Share on Facebook

Main News Page

ਰਾਜੀਵ ਗਾਂਧੀ ਵੱਲੋਂ ਦਿਤੇ ਬਿਆਨ ‘ਜਬ ਬੜਾ ਪੇੜ ਗਿਰਤਾ ਹੈ ਤਾਂ ਧਰਤੀ ਕਾਂਪਤੀ ਹੀ ਹੈ’ ਨੂੰ ਗਲਤ ਮੰਨਣ ਦੇ ਬਾਵਯੂਦ ਰਵਨੀਤ ਬਿੱਟੂ ਬਿਆਨ ਦੇਣ ਲਈ ਤਿਆਰ ਨਹੀਂ
-
ਕਿਰਪਾਲ ਸਿੰਘ ਬਠਿੰਡਾ  ਮੋਬ: 98554 80797

ਬੀਤੇ ਦਿਨ ਪੰਜਾਬ ਸਪੈੱਕਟ੍ਰਮ ਵਿੱਚ ਸ੍ਰੀ ਆਨੰਦਪੁਰ ਸਾਹਿਬ ਤੋਂ ਕਾਂਗਰਸੀ ਐੱਮ. ਪੀ. ਰਵਨੀਤ ਬਿੱਟੂ ਦਾ ਇਕ ਬਿਆਨ ਛਪਿਆ ਸੀ, ਜਿਸ ਵਿੱਚ ਉਨ੍ਹਾਂ ਕਿਹਾ ਕਿ ‘‘ਕੇਂਦਰ ਦੀ ਕਾਂਗਰਸ ਸਰਕਾਰ ਨੇ ਅੱਤਵਾਦੀ ਅਫਜ਼ਲ ਗੁਰੂ ਨੂੰ ਫਾਂਸੀ ਦੇ ਕੇ ਭਾਰਤ ਵਾਸੀਆਂ ਨੂੰ ਸਪੱਸ਼ਟ ਕਰ ਦਿੱਤਾ ਹੈ ਕਿ ਕਾਨੂੰਨ ਤੋਂ ਉਪਰ ਕੋਈ ਨਹੀਂ ਹੈ। ਉਨ੍ਹਾਂ ਕਿਹਾ ਕਿ ਅਫਜ਼ਲ ਗੁਰੂ ਤੋਂ ਬਾਅਦ ਹੁਣ ਪੰਜਾਬ ਅੰਦਰ ਅਮਨ-ਸ਼ਾਂਤੀ ਕਾਇਮ ਕਰਨ ਵਾਲੇ ਸ਼ਹੀਦ ਬੇਅੰਤ ਦੀ ਹੱਤਿਆ ਵਿਚ ਸ਼ਾਮਲ ਬਲਵੰਤ ਸਿੰਘ ਰਾਜੋਆਣਾ ਅਤੇ ਅੱਤਵਾਦੀ ਦਵਿੰਦਰਪਾਲ ਸਿੰਘ ਭੁੱਲਰ ਦੀ ਵਾਰੀ ਹੈ। ਉਨ੍ਹਾਂ ਕੇਂਦਰ ਸਰਕਾਰ ਤੋਂ ਜ਼ੋਰਦਾਰ ਮੰਗ ਕੀਤੀ ਕਿ ਇਨ੍ਹਾਂ ਨੂੰ ਵੀ ਜਲਦ ਤੋਂ ਜਲਦ ਫਾਂਸੀ ’ਤੇ ਲਟਕਾ ਦਿੱਤਾ ਜਾਵੇ।’’

ਇਹ ਬਿਆਨ ਪੜ੍ਹਨ ਪਿੱਛੋਂ ਮੈਂ ਤਰੰਤ ਉਨ੍ਹਾਂ ਦੇ ਮੋਬ: ਫ਼ੋਨ ਨੰ: 09815380009 ਅਤੇ 9815700519 ’ਤੇ ਸੰਪਰਕ ਕਰਨ ਦੀ ਕਾਫੀ ਕੋਸ਼ਿਸ਼ ਕੀਤੀ ਪਰ ਅਸਫਲ ਰਿਹਾ। ਅਖੀਰ ਇੱਕ ਵਾਰ ਫ਼ੋਨ ਚੁੱਕਣ ਵਾਲੇ ਨੇ ਦੱਸਿਆ ਕਿ ਉਹ ਉਨ੍ਹਾਂ ਦੇ ਦੋਸਤ ਬੋਲ ਰਹੇ ਹਨ ਤੇ ਬਿੱਟੂ ਜੀ ਦਿੱਲੀ ਗਏ ਹੋਏ ਹਨ। ਦਿੱਲੀ ਦਾ ਨੰਬਰ ਪੁੱਛੇ ਜਾਣ ’ਤੇ ਉਨ੍ਹਾਂ ਕਿਹਾ ਉਥੇ ਤਾਂ ਗੱਲ ਨਹੀਂ ਹੋ ਸਕਣੀ ਉਹ ਕੱਲ੍ਹ ਨੂੰ ਪੰਜਾਬ ’ਚ ਹੀ ਆ ਜਾਣਗੇ ਤੇ ਸਵੇਰੇ 10 ਕੁ ਵਜੇ ਤੁਹਾਡੇ ਨਾਲ ਗੱਲ ਕਰਵਾ ਦਿੱਤੀ ਜਾਵੇਗੀ। ਅੱਜ ਫਿਰ ਕਈ ਵਾਰ ਸੰਪਰਕ ਕਰਨ ਦੀ ਕੋਸ਼ਿਸ਼ ਵਿੱਚ ਅਸਫਲ ਰਹਿਣ ਉਪ੍ਰੰਤ ਅਖੀਰ ਉਨ੍ਹਾਂ ਦੀ ਬੈਕ ਕਾਲ ਆ ਗਈ।

ਉਨ੍ਹਾਂ ਦੇ ਬਿਆਨ ਦਾ ਹਵਾਲਾ ਦੇ ਕੇ ਪੁੱਛਿਆ ਗਿਆ ਕਿ ਰਵਨੀਤ ਬਿੱਟੂ ਜੀ! ਅਫ਼ਜ਼ਲ ਗੁਰੂ ਨੂੰ ਫਾਂਸੀ ਦਿੱਤੇ ਜਾਣ ਦੀ ਤੁਹਾਡੇ ਵੱਲੋਂ ‘‘ਕਾਨੂੰਨ ਨੇ ਆਪਣਾ ਕੰਮ ਕੀਤਾ’’ ਦੱਸ ਕੇ ਸ਼ਾਲਾਘਾ ਕਰਨੀ ਅਤੇ ਉਸ ਉਪ੍ਰੰਤ ਭਾਈ ਰਾਜੋਆਣਾ ਜੀ ਅਤੇ ਪ੍ਰੋ: ਦਵਿੰਦਰਪਾਲ ਸਿੰਘ ਭੁੱਲਰ ਨੂੰ ਫਾਂਸੀ ਦੀ ਮੰਗ ਕਰਨੀ ਸਿਰਫ ਓਸ ਸਥਿਤੀ ਵਿੱਚ ਹੀ ਜਾਇਜ਼ ਮੰਨੀ ਜਾ ਸਕਦੀ ਹੈ, ਜੇ ਤੁਸੀਂ 1984 ਦੇ ਸਿੱਖ ਕਤਲੇਆਮ ਅਤੇ 2002 ’ਚ ਗੁਜਰਾਤ ’ਚ ਮੁਸਲਮਾਨਾਂ ਦੇ ਕਤਲੇਆਮ ਦੇ ਦੋਸ਼ੀਆਂ ਨੂੰ ਵੀ ਫਾਂਸੀ ਦੀ ਸਜ਼ਾ ਦੀ ਮੰਗ ਕਰਦੇ। ਉਨ੍ਹਾਂ ਨੂੰ ਦੱਸਿਆ ਗਿਆ ਕਿ ਮੈਂ ਆਪ ਜੀ ਦੇ ਇਸ ਕਥਨ ਨਾਲ ਬਿਲਕੁਲ ਸਹਿਮਤ ਹਾਂ ਕਿ ਸ਼ਹੀਦਾਂ ਦੇ ਪਰਿਵਾਰਾਂ ਨੂੰ ਪੈਸਿਆਂ ਜਾਂ ਨੌਕਰੀਆਂ ਨਾਲ ਸਨਮਾਨ ਨਹੀਂ ਮਿਲਦਾ ਸਗੋਂ ਸਨਮਾਨ ਉਦੋਂ ਹੀ ਮਿਲਦਾ ਹੈ ਜਦੋਂ ਇਨ੍ਹਾਂ ਦੋਸ਼ੀਆਂ ਨੂੰ ਫਾਂਸੀਆਂ ਮਿਲਦੀਆਂ ਹਨ। ਪਰ ਤੁਹਾਡੇ ਵੱਲੋਂ ਕੀਤੀ ਗਈ ਇਨਸਾਫ਼ ਦੀ ਇਸ ਗੱਲ ਦੀ ਸਾਰਥਿਕਤਾ ਸਿਰਫ ਉਸ ਸਮੇਂ ਹੀ ਮੰਨੀ ਜਾ ਸਕਦੀ ਹੈ ਜਦੋਂ ਸਿਆਸੀ ਲਾਹੇ ਲੈਣ ਲਈ ਘੱਟ ਗਿਣਤੀਆਂ ਨਾਲ ਸਬੰਧਤ ਬੇਕਸੂਰ ਲੋਕਾਂ ਦੇ ਕਤਲ ਕਰਨ ਵਾਲੇ ਕਾਤਲਾਂ ਨੂੰ ਵੀ ਫਾਂਸੀ ਮਿਲੇ। ਤੁਸੀਂ ਵੇਖਦੇ ਹੋ ਕਿ ਨਵੰਬਰ 1984 ਵਿੱਚ ਸਰਕਾਰੀ ਅੰਕੜਿਆਂ ਅਨੁਸਾਰ ਹੀ 30000 ਤੋਂ ਵੱਧ ਬੇਕਸੂਰ ਸਿੱਖਾਂ ਨੂੰ ਜਿਉਂਦੇ ਹੀ ਅੱਗ ਵਿੱਚ ਸਾੜਿਆ ਗਿਆ, ਜਾਇਦਾਦਾਂ ਲੁੱਟੀਆਂ ਤੇ ਸਾੜੀਆਂ ਗਈਆਂ। ਸਭ ਤੋਂ ਘਿਨਾਉਣੀ ਹਰਕਤ ਕਿ ਸਿੱਖ ਔਰਤਾਂ ਨਾਲ ਸ਼ਰੇਆਮ ਬਜਾਰਾਂ ਵਿੱਚ ਸਮੂਹਿਕ ਬਲਾਤਕਾਰ ਕਰ ਕੇ ਕੌਮ ਦੀ ਅਣਖ ਨੂੰ ਸਿੱਧੇ ਤੌਰ ’ਤੇ ਵੰਗਾਰਿਆ ਗਿਆ। ਇਹੀ ਕੁਝ 2002 ’ਚ ਗੁਜਰਾਤ ’ਚ ਮੁਸਲਮਾਨਾਂ ਅਤੇ 2008 ਵਿੱਚ ਉੜੀਸਾ ਕਰਨਾਟਕਾ ’ਚ ਈਸਾਈਆਂ ਨਾਲ ਵਾਪਰਿਆ। ਉਸ ਤੋਂ ਪਹਿਲਾਂ ਈਸਾਈ ਮਿਸ਼ਨਰੀ ਸਟੇਨ ਗ੍ਰਾਹਮ ਨੂੰ ਉਸ ਦੇ ਮਸੂਮ ਬੱਚਿਆਂ ਸਮੇਤ ਉਨ੍ਹਾਂ ਦੀ ਗੱਡੀ ਵਿੱਚ ਸੁਤਿਆਂ ਪਿਆਂ ਨੂੰ ਅੱਗ ਲਾ ਕੇ ਸਾੜ ਦਿੱਤਾ ਗਿਆ। ਕੀ ਇਨ੍ਹਾਂ ਵਿਚੋਂ ਕਿਸੇ ਇੱਕ ਵੀ ਕੇਸ ਵਿੱਚ ਕਿਸੇ ਦੋਸ਼ੀ ਨੂੰ ਫਾਂਸੀ ਦੀ ਸਜਾ ਦਿੱਤੀ ਗਈ ਹੈ? ਜੇ ਨਹੀਂ ਤਾਂ ਘੱਟ ਗਿਣਤੀਆਂ ਦੇ ਕਾਤਲਾਂ ਨੂੰ ਸਜਾਵਾਂ ਦੇ ਕੇ ਪੀੜਤਾਂ ਨੂੰ ਇਨਸਾਫ਼ ਦੇਣ ਲਈ ਕਾਨੂੰਨ ਆਪਣਾ ਕੰਮ ਕਿਉਂ ਨਹੀਂ ਕਰਦਾ? ਜਦ ਤੱਕ ਇਸ ਕਿਉਂ ਦਾ ਜਵਾਬ ਨਹੀਂ ਮਿਲਦਾ ਉਸ ਸਮੇਂ ਤੱਕ ਸਿਰਫ ਘੱਟ ਗਿਣਤੀਆਂ ਨਾਲ ਸਬੰਧਤ ਕਥਿਤ ਦੋਸ਼ੀਆਂ ਨੂੰ ਸਖਤ ਸਜਾਵਾਂ ਅਤੇ ਫਾਂਸੀਆਂ ਦੇਣ ਦੀ ਨੀਤੀ ਹੀ ਘੱਟ ਗਿਣਤੀਆਂ ਨਾਲ ਸਬੰਧਤ ਜੁਝਾਰੂ ਨੌਜਵਾਨਾਂ ਨੂੰ ਹਥਿਆਰ ਚੁਕਣ ਲਈ ਪ੍ਰੇਰਣਾਂ ਦਿੰਦੀ ਹੈ।

ਸ: ਰਵਨੀਤ ਬਿੱਟੂ ਨੇ ਕਿਹਾ ‘ਮੈਂ ਭੁੱਲਰ ਦੀ ਗੱਲ ਨਹੀਂ ਕੀਤੀ ਰਾਜੋਆਣੇ ਦੀ ਜਰੂਰ ਕੀਤੀ ਸੀ। ਤੁਸੀਂ ਹੀ ਦੱਸੋ ਜਿਹੜਾ ਬੰਦਾ ਕਹਿੰਦਾ ਹੈ ਮੈਂ ਹਿੰਦੁਸਤਾਨ ਦੇ ਕਾਨੂੰਨ ਨਹੀਂ ਮੰਨਦਾ, ਜਿਹੜਾ ਕਹਿੰਦਾ ਹੈ ਉਸ ਨੂੰ ਅਦਾਲਤਾਂ ਦੇ ਇਨਸਾਫ ਵਿੱਚ ਕੋਈ ਵਿਸ਼ਵਾਸ਼ ਨਹੀਂ, ਉਹ ਕੋਈ ਅਪੀਲ ਕਰਨ ਨੂੰ ਵੀ ਤਿਆਰ ਨਹੀਂ, ਉਹ ਕਹਿੰਦਾ ਹੈ ਜੇ ਮੈਨੂੰ ਛੱਡ ਦਿੱਤਾ ਤਾਂ ਮੁੜ ਇਹੀ ਕੰਮ ਕਰਾਂਗਾਂ। ਅਦਾਲਤਾਂ ਨੇ ਉਸ ਨੂੰ ਫਾਂਸੀ ਦੀ ਸਜਾ ਦੇ ਦਿੱਤੀ ਹੈ, ਤਾਂ ਕੀ ਉਸ ਨੂੰ ਫਾਂਸੀ ਨਹੀਂ ਦਿੱਤੀ ਜਾਣੀ ਚਾਹੀਦੀ?’

ਸ: ਬਿੱਟੂ ਨੂੰ ਪੁੱਛਿਆ ਗਿਆ ਕਿ ਤੁਹਾਡੀਆਂ ਸਾਰੀਆਂ ਗੱਲਾਂ ਠੀਕ ਹਨ, ਪਰ ਤੁਸੀਂ ਕਦੀ ਇਹ ਸੋਚਿਆ ਹੈ ਕਿ ਇਹ ਗੱਲਾਂ ਕਰਨ ਲਈ ਉਸ ਨੂੰ ਮਜ਼ਬੂਰ ਕਿਉਂ ਹੋਣਾ ਪਿਆ? ਭਾਈ ਕਿਹਰ ਸਿੰਘ ਇੰਦਰਾ ਗਾਂਧੀ ਦੇ ਕਤਲ ਸਮੇਂ ਨੇੜੇ ਤੇੜੇ ਵੀ ਨਹੀਂ ਸੀ, ਪਰ ਇਸ ਦੇਸ਼ ਦੀਆਂ ਪੜਤਾਲੀਆ ਏਜੰਸੀਆਂ ਨੇ ਪਤਾ ਲਗਾ ਲਿਆ ਕਿ ਇਸ ਕਤਲ ਦੀ ਸਾਜਿਸ਼ ਘੜਨ ਵਾਲਾ ਭਾਈ ਕਿਹਰ ਸਿੰਘ ਹੀ ਸੀ ਇਸ ਲਈ ਉਸ ਨੂੰ ਫਾਂਸੀ ਦੇ ਦਿੱਤੀ ਗਈ। ਪਾਰਲੀਮੈਂਟ ’ਤੇ ਹਮਲੇ ਸਮੇਂ ਅਫ਼ਜ਼ਲ ਗੁਰੂ ਹਮਲਾਵਰਾਂ ਦੇ ਨੇੜੇ ਤੇੜੇ ਵੀ ਨਹੀਂ ਸੀ। ਜਿਹੜੇ ਪੰਜ ਹਮਲਾਵਰਾਂ ਨੇ ਹਮਲਾ ਕੀਤਾ ਸੀ ਉਹ ਪੰਜੇ ਦੇ ਪੰਜੇ ਮੌਕੇ ’ਤੇ ਹੀ ਮਾਰੇ ਗਏ। ਪਰ ਪੜਤਾਲੀਆ ਏਜੰਸੀਆਂ ਨੇ ਖੋਜ ਕਰ ਲਈ ਕਿ ਇਸ ਹਮਲੇ ਦਾ ਮੁਖ ਸਾਜਿਸ਼ਘਾੜਾ ਅਫ਼ਜ਼ਲ ਗੁਰੂ ਸੀ। ਇਸ ਲਈ ਉਸ ਨੂੰ ਵੀ ਫਾਂਸੀ ਵੀ ਦੇ ਦਿੱਤੀ ਗਈ। ਪਰ ਇਹੀ ਏਜੰਸੀਆਂ 28 ਸਾਲਾਂ ਤੱਕ ਵੀ ਦਿੱਲੀ ਵਿੱਚ ਤਿੰਨ ਦਿਨਾਂ ਤੱਕ ਲਗਾਤਾਰ ਸਿੱਖਾਂ ਨੂੰ ਘਰਾਂ ਵਿੱਚੋਂ ਕੱਢ ਕੱਢ ਕੇ ਪੈਟਰੋਲ ਨਾਲ ਸਾੜਨ ਵਾਲੇ ਦੋਸ਼ੀਆਂ ਅਤੇ ਇਨਾਂ ਯੋਜਨਾਬੱਧ ਕਤਲਾਂ ਦੇ ਸਾਜਿਸ਼ਕਾਰਾਂ ਦਾ ਪਤਾ ਕਿਉਂ ਨਾ ਲਾ ਸਕੀ? ਬੱਕਰੇ ਵੱਢਣ ਵਾਲੇ ਟੋਕੇ ਨਾਲ 30 ਦੇ ਲੱਗਪਗ ਸਿੱਖਾਂ ਦੇ ਬੇਰਹਿਮੀ ਨਾਲ ਕਤਲ ਕਰਨ ਵਾਲੇ ਇੱਕ ਕਸਾਈ ਕਿਸ਼ੋਰੀ ਲਾਲ ਨੂੰ ਤਿੰਨ ਕੇਸਾਂ ਵਿੱਚ ਫਾਂਸੀ ਦੀ ਸਜਾ ਹੋਈ ਸੀ। ਪਰ ਸਰਕਾਰ ਨੂੰ ਜੇਲ੍ਹ ਵਿੱਚ ਉਸ ਦਾ ਚਾਲ ਚੱਲਨ ਬੜਾ ਨੇਕ ਲੱਗਾ ਜਿਸ ਕਾਰਨ ਪਹਿਲਾਂ ਉਸ ਦੀਆਂ ਤਿੰਨ ਫਾਂਸੀ ਦੀਆਂ ਸਜਾਵਾਂ ਨੂੰ ਉਮਰ ਕੈਦ ਵਿੱਚ ਬਦਲ ਦਿੱਤਾ ਤੇ ਅਖੀਰ ਉਹ ਵੀ ਘਟਾ ਕੇ ਛਡ ਦਿੱਤਾ ਗਿਆ। ਤੁਸੀਂ ਭਾਈ ਰਾਜੋਆਣਾ ਵੱਲੋਂ ਅਪੀਲ ਨਾ ਕਰਨ ਕਰਕੇ ਉਸ ਦੀ ਫਾਂਸੀ ਦੀ ਸਜਾ ਨੂੰ ਜਾਇਜ਼ ਠਹਿਰਾ ਰਹੇ ਹੋ, ਪਰ ਇਹ ਦੱਸੋ ਕਿ ਪ੍ਰੋ: ਭੁੱਲਰ ਦੇ ਕੇਸ ਵਿੱਚ ਕੋਈ ਵੀ ਐਸਾ ਪੁਖਤਾ ਸਬੂਤ ਨਹੀਂ ਹੈ, ਜਿਸ ਦੇ ਅਧਾਰ ’ਤੇ ਉਸ ਨੂੰ ਫਾਂਸੀ ਦਿੱਤੀ ਜਾ ਸਕੇ। ਉਸ ਨੇ ਭਾਰਤ ਦਾ ਕੋਈ ਕਾਨੂੰਨ ਮੰਨਣ ਤੋਂ ਇਨਕਾਰ ਵੀ ਨਹੀਂ ਕੀਤਾ, ਹਰ ਅਪੀਲ ਵੀ ਕੀਤੀ, ਰਹਿਮ ਦੀ ਅਪੀਲ ਵੀ ਕੀਤੀ ਪਰ ਇਨਸਾਫ ਫਿਰ ਵੀ ਨਹੀਂ ਮਿਲਿਆ ਤੇ ਉਸ ਨੂੰ ਵੀ ਫਾਂਸੀ ’ਤੇ ਲਟਕਾਉਣ ਦੀਆਂ ਤਿਆਰੀਆਂ ਹਨ। ਇਸ ਨਾਲੋਂ ਤਾਂ ਚੰਗਾ ਹੈ, ਕਿ ਭਾਈ ਰਾਜੋਆਣਾ ਨੇ ਆਪਣੇ ਆਪ ਨੂੰ ਪਹਿਲਾਂ ਤੋਂ ਹੀ ਫਾਂਸੀ ’ਤੇ ਚੜ੍ਹਨ ਦਾ ਫੈਸਲਾ ਕਰਕੇ ਹਿੰਦੁਸਤਾਨ ਦੇ ਕਾਨੂੰਨ ਦਾ ਦੁਨੀਆਂ ਵਿੱਚ ਪਰਦਾਫ਼ਾਸ਼ ਤਾਂ ਕਰ ਦਿੱਤਾ ਹੈ। ਤੁਸੀ ਦੱਸੋ ਜੇ ਕਿਸ਼ੋਰੀ ਲਾਲ ਦਾ ਜੇਲ੍ਹ ਵਿੱਚ ਚਾਲ ਚੱਲਣ ਠੀਕ ਸੀ ਤਾਂ ਭਾਈ ਰਾਜੋਆਣਾ ਅਤੇ ਭੁੱਲਰ ਦਾ ਚਾਲ ਚਲਣ ਦਾ ਕਿਹੜਾ ਮਾੜਾ ਰੀਕਾਰਡ ਹੈ?

ਸ: ਬਿੱਟੂ ਨੇ ਕਿਹਾ ਵੇਖੋ ਜੀ ਦੇਸ਼ ਦਾ ਕਾਨੂੰਨ ਤਾਂ ਮੰਨਣਾ ਹੀ ਪਏਗਾ। ਅਦਾਲਤ ਦੇ ਫੈਸਲੇ ’ਤੇ ਅਸੀਂ ਕੋਈ ਟਿੱਪਣੀ ਨਹੀਂ ਕਰ ਸਕਦੇ। ਪ੍ਰੋ: ਭੁੱਲਰ ’ਤੇ ਭਾਈ ਰਾਜੋਆਣਾ ਨੂੰ ਅਦਾਲਤ ਨੇ ਫਾਂਸੀ ਦੀ ਸਜਾ ਦਿੱਤੀ ਹੈ, ਅਸੀਂ ਸਿਰਫ ਇਸੇ ਕਰਕੇ ਉਨ੍ਹਾਂ ਨੂੰ ਫਾਂਸੀ ਦੇਣ ਦੀ ਮੰਗ ਕਰਦੇ ਹਾਂ। ਜੇ ਅਦਾਲਤ ਉਨ੍ਹਾਂ ਨੂੰ ਬਰੀ ਕਰ ਦਿੰਦੀ ਹੈ ਤਾਂ ਅਸੀਂ ਉਨ੍ਹਾਂ ਨੂੰ ਫਾਂਸੀ ਦੇਣ ਦੀ ਮੰਗ ਨਹੀਂ ਕਰਾਂਗੇ। ਹੁਣ ਜਦੋਂ ਭਾਈ ਰਾਜੋਆਣਾ ਮੁਆਫੀ ਵੀ ਨਹੀਂ ਮੰਗਦਾ, ਅਪੀਲ ਵੀ ਨਹੀਂ ਕਰਦਾ, ਇਹ ਵੀ ਕਹਿੰਦਾ ਹੈ ਕਿ ਜੇ ਉਸ ਨੂੰ ਛੱਡ ਦਿੱਤਾ ਤਾਂ ਫਿਰ ਇਹੀ ਕੰਮ ਕਰੇਗਾ, ਤਾਂ ਮੈਂ ਕਿਸ ਤਰ੍ਹਾਂ ਕਹਿ ਦੇਵਾਂ ਕਿ ਉਸ ਨੂੰ ਫਾਂਸੀ ਨਾ ਦਿੱਤੀ ਜਾਵੇ।

ਸ: ਬਿਟੂ ਨੂੰ ਦੱਸਿਆ ਗਿਆ ਕਿ ਇਹ ਤਾਂ ਔਰੰਗਜ਼ੇਬ ਵੀ ਕਹਿੰਦਾ ਸੀ ਕਿ ਦੇਸ਼ ਦਾ ਕਾਨੂੰਨ ਮੰਨਣਾ ਹੀ ਪਾਏਗਾ। ਗੁਰੂ ਤੇਗ ਬਹਾਦਰ ਸਾਹਿਬ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਨ ਵੇਲੇ ਉਨ੍ਹਾਂ ਨੇ ਵੀ ਉਸ ਸਮੇਂ (ਜੱਜਾਂ) ਕਾਜ਼ੀਆਂ ਤੋਂ ਫੈਸਲੇ ਕਰਵਾ ਲਏ ਸਨ। ਛੋਟੇ ਸਾਹਿਬਜ਼ਾਦਿਆਂ ਨੇ ਵੀ ਕਿਹਾ ਸੀ ਕਿ ਉਹ ਜਾਨ ਬਖ਼ਸ਼ੀ ਲਈ ਕਿਸੇ ਤੋਂ ਮੁਆਫੀ ਨਹੀਂ ਮੰਗਦੇ, ਕਿਸੇ ਅੱਗੇ ਰਹਿਮ ਦੀ ਅਪੀਲ ਵੀ ਨਹੀਂ ਕਰਨਗੇ, ਜੇ ਉਨ੍ਹਾਂ ਨੂੰ ਛੱਡ ਦਿੱਤਾ ਤਾਂ ਉਹ ਫੌਜਾਂ ਇਕੱਠੀਆਂ ਕਰਕੇ ਜੁਲਮ ਦੇ ਟਾਕਰੇ ਲਈ ਉਸ ਸਮੇਂ ਤੱਕ ਲੜਦੇ ਰਹਿਣਗੇ ਜਦ ਤੱਕ ਜੁਲਮ ਦਾ ਖਾਤਮਾ ਨਹੀਂ ਹੋ ਜਾਂਦਾ ਜਾਂ ਉਨ੍ਹਾਂ ਨੂੰ ਸ਼ਹੀਦ ਨਹੀਂ ਕਰ ਦਿੱਤਾ ਜਾਂਦਾ। ਤੁਹਾਡੇ ਹਿਸਾਬ ਨਾਲ ਤਾਂ ਛੋਟੇ ਸਾਹਿਬਜ਼ਾਦੇ ਵੀ ਦੋਸ਼ੀ ਹੋੲ? ਇਸ ਦੇ ਜਵਾਬ ’ਚ ਸ: ਬਿੱਟੂ ਨੇ ਕਿਹਾ ਅਸੀਂ ਭਾਈ ਰਾਜੋਆਣਾ ਦੀ ਤੁਲਨਾ ਗੁਰੂਆਂ ਜਾਂ ਸਾਹਿਬਜ਼ਾਦਿਆਂ ਨਾਲ ਤਾਂ ਨਹੀਂ ਕਰ ਸਕਦੇ।

ਕਿਹਾ ਗਿਆ ਤੁਲਨਾ ਬੇਸ਼ੱਕ ਨਹੀਂ ਹੋ ਸਕਦੀ ਪਰ ਕਾਰਣ ਤਾਂ ਇੱਕੋ ਹੈ ਕਿ ਉਹ ਵੀ ਸਰਕਾਰ ਦੇ ਜੁਲਮਾਂ ਨਾਲ ਟਾਕਰਾ ਕਰ ਰਹੇ ਸਨ ਤੇ ਕਿਸੇ ਪਾਸੇ ਤੋਂ ਇਨਸਾਫ਼ ਨਾ ਮਿਲਦਾ ਕਰਕੇ ਭਾਈ ਰਾਜੋਆਣਾ ਨੂੰ ਵੀ ਉਨ੍ਹਾਂ ਦੇ ਰਾਹ ’ਤੇ ਤੁਰਨਾ ਪਿਆ। ਔਰੰਗਜ਼ੇਬ ਲਈ ਗੁਰੂ ਤੇਗ ਬਹਾਦਰ ਸਾਹਿਬ ਜੀ ਤੇ ਛੋਟੇ ਸਾਹਿਬਜ਼ਾਦੇ ਅਤਵਾਦੀ ਸਨ ਤੇ ਉਨ੍ਹਾਂ ਦੇ ਪਦ ਚਿੰਨ੍ਹਾਂ ’ਤੇ ਚੱਲਣ ਕਰਕੇ ਤੁਹਾਨੂੰ ਭਾਈ ਰਾਜੋਆਣਾ ਅਤਿਵਾਦੀ ਜਾਪਦਾ ਹੈ। ਔਰੰਗਜ਼ੇਬ ਨੇ ਵੀ ਲੱਖਾਂ ਹਿੰਦੂਆਂ ਸਿੱਖਾਂ ਦੇ ਕਾਤਲਾਂ ਨੂੰ ਕੋਈ ਸਜਾ ਨਹੀਂ ਦਿੱਤੀ ਤੇ ਹਿੰਦੁਸਤਾਨ ਸਰਕਾਰ ਵੀ ਹਜਾਰਾਂ ਸਿੱਖਾਂ, ਮੁਸਲਮਾਨਾਂ, ਈਸਾਈਆਂ ਦੇ ਕਾਤਲਾਂ ਨੂੰ ਕੋਈ ਸਜਾ ਦੇਣ ਤੋਂ ਇਨਕਾਰੀ ਹੈ ਤਾਂ ਔਰੰਗਜ਼ੇਬ ਦੀ ਸਰਕਾਰ ਅਤੇ ਮੌਜੂਦਾ ਆਜ਼ਾਦ ਭਾਰਤ ਦੀ ਸਰਕਾਰ ਵਿੱਚ ਕੀ ਅੰਤਰ ਹੈ? ਤਿੰਨ ਦਿਨ ਲਗਾਤਾਰ ਦਿੱਲੀ ਤੇ ਭਾਰਤ ਦੇ ਹੋਰਨਾਂ ਸ਼ਹਿਰਾਂ ਵਿੱਚ ਸਿੱਖਾਂ ਦੇ ਸ਼ਰੇਆਮ ਕਤਲੇਆਮ ਸਾੜਫੂਕ ਤੇ ਬਲਾਤਕਾਰ ਹੁੰਦੇ ਰਹੇ। ਉਸ ਸਮੇਂ ਕੋਈ ਸਰਕਾਰ ਜਾਂ ਕਾਨੂੰਨ ਨਾਮ ਦੀ ਚੀਜ਼ ਸੀ? ਉਲਟਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਕਹਿ ਰਿਹਾ ਹੈ ‘ਜਬ ਬੜਾ ਪੇੜ ਗਿਰਤਾ ਹੈ ਤੋ ਧਰਤੀ ਕਾਂਪਤੀ ਹੀ ਹੈ’। ਕਿਸੇ ਕਾਂਗਰਸੀ ਆਗੂ ਨੇ ਰਾਜੀਵ ਗਾਂਧੀ ਦੇ ਇਸ ਬਿਆਨ ਦੀ ਨਿਖੇਧੀ ਕੀਤੀ? 28 ਸਾਲ ਲੰਘ ਜਾਣ ਦੇ ਬਾਵਯੂਦ ਵੀ ਕਿਸੇ ਦੋਸ਼ੀ ਨੂੰ ਸਜਾ ਦਿੱਤੀ? ਜਾਂ ਕਦੇ ਪਾਰਲੀਮੈਂਟ ਵਿੱਚ ਨਿਖੇਧੀ ਮਤਾ ਹੀ ਪਾਸ ਕੀਤਾ?

ਸ: ਬਿੱਟੂ ਨੇ ਕਿਹਾ ਸੋਨੀਆ ਗਾਂਧੀ ਨੇ ਪਾਰਲੀਮੈਂਟ ਵਿੱਚ ਮੁਆਫੀ ਮੰਗੀ, ਪੀੜਤਾਂ ਨੂੰ ਮੁਆਵਜ਼ਾ ਦਿੱਤਾ, ਉਨ੍ਹਾਂ ਦੇ ਲਾਲ ਕਾਰਡ ਬਣਾਏ, ਇੱਕ ਸਿੱਖ ਮਨਮੋਹਨ ਸਿੰਘ ਨੂੰ ਪ੍ਰਧਾਨ ਮੰਤਰੀ ਬਣਾਇਆ, ਜੇ.ਜੇ. ਸਿੰਘ ਨੂੰ ਫੌਜਾਂ ਦਾ ਸੁਪਰੀਮ ਕਮਾਂਡਰ ਬਣਾਇਆ, ਮੌਨਟੇਕ ਸਿੰਘ ਆਹਲੂਵਾਲੀਆ ਨੂੰ ਯੋਜਨਾ ਕਮਿਸ਼ਨ ਦਾ ਚੇਅਰਮੈਨ ਬਣਾਇਆ, ਹੁਣ ਇੱਕ ਹੋਰ ਸਿੱਖ ਨੂੰ ਫੌਜਾਂ ਦਾ ਸੁਪ੍ਰੀਮ ਕਮਾਂਡਰ ਬਣਾ ਦਿੱਤਾ ਹੈ, ਤਾਂ ਤੁਸੀਂ ਕਿਸ ਤਰ੍ਹਾਂ ਕਹਿ ਸਕਦੇ ਹੋ ਕਿ ਸਿੱਖਾਂ ਨਾਲ ਵਿਤਕਰਾ ਹੋ ਰਿਹਾ ਹੈ।

ਸ: ਬਿੱਟੂ ਨੂੰ ਕਿਹਾ ਗਿਆ ਕਿ ਤੁਹਾਡਾ ਇਹ ਕਥਨ ਤੁਹਾਡੇ ਹੀ ਬਿਆਨ ਨੂੰ ਕੱਟ ਰਿਹਾ ਹੈ। ਕਿਉਂਕਿ ਤੁਸੀਂ ਖ਼ੁਦ ਹੀ ਤਾਂ ਕਿਹਾ ਹੈ ਕਿ ਮੁਆਵਜ਼ੇ ਤੇ ਅਹੁਦੇ ਦੇਣਾ ਇਨਸਾਫ ਨਹੀਂ ਅਸਲੀ ਇਨਸਾਫ਼ ਉਦੋਂ ਮਿਲਦਾ ਹੈ, ਜਦੋਂ ਦੋਸ਼ੀਆਂ ਨੂੰ ਫਾਂਸੀ ਮਿਲੇ। ਤੁਸੀਂ ਦੱਸੋ ਕਿ ਹੁਣ ਤੱਕ ਹਜਾਰਾਂ ਸਿੱਖਾਂ ਦੇ ਕਾਤਲਾਂ ਵਿੱਚੋਂ ਕਿਸੇ ਇੱਕ ਨੂੰ ਵੀ ਫਾਂਸੀ ਦੀ ਸਜ਼ਾ ਦਿੱਤੀ ਗਈ ਹੈ। ਸੋਨੀਆ ਗਾਂਧੀ ਨੇ ਵੀ ਰਾਜੀਵ ਗਾਂਧੀ ਦੇ ਬਿਆਨ ਦੀ ਨਿਖੇਧੀ ਬਿਲਕੁਲ ਨਹੀਂ ਕੀਤੀ ਤੇ ਨਾ ਹੀ ਕਿਸੇ ਹੋਰ ਕਾਂਗਰਸੀ ਆਗੂ ਨੇ ਕੀਤੀ ਹੈ। ਤੁਸੀਂ 25 ਸਾਲਾਂ ਪਿੱਛੋਂ ਦੋ ਦੋ ਲੱਖ ਰੁਪਏ ਦਾ ਮੁਆਵਜ਼ਾ ਦੇ ਕੇ ਅਤੇ ਲਾਲ ਕਾਰਡ ਬਣਾ ਕੇ ਹੀ ਇਨਸਾਫ ਦਿੱਤਾ ਗਿਆ ਹੈ, ਦੀ ਗੱਲ ਕਰ ਰਹੇ ਹੋ ਜਦੋਂ ਕਿ ਕਿਸੇ ਬੱਸ ਦੁਰਘਟਨਾ ਜਾਂ ਭਗਦੜ ਵਿਚ ਹੋਈਆਂ ਮੌਤਾਂ ਦੇ ਕੇਸ ਵਿੱਚ ਵੀ ਸਰਕਾਰ ਪੰਜ ਜਾਂ ਦਸ ਲੱਖ ਰੁਪਏ ਮੁਆਵਜ਼ਾ ਦੇ ਰਹੀ ਹੈ, ਹਾਲਾਂਕਿ ਉਹ ਇਰਾਦਾ ਕਤਲ ਨਹੀਂ ਹੁੰਦੇ। ਜਿਸ ਪ੍ਰਵਾਰ ਦੇ 25-30 ਮੈਂਬਰ ਕਤਲ ਕਰ ਦਿੱਤੇ ਗਏ ਉਸ ਪ੍ਰਵਾਰ ਨੂੰ ਸਿਰਫ ਮਨਮੋਹਨ ਸਿੰਘ ਨੂੰ ਪ੍ਰਧਾਨ ਮੰਤਰੀ ਬਣਾਉਣ ਨਾਲ ਇਨਸਾਫ ਕਿਵੇਂ ਮਿਲ ਗਿਆ?

ਸ: ਬਿੱਟੂ ਨੇ ਕਿਹਾ ਚਲੋ ਕਾਂਗਰਸ ਨੇ ਇਨਸਾਫ ਨਹੀਂ ਦਿੱਤਾ ਤਾਂ ਉਸ ਤੋਂ ਪਿੱਛੋਂ ਤਾਂ ਬਾਦਲ ਦੀ ਭਾਈਵਾਲੀ ਵਾਲੀ ਸਰਕਾਰ ਵੀ ਆ ਗਈ ਸੀ, ਉਹ ਦੋਸ਼ੀਆਂ ਨੂੰ ਸਜਾਵਾਂ ਦਿਵਾ ਲੈਂਦਾ। ਸ: ਬਿੱਟੂ ਨੂੰ ਕਿਹਾ ਗਿਆ ਕਿ ਤੁਹਾਨੂੰ ਕਿਸ ਨੇ ਕਿਹਾ ਹੈ, ਕਿ ਸ: ਬਾਦਲ ਸਿੱਖਾਂ ਨੂੰ ਇਨਸਾਫ ਦਿਵਾਉਣਾ ਚਾਹੁੰਦਾ ਹੈ। ਜਿਸ ਤਰ੍ਹਾਂ ਘੱਟ ਗਿਣਤੀਆਂ ’ਤੇ ਤਸ਼ੱਦਦ ਕਰਕੇ ਜਾਂ ਉਨ੍ਹਾਂ ਵਿਰੁੱਧ ਬਿਆਨ ਦੇ ਕੇ ਕਾਂਗਰਸ ਅਤੇ ਭਾਜਪਾ ਬਹੁਗਿਣਤੀ ਨੂੰ ਖੁਸ਼ ਕਰਕੇ ਉਨ੍ਹਾਂ ਦੀਆਂ ਵੋਟਾਂ ਪ੍ਰਾਪਤ ਕਰਨ ਦੀ ਰਾਜਨੀਤੀ ਖੇਡਦੀਆਂ ਹਨ, ਇਸੇ ਤਰ੍ਹਾਂ ਬਾਦਲ ਸਿੱਖਾਂ ਦੇ ਜਖ਼ਮੀ ਜ਼ਜ਼ਬਾਤਾਂ ਨੂੰ ਆਪਣੇ ਹੱਕ ਵਿੱਚ ਭੁਗਤਾਉਣ ਲਈ ਉਨ੍ਹਾਂ ਦੇ ਹੱਕ ਵਿੱਚ ਬਿਆਨ ਤਾਂ ਕਦੀ ਕਦਾਈਂ ਦਿੰਦਾ ਰਹਿੰਦਾ ਹੈ, ਪਰ ਸਿੱਖਾਂ’ਤੇ ਤਸ਼ੱਦਦ ਕਰਨ ਵਾਲਿਆਂ ਨੂੰ ਇਨਾਮ ਵਜੋਂ ਅਹੁਦੇ ਦੇ ਕੇ ਬਹੁ ਗਿਣਤੀ ਨੂੰ ਆਪਣੇ ਹੱਕ ਵਿੱਚ ਭੁਗਤਾਉਣ ਦੀ ਰਾਜਨੀਤੀ ਖੇਡਦਾ ਰਹਿੰਦਾ ਹੈ।

ਤੁਸੀਂ ਵੇਖਦੇ ਹੋ ਪ੍ਰੋ: ਦਵਿੰਦਰ ਸਿੰਘ ਭੁੱਲਰ ਦੇ ਪਿਤਾ, ਮਾਸੜ ਅਤੇ ਇੱਕ ਦੋਸਤ ਨੂੰ ਖਤਮ ਕਰਨ ਅਤੇ ਉਨ੍ਹਾਂ ਦਾ ਘਰ ਉਜਾੜਨ ਵਾਲੇ ਸੁਮੇਧ ਸੈਣੀ ਨੂੰ ਇਨਾਮ ਵਜੋ ਡੀਜੀਪੀ, ਬਣਾਉਣਾ। ਉਸ ਵਿਰੁਧ ਪ੍ਰੋ: ਭੁੱਲਰ ਦੀ ਦਰਖਾਸਤ ਦੇ ਆਧਾਰ ’ਤੇ ਅਦਾਲਤ ਵਲੋਂ ਪੰਜਾਬ ਸਰਕਾਰ ਨੂੰ ਉਸ ’ਤੇ ਕੇਸ ਚਲਾਉਣ ਦੇ ਦਿੱਤੇ ਹੁਕਮ ’ਤੇ ਤਾਮੀਲ ਕਰਨ ਦੀ ਥਾਂ ਅਦਾਲਤ ਵਿੱਚ ਭੁੱਲਰ ਨੂੰ ਅਤਿਵਾਦੀ ਅਤੇ ਸੈਣੀ ਨੂੰ ਈਮਾਨਦਾਰ ਤੇ ਕੌਮੀ ਹਿੱਤਾਂ ਵਿੱਚ ਦਲੇਰਆਨਾ ਕਦਮ ਚੁੱਕਣ ਵਾਲਾ ਕੁਸ਼ਲ ਅਫਸਰ ਹੋਣ ਦੇ ਬਿਆਨ ਦੇ ਕੇ ਉਸ ਦੀ ਪੜਤਾਲ ਕਰਨ ਦੀ ਕਾਰਵਾਈ ਬੰਦ ਕਰਵਾਉਣੀ। ਭਾਈ ਗੁਰਦੇਵ ਸਿੰਘ ਕਾਉਂਕੇ ਦੇ ਝੂਠੇ ਮੁਕਾਬਲੇ ਦੀ ਪੜਤਾਲੀਆ ਰੀਪੋਰਟ ਨੂੰ ਦਬਾਉਣਾ, ਭਾਈ ਜਸਵੰਤ ਸਿੰਘ ਖਾਲੜਾ ਨੂੰ ਮਾਰ ਕੇ ਖਪਾ ਦੇਣ ਦੀ ਕੋਈ ਪੜਤਾਲ ਨਾ ਕਰਵਾਉਣਾ ਆਦਿ ਕਿੰਨੀਆਂ ਹੀ ਉਦਾਹਰਣਾਂ ਹਨ ਜਿਥੇ ਪੀੜਤਾਂ ਨੂੰ ਇਨਸਾਫ ਦੇਣ ਦੀ ਥਾਂ ਕਾਤਲਾਂ ਦੀ ਮੱਦਦ ਕੀਤੀ ਹੈ। ਜਿਹੜਾ ਬਾਦਲ ਪੰਜਾਬ ਵਿੱਚ ਸਿੱਖਾਂ ਦੇ ਕਾਤਲਾਂ ਨੂੰ ਸਜਾ ਦਿਵਾਉਣ ਦੀ ਥਾਂ ਉਨ੍ਹਾਂ ਨੂੰ ਸਰਕਾਰ ਤੇ ਪਾਰਟੀ ਵਿੱਚ ਉਚ ਆਹੁਦੇ ਦੇ ਕੇ ਨਿਵਾਜ਼ ਰਿਹਾ ਹੈ ਉਹ ਦਿੱਲੀ ਵਿੱਚ ਕਿਸ ਤਰ੍ਹਾਂ ਸਿੱਖਾਂ ਦੇ ਕਾਤਲਾਂ ਨੂੰ ਸਜਾਵਾਂ ਦਿਵਾਏਗਾ? ਅਸਲ ਵਿੱਚ ਕਾਂਗਰਸ ਤੇ ਭਾਜਪਾ ਦੋਵੇਂ ਪਾਰਟੀਆਂ ਹੀ ਸਮਝ ਚੁੱਕੀਆਂ ਹਨ ਕਿ ਸਿੱਖਾਂ ਦਾ ਨੁਕਸਾਨ ਕਰਨ ਲਈ ਸਭ ਤੋਂ ਵੱਧ ਯੋਗ ਸ: ਬਾਦਲ ਹੀ ਹੈ ਇਸੇ ਲਈ ਦੋਵੇਂ ਪਾਰਟੀਆਂ ਜਿੰਨੇ ਵੀ ਫੈਸਲੇ ਲੈਂਦੀਆਂ ਤੇ ਕਾਰਵਾਈਆਂ ਕਰਦੀਆਂ ਹਨ ਉਨ੍ਹਾਂ ਦਾ ਮਕਸਦ ਹਰ ਸਮੇਂ ਦੂਸਰੀਆਂ ਪੰਥਕ ਪਾਰਟੀਆਂ ਦੇ ਮੁਕਾਬਲੇ ਬਾਦਲ ਦਲ ਨੂੰ ਲਾਭ ਪਹੁੰਚਾਉਣ ਵਾਲੀਆਂ ਹੁੰਦੀਆਂ ਹਨ, ਜਿਵੇਂ ਕਿ ਸ਼੍ਰੋਮਣੀ ਕਮੇਟੀ ਅਤੇ ਦਿੱਲੀ ਕਮੇਟੀ ਦੀਆਂ ਹੋਈਆਂ ਚੋਣਾਂ ਇਨ੍ਹਾਂ ਦੋਵਾਂ ਪਾਰਟੀਆਂ ਵਲੋਂ ਨਿਭਾਇਆ ਗਿਆ ਰੋਲ ਸਭ ਦੇ ਸਾਹਮਣੇ ਹੈ।

ਤੁਹਾਡਾ ਰਾਜੋਆਣਾ ਤੇ ਭੁੱਲਰ ਸਬੰਧੀ ਦਿੱਤਾ ਇਹ ਬਿਆਨ ਅਤੇ ਇਸ ਨਾਲ ਤੁਹਾਡੀ ਸ: ਬਾਦਲ ਨਾਲ ਛਪੀ ਫੋਟੋ ਵਿਚ ਤੁਹਾਡੇ ਦੋਵਾਂ ਦੇ ਹਾਵ ਭਾਵ ਇਹੀ ਸੰਕੇਤ ਦਿੰਦੇ ਹਨ ਕਿ ਇਸ ਬਿਆਨ ਦਾ ਮਕਸਦ ਮੋਗਾ ਬਾਈ ਇਲੈਕਸ਼ਨ ਵਿੱਚ ਬਾਦਲ ਦਲ ਨੂੰ ਲਾਭ ਪਹੁੰਚਾਉਣ ਲਈ ਹੀ ਹੈ, ਕਿਉਂਕਿ ਜਿਹੜੇ ਸਿੱਖ, ਬਾਦਲ ਦੀਆਂ ਨੀਤੀਆਂ ਤੋਂ ਦੁਖੀ ਹੋ ਕੇ ਕਾਂਗਰਸ ਨੂੰ ਵੋਟ ਪਾਉਣ ਲਈ ਸੋਚ ਸਕਦੇ ਸਨ, ਹੁਣ ਉਹ ਤੁਹਾਡੇ ਇਸ ਬਿਆਨ ਤੋਂ ਨਰਾਜ਼ ਹੋ ਕੇ ਕਾਂਗਰਸ ਦੀ ਬਜਾਏ ਬਾਦਲ ਦਲ ਨੂੰ ਹੀ ਵੋਟਾਂ ਪਾਉਣ ਲਈ ਮਜਬੂਰ ਹੋਣਗੇ। ਸ: ਬਿੱਟੂ ਨੇ ਕਿਹਾ ਵੋਟਾਂ ਪਿੱਛੇ ਅਤਿਵਾਦ ਨੂੰ ਬਡਾਵਾ ਕਿਵੇਂ ਦਿੱਤਾ ਜਾ ਸਕਦਾ ਹੈ। ਨਾਲੇ ਦਿੱਲੀ ਵਿੱਚ ਤਾਂ 15 ਸਾਲ ਸ. ਸਰਨਾ ਦੀ ਅਗਵਾਈ ’ਚ ਸਿੱਖ ਕਾਂਗਰਸ ਨਾਲ ਮਿਲ ਕੇ ਹੀ ਚਲਦੇ ਰਹੇ ਹਨ। ਪੰਜਾਬ ਵਿੱਚ ਵੀ ਜੇ ਸ: ਬੇਅੰਤ ਸਿੰਘ ਜਿਊਂਦੇ ਹੁੰਦੇ ਤਾਂ ਬਾਦਲ ਨੂੰ ਸਿਰ ਨਹੀਂ ਸੀ ਚੁੱਕਣ ਦੇਣਾਂ।

ਇਹੋ ਤਾਂ ਕਾਰਣ ਹੈ ਕਿ 15 ਸਾਲ ਦਿੱਲੀ ਵਿੱਚ ਸਿੱਖਾਂ ਵਲੋਂ ਕਾਂਗਰਸ ਨੂੰ ਪੂਰਾ ਸਹਿਯੋਗ ਦੇਣ ਦੇ ਬਾਵਯੂਦ ਕਾਂਗਰਸ ਨੇ ਕੋਈ ਵੀ ਫੈਸਲਾ ਇਸ ਤਰ੍ਹਾਂ ਦਾ ਨਹੀਂ ਕੀਤਾ ਜਿਸ ਨਾਲ ਸਿੱਖ ਪੀੜਤਾਂ ਨੂੰ ਇਨਸਾਫ ਮਿਲੇ। ਪੰਜਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਸਦਕਾ ਸਿੱਖ ਕਾਂਗਰਸ ਦੇ ਨੇੜੇ ਆਉਣੇ ਸ਼ੁਰੂ ਹੋਏ ਸਨ ਤਾਂ ਪੰਜਾਬ ਦੇ ਟਕਸਾਲੀ ਕਹਾਉਣ ਵਾਲੇ ਆਗੂਆਂ ਤੋਂ ਲੈ ਕੇ ਕੇਂਦਰ ਦੀ ਹਾਈ ਕਮਾਂਡ ਤੱਕ ਕੈਪਟਨ ਨੂੰ ਕਮਜੋਰ ਕਰਨ ’ਤੇ ਤੁਲੀ ਹੋਈ ਹੈ। ਤੁਹਾਡਾ ਬਿਆਨ ਵੀ ਉਸੇ ਦਾ ਇੱਕ ਹਿੱਸਾ ਹੈ ਕਿ ਜੇ ਕੈਪਟਨ ਦੀ ਅਗਵਾਈ ਵਿੱਚ ਬਾਈ ਇਲੈਕਸ਼ਨ ਜਿੱਤੀ ਗਈ ਤਾਂ ਇਸ ਦਾ ਕਰੈਡਿਟ ਕੈਪਟਨ ਨੂੰ ਮਿਲੇਗਾ।

ਪੰਜਾਬ ਦੇ ਟਕਸਾਲੀ ਕਹਾਉਣ ਵਾਲੇ ਕਾਂਗਰਸੀ ਆਗੂਆਂ ਦਾ ਭਾਵ ਤਾਂ ਇਹੀ ਹੈ ਕਿ ਜੇ ਕੈਪਟਨ ਨੂੰ ਕਰੈਡਿਟ ਮਿਲ ਗਿਆ ਤਾਂ ਉਨ੍ਹਾਂ ਦਾ ਨੰਬਰ ਕੈਪਟਨ ਤੋਂ ਕਾਫੀ ਪਿੱਛੇ ਰਹਿ ਜਾਣਾ ਹੈ। ਕੇਂਦਰੀ ਕਾਂਗਰਸ ਦੀ ਸੋਚ ਹੈ ਕਿ ਭਾਰਤ ਵਿੱਚ ਸਿੱਖਾਂ ਦੀ ਗਿਣਤੀ ਤੇ ਪੰਜਾਬ ਦੀਆਂ ਲੋਕ ਸਭਾ ਦੀਆਂ ਸੀਟਾਂ ਦੀ ਗਿਣਤੀ ਬਾਕੀਆਂ ਦੇ ਮੁਕਾਬਲੇ ਆਟੇ ਵਿੱਚ ਲੂਣ ਦੇ ਬਰਾਬਰ ਹੈ। ਇਸ ਲਈ ਸਿੱਖਾਂ ਨੂੰ ਇਨਸਾਫ ਦੇਣ ਦੀ ਗੱਲ ਕਰਨ ਦਾ ਭਾਵ ਹੈ ਸਮੁੱਚੇ ਦੇਸ਼ ਵਿੱਚ ਵੱਡਾ ਨੁਕਸਾਨ। ਬੱਸ ਵੱਡੀਆਂ ਪਾਰਟੀਆਂ ਦੀ ਇਹ ਸੋਚ ਹੀ ਅਤਿਵਾਦ ਤੇ ਵੱਖਵਾਦ ਨੂੰ ਜਨਮ ਦੇ ਰਹੀ ਹੈ ਜਿਸ ਦੇ ਕਸੂਰਵਾਰ ਫਿਰ ਘੱਟ ਗਿਣਤੀਆਂ ਨੂੰ ਠਹਿਰਾ ਕੇ ਉਨ੍ਹਾਂ ’ਤੇ ਜੁਲਮਾਂ ਦਾ ਕੁਹਾੜਾ ਹੋਰ ਤੇਜ ਕਰ ਦਿੱਤਾ ਜਾਂਦਾ ਹੈ। ਅਤਵਾਦ ਦੇ ਨਾਮ ’ਤੇ ਸਿੱਖਾਂ ਵਿਰੁੱਧ ਬਿਆਨ ਦੇਣ ਨਾਲ ਪੰਜਾਬ ਦੇ ਜੇ ਕਿਸੇ ਆਗੂ ਦਾ ਵੋਟਾਂ ਵਿੱਚ ਨੁਕਸਾਨ ਵੀ ਹੋ ਜਾਂਦਾ ਹੈ ਤਾਂ ਵੀ ਐੱਮ.ਐੱਸ ਸਿੰਘ ਬਿੱਟੇ ਵਾਂਗ ਉਸ ਨੂੰ ਜ਼ੇੱਡ ਸਕਿਉਰਟੀ ਤੇ ਵੀਆਈਪੀ ਸਹੂਲਤਾਂ ਤਾਂ ਮਿਲ ਹੀ ਜਾਣੀਆਂ ਹਨ। ਤੁਸੀਂ ਦੱਸੋ ਬਿੱਟੇ ਕੋਲ ਕਿਹੜਾ ਸੰਵਿਧਾਨਕ ਅਹੁਦਾ ਹੈ ਜਾਂ ਉਸ ਦੀ ਦੇਸ਼ ਜਾਂ ਸਮਾਜ ਨੂੰ ਕੀ ਦੇਣ ਹੈ ਜਿਸ ਸਦਕਾ ਉਸ ਨੂੰ ਜ਼ੈੱਡ ਸਕਿਉਰਟੀ ਦਿੱਤੀ ਹੈ ਗਈ ਹੈ। ਉਸ ਦੇ ਬਿਆਨ ਅਤਿਵਾਦ ਖਤਮ ਕਰਨ ਲਈ ਨਹੀਂ ਸਗੋਂ ਘੱਟ ਗਿਣਤੀਆਂ ਦੇ ਜਖ਼ਮਾਂ ’ਤੇ ਲੂਣ ਛਿੜਕ ਕੇ ਅਤਿਵਾਦ ਨੂੰ ਵਡਾਵਾ ਦੇਣ ਵਿੱਚ ਸਹਾਈ ਹੁੰਦੇ ਹਨ।

ਜਿਸ ਬੇਅੰਤ ਸਿੰਘ ਨੂੰ ਤੁਸੀਂ ਸ਼ਹੀਦ ਦੱਸਦੇ ਹੋ, ਸਿੱਖ ਮਨਾਂ ਵਿੱਚ ਉਸ ਦਾ ਇਮੇਜ਼ ਇੱਕ ਬੁੱਚੜ ਦੇ ਰੂਪ ਵਿੱਚ ਉੱਕਰ ਚੁੱਕਿਆ ਹੈ। ਉਸ ਦੇ ਰਾਜ ਵਿੱਚ 35000 ਤੋਂ ਵੱਧ ਸਿੱਖ ਨੌਜਵਾਨਾਂ ਨੂੰ ਘਰਾਂ ’ਚੋਂ ਫੜ ਕੇ ਝੂਠੇ ਪੁਲਿਸ ਮੁਕਾਬਿਆਂ ਵਿੱਚ ਕਤਲ ਕਰਕੇ ਲਾਵਾਰਸ ਲਾਸ਼ਾਂ ਦੱਸ ਕੇ ਸਾੜ ਦਿੱਤਾ ਗਿਆ ਸੀ। ਭਾਈ ਜਸਵੰਤ ਸਿੰਘ ਖਾਲੜਾ ਨੇ ਸਿਰਫ ਤਿੰਨ ਸ਼ਮਸ਼ਾਨ ਘਾਟਾਂ ਵਿੱਚ ਜਾ ਕੇ 2000 ਲਾਵਾਰਸ ਲਾਸ਼ਾਂ ਦੀ ਸ਼ਨਾਖਤ ਕਰਕੇ ਅਦਾਲਤ ਰਾਹੀਂ ਇਨਾਂ ਦੀ ਪੜਤਾਲ ਕਰਨ ਦੀ ਮੰਗ ਕੀਤੀ ਤਾਂ ਉਸ ਨੂੰ ਵੀ ਲਾਵਾਰਸ ਲਾਸ਼ ਬਣਾ ਦਿੱਤਾ ਗਿਆ। ਕੀ ਤੁਹਾਡੇ ਮੁਤਾਬਕ ਅਦਾਲਤਾਂ ’ਚ ਇਨਸਾਫ਼ ਮੰਗਣਾਂ ਵੀ ਅਤਿਵਾਦ ਹੈ ਜਾਂ ਅਤਿਵਾਦ ਨੂੰ ਸ਼ਹਿ ਦੇਣਾ ਹੈ? ਜੇ ਤੁਸੀਂ ਇਸੇ ਨੂੰ ਅਤਿਵਾਦ ਸਮਝਦੇ ਹੋ ਤਾਂ ਸ਼ਾਇਦ ਤੁਸੀਂ ਸਿੱਖ ਇਤਿਹਾਸ ਨਹੀਂ ਪੜ੍ਹਿਆ ਜਾਂ ਜਾਣਬੁੱਝ ਕੇ ਇਤਿਹਾਸ ਨੂੰ ਵਿਸਾਰਣ ਦੀ ਕੋਸ਼ਿਸ਼ ਵਿੱਚ ਬਿਲਕੁਲ ਭੁਲੇਖੇ ’ਚ ਹੋ ਕਿ ਕੁਝ ਨੌਜਵਾਨਾਂ ਨੂੰ ਫਾਂਸੀ ਦੇ ਕੇ ਅਤਿਵਾਦ ਖਤਮ ਕੀਤਾ ਜਾ ਸਕਦਾ ਹੈ।

ਅਖੀਰ ਸ: ਬਿੱਟੂ ਨੇ ਕਿਹਾ ਕਿ ਹੁਣ ਅੱਧਾ ਘੰਟਾ ਆਪਾਂ ਨੂੰ ਗੱਲ ਕਰਦਿਆਂ ਨੂੰ ਹੋ ਗਿਆ। ਆਖਰ ਤੁਸੀਂ ਮੈਥੋਂ ਚਾਹੁੰਦੇ ਕੀ ਹੋ? ਉਨ੍ਹਾਂ ਨੂੰ ਦੱਸਿਆ ਗਿਆ ਕਿ ਚਾਹੁੰਦਾ ਸਿਰਫ ਇਹ ਹਾਂ ਕਿ ਬਹੁ ਗਿਣਤੀ ਨੂੰ ਖੁਸ਼ ਕਰਨ ਲਈ ਹਮੇਸ਼ਾਂ ਘੱਟ ਗਿਣਤੀਆਂ ਨਾਲ ਸਬੰਧਤ ਨੌਜਵਾਨਾਂ ਨੂੰ ਸਖਤ ਸਜਾਵਾਂ ਤੇ ਫਾਂਸੀਆਂ ਦੀ ਮੰਗ ਕਰਕੇ ਉਨ੍ਹਾਂ ਦੇ ਜਖ਼ਮਾਂ ’ਤੇ ਲੂਣ ਨਾ ਛਿੜਕਿਆ ਕਰੋ। ਜੇ ਬਿਆਨ ਦਿੱਤੇ ਬਿਨਾਂ ਨਹੀਂ ਰਹਿ ਸਕਦੇ ਤਾਂ ਉਸ ਦੇ ਨਾਲ ਹੀ ਘੱਟ ਗਿਣਤੀ ਕੌਮਾਂ ਦੇ ਕਾਤਲਾਂ ਨੂੰ ਸਜਾਵਾਂ ਦੀ ਮੰਗ ਵੀ ਕਰ ਦਿਆ ਕਰੋ। ਰਜੀਵ ਗਾਂਧੀ ਦੇ ਬਿਆਨ ਦੀ ਵੀ ਨਿੰਦਾ ਕਰ ਦਿਆ ਕਰੋ। ਸ: ਬਿਟੂ ਨੇ ਕਿਹਾ ਉਹ ਤਾਂ ਅਸੀਂ ਸਾਰੇ ਹੀ ਮੰਨਦੇ ਹਾਂ ਕਿ ਗਲਤ ਸਨ।

ਪੁੱਛੇ ਜਾਣ ’ਤੇ ਜ਼ਰੂਰ ਗਲਤ ਮੰਨਦੇ ਹੋ, ਪਰ ਅੱਜ ਤੱਕ ਤੁਹਾਡੇ ਸਮੇਤ ਕਿਸੇ ਕਾਂਗਰਸੀ ਆਗੂ ਨੇ ਰਾਜੀਵ ਗਾਂਧੀ ਦੇ ਬਿਆਨ ਅਤੇ ‘84 ਦੇ ਸਿੱਖ ਕਤਲੇਆਮ ਦੀ ਨਿੰਦਾ ਨਹੀਂ ਕੀਤੀ। ਤੇ ਭਾਜਪਾ ਦੇ ਕਿਸੇ ਆਗੂ ਨੇ ਬਾਬਰੀ ਮਸਜ਼ਿਦ ਢਾਹੇ ਜਾਣ ਦੀ, ਗੁਜਰਾਤ ’ਚ ਮੁਸਲਮਾਨਾਂ ਅਤੇ ਕਰਨਾਟਕਾ ਉੜੀਸਾ ਵਿੱਚ ਈਸਾਈਆਂ ਦੇ ਕਤਲੇਆਮ ਦੀ ਕਦੇ ਨਿਖੇਧੀ ਨਹੀਂ ਕੀਤੀ। ਜੇ ਤੁਸੀਂ ਰਾਜੀਵ ਗਾਂਧੀ ਦੇ ਬਿਆਨ ਨੂੰ ਗਲਤ ਮੰਨਦੇ ਹੋ, ਤਾਂ ਕੀ ਮੈ ਤੁਹਾਡਾ ਬਿਆਨ ਛਾਪ ਦੇਵਾਂ? ਜੇ ਦਿਲੋਂ ਤਿਆਰ ਹੋ ਤਾਂ ਆਪਣਾ ਲਿਖਤੀ ਪ੍ਰੈੱਸ ਨੋਟ ਭੇਜ ਦਿਓ ਤਾਂ ਕਿ ਬਾਅਦ ਵਿੱਚ ਤੁਸੀਂ ਇਸ ਨੂੰ ਪ੍ਰੈੱਸ ਨੇ ਤਰੋੜ ਮਰੋੜ ਕੇ ਲਾਇਆ ਬਿਆਨ ਨਾ ਕਹਿ ਸਕੋ। ਇਹ ਸੁਣ ਕੇ ਬਿੱਟੂ ਜੀ ਜ਼ਰਕ ਗਏ ਤੇ ਪੁੱਛਣ ਲੱਗੇ ਕਿ ਤੁਸੀਂ ਪੱਤਰਕਾਰ ਦੇ ਤੌਰ ’ਤੇ ਪੁੱਛ ਰਹੇ ਹੋ ਜਾਂ ਕਿਸੇ ਹੋਰ ਹੈਸੀਅਤ ਵਿੱਚ।

ਦੱਸਿਆ ਗਿਆ ਕਿ ਮੇਰੀ ਹੈਸੀਅਤ ਸਿਰਫ ਇੱਕ ਸਿੱਖ ਤੇ ਭਾਰਤ ਦਾ ਸ਼ਹਿਰੀ ਹੋਣ ਦੀ ਹੈ। ਤੇ ਬਾਅਦ ਵਿੱਚ ਮੈਂ ਪੱਤਰਕਾਰ ਵੀ ਹਾਂ। ਭਾਰਤ ਦਾ ਸ਼ਹਿਰੀ ਹੋਣ ਦੇ ਨਾਤੇ ਆਪਣੇ ਪੰਜਾਬ ਤੋਂ ਚੁਣੇ ਗਏ ਸਾਂਸਦ ਤੋਂ ਸਵਾਲ ਪੁੱਛ ਰਿਹਾ ਹਾਂ ਤੇ ਪੱਤਰਕਾਰ ਹੋਣ ਦੇ ਨਾਤੇ ਤੁਹਾਡਾ ਬਿਆਨ ਛਪਵਾ ਸਕਦਾ ਹਾਂ।

ਇਹ ਸੁਣ ਕੇ ਸ: ਰਵਨੀਤ ਸਿੰਘ ਬਿੱਟੂ ਜੀ ਕਹਿਣ ਲੱਗੇ ਆਪਣੀ ਜ਼ਬਾਨੀ ਹੋਈ ਗੱਲਬਾਤ ਦੇ ਆਧਾਰ ’ਤੇ ਤੁਸੀਂ ਮੇਰੇ ਵੱਲੋਂ ਬਿਆਨ ਲਾ ਸਕਦੇ ਹੋ ਪਰ ਲਿਖਤੀ ਤਾਂ ਮੈਂ ਪਾਰਟੀ ਨਾਲ ਹੀ ਹਾਂ ਉਸ ਤੋਂ ਬਾਹਰ ਜਾ ਕੇ ਮੈਂ ਬਿਆਨ ਕਿਸ ਤਰ੍ਹਾਂ ਦੇ ਸਕਦਾ ਹਾਂ? ਭਾਵੇ ਉਹ ਲਿਖਤੀ ਬਿਆਨ ਦੇਣ ਵਾਸਤੇ ਤਾਂ ਤਿਆਰ ਨਹੀਂ ਹੋਏ, ਪਰ ਉਨ੍ਹਾਂ ਵੱਲੋਂ ਕੀਤੀ ਗਈ ਬੈਕ ਕਾਲ ਦੌਰਾਨ 23 ਮਿੰਟ ਦੇ ਲੰਬੇ ਸਮੇਂ ਤੱਕ ਮੇਰੇ ਤਿੱਖੇ ਸਵਾਲ ਸੁਣਨ ਦਾ ਸਮਾਂ ਦੇਣ ਅਤੇ ਨਿਜੀ ਰੂਪ ਵਿੱਚ ਰਾਜੀਵ ਗਾਂਧੀ ਦੇ ਬਿਆਨ ਅਤੇ ‘84 ਦੇ ਸਿੱਖ ਕਤਲੇਆਮ ਤੇ ਉਨ੍ਹਾਂ ਦੇ ਦੋਸ਼ੀਆਂ ਨੂੰ ਸਜਾਵਾਂ ਨਾ ਦੇਣ ਨੂੰ ਗਲਤ ਮੰਨਣ ਲਈ ਉਨ੍ਹਾਂ ਦਾ ਧੰਨਵਾਦ।


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top