Share on Facebook

Main News Page

ਗੁਰੂ ਗ੍ਰੰਥ ਸਾਹਿਬ ਦੀ ਗੋਦ ਵਿਚ ਪਲਣ ਵਾਲੇ, ਗ਼ੁਲਾਮਾਂ, ਅਕਾਲ ਤਖਤ 'ਤੇ ਖਲੋਕੇ ਝੂਠ ਬੋਲਣ ਵਾਲਿਆਂ ਅਤੇ ਦਰ ਦਰ ਦੇ ਮੰਗਤਿਆਂ ਅੱਗੇ ਕਦੀ ਨਹੀਂ ਝੁਕਦੇ

13 Feb 2013: ਜਦੋਂ ਤੋਂ ਇਸ ਅਖੌਤੀ ਜੱਥੇਦਾਰ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਬਚਿੱਤਰ ਨਾਟਕ ਬਿਨਾ ਅਧੂਰਾ ਸਾਬਤ ਕਰਨ ਦੀ ਹਿਮਾਕਤ ਕੀਤੀ ਹੈ, ਮੈਂ ਗੁਰਬਾਣੀ ਅਨੁਸਾਰ “ਨਿਗੁਰੇ ਕਾ ਹੈ ਨਾਉ ਬੁਰਾ” ਸਮਝ ਕੇ, ਇਸ ਨਿਗੁਰੇ ਨੂੰ ਮੁਖਾਤਿਬ ਕਰਨਾ ਛੱਡ ਦਿੱਤਾ ਸੀ।

ਪਰ, ਹੁਣ ਕੱਲ ਜਦੋਂ ਪਤਾ ਲੱਗਾ ਕਿ ਇਸ “ਦੀਨ ਕੇ ਬਉਰੇ” ਨੇ ਕਾਨ੍ਹਪੁਰ ਵਿਚ ਕੀਰਤਨ ਬੰਦ ਕਰਾਉਣ ਸਬੰਧੀ ਸ. ਕਿਰਪਾਲ ਸਿੰਘ ਬਠਿੰਡਾ ਨਾਲ ਫੋਨ ‘ਤੇ ਹੋਈ ਗੱਲਬਾਤ ਵਿੱਚ ਆਖਿਆ ਹੈ, ਕਿ ਜੇ ਦਰਸ਼ਨ ਸਿੰਘ ਨੇ ਸਿੱਖ ਸਟੇਜਾਂ ‘ਤੇ ਕੀਰਤਨ ਕਰਨਾ ਹੈ, ਤਾਂ ਆਕੇ ਮਾਫੀ ਮੰਗ ਲਵੇ, ਤਾਂ ਉਸਨੂੰ ਕੀਰਤਨ ਕਰਨ ਦੀ ਇਜ਼ਾਜ਼ਤ ਦਿੱਤੀ ਜਾਵੇਗੀ, ਤਾਂ ਮੈਨੂੰ ਹੁਣ ਇਸਦਾ ਭੁਲੇਖਾ ਦੂਰ ਕਰਨ ਲਈ ਕੁੱਝ ਲਿਖਣਾ ਪਿਆ ਹੈ।

ਭੋਲਿਆ, ਤੂੰ ਤਾਂ ਸਿਆਸੀ ਗ਼ੁਲਾਮੀ ਦੇ ਖੇਤਰ ਵਿਚ ਜੰਮਿਆ ਹੈਂ, ਅਤੇ ਟੁੱਕੜ ਪੈਣ ਦੀ ਆਸ ਨਾਲ ਰੋਜ਼ ਨੀਲੇ ਚਿਟੇ ਚੋਲਿਆਂ ਵਾਲਿਆਂ ਦੇ ਡੇਰਿਆਂ ਵਿਚ ਝੱਖ ਮਾਰਦਾ ਫਿਰ ਰਿਹਾ ਹੈਂ। ਤੂੰ ਅਜੇ ਧਰਮ ਦੇ ਖੇਤਰ ਵਿਚ ਜੰਮਿਆਂ ਹੀ ਨਹੀਂ, ਤੈਨੂੰ ਕੀ ਪਤਾ ਗੁਰੂ ਗ੍ਰੰਥ ਸਾਹਿਬ ਦੀ ਗੋਦ ਵਿਚ ਪਲਣ ਵਾਲੇ ਅਤੇ ਗੁਰਬਾਣੀ ਭੌਜਨ ਨੂੰ ਖਾਣ ਅਤੇ ਭੁੰਚਨ ਵਾਲੇ ਦੀ ਆਤਮਾ ਕਿੰਨੀ ਬਲਵਾਨ ਹੁੰਦੀ ਹੈ, ਉਹ “ਠਾਕਰ ਛੋਡ ਦਾਸੀ ਕਉ ਸਿਮਰੈ” ਵਾਂਗੂੰ ਗ਼ੁਲਾਮਾਂ, ਅਕਾਲ ਤਖਤ ਤੇ ਖਲੋਕੇ ਝੂਠ ਬੋਲਣ ਵਾਲਿਆਂ ਅਤੇ ਦਰ ਦਰ ਦੇ ਮੰਗਤਿਆਂ ਅੱਗੇ ਕਦੀ ਨਹੀਂ ਝੁਕਦਾ।

ਭੋਲਿਆ ਮੇਰੇ ‘ਤੇ ਆਸ ਨਾ ਰੱਖ, ਕੋਈ ਹੋਰ ਢੂੰਡ, ਤੈਨੂੰ ਮਾਫੀ ਮੰਗਣ ਵਾਲੇ, ਮੁਰਦਾ ਆਤਮਾ, ਬਹੁਤ ਮਿਲ ਜਾਣਗੇ, ਜਿਹੜੇ ਤੇਰਾ ਰਾਂਝਾ ਰਾਜ਼ੀ ਕਰ ਦੇਣਗੇ।

ਬਾਕੀ ਰਹਿ ਗਏ ਤੇਰੇ ਵਲੋਂ ਕੀਰਤਨ ਬੰਦ ਕਰਾਉਣ ਦੇ ਔਰੰਗਜ਼ੇਬੀ ਹਰਬੇ, ਜੇ ਭਲਾ ਕੁੱਛ ਸਮੇਂ ਲਈ ਤੂੰ ਕਾਮਯਾਬ ਭੀ ਹੋ ਜਾਵੇਂ, ਜੋ ਅਸੰਭਵ ਹੈ, ਇਸ ਨਾਲ ਮੇਰਾ ਕੁਛ ਨਹੀਂ ਵਿਗੜਨਾ, ਪਰ ਗੁਰਬਾਣੀ ਕੀਰਤਨ ਵਿਚਾਰ ਨਾਲ ਜੁੜਨ ਵਾਲੀਆਂ ਸੰਗਤਾਂ, ਜੋ ਤੈਨੂੰ ਤੇ ਤੇਰੇ ਹਰਬਿਆਂ ਨੂੰ ਨਹੀਂ ਮੰਨਦੀਆਂ, ਉਨ੍ਹਾਂ ਦੀਆਂ ਬਦ ਅਸੀਸਾਂ ਨਾਲ ਅਪਣਾ ਬੇੜਾ ਡੋਬ ਲਵੇਂਗਾ।

ਯਕੀਨ ਕਰੀਂ, ਜਦ ਤਕ ਮੇਰੇ ਕੋਲ ਜੀਵਨ ਅਤੇ ਗੁਰੂ ਦਾ ਬਖਸ਼ਿਆ ਬਲ ਹੈ, ਤਦ ਤਕ “ਕੀਰਤਨ ਨਾਮੁ ਸਿਮਰਤ ਰਹਉ ਜਬ ਲਗੁ ਘਟਿ ਸਾਸੁ ॥1॥” ਯਾਦ ਕਰ ਜਿਥੇ ਤੂੰ ਬੈਠਾ ਹੈਂ ਕਦੇ ਏਥੇ ਬੈਠ ਕੇ ਮੱਸੇ ਰੰਘੜ ਨੇ ਭੀ ਕਦੀ ਕੀਰਤਨ ਬੰਦ ਕਰਾਕੇ, ਵੇਸਵਾ ਨਚਾਈਆਂ ਸਨ, ਮੱਸਾ ਰੰਘੜ ਤਾਂ ਖਾਕ ਹੋ ਗਿਆ, ਪਰ ਹਰਮੰਦਿਰ ਦਾ ਕੀਰਤਨ ਨਹੀਂ ਬੰਦ ਹੋ ਸਕਿਆ, ਕੀਰਤਨ ਅੱਜ ਭੀ ਹੋ ਰਿਹਾ ਹੈ, ਜਿਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ ਹੋਵੇ, ਉਹ ਹਰ ਥਾਂ ਹਰਮੰਦਿਰ ਹੈ, ਅਤੇ ਤੂੰ ਹਰ ਥਾਵੇਂ ਕੀਰਤਨ ਬੰਦ ਕਰਾਉਣ ਦੀਆਂ ਧਮਕੀਆਂ ਦੇਕੇ, ਇਤਿਹਾਸ ਦਾ ਦੂਜਾ ਵੱਡਾ ਮੱਸਾ ਰੰਘੜ ਸਾਬਤ ਹੋ ਰਿਹਾ ਹੈਂ।

ਦਰਸ਼ਨ ਸਿੰਘ ਖਾਲਸਾ


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top