
ਬਠਿੰਡਾ,
14 ਫਰਵਰੀ (ਕਿਰਪਾਲ ਸਿੰਘ): ਅਕਾਲੀ ਜਥਾ ਕਾਨ੍ਹਪੁਰ ਵਲੋਂ ਕਾਨ੍ਹਪੁਰ ਵਿਖੇ 16-17 ਫਰਵਰੀ
ਨੂੰ ਆਯੋਜਿਤ ਕੀਤੇ ਜਾ ਰਹੇ ਸਮਾਗਮ, ਜਿਸ ਵਿੱਚ ਪ੍ਰੋ. ਦਰਸ਼ਨ ਸਿੰਘ ਨੇ ਸ਼ਮੂਲੀਅਤ ਕਰਨੀ
ਹੈ, ਦਾ ਕੁਲਦੀਪ ਸਿੰਘ ਤੇ ਉਸ ਦੇ ਸਾਥੀਆਂ ਵਲੋਂ ਵਿਰੋਧ ਕੀਤੇ ਜਾਣ ਕਾਰਣ ਵਿਵਾਦ ਕਾਫੀ
ਭਖਿਆ ਹੋਇਆ ਹੈ। ਨਗਰ ਮੈਜਿਸਟਰੇਟ (ਦਰਜਾ ਪਹਿਲਾ) ਸ਼੍ਰੀ ਯੋਗੇਂਦਰ ਅਤੇ ਥਾਣਾ ਗੋਬਿੰਦ
ਨਗਰ ਦੇ ਇੰਸਪੈਕਟਰ ਮੁਹੰਮਦ ਅੱਬਾਸ ਨੇ ਸ਼ਹਿਰ ਵਿੱਚ ਸ਼ਾਂਤੀ ਬਣਾਏ ਰੱਖਣ ਲਈ ਬੀਤੇ
ਮੰਗਲਵਾਰ ਥਾਣਾ ਗਬਿੰਦ ਨਗਰ ਵਿੱਚ ਦੋਵਾਂ ਧਿਰਾਂ ਨਾਲ ਸਾਂਝੀ ਮੀਟਿੰਗ ਕੀਤੀ ਸੀ, ਪਰ
ਮਾਮਲਾ ਨਿਪਟ ਨਾ ਸਕਿਆ, ਕਿਉਂਕਿ ਅਕਾਲੀ ਜਥੇ ਦੇ ਆਗੂਆਂ ਦਾ ਕਹਿਣਾ ਸੀ, ਕਿ ਦੇਸ਼ ਦੇ ਹਰ
ਸ਼ਹਿਰੀ ਨੂੰ ਆਪਣੇ ਧਾਰਮਿਕ ਅਕੀਦੇ ਅਨੁਸਾਰ ਸਮਾਗਮ ਕਰਨ ਦਾ ਬੁਨਿਆਦੀ ਜਮਹੂਰੀ ਹੱਕ ਹੈ,
ਜਿਸ ਨੂੰ ਕੁਲਦੀਪ ਸਿੰਘ ਵਰਗਾ ਕੋਈ ਵਿਅਕਤੀ ਖੋਹ ਨਹੀਂ ਸਕਦਾ।
ਉਨ੍ਹਾਂ ਕਿਹਾ ਸਮਾਗਮ ਹਰ ਹਾਲਤ ਵਿੱਚ ਹੋਵੇਗਾ ਤੇ ਉਸ ਵਿੱਚ ਅਕਾਲ
ਤਖ਼ਤ ਦੇ ਸਾਬਕਾ ਮੁੱਖ ਸੇਵਾਦਾਰ ਪ੍ਰੋ. ਦਰਸ਼ਨ ਸਿੰਘ ਮੁੱਖ ਬੁਲਾਰੇ ਦੇ ਤੌਰ ’ਤੇ ਜਰੂਰ
ਸ਼ਾਮਲ ਹੋਣਗੇ। ਸਾਡਾ ਕਿਸੇ ਵਿਅਕਤੀ ਜਾਂ ਸੰਸਥਾ ਦਾ ਵਿਰੋਧ ਕਰਨ ਦਾ ਕੋਈ ਇਰਾਦਾ ਨਹੀਂ ਤੇ
ਸ਼ਾਂਤੀ ਪੂਰਵਕ ਆਪਣਾ ਸਮਾਗਮ ਕਰਨਾ ਚਾਹੁੰਦੇ ਹਾਂ। ਪਰ ਕਿਉਂਕਿ ਕੁਲਦੀਪ ਸਿੰਘ ਤੇ ਉਸ ਦੇ
ਸਾਥੀ ਅਕਾਲ ਤਖ਼ਤ ਦੇ ਮੁੱਖ ਸੇਵਾਦਾਰ ਗਿਆਨੀ ਗੁਰਬਚਨ ਸਿੰਘ ਦੀ ਸ਼ਹਿ ’ਤੇ ਬੁਰਛਾਗਰਦੀ ਦੇ
ਜ਼ੋਰ ‘ਤੇ ਸਮਾਗਮ ਰੋਕਣ ਅਤੇ ਸਾਡੇ ਸਤਿਕਾਰਤ ਮਹਿਮਾਨ ਮੁੱਖ ਕੀਰਤਨੀਏ ਤੇ ਗੁਰਬਾਣੀ ਦੇ
ਮਹਾਨ ਵਿਆਖਿਆਕਾਰ ਪ੍ਰੋ. ਦਰਸ਼ਨ ਸਿੰਘ ਦਾ ਵਿਰੋਧ ਕਰਕੇ, ਸਮਾਗਮ ’ਚ ਖਲਲ ਪਾਉਣ ਦੀਆਂ
ਸ਼ਰੇਆਮ ਧਮਕੀਆਂ ਦੇ ਰਹੇ ਹਨ, ਇਸ ਲਈ ਉਨ੍ਹਾਂ ਹੁਲੜਬਾਜ਼ਾਂ ਤੋਂ ਸੁਰੱਖਿਆ ਦੇਣੀ ਤੇ ਸ਼ਹਿਰ
ਵਿੱਚ ਸ਼ਾਂਤੀ ਬਣਾਈ ਰੱਖਣਾ
ਪ੍ਰਸ਼ਾਸਨ ਦਾ ਸੰਵਿਧਾਨਕ ਫਰਜ ਹੈ। ਇਸ ਲਈ
ਪ੍ਰਸ਼ਾਸਨ ਸਾਨੂੰ
ਸੁਰੱਖਿਆ ਦੇ ਕੇ ਆਪਣਾ ਸੰਵਿਧਾਨਕ ਫਰਜ ਅਦਾ ਕਰੇ।
ਪਰ ਦੂਸਰੇ ਪਾਸੇ ਕੁਲਦੀਪ ਸਿੰਘ ਸ਼ਰੇਆਮ ਧਮਕੀਆਂ ਦੇ ਰਿਹਾ ਹੈ, ਕਿ
ਅਕਾਲ ਤਖ਼ਤ ਦੇ ਆਦੇਸ਼ ਅਨੁਸਾਰ ਪ੍ਰੋ. ਦਰਸ਼ਨ ਸਿੰਘ ਨੂੰ ਕਿਸੇ ਹਾਲਤ ਵਿੱਚ ਸਟੇਜ ’ਤੇ ਨਹੀਂ
ਚੜ੍ਹਨ ਦੇਣਗੇ। ਦੋਵਾਂ ਧਿਰਾਂ ਵੱਲੋਂ ਆਪਣੇ ਸਟੈਂਡ ’ਤੇ ਡਟੇ ਰਹਿਣ ਕਾਰਣ ਹਾਲਾਤਾਂ ਦੀ
ਨਜ਼ਾਕਤ ਨੂੰ ਵੇਖਦੇ ਹੋਏ ਨਗਰ ਮੈਜਿਸਟਰੇਟ (ਦਰਜਾ ਪਹਿਲਾ) ਸ਼੍ਰੀ ਯੋਗੇਂਦਰ ਨੇ ਬੁੱਧਵਾਰ
ਸ਼ਾਮ ਨੂੰ ਅਕਾਲੀ ਜਥੇ ਦੇ 12 ਆਗੂਆਂ - ਹਰਚਰਨ ਸਿੰਘ, ਹਰਪਾਲ ਸਿੰਘ ਪੁੱਤਰ ਕਲਿਆਣ ਸਿੰਘ,
ਰਵਿੰਦਰ ਸਿੰਘ, ਅਮਨਦੀਪ ਸਿੰਘ, ਰਘਬੀਰ ਸਿੰਘ, ਜਸਵੰਤ ਸਿੰਘ, ਭੂਪਿੰਦਰ ਸਿੰਘ, ਕਵਲਪਾਲ
ਸਿੰਘ, ਬਲਵੀਰ ਸਿੰਘ, ਗੁਰਪ੍ਰੀਤ ਸਿੰਘ, ਹਰਪਾਲ ਸਿੰਘ ਪੁੱਤਰ ਮਹਿੰਦਰ ਸਿੰਘ ਅਤੇ ਹਰਵੰਸ਼
ਸਿੰਘ ਨੂੰ ਅਤੇ
ਦੂਸਰੀ ਧਿਰ ਦੇ ਤਿੰਨ ਵਿਅਕਤੀਆਂ
– ਕੁਲਦੀਪ ਸਿੰਘ, ਗੁਰਬਖ਼ਸ਼ ਸਿੰਘ,
ਗੁਰਚਰਨ ਸਿੰਘ ਵਾਸੂ, ਨੂੰ ਧਾਰਾ 107/111 ਅਧੀਨ 15 ਫਰਵਰੀ ਤੋਂ ਪਹਿਲਾਂ ਪਹਿਲਾਂ 20-20
ਹਜਾਰ ਰੁਪਏ ਦੀਆਂ ਦੋ ਜਮਾਨਤਾਂ ਤੇ ਇੰਨੀ ਹੀ ਰਕਮ ਦੇ ਨਿੱਜੀ ਬੌਂਡ ਭਰਨ ਲਈ ਨੋਟਿਸ ਜਾਰੀ
ਕਰ ਦਿੱਤਾ ਸੀ। ਅਕਾਲੀ ਜਥੇ ਦੇ ਕਨਵੀਨਰ ਇੰਦਰਜੀਤ ਸਿੰਘ ਕਾਨ੍ਹਪੁਰ ਨੇ ਦੱਸਿਆ ਕਿ ਸਾਡੇ
ਆਗੂਆਂ ਨੂੰ ਕਿਉਂਕਿ 15 ਫਰਵਰੀ ਨੂੰ ਸਮਾਗਮ ਦੀਆਂ ਤਿਆਰੀਆਂ ਕਰਨ ਵਿੱਚ ਰੁਝੇ ਹੋਏ ਹੋਣ
ਕਰਕੇ ਸਮਾਂ ਨਹੀਂ ਸੀ ਮਿਲਣਾ ਇਸ ਲਈ ਉਨ੍ਹਾਂ ਸਾਰਿਆਂ ਨੇ ਅੱਜ ਹੀ ਜਮਾਨਤਾਂ ਕਰਵਾ ਕੇ
ਸਮਾਗਮ ਦੀਆਂ ਤਿਆਰੀਆਂ ਵਿੱਚ ਜੁਟ ਗਏ ਹਨ।
ਜਦੋਂ ਕੁਲਦੀਪ ਸਿੰਘ ਨੂੰ ਪੁੱਛਿਆ ਗਿਆ ਕਿ ਤੁਹਾਨੂੰ ਸਿਟੀ
ਮੈਜਿਟ੍ਰੇਟ ਵੱਲੋਂ ਜਮਾਨਤਾਂ ਕਰਵਾਉਣ ਦਾ ਨੋਟਿਸ ਮਿਲਿਆ ਸੀ, ਕੀ ਤੁਸੀਂ ਉਸ ਦੀ ਪਾਲਣਾ
ਕਰਦੇ ਹੋਏ ਜਮਾਨਤਾਂ ਕਰਵਾ ਲਈਆਂ ਹਨ, ਜਾਂ ਤੁਹਾਡਾ ਕੋਈ ਹੋਰ ਇਰਾਦਾ ਹੈ। ਕੁਲਦੀਪ ਸਿੰਘ
ਨੂੰ ਇਸ ਦਾ ਕੋਈ ਵੀ ਜਵਾਬ ਨਹੀਂ ਸੀ ਸੁਝ ਰਿਹਾ, ਇਸ ਲਈ ਉਨ੍ਹਾਂ ਕਿਹਾ ਕਿ ਮੈਂ ਤੁਹਾਨੂੰ
ਬਾਅਦ ਵਿੱਚ ਦੱਸਾਂਗਾ।
ਇੰਦਰਜੀਤ ਸਿੰਘ ਕਾਨ੍ਹਪੁਰ ਨੇ ਇਹ ਵੀ ਦੱਸਿਆ ਕਿ ਜਦੋਂ ਮੀਟਿੰਗ
ਦੌਰਾਨ ਸਿਟੀ ਮੈਜਿਸਟ੍ਰੇਟ (ਦਰਜਾ ਪਹਿਲਾ) ਨੇ ਪੁਲਿਸ ਇੰਸਪੈਕਰ ਨੂੰ ਕਿਹਾ ਕਿ ਦੋਵਾਂ
ਧਿਰਾਂ- ਜਿਹੜੇ ਸਮਾਗਮ ਹਰ ਹਾਲਤ ਕਰਾਉਣ ਲਈ ਦ੍ਰਿੜ ਹਨ ਅਤੇ ਜਿਹੜੇ ਵਿਰੋਧ ਕਰਨ ਵਾਲੇ ਹਨ
ਉਨ੍ਹਾਂ ਦੇ ਨਾਮ ਨੋਟ ਕਰਕੇ ਜਮਾਨਤਾਂ ਕਰਵਾ ਦਿੱਤੀਆਂ ਜਾਣ, ਤਾਂ ਕੁਲਦੀਪ ਸਿੰਘ ਨਾਲ ਆਏ
30 ਕੁ ਬੰਦਿਆਂ ’ਚੋਂ ਸਾਰੇ ਹੀ ਖਿਸਕ ਗਏ ਤੇ ਕੁਲਦੀਪ ਸਿੰਘ ਨਾਲ ਸਿਰਫ ਦੋ ਹੀ ਬੰਦੇ ਰਹਿ
ਗਏ, ਜਦੋਂ ਕਿ ਸਾਡੇ ਨਾਲ ਗਏ ਸਾਰੇ ਹੀ ਬੰਦੇ ਆਪਣਾ ਨਾਮ ਲਿਖਵਾਉਣ ਵਿੱਚ ਉਤਾਵਲੇ ਸਨ। 12
ਕੁ ਨਾਮ ਨੋਟ ਕਰਨ ਤੋਂ ਬਾਅਦ ਸਿਆਣੇ ਬੰਦਿਆਂ ਨੇ ਰੋਕ ਦਿੱਤਾ ਕਿ ਆਹ ਤਿੰਨਾਂ ਨਾਲ
ਮੁਕਾਬਲਾ ਕਰਨ ਲਈ ਸਾਨੂੰ ਇੰਨੇ ਬੰਦਿਆਂ ਨੂੰ ਲੋੜ ਨਹੀਂ ਹੈ।
ਇੰਦਰਜੀਤ ਸਿੰਘ ਨੇ ਕਿਹਾ ਇਸ ਤੋਂ ਪਤਾ ਲਗਦਾ ਹੈ ਕਿ ਅਕਾਲੀ ਜਥੇ
ਦੇ ਵੀਰਾਂ ਵਿੱਚ ਸਮਾਗਮ ਕਰਵਾਉਣ ਦਾ ਕਿਤਨਾ ਉਤਸ਼ਾਹ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਅੱਜ
ਹੀ ਬਰੇਲੀ ਵਿੱਚ ਪ੍ਰੋ. ਦਰਸ਼ਨ ਸਿੰਘ ਜੀ ਦਾ ਕੀਰਤਨ ਸਮਾਗਮ ਬੜੀ ਸਫਲਤਾ ਅਤੇ ਸ਼ਾਂਤੀ
ਪੂਰਬਕ ਚੱਲ ਰਿਹਾ ਹੈ, ਜਿਸ ਦੀਆਂ ਫੋਟੋ ਉਨ੍ਹਾਂ ਨੂੰ ਮਿਲ ਗਈਆਂ ਸਨ। ਅਸੀਂ ਉਹ ਫੋਟੋ
ਸਿਟੀ ਮੈਜਿਸਟ੍ਰੇਟ (ਪਹਿਲਾ ਦਰਜਾ) ਨੂੰ ਵਿਖਾ ਕਿ ਕਿਹਾ ਕਿ ਯੂਪੀ ਦੇ ਸ਼ਹਿਰ ਬਰੇਲੀ ਵਿੱਚ
ਜੇ ਕਿਸੇ ਨੂੰ ਕੋਈ ਤਕਲੀਫ਼ ਨਹੀਂ ਹੈ, ਤਾਂ ਕਾਨਪੁਰ ਵਿੱਚ ਕੀ ਤਕਲੀਫ਼ ਹੋ ਸਕਦੀ ਹੈ? ਉਨ੍ਹਾਂ
ਦੱਸਿਆ ਕਿ ਮੈਜਿਸਟ੍ਰੇਟ ਦਾ ਰਵਈਆ ਬਹੁਤ ਹੀ ਸ਼ਲਾਘਾਯੋਗ ਸਹਿਯੋਗ ਦੇਣਾ ਵਾਲਾ ਸੀ ਤੇ ਉਨ੍ਹਾਂ
ਸਾਨੂੰ ਸ਼ਾਂਤੀ ਬਣਾਏ ਰੱਖਣ ਲਈ ਹਰ ਸੁਰੱਖਿਆ ਦੇਣ ਦਾ ਭਰੋਸਾ ਦਿੱਤਾ ਹੈ। ਭਾਈ ਇੰਦਰਜੀਤ
ਸਿੰਘ ਨੇ ਪ੍ਰਸ਼ਾਸਨ ਵਲੋਂ ਦਿੱਤੇ ਜਾ ਰਹੇ ਸਹਿਯੋਗ ਲਈ ਧੰਨਵਾਦ ਕੀਤਾ।