿਸ਼ਵਾਸ ਕਰਕੇ ਗੋਲੀ ਖਾਣ ਜਾਵੇਗਾ? ਮੰਨ ਲਓ ਕਿ ਗੁੰਮਰਾਹ ਹੋਇਆ ਚਲਾ ਵੀ ਗਿਆ ਤਾਂ ਤੁਸੀਂ ਕੀ ਸਿੱਖਾਂ ਨਾਲ ਹੀ ਲੜ ਕੇ ਮਰਵਾਉਣ ਦਾ ਠੇਕਾ ਲਿਆ ਹੋਇਆ ਜਦੋਂ ਕਿ ਉਸ ਤੋਂ ਪਿਛੋਂ ਪੰਥ ਵਿੱਚੋਂ ਛੇਕੇ ਨਿਰੰਕਾਰੀਆਂ, ਸੌਦਾ ਸਾਧ ਅਤੇ ਆਰ.ਐੱਸ.ਐੱਸ ਦੇ ਸਮਾਗਮ ਹੋ ਰਹੇ ਹਨ ਤਾਂ ਤੁਸੀਂ ਉਨ੍ਹਾਂ ਦਾ ਕਦੀ ਵੀ ਵਿਰੋਧ ਕਰਨ ਨਹੀਂ ਗਏ। ਇੱਥੋਂ ਤੱਕ ਕਿ ਪ੍ਰੋ: ਦਰਸ਼ਨ ਸਿੰਘ ਨੂੰ ਛੇਕਣ ਵਾਲੇ ਕੁਝ ਜਥੇਦਾਰ ਤਾਂ ਖੁਦ ਆਰ.ਐੱਸ.ਐੱਸ ਦੇ ਸਮਾਗਮਾਂ ਵਿੱਚ ਸ਼ਾਮਲ ਹੋ ਰਹੇ ਹਨ। ਜੇ ਕਹੋ ਤਾਂ ਤੁਹਾਨੂੰ ਉਨ੍ਹਾਂ ਦੀਆਂ ਫੋਟੋ ਵਿਖਾ ਸਕਦੇ ਹਾਂ। ਜਵਾਬ ਦੇਣ ਤੋਂ ਅਸਮਰਥ ਕੁਲਦੀਪ ਸਿੰਘ ਨੇ ਕਿਹਾ ਇਸ ਸਬੰਧੀ ਮੈਂ ਤੁਹਾਡੇ ਨਾਲ ਬਾਅਦ ਵਿੱਚ ਗੱਲ ਕਰਾਂਗਾ।

ਸ਼੍ਰੀ ਗੁਰੂ ਸਿੰਘ ਸਭਾ ਲਾਟੂਸ ਰੋਡ ਕਾਨ੍ਹਪੁਰ ਦੇ ਪ੍ਰਧਾਨ ਹਰਵਿੰਦਰ ਸਿੰਘ ਲਾਰਡ ਨਾਲ ਸੰਪਰਕ ਕਰਕੇ ਪੁੱਛਿਆ ਕਿ ਤੁਸੀਂ ਬੀਤੇ ਦਿਨ ਕਿਹਾ ਸੀ ਕਿ ਜੇ ਅਕਾਲ ਤਖ਼ਤ ਦੇ ਜਥੇਦਾਰ ਨੇ ਉਨ੍ਹਾਂ ਨੂੰ ਲਿਖਤੀ ਪੱਤਰ ਦਿੱਤਾ ਤਾਂ ਹੀ ਕਾਰਵਾਈ ਕਰਨਗੇ ਨਹੀਂ ਤਾਂ ਕਿਸੇ ਵਿਵਾਦ ਵਿੱਚ ਨਹੀਂ ਪੈਣਗੇ। ਮੀਡੀਏ ਦੀਆਂ ਖ਼ਬਰਾਂ ਤੋਂ ਪਤਾ ਲੱਗਾ ਹੈ ਕਿ ਤੁਹਾਨੂੰ ਜਥੇਦਾਰ ਵਲੋਂ ਫੈਕਸ ਰਾਹੀਂ ਸੁਨੇਹਾ ਮਿਲ ਚੁੱਕਾ ਹੈ। ਪੁਛਿਆ ਗਿਆ ਕਿ ਉਸ ਫੈਕਸ ਸੁਨੇਹੇ ਵਿੱਚ ਜਥੇਦਾਰ ਨੇ ਤੁਹਾਨੂੰ ਕੀ ਹਦਾਇਤ ਦਿੱਤੀ ਹੈ ਤੇ ਤੁਸੀਂ ਕੀ ਕਾਰਵਾਈ ਕਰ ਰਹੇ ਹੋ? ਸ: ਲਾਰਡ ਨੇ ਕਿਹਾ ਨਵਾਂ ਕੁਝ ਵੀ ਨਹੀਂ ਉਹ ਤਾਂ 2010 ਵਾਲਾ ਹੁਕਮਨਾਮਾ ਹੀ ਹੈ।

ਪੁੱਛਿਆ ਗਿਆ ਕਿ ਉਸ ਹੁਕਮਨਾਮੇ ਵਿੱਚ ਤਾਂ ਸਿੱਖਾਂ ਨੂੰ ਕੋਈ ਹੁਕਮ ਨਹੀਂ ਕੀਤੇ ਗਏ ਕਿ ਪ੍ਰੋ: ਦਰਸ਼ਨ ਸਿੰਘ ਦੇ ਸਮਾਗਮ ਜ਼ਬਰਦਸਤੀ ਰੁਕਵਾਏ ਜਾਣ ਬੇਸ਼ੱਕ ਗੋਲੀ ਵੀ ਕਿਉਂ ਨਾ ਚਲਾਉਣੀ ਪਏ? ਉਸ ਵਿੱਚ ਤਾਂ ਸਿਰਫ ਇਹ ਹੀ ਲਿਖਿਆ ਹੈ, ਕਿ ਪ੍ਰੋ: ਦਰਸ਼ਨ ਸਿੰਘ ਨੂੰ ਕੋਈ ਵੀ ਸਿੱਖ ਕੀਰਤਨ ਕਰਨ ਲਈ ਸਟੇਜ ਮੁਹਈਆ ਨਾ ਕਰਾਵੇ। ਜਿਹੜਾ ਉਸ ਦੇ ਸਮਾਗਮ ਕਰਵਾਉਣ ਵਿੱਚ ਭਾਈਵਾਲ ਬਣੇਗਾ ਉਸ ਨੂੰ ਵੀ ਪੰਥ ਵਿੱਚੋਂ ਛੇਕ ਦਿੱਤਾ ਜਾਵੇਗਾ। ਪ੍ਰੋ: ਦਰਸ਼ਨ ਸਿੰਘ ਦੇ ਪਿਛਲੇ ਤਿੰਨਾਂ ਸਾਲਾਂ ਤੋਂ ਕਾਨ੍ਹਪੁਰ ਵਿੱਚ ਸਮਾਗਮ ਹੋ ਰਹੇ ਹਨ। ਉਹ ਕਿਸੇ ਗੁਰਦੁਆਰੇ ਦੀ ਸਟੇਜ਼ ਤਾਂ ਵਰਤ ਹੀ ਨਹੀਂ ਰਹੇ। ਉਹ ਆਪਣੀ ਸਟੇਜ ਦਾ ਖ਼ੁਦ ਪ੍ਰਬੰਧ ਕਰਦੇ ਹਨ। ਫਿਰ ਪ੍ਰਬੰਧਕਾਂ ਦਾ ਇਹ ਵੀ ਕਹਿਣਾਂ ਹੈ, ਕਿ ਜੇ ਇਸ ਦੋਸ਼ ਵਿੱਚ ਉਨ੍ਹਾਂ ਨੂੰ ਵੀ ਛੇਕਣਾਂ ਚਾਹੁੰਦੇ ਹਨ ਤਾਂ ਉਹ ਆਪਣੇ 100 ਸਾਥੀਆਂ ਦੀ ਸੂਚੀ ਦੇਣ ਲਈ ਤਿਆਰ ਹਨ, ਉਨ੍ਹਾਂ ਨੂੰ ਵੀ ਛੇਕ ਲੈਣ। ਫਿਰ ਰੌਲਾ ਕਿਸ ਗੱਲ ਦਾ ਹੈ? ਸਿੱਖ ਭਰਾ ਆਪਸ ਵਿੱਚ ਗੋਲੀਆਂ ਚਲਾ ਕੇ ਦੁਨੀਆਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹਨ?

ਸ: ਲਾਰਡ ਨੇ ਕਿਹਾ ਉਹ ਪ੍ਰੋ: ਦਰਸਨ ਸਿੰਘ ਦੇ ਪ੍ਰਸ਼ੰਸਕ ਰਹੇ ਹਨ ਤੇ ਅੱਜ ਵੀ ਹਨ। ਅਕਾਲ ਤਖ਼ਤ ਦਾ ਸਨਮਾਨ ਕਰਦੇ ਹੋਏ ਉਹ ਪ੍ਰੋ: ਦਰਸ਼ਨ ਸਿੰਘ ਦੇ ਕੀਰਤਨ ਸਮਾਗਮ ਵਿੱਚ ਨਹੀਂ ਜਾਂਦੇ ਪਰ ਇਸ ਵਾਰ ਉਨ੍ਹਾਂ ਨੂੰ ਕੀਰਤਨ ਤੋਂ ਬਾਅਦ ਨਿੱਜੀ ਤੌਰ ’ਤੇ ਜਰੂਰ ਮਿਲਣਗੇ। ਉਨ੍ਹਾਂ (ਸ: ਲਾਰਡ) ਨੇ ਪਹਿਲਾਂ ਵੀ ਅੱਜ ਤੱਕ ਕੋਈ ਵਿਵਾਦ ਖੜ੍ਹਾ ਨਹੀਂ ਕੀਤਾ ਤੇ ਅੱਜ ਵੀ ਨਹੀਂ ਕਰ ਰਹੇ। ਉਨ੍ਹਾਂ ਦੀ ਸਿਰਫ ਇਹ ਹੀ ਸਲਾਹ ਹੈ ਕਿ ਅਕਾਲ ਤਖ਼ਤ ਦਾ ਸਨਮਾਨ ਰੱਖਿਆ ਜਾਵੇ ਤੇ ਪ੍ਰੋ: ਦਰਸ਼ਨ ਸਿੰਘ ਅਕਾਲ ਤਖ਼ਤ ’ਤੇ ਜਾ ਕੇ ਝਗੜਾ ਮੁਕਾ ਲੈਣ।

ਉਨ੍ਹਾਂ ਨੂੰ ਦੱਸਿਆ ਗਿਆ ਕਿ ਪ੍ਰੋ: ਦਰਸ਼ਨ ਸਿੰਘ ਅਕਾਲ ਤਖ਼ਤ ’ਤੇ ਜਾ ਆਏ ਸਨ। ਪਰ ਜਥੇਦਾਰਾਂ ਨੇ ਅਕਾਲ ਤਖ਼ਤ ਦੀ ਫ਼ਸੀਲ ’ਤੇ ਖੜ੍ਹ ਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿੱਚ ਝੂਠ ਬੋਲਿਆ ਕਿ ਦਰਸ਼ਨ ਸਿੰਘ ਅਕਾਲ ਤਖ਼ਤ ’ਤੇ ਨਹੀਂ ਆਇਆ, ਇਸ ਲਈ ਉਨ੍ਹਾਂ ਨੂੰ ਛੇਕਿਆ ਜਾਂਦਾ ਹੈ। ਪ੍ਰੋ: ਸਰਬਜੀਤ ਸਿੰਘ ਧੂੰਦਾ ਤਾਂ ਉਨ੍ਹਾਂ ਦੀ ਕੋਠੜੀ ਵਿੱਚ ਜਾ ਕੇ ਝਗੜਾ ਨਿਪਟਾ ਵੀ ਆਏ ਸਨ, ਪਰ ਹੁਲੜਬਾਜ਼ ਤਾਂ ਹੁਣ ਵੀ ਉਨ੍ਹਾਂ ਦੇ ਸਮਾਗਮ ਰੁਕਵਾਉਣ ਲਈ ਹੁਲੜਬਾਜ਼ੀ ’ਤੇ ਉਤਰਨ ਤੋਂ ਬਾਜ਼ ਨਹੀਂ ਆਉਂਦੇ। ਦੂਸਰੀ ਗੱਲ ਹੈ ਕਿ ਜਿਸ ਤਰ੍ਹਾਂ ਕੁਲਦੀਪ ਸਿੰਘ ਵੱਲੋਂ ਜਥੇਦਾਰ ਦੀ ਥਾਣੇਦਾਰ ਨਾਲ ਕਰਵਾਈ ਗੱਲਬਾਤ ਦੀ ਚਰਚਾ ਮੀਡੀਏ ਵਿੱਚ ਆ ਚੁੱਕੀ ਹੈ, ਕੀ ਤੁਸੀਂ ਸਮਝਦੇ ਹੋ ਕਿ ਉਸ ਨਾਲ ਅਕਾਲ ਤਖ਼ਤ ਦਾ ਸਨਮਾਨ ਕਰ ਰਹੇ ਹੋ, ਜਾਂ ਸਨਮਾਨ ਨੂੰ ਮਿੱਟੀ ਵਿੱਚ ਰੋਲ਼ਿਆ ਜਾ ਰਿਹਾ ਹੈ। ਦੁਨੀਆਂ ਦੇ ਲੋਕ ਕੀ ਸੋਚਣਗੇ ਕਿ ਸਿੱਖਾਂ ਦੇ ਸਰਬਉਚ ਮੰਨੇ ਜਾ ਰਹੇ ਜਥੇਦਾਰ ਨੂੰ ਇੰਨੀ ਵੀ ਤਮੀਜ਼ ਨਹੀਂ ਕਿ ਉਸ ਨੇ ਕਿਸ ਤਰ੍ਹਾਂ ਗੱਲ ਕਰਨੀ ਹੈ ਤੇ ਆਪਣੀ ਕੌਮ ਨੂੰ ਇਕੱਠੇ ਕਿਸ ਤਰ੍ਹਾਂ ਰੱਖਣਾ ਹੈ?

ਸ: ਲਾਰਡ ਨੇ ਕਿਹਾ ਕਿ ਉਨ੍ਹਾਂ ਨੂੰ ਯਕੀਨ ਨਹੀਂ ਆ ਰਿਹਾ ਕਿ ਜਥੇਦਾਰ ਨੇ ਇਸ ਤਰ੍ਹਾਂ ਦੇ ਸ਼ਬਦ ਕਹੇ ਹੋਣ ਕਿ ਉਨ੍ਹਾਂ ਦਾ ਹੁਕਮ ਨਾ ਮੰਨਣ ਵਾਲੇ ਸਿੱਖਾਂ ਨੂੰ ਜੁੱਤੇ ਮਾਰੇ ਜਾਣ। ਪੁੱਛਿਆ ਗਿਆ ਕਿ ਜੇ ਉਹ ਜੁੱਤੇ ਮਾਰੇ ਜਾਣ ਲਈ ਨਹੀਂ ਕਹਿ ਸਕਦੇ ਤਾਂ ਕਾਨ੍ਹਪੁਰ ਦੇ ਸਿੱਖ ਕੁਲਦੀਪ ਸਿੰਘ ਦੀ ਅਗਵਾਈ ਵਿੱਚ ਸਿੱਖਾਂ ਨੂੰ ਗੋਲੀ ਮਾਰਨ ਲਈ ਕਿਵੇਂ ਕਹਿ ਸਕਦੇ ਹਨ। ਸ: ਲਾਰਡ ਨੇ ਕਿਹਾ ਉਹ ਕੁਲਦੀਪ ਸਿੰਘ ਨਾਲ ਸਹਿਮਤ ਨਹੀਂ ਹਨ। ਉਨ੍ਹਾਂ ਕਿਹਾ ਕਿ ਅੱਗੇ ਤੋਂ ਕੋਈ ਅਜਿਹੀ ਸਥਿਤੀ ਪੈਦਾ ਨਾ ਹੋਵੇ ਇਸ ਲਈ ਗੱਲਬਾਤ ਕਰਨ ਲਈ ਉਹ ਅਗਲੇ ਹਫਤੇ ਜਥੇਦਾਰ ਨੂੰ ਮਿਲਣ ਲਈ ਅੰਮ੍ਰਿਤਸਰ ਜਾਣਗੇ।

ਦੂਸਰੇ ਪਾਸੇ ਸਹਾਇਕ ਜਿਲ੍ਹਾ ਮਜਿਟਸਟ੍ਰੇਟ ਜਿਨ੍ਹਾਂ ਕੋਲ ਇਸ ਸਮੇਂ ਜਿਲ੍ਹਾ ਮਜਿਸਟ੍ਰੇਟ ਦਾ ਚਾਰਜ ਹੈ ਨੇ ਦੋਵਾਂ ਧਿਰਾਂ ਦੀ ਮੀਟਿੰਗ ਦੌਰਾਨ ਕਿਹਾ ਅਕਾਲ ਤਖ਼ਤ ਦਾ ਹੁਕਮਨਾਮੇ ਕੀ ਹੈ, ਇਸ ਨਾਲ ਉਨ੍ਹਾਂ ਦਾ ਕੋਈ ਸਬੰਧ ਨਹੀਂ ਹੈ। ਸਾਨੂੰ ਤਾਂ ਇਹ ਦੱਸਿਆ ਜਾਵੇ ਕਿ ਸੰਵਿਧਾਨ ਦੀ ਕਿਸ ਧਾਰਾ ਅਨੁਸਾਰ ਅਸੀਂ ਕਿਸੇ ਦੇ ਧਾਰਮਕ ਸਮਾਗਮ ਨੂੰ ਰੋਕ ਸਕਦੇ ਹਾਂ। ਕੁਲਦੀਪ ਸਿੰਘ ਕੋਲ ਇਸ ਦਾ ਕੋਈ ਜਵਾਬ ਨਹੀਂ ਸੀ ਪਰ ਅਕਾਲੀ ਜਥੇ ਦੇ ਮਨਜੀਤ ਸਿੰਘ ਨੇ ਸੰਵਿਧਾਨ ਦੀਆਂ ਧਾਰਾਂਵਾਂ ਪੇਸ਼ ਕੀਤੀਆਂ, ਜਿਸ ਅਨੁਸਾਰ ਹਰ ਸ਼ਹਿਰੀ ਨੂੰ ਆਪਣੇ ਵੀਚਾਰ ਪ੍ਰਗਟ ਕਰਨ, ਸਪੀਚ ਅਤੇ ਸਮਾਗਮ ਕਰਨ ਦਾ ਬੁਨਿਆਦੀ ਮਨੁੱਖੀ ਅਧਿਕਾਰ ਹੈ। ਸਹਾਇਕ ਜਿਲ੍ਹਾ ਮਜਿਟਸਟ੍ਰੇਟ ਨੇ ਫੈਸਲਾ ਬੁੱਧਵਾਰ ’ਤੇ ਛੱਡ ਦਿੱਤਾ। ਇਸ ਦਾ ਭਾਵ ਹੈ ਕਿ ਸਮਾਗਮ ਹੋਣ ਜਾਂ ਨਾ ਹੋਣ ਦਾ ਫੈਸਲਾ ਪ੍ਰਸ਼ਾਸ਼ਨ ਨੇ ਬੁੱਧਵਾਰ ’ਤੇ ਲਟਕਾ ਦਿੱਤਾ ਹੈ।

ਅਕਾਲੀ ਜਥੇ ਦਾ ਕਹਿਣਾ ਹੈ, ਕਿ ਜੇ ਬਾਦਲ-ਮੱਕੜ ਰਾਹੀਂ ਰਾਜਨੀਤਕ ਦਬਾਅ ਕਾਰਣ ਪ੍ਰਸ਼ਾਸ਼ਨ ਨੇ ਉਨ੍ਹਾਂ ਨੂੰ ਸਮਾਗਮ ਕਰਨ ਦੀ ਇਜਾਜ਼ਤ ਨਾ ਦਿੱਤੀ ਤਾਂ ਉਹ ਅਦਾਲਤ ਤੱਕ ਪਹੁੰਚ ਕਰਨਗੇ ਤੇ ਸਮਾਗਮ ਹਰ ਹਾਲਤ ਹੋਵੇਗਾ। ਜੇ ਕਰ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਉਤਰ ਪ੍ਰਦੇਸ਼ ਦੇ ਮੁੱਖ ਮੰਤਰੀ ਤੱਕ ਪਹੁੰਚ ਕਰਕੇ ਇੱਕ ਧਾਰਮਕ ਸਮਾਗਮ ਰੁਕਵਾਉਣ ਵਿੱਚ ਸਫਲ ਹੋ ਜਾਂਦੇ ਹਨ ਤਾਂ ਇਸ ਸਰਕਾਰੀ ਦਖ਼ਲ ਅੰਦਾਜ਼ੀ ਅਤੇ ਔਰੰਗਜ਼ੇਬ ਦੀ ਨੀਤੀ ਵਿੱਚ ਕੀ ਅੰਤਰ ਰਹਿ ਜਾਵੇਗਾ।

 


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top