ਇਕ ਵਾਰੀ ਮੇਰੇ ਸਾਥੀ ਪੰਜਾਬੀ ਅਧਿਆਪਕ ਨੇ ਮੇਰੇ ਤੋਂ
ਸਵਾਲ ਪੁੱਛਿਆ, “ਭਗਤਾ, (ਉਹ ਹਰ ਸਾਥੀ ਨੂੰ ਭਗਤਾ ਕਹਿ ਕੇ ਹੀ ਬੁਲਾਉਂਦੇ ਸਨ) ਇਹ ਦੱਸ
ਕਿ ਅੱਗ ਦੀ ਲਾਟ ਹਮੇਸ਼ਾ ਉਪਰ ਵੱਲ ਕਿਉਂ ਜਾਂਦੀ ਹੈ ਅਤੇ ਪਾਣੀ ਹਮੇਸ਼ਾ ਨਿਵਾਣ ਵੱਲ ਕਿਉਂ
ਵਹਿੰਦਾ ਹੈ?” ਮੈਂ ਸਾਇੰਸ ਅਧਿਆਪਕ ਹੋਣ ਕਾਰਨ ਇਸ ਦਾ ਉੱਤਰ ਆਪਣੇ ਵਿਗਿਆਨਕ ਤਰੀਕੇ ਨਾਲ਼
ਦਿੱਤਾ । ਉਹ ਹੱਸ ਪਏ ਤੇ ਬੋਲੇ, “ਨਹੀਂ ਅਸਲ ‘ਚ ਗੱਲ ਇਹ ਨਹੀਂ।” ਮੇਰੇ ਪੁੱਛਣ ਤੇ ਉਨ੍ਹਾਂ
ਆਪਣੇ ਅੰਦਾਜ਼ ਵਿਚ ਜਵਾਬ ਦਿੱਤਾ, “ਅਸਲ ‘ਚ ਅੱਗ ਦਾ ਸਰੋਤ ਸੂਰਜ ਹੈ । ਸਾਰੀ ਅੱਗ ਦਾ
ਕਾਰਨ ਸਿਰਫ ਅਤੇ ਸਿਰਫ਼ ਸੂਰਜ ਹੈ। ਇਸ ਲਈ ਉਹ ਆਪਣੇ ਮੂਲ ਯਾਨੀ ਸਰੋਤ ਵੱਲ ਜਾਂਦੀ ਹੈ ।
ਪਾਣੀ ਦਾ ਸਰੋਤ ਯਾਨੀ ਮੂਲ ਸਮੁੰਦਰ ਹੈ । ਇਸ ਲਈ ਪਾਣੀ ਵੀ ਆਪਣੇ ਮੂਲ ਵੱਲ ਦੌੜਦਾ ਹੈ।”
ਮੈਂ ਉੱਤਰ ਸੁਣ ਕੇ ਪ੍ਰਭਾਵਿਤ ਹੋਇਆ। ਉਨਾਂ ਹੋਰ ਅੱਗੇ ਕਿਹਾ,
“ਕਣਕ ਨੂੰ ਪੁਰਾਣੇ ਲੋਕ ਤੂੜੀ ਦੇ ਕੁੱਪ ਵਿਚ ਰੱਖਦੇ ਸਨ, ਜਿੱਥੇ ਉਹ ਕਦੇ ਵੀ ਖਰਾਬ ਨਹੀਂ
ਸੀ ਹੁੰਦੀ। ਕਿਉਂਕਿ ਤੂੜੀ ਉਸ ਦਾ ਮੂਲ ਹੈ। ਗੰਨੇ ਦੇ ਰਸ ਨੂੰ ਸੁਰਿੱਖਅਤ ਰੱਖਣ ਲਈ ਉਸ
ਵਿਚ ਛੋਟਾ ਜਿਹਾ ਗੰਨੇ ਦਾ ਟੋਟਾ ਸੁੱਟ ਦਿੱਤਾ ਜਾਂਦਾ ਹੈ, ਰਸ ਕਦੇ ਖਰਾਬ ਨਹੀਂ ਹੁੰਦਾ।
ਕਾਰਨ ਫਿਰ ਓਹੀ-ਕਿਉਂਕਿ ਰਸ ਗੰਨੇ ਤੋਂ ਹੀ ਆਉਂਦਾ ਹੈ। ਕਹਿਣ ਦਾ ਭਾਵ ਇਹ ਕਿ ਕੋਈ ਵੀ
ਵਸਤ ਆਪਣੇ ਸਰੋਤ ਜਾਂ ਮੂਲ ਵੱਲ ਭੱਜਦੀ ਹੈ। ਮੂਲ ਨਾਲ ਮਿਲ ਕੇ ਸੁਰੱਖਿਅਤ ਰਹਿੰਦੀ ਹੈ।
ਤੇ ਫਿਰ ਅਸੀ ਆਪਣੇ ਮੂਲ ਵੱਲ ਕਿਉਂ ਨਹੀਂ ਜਾਂਦੇ? ਪ੍ਰਭੂ ਸਾਡਾ ਮੂਲ ਹੈ ਅਸੀਂ ਸਿਰਫ ਉਸ
ਦੇ ਕੋਲ ਹੀ ਸੁਰੱਖਿਅਤ ਰਹਿ ਸਕਦੇ ਹਾਂ। ਗੁਰੂ ਸਾਹਿਬ ਨੇ ਫੁਰਮਾਇਆ ਤਾਂ ਹੈ, “ਮਨ ਤੂੰ
ਜੋਤਿ ਸਰੂਪ ਹੈਂ ਆਪਣਾ ਮੂਲ ਪਛਾਣ”। ਸੋ ਮਨੁੱਖ ਵੀ ਆਪਣੇ ਮੂਲ ਤੋਂ ਟੁੱਟ ਕੇ ਹੀ ਦੁੱਖ
ਪਾਉਂਦਾ ਹੈ।” ਗਿਆਨੀ ਜੀ ਦੀਆਂ ਦਲੀਲ ਪੂਰਨ ਸਚਾਈਆਂ ਸੁਣ ਕੇ ਮੈਂ ਖੁਸ਼ ਵੀ ਹੋਇਆ,
ਹੈਰਾਨ ਵੀ ਅਤੇ ਡੂੰਘੀ ਸੋਚ ਵਿਚ ਡੁੱਬ ਗਿਆ।