Share on Facebook

Main News Page

ਗੱਲਾਂ ਤਾਂ ਤੇਰੀਆਂ ਸੱਚੀਆਂ
-
ਨਿਰਮਲ ਸਿੰਘ ਕੰਧਾਲਵੀ

ਮਾਈ ਹਰਨਾਮ ਕੌਰ ਨੇ ਬੜੀ ਹਲੀਮੀ ਨਾਲ ਆਪਣੇ ਘਰ ਵਾਲੇ ਸਵਰਨ ਸਿੰਘ ਨੂੰ ਕਿਹਾ, “ਮਖਿਆ ਜੀ, ਆਪਾਂ ਵੀ ਇੰਡੀਆ ਤੋਂ ਆਏ ਹੋਏ ਤੀਰ ਵਾਲੇ ਬਾਬਾ ਜੀ ਨੂੰ ਘਰੇ ਸੱਦ ਕੇ ਚਾਹ-ਪਾਣੀ ਛਕਾਈਏ, ਆਪਣੇ ਟੌਨ ‘ਚ ਕਈਆਂ ਨੇ ਬਾਬਾ ਜੀ ਦੇ ਚਰਨ ਆਪਣੇ ਘਰਾਂ ‘ਚ ਪੁਆਏ ਆ”। ਹਰਨਾਮ ਕੌਰ ਦੀ ਗੱਲ ਸੁਣ ਕੇ ਸਵਰਨ ਸਿੰਘ ਇਉਂ ਤ੍ਰਭਕਿਆ ਜਿਵੇਂ ਕਿਸੇ ਭਿਆਨਕ ਸੁਪਨੇ ‘ਚੋਂ ਜਾਗਿਆ ਹੋਵੇ ਤੇ ਅੱਭੜਵਾਹੇ ਜਿਹੇ ਬੋਲਿਆ, “ਤੂੰ ਰਹਿਣ ਦੇ ਹਰਨਾਮ ਕੌਰੇ, ਏਦਾਂ ਦੇ ਬੂਬਨੇ ਸਾਧ ਬਹੁਤ ਤੁਰੇ ਫਿਰਦੇ ਆ, ਜਿਹਨੀਂ ਆਪਣੇ ਘਰ ਦਾ ਕੁਝ ਨਹੀਂ ਸੁਆਰਿਆ, ਇਹ ਲੋਕਾਂ ਦਾ ਕੀ ਸੁਆਰਨਗੇ, ਘਰ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਤੋਂ ਭਗੌੜੇ ਹੋਏ ਲੋਕ ਹੁੰਦੇ ਆ ਇਹ”।

ਉਸ ਨੇ ਏਨਾ ਕਹਿ ਕੇ ਹਰਨਾਮ ਕੌਰ ਦਾ ਪ੍ਰਤਿਕਰਮ ਦੇਖਣ ਲਈ ਉਹਦੇ ਵਲ ਟੇਢੀ ਜਿਹੀ ਅੱਖ ਨਾਲ ਦੇਖਿਆ। ਹਰਨਾਮ ਕੌਰ ਵਿਚਾਰੀ ਨਿੰਮੋਝੂਣ ਜਿਹੀ ਹੋਈ ਬੈਠੀ ਸੀ, ਪਰ ਫ਼ੇਰ ਵੀ ਉਸ ਨੇ ਹੌਸਲਾ ਕਰ ਕੇ ਕਹਿ ਹੀ ਦਿੱਤਾ, “ਨਾ ਮਖਿਆ ਜੀ, ਸਾਰੇ ਤਾਂ ਨਈਂ ਏਦਾਂ ਦੇ ਹੁੰਦੇ, ਤੀਰ ਵਾਲੇ ਬਾਬੇ ਦੀਆਂ ਤਾਂ ਸਾਰੇ ਈ ਸਿਫ਼ਤਾਂ ਕਰਦੇ ਆ”।

“ਅੱਛਾ ਦੇਖਾਂਗੇ,” ਕਹਿ ਕੇ ਸਵਰਨ ਸਿੰਘ ਨੇ ਗੱਲ ਟਾਲ ਦਿਤੀ।

ਸਵਰਨ ਸਿੰਘ ਦੀ ਅੱਧੀ-ਪਚੱਧੀ ਜਿਹੀ ਹਾਂ ਦੇਖ਼ ਕੇ ਹਰਨਾਮ ਕੌਰ ਨੂੰ ਕਾਫ਼ੀ ਹੌਸਲਾ ਹੋਇਆ ਤੇ ਅਗਲੇ ਦਿਨ ਉਹ ਵੀ ਤੀਰ ਵਾਲੇ ਬਾਬੇ ਨੂੰ ਆਪਣੇ ਘਰੇ ਚਰਨ ਪਾਉਣ ਦਾ ਸੱਦਾ ਦੇ ਆਈ ਭਾਵੇਂ ਕਿ ਅੰਦਰੋਂ ਉਹ ਅਜੇ ਵੀ ਡਰ ਰਹੀ ਸੀ। ਜਦੋਂ ਉਹਨੇ ਘਰ ਆ ਕੇ ਸਵਰਨ ਸਿੰਘ ਨੂੰ ਦੱਸਿਆ ਤਾਂ ਉਸ ਨੇ ਕੋਈ ਬਹੁਤਾ ਵਿਰੋਧ ਨਾ ਕੀਤਾ, ਸ਼ਾਇਦ ਉਹ ਹਰਨਾਮ ਕੌਰ ਦੇ ਦਿਲ ਨੂੰ ਸੱਟ ਨਹੀਂ ਸੀ ਮਾਰਨਾ ਚਾਹੁੰਦਾ, ਕਿਉਂਕਿ ਅਜੇ ਥੋੜ੍ਹਾ ਚਿਰ ਪਹਿਲਾਂ ਹੀ ਹਰਨਾਮ ਕੌਰ ਦੇ ਵੱਡੇ ਭਰਾ ਦੀ ਕੈਨੇਡਾ ਵਿਚ ਮੌਤ ਹੋ ਗਈ ਸੀ ਤੇ ਉਹ ਬਹੁਤ ਗ਼ਮ ਵਿਚ ਸੀ।

ਮਿਥੇ ਦਿਨ ‘ਤੇ ਬਾਬਾ ਪੰਜ ਸੱਤ ਚੇਲਿਆਂ ਤੇ ਦੋ ਚਾਰ ਹੋਰ ਸ਼ਰਧਾਲੂਆਂ ਨਾਲ ਆ ਪਹੁੰਚਾ।

ਹਰਨਾਮ ਕੌਰ ਨੇ ਬੜੇ ਪ੍ਰੇਮ ਨਾਲ ਸੌਂਫ਼, ਲੈਚੀਆਂ ਪਾ ਕੇ ਦੁੱਧ ਤਿਆਰ ਕੀਤਾ ਅਤੇ ਘਰ ਦੀਆਂ ਬਣਾਈਆਂ ਹੋਈਆਂ ਅਲਸੀ ਦੀਆਂ ਪਿੰਨੀਆਂ ਉਨ੍ਹਾਂ ਦੇ ਅੱਗੇ ਰੱਖੀਆਂ। ਕੱਚ ਦੇ ਗਿਲਾਸਾਂ ‘ਚ ਦੁੱਧ ਦੇਖ ਕੇ ਬਾਬੇ ਨੇ ਮੱਥੇ ‘ਤੇ ਤਿਊੜੀਆਂ ਪਾ ਲਈਆਂ ‘ਤੇ ਇਕ ਚੇਲਾ ਬੋਲਿਆ, “ਮਾਤਾ ਜੀ, ਬਾਬਾ ਜੀ ਸਰਬ-ਲੋਹ ਦੇ ਬਰਤਨਾਂ ‘ਚ ਲੰਗਰ ਛਕਦੇ ਆ, ਕੱਚ ਦੇ ਭਾਂਡਿਆਂ ‘ਚ ਨਈਂ ਕੁਝ ਵੀ ਛਕਦੇ, ਸਰਬ-ਲੋਹ ਦਾ ਬਰਤਨ ਲਿਆਉ ਏਹਨਾਂ ਲਈ”।

ਸਵਰਨ ਸਿੰਘ ਨੇ ਬਾਬੇ ਦੀ ਚਾਲ ਢਾਲ ਤੋਂ ਹੀ ਅੰਦਾਜ਼ਾ ਲਗਾ ਲਿਆ ਸੀ, ਇਹ ਸਾਧ-ਸੰਤ ਨਾਲੋਂ ਕਿਸੇ ਗੈਂਗ ਦਾ ਲੀਡਰ ਵਧੇਰੇ ਜਾਪਦਾ ਸੀ। ਸਵਰਨ ਸਿੰਘ ਨੇ ਵੀ ਫੌਜ ਦੀ ਨੌਕਰੀ ਦੌਰਾਨ ਘਾਟ ਘਾਟ ਦਾ ਪਾਣੀ ਪੀਤਾ ਹੋਇਆ ਸੀ। ਉਹ ਤਾਂ ਪਹਿਲਾਂ ਹੀ ਭਰਿਆ ਪੀਤਾ ਬੈਠਾ ਸੀ, ਬਾਬੇ ਦੇ ਚੇਲੇ ਦੀ ਗੱਲ ਸੁਣ ਕੇ ਉਹਦਾ ਪਾਰਾ ਹੋਰ ਚੜ੍ਹ ਗਿਆ ਤੇ ਉਹ ਬੋਲ ਉਠਿਆ, “ਏਹਨੂੰ ਵੱਡੇ ਸਰਬ ਲੋਹੀਏ ਨੂੰ ਕਹਿ ਕਿ ਹੁਣ ਚਾਹੇ ਸਰਬ-ਲੋਹ ‘ਚ ਪੀ ਤੇ ਚਾਹੇ ਮਿੱਟੀ ਦੇ ਭਾਂਡੇ ‘ਚ ਪੀ, ਇਹ ਦੁੱਧ ਪਹਿਲਾਂ ਵੀ ਕੱਚ ਦੀ ਬੋਤਲ ‘ਚ ਈ ਸੀਗਾ ਤੇ ਨਾਲੇ ਤੈਨੂੰ ਇਹ ਵੀ ਦੱਸ ਦਿਆਂ ਪਈ ਰਬੜ ਦੀਆਂ ਟੂਟੀਆਂ ਨਾਲ ਗਾਈਆਂ ਨੂੰ ਚੋਂਦੇ ਆ ਤੇ ਕੱਚ ਦੇ ਵੱਡੇ ਵੱਡੇ ਭਾਂਡਿਆਂ ‘ਚ ਈ ਪਹਿਲਾਂ ਪਾਉਂਦੇ ਆ, ਗੋਰਿਆਂ ਨੇ ਤੇਰਾ ਸਰਬ-ਲੋਹ ਨਈਂ ਏਥੇ ਰੱਖਿਆ ਹੋਇਆ, ਨਾਲੇ ਸਭ ਤੋਂ ਪਹਿਲਾਂ ਤਾਂ ਦੁੱਧ ਗਾਂ ਦੇ ਥਣਾਂ ‘ਚੋਂ ਹੀ ਨਿਕਲਿਆ ਤੇ ਇਹਨੂੰ ਬੂਬਨੇ ਨੂੰ ਪੁੱਛ, ਗਾਂ ਦੇ ਥਣ ਕਾਹਦੇ ਬਣੇ ਹੋਏ ਆ? ਇਹ ਪਖੰਡ ਕਿਸੇ ਹੋਰ ਨੁੰ ਦਿਖਾਇਉ ਜਾ ਕੇ, ਆਪਣੇ ਭਾਂਡੇ ਕੋਲ ਲੈ ਕੇ ਆਇਆ ਕਰੋ।

ਸਵਰਨ ਸਿੰਘ ਨੂੰ ਦਮੇਂ ਦੀ ਸ਼ਿਕਾਇਤ ਸੀ, ਉਹ ਗੱਲ ਕਰਦਾ ਕਰਦਾ ਹਫ਼ ਗਿਆ।

ਉਹਦੀਆਂ ਤੀਰਾਂ ਵਰਗੀਆਂ ਸਿੱਧੀਆਂ ਸਪਾਟ ਗੱਲਾਂ ਸੁਣ ਕੇ ਬਾਬਾ ਤੇ ਉਹਦੇ ਚੇਲੇ ਵਾੜ ‘ਚ ਫ਼ਸੇ ਬਿੱਲੇ ਵਾਂਗ ਅੜਿੱਕੇ ਆਏ ਮਹਿਸੂਸ ਕਰ ਰਹੇ ਸਨ। ਉਹ ਇਉਂ ਚੁੱਪ ਸਨ ਜਿਵੇਂ ਪੱਥਰ ਦੀਆਂ ਮੂਰਤੀਆਂ ਹੋਣ।

ਬਾਬਾ ਮੂੰਹੋਂ ਤਾਂ ਕੁਝ ਨਹੀਂ ਬੋਲਿਆ ਪਰ ਉਹਦੇ ਮੱਥੇ ਦੀਆਂ ਤਿਊੜੀਆਂ ਉਹਦੇ ਅੰਦਰਲੇ ਗੁੱਸੇ ਨੂੰ ਪਰਗਟ ਕਰ ਰਹੀਆਂ ਸਨ ਤੇ ਉਹ ਝਟਕਾ ਜਿਹਾ ਮਾਰ ਕੇ ਉ੍‍ਠ ਕੇ ਖੜੋ ਗਿਆ ਤੇ ਮਗਰੇ ਹੀ ਚੇਲਿਆਂ ਨੇ ਉੱਠ ਕੇ ਬਾਬੇ ਨੂੰ ਚੌਹਾਂ ਪਾਸਿਆਂ ਤੋਂ ਆਪਣੇ ਘੇਰੇ ਵਿਚ ਇੰਜ ਲੈ ਲਿਆ ਜਿਵੇਂ ਕਿਸੇ ਆਤਮਘਾਤੀ ਹਮਲਾਵਰ ਦਾ ਖ਼ਤਰਾ ਹੋਵੇ। ਤੇ ਫਿਰ ਉਹ ਸਾਰੇ ਰਵਾਂ-ਰਵੀਂ ਦਰਵਾਜ਼ਿਉਂ ਬਾਹਰ ਨਿਕਲ ਗਏ।

ਹਰਨਾਮ ਕੌਰ ਹੱਥ ਜੋੜੀ ਖੜ੍ਹੀ ਸੀ। ਉਹ ਅਜੇ ਕੁਝ ਬੋਲਣ ਹੀ ਲਗੀ ਸੀ ਕਿ ਸਵਰਨ ਸਿੰਘ ਦੀ ਇਕੋ ਘੂਰੀ ਨਾਲ ਹੀ ਚੁੱਪ ਕਰ ਗਈ।

ਫਿਰ ਉਹ ਸਾਰੇ ਫਟਾ-ਫਟ ਕਾਰਾਂ ‘ਚ ਬੈਠ ਕੇ ਤਿੱਤਰ ਹੋ ਗਏ।

ਹਰਨਾਮ ਕੌਰ ਦੁੱਧ ਵਾਲੀ ਕੇਤਲੀ ਅਤੇ ਪਿੰਨੀਆਂ ਚੁੱਕੀ ਰਸੋਈ ਵਲ ਨੂੰ ਜਾਂਦੀ ਸਵਰਨ ਸਿੰਘ ਨੂੰ ਸੁਣਾ ਕੇ ਕਹਿ ਰਹੀ ਸੀ “ਮਖਿਆ ਜੀ, ਗੱਲਾਂ ਤਾਂ ਤੇਰੀਆਂ ਸੱਚੀਆਂ”।


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top