ਨੀਲਾ ਗਿਦੜ?...ਜੀ ਹਾਂ, ਨੀਲਾ ਗਿੱਦੜ! ਮੈਨੂੰ ਚੰਗੀ ਤਰਾਂ ਯਾਦ
ਹੈ ਕਿ ਅੱਠਵੀਂ ਤੋਂ ਥੱਲੜੀ ਕਿਸੇ ਜਮਾਤ ਵਿਚ ਲੱਗੀ ਹੋਈ ਪੰਜਾਬੀ ਦੀ ਕਿਤਾਬ ਵਿੱਚ ਇਸ
ਸਿਰਲੇਖ ਵਾਲਾ ਇੱਕ ‘ਪਾਠ’ ਹੁੰਦਾ ਸੀ। ਇਸ ਭੇਤ ਦਾ ਰਾਜ਼ ਤਾਂ ਹਾਲੇ ਤੱਕ ਵੀ ਨਹੀਂ
ਖੁੱਲਿਆ ਕਿ ਇਸ ਪਾਠ ਦੇ ਲੇਖਕ ਨੇ ਗਿੱਦੜ ਨੂੰ ਨੀਲੇ ਰੰਗ ਦਾ ਹੀ ਕਿਉਂ ਦਿਖਾਇਆ ਹੋਵੇਗਾ?
ਪੀਲਾ, ਹਰਾ, ਸੰਤਰੀ ਜਾਂ ਕਿਸੇ ਹੋਰ ਰੰਗ ਦਾ ਕਿਉਂ ਨਹੀਂ? ਇਹੋ ਜਿਹੀਆਂ ਸੋਚਾਂ ਤਾਂ ਵੱਡੇ
ਹੋਇਆਂ ਨੂੰ ਹੀ ਘੇਰਦੀਆਂ ਹਨ। ਉਦੋਂ ਬਾਲ-ਮਨ ਵਿੱਚ ਇਹੋ ਜਿਹੇ ‘ਗੁੱਝੇ ਸਵਾਲ’ ਪੈਦਾ ਹੀ
ਨਹੀਂ ਸਨ ਹੁੰਦੇ। ਬੱਸ ਏਨੀ ਗੱਲ ਯਾਦ ਹੈ ਕਿ ਅਸੀਂ ਇਹ ਸਬਕ ਵੱਡੇ ਚਾਅ ਨਾਲ ਹੁੱਬ-ਹੁੱਬ
ਕੇ ਪੜ੍ਹਦੇ ਹੁੰਦੇ ਸਾਂ। ਇਸ ਲੇਖ ਦੇ ਵਿਚਾਲੇ ਜਿਹੇ ਇੱਕ ਚਿੱਤਰ ਵੀ ਛਪਿਆ ਹੁੰਦਾ ਸੀ।
ਇਸ ਵਿੱਚ ਧਰਤੀ ’ਚ ਦੱਬੇ ਹੋਏ ਲਲਾਰੀ ਦੇ ਮੱਟ ਵਿੱਚੋਂ ਅੱਧਾ ਕੁ ਬਾਹਰ ਨੂੰ ਨਿਕਲਿਆ
ਗਿੱਦੜ ਦਿਖਾਇਆ ਹੁੰਦਾ ਸੀ। ਆਪਣੇ ਆਪ ਨੂੰ ਗੂੜ੍ਹੇ ਨੀਲੇ ਰੰਗ ’ਚ ਰੰਗਿਆ ਦੇਖ ਕੇ ਗਿੱਦੜ
ਦੇ ਮਨ ਵਿੱਚ ਫਰੇਬ ਆ ਜਾਂਦਾ ਹੈ। ਉਹ ਕਾਹਲੇ ਪੈਰੀਂ ਤੁਰਦਾ ਹੋਇਆ ਜੰਗਲ ਵਿੱਚ ਜਾ ਕੇ
ਸਾਰੇ ਜਾਨਵਰਾਂ ਦੇ ਇਕੱਠ ਨੂੰ ਬੜੀ ਟੌਹਰ ਨਾਲ ਸੰਬੋਧਨ ਕਰਦਾ ਹੈ।
ਆਪਣੇ ਨਵੇਂ ਰੂਪ ਦਾ ਦੋਅਬ-ਦਾਬ ਜਮਾਉਣ ਲਈ ਉਹ ਕਿਹੋ ਜਿਹੀਆਂ ਡੀਂਗਾਂ
ਮਾਰਦਾ ਹੈ ਅਤੇ ਉਸ ਦੇ ਪਾਖੰਡ ਦਾ ਪਰਦਾ ਫ਼ਾਸ਼ ਕਿਵੇਂ ਹੁੰਦਾ ਹੈ? ਇਹ ਘੁੰਡੀ ਰਤਾ ਕੁ
ਠਹਿਰ ਕੇ ਖੋਲ੍ਹਦੇ ਹਾਂ, ਪਹਿਲਾਂ ਉਨ੍ਹਾਂ ਦਿਨਾਂ ਵਿੱਚ ਹੀ ਪੜ੍ਹੀ-ਸੁਣੀ ਇੱਕ ਹੋਰ
ਜੰਗਲੀ-ਸਾਖੀ ਦਾ ਵਰਨਣ ਕਰ ਦਿਆਂ, ਜਿਸ ਵਿੱਚ ਇੱਕ ਬਘਿਆੜ ਦੀ ਨੰਗੀ-ਚਿੱਟੀ ਸੀਨਾ-ਜ਼ੋਰੀ
ਦਾ ਜ਼ਿਕਰ ਹੈ।
ਭੁੱਖ ਨਾਲ ਵਿਆਕੁਲ ਹੋਇਆ ਇੱਕ ਬਘਿਆੜ ਪਾਣੀ ਪੀਣ ਲਈ ਨਦੀ ਕਿਨਾਰੇ
ਜਾ ਪਹੁੰਚਿਆ। ਉਸ ਤੋਂ ਥੋੜ੍ਹਾ ਹਟਵਾਂ ਇੱਕ ਭੇਡ ਦਾ ਲੇਲਾ ਵੀ ਪਾਣੀ ਪੀ ਰਿਹਾ ਸੀ। ਉਸ
ਨੂੰ ਦੇਖਦਿਆਂ ਹੀ ਬਘਿਆੜ ਦੀ ਭੁੱਖ ਹੋਰ ਚਮਕ ਪਈ। ਮਾਸ-ਖੋਰਾ ਬਘਿਆੜ ਤਾਂ ਬਿਨ ਪੁੱਛਿਆਂ
ਹੀ ਲੇਲੇ ਨੂੰ ਪਾੜ ਕੇ ਖਾ ਜਾਂਦਾ, ਪਰ ਜਾਪਦਾ ਹੈ ਕਿ ਇਸ ਕਹਾਣੀ ਵਿਚਲਾ ਬਘਿਆੜ
‘ਦੀਨ-ਈਮਾਨ’ ਦੇ ਪ੍ਰਗਟਾਵੇ ਦਾ ਪਾਖੰਡ ਕਰਨ ਵਾਲਾ ਹੋਣੈ। ਇਸ ਲਈ ਉਸ ਨੇ ਲੇਲੇ ਨੂੰ
ਨਿਗਲਣ ਦਾ ਇਹ ਬਹਾਨਾ ਬਣਾਇਆ, ‘‘ਓਏ, ਤੈਨੂੰ ਦੀਂਹਦਾ ਨਹੀਂ, ਮੈਂ ਇੱਧਰ ਪਾਣੀ ਪੀ ਰਿਹੈਂ,
ਤੂੰ ਜੂਠਾ ਕਰੀ ਜਾਨੈਂ?’’ ਬਘਿਆੜ ’ਤਾਂਹ ਨੂੰ ਬੂਥੀ ਚੁੱਕ ਕੇ ਬੋਲਿਆ।
‘‘ਹਜ਼ੂਰ, ਇਹ ਕਿਵੇਂ ਹੋ ਸਕਦਾ ਹੈ? ਪਾਣੀ ਤਾਂ ਤੁਹਾਡੇ ਵੱਲੋਂ
ਇੱਧਰ ਨੂੰ ਵਗ ਰਿਹੈ। ਸਗੋਂ ਤੁਹਾਡਾ ਜੂਠਾ ਮੈਂ ਪੀ ਰਿਹਾਂ।’’ ਲੇਲਾ ਅਧੀਨਗੀ ਨਾਲ ਬੋਲਿਆ।
ਬਿਨਾਂ ਛਿੱਥੇ ਪਿਆਂ ਮੀਸਣੇ ਬਘਿਆੜ ਨੇ ਨਿਮਾਣੇ ਲੇਲੇ ਸਿਰ ਇੱਕ
ਹੋਰ ਦੋਸ਼ ਮੜ੍ਹ ਦਿੱਤਾ, ਅਖੇ; ‘‘ਤੂੰ ਪਿਛਲੇ ਸਾਲ ਫਲਾਣੀ ਜਗ੍ਹਾ ਮੈਨੂੰ ਗਾਲ੍ਹਾਂ ਕਿਉਂ
ਕੱਢੀਆਂ ਸਨ?’’
ਲੇਲੇ ਨੇ ਫਿਰ ਮਾਸੂਮੀਅਤ ਨਾਲ ਜਵਾਬ ਦਿੱਤਾ, ‘‘ਤੁਹਾਨੂੰ ਭੁਲੇਖਾ
ਲੱਗ ਰਿਹੈ ਸ੍ਰੀਮਾਨ, ਤੁਹਾਡੀ ਸ਼ਾਨ ਦੇ ਖ਼ਿਲਾਫ਼ ਬੋਲਣ ਵਾਲਾ ਕੋਈ ਹੋਰ ਹੋਵੇਗਾ, ਕਿਉਂਕਿ
ਪਿਛਲੇ ਸਾਲ ਤਾਂ ਮੈਂ ਜੰਮਿਆ ਵੀ ਨਹੀਂ ਸਾਂ।...ਮੇਰੀ ਉਮਰ ਹੀ ਦਸ ਕੁ ਮਹੀਨਿਆਂ ਦੀ ਏ
ਹਜ਼ੂਰ ਮਹਾਰਾਜ।’’
‘‘ਤੂੰ ਨਹੀਂ ਤਾਂ ਤੇਰੀ ਮਾਂ ਹੋਵੇਗੀ।’’ ਤਕੜੇ ਦਾ ਸੱਤੀਂ ਵੀਹੀਂ
ਸੌ ਪੂਰਾ ਕਰਨ ਵਾਲੀ ਮੱਕਾਰੀ ਨਾਲ ਖ਼ੂਨੀ ਬਘਿਆੜ ਗ਼ਰੀਬ ਲੇਲੇ ਉੱਤੇ ਝਪਟ ਪਿਆ ਅਤੇ
ਪਲਾਂ-ਛਿਣਾਂ ਵਿੱਚ ਉਸ ਦੀ ਅਲਖ ਮੁਕਾ ਦਿੱਤੀ।
ਜੰਗਲੀ ਸੱਭਿਆਚਾਰ ਦੀਆਂ ਇਨ੍ਹਾਂ ਲੋਕ-ਕਹਾਣੀਆਂ ਦੇ ਨਾਲ-ਨਾਲ
ਸੱਭਿਅਕ ਸਮਝੇ ਜਾਂਦੇ ਆਪਣੇ ਮਨੁੱਖੀ ਸਮਾਜ ਦੀਆਂ ਲੋਟੂ-ਚੱਲਾਕੀਆਂ ਦਾ ਵੀ ਵੇਰਵਾ ਸੁਣਦੇ
ਚੱਲੀਏ। ਕਹਿੰਦੇ ਹਨ ਕਿ ਕੋਈ ਹੱਟਾ-ਕੱਟਾ ਪੇਂਡੂ ਬੰਦਾ ਦੂਰੋਂ-ਪਾਰੋਂ ਇੱਕ ਛਲਾਰੂ (ਬੱਕਰੀ
ਦਾ ਬੱਚਾ) ਖ਼ਰੀਦ ਕੇ ਆਪਣੇ ਪਿੰਡ ਨੂੰ ਤੁਰਿਆ ਆ ਰਿਹਾ ਸੀ। ਰਸਤੇ ਵਿੱਚ ਉਸ ਨੂੰ ਚੋਰ
ਟੱਕਰ ਪਏ। ਚੋਰਾਂ ਨੇ ਸੋਚਿਆ ਕਿ ਤੱਕੜੇ ਜੁੱਸੇ ਵਾਲੇ ਪੇਂਡੂ ਨਾਲ ਧੌਲ-ਧੱਫਾ ਕਰ ਕੇ
ਛਲਾਰੂ ਖੋਹਿਆ ਨਹੀਂ ਜਾਣਾ, ਕਿਉਂ ਨਾ ਇਸ ਨੂੰ ਜੁਗਤ ਨਾਲ ਭੌਂਦੂ ਬਣਾ ਕੇ ਲੁੱਟਿਆ ਜਾਵੇ?
ਉਨ੍ਹਾਂ ਨੇ ਸਕੀਮ ਅਨੁਸਾਰ ਪਹਿਲਾਂ ਇੱਕ ਚੋਰ ਨੂੰ ਭੇਜਿਆ, ਜੋ
ਕੁੱਛੜ ਛਲਾਰੂ ਚੁੱਕੀ ਜਾ ਰਹੇ ਪੇਂਡੂ ਦੇ ਨਾਲ-ਨਾਲ ਤੁਰ ਪਿਆ। ਮਾੜੀ-ਮੋਟੀ ਦੁਆ-ਸਲਾਮ ਕਰ
ਕੇ ਚੋਰ ਬੋਲਿਆ, ‘‘ਬਾਈ, ਕਤੂਰਾ ਬੜਾ ਸੋਹਣਾ ਐ, ਕਿੱਥੋਂ ਲੈ ਕੇ ਆਇਐਂ?’’
‘‘ਕਤੂਰਾ?’’ ਪੇਂਡੂ ਅੱਖਾਂ ਪਾੜ ਕੇ ਨਾਲ ਦੇ ਰਾਹੀ ਵੱਲ ਦੇਖ ਕੇ
ਬੋਲਿਆ, ‘‘ਦਿਖਾਈ ਨ੍ਹੀਂ ਦਿੰਦਾ? ਇਹ ਕਤੂਰਾ ਨਹੀਂ, ਛਲਾਰੂ ਐ, ਜੋ ਬੜੀ ਚੰਗੀ ਨਸਲ ਦਾ
ਹੈ। ਪੈਸੇ ਖ਼ਰਚ ਕੇ ਲਿਆਇਆਂ ਫਲਾਣੇ ਪਿੰਡੋਂ।’’
‘‘ਮੰਨ ਨਾ ਮੰਨ ਭਾਈ, ਮੈਨੂੰ ਤਾਂ ਇਹ ਕਤੂਰਾ ਹੀ ਲੱਗਦਾ ਹੈ।’’
ਝੂਠੀ-ਮੂਠੀ ਹੈਰਾਨੀ ਵਾਲਾ ਮੂੰਹ ਬਣਾਉਂਦਿਆਂ ਏਨੀ ਗੱਲ ਕਹਿ ਕੇ ਚੋਰ ਛੋਹਲੇ ਪੈਰੀਂ ਆਪਣੇ
ਰਾਹ ਲੱਗਾ। ਥੋੜ੍ਹੇ ਚਿਰ ਬਾਅਦ ਦੂਜਾ ਚੋਰ ਪੇਂਡੂ ਨਾਲ ਆ ਰਲਿਆ। ਉਹ ਬੜੇ ਹੰਮੇ ਨਾਲ
ਪੇਂਡੂ ਨੂੰ ਕਹਿਣ ਲੱਗਾ, ‘‘ਲੱਗਦਾ ਐ ਚੰਗੇ ਈ ਪੈਸੇ ਖ਼ਰਚ ਆਇਐਂ ਵੀਰਿਆ ਕਤੂਰੇ ’ਤੇ...ਬੜੀ
ਕੀਮਤੀ ਨਸਲ ’ਚੋਂ ਜਾਪਦੈ?’’
ਪਹਿਲੇ ਚੋਰ ਦੀ ਗੱਲ ਸੁਣ ਕੇ ਅੱਧਾ ਕੁ ਸ਼ੱਕੀ ਹੋਇਆ ਪੇਂਡੂ ਪੂਰੇ
ਗੜਕੇ ਦੀ ਥਾਂ ਜੀਭ ਜਿਹੀ ਮਲ਼ਦਾ ਕਹਿੰਦਾ, ‘‘ਭਾਈ ਇਹ...ਕ...ਤੂ...ਰਾ ਤਾਂ ਨਹੀਂ, ਛਲਾਰੂ
ਲੈ ਕੇ ਆਇਆਂ।’’ ਇੰਜ ਕਹਿ ਕੇ ਉਹ ਅੱਖਾਂ ਉਘਾੜ-ਉਘਾੜ ਕੇ ਕੁੱਛੜ ਚੁੱਕੇ ਛਲਾਰੂ ਵੱਲ
ਦੇਖਣ ਲੱਗ ਪਿਆ। ਉਸ ਦੇ ਵਿਸ਼ਵਾਸ ਨੂੰ ਜਰਬਾਂ ਆ ਗਈਆਂ।
‘‘ਇਮਾਨਦਾਰੀ ਤਾਂ ਖੰਭ ਲਾ ਕੇ ਉੱਡ ਗਈ ਐ ਸਾਡੇ ਦੇਸ ’ਚੋਂ।’’
ਫਰੇਬੀ ਹਾਸੀ ਹੱਸਦਿਆਂ ਦੂਜਾ ਚੋਰ ਪੇਂਡੂ ਨੂੰ ਭੁਚਲਾਉਣ ਲੱਗਿਆ, ‘‘ਭੋਲੇ ਪਾਤਸ਼ਾਹਾ, ਤੈਨੂੰ
ਕਿਸੇ ਨੇ ਠੱਗ ਲਿਐ, ਛਲਾਰੂ ਦੇ ਭੁਲੇਖੇ ਕਤੂਰਾ ਚੁੱਕ ਕੇ ਫੜਾਤਾ, ਘਰ ਗਏ ਨੂੰ ਤੈਨੂੰ
ਗਾਲ਼ਾਂ ਪੈਣਗੀਆਂ।’’ ਪੇਂਡੂ ਦੇ ਮਨ ਵਿੱਚ ਸ਼ਹੁ ਪਾ ਕੇ ਦੂਜਾ ਚੋਰ ਤੁਰਦਾ ਬਣਿਆ।
ਹੁਣ ਦੁਚਿੱਤੀ ’ਚ ਪਿਆ ਤੁਰਿਆ ਜਾਂਦਾ ਪੇਂਡੂ ਸ਼ੱਕੀ ਤੇ ਵਹਿਮੀ ਹੋ
ਗਿਆ। ਚੋਰਾਂ ਨੇ ਗੱਲਾਂ ਦਾ ਕੜਾਹ ਬਣਾ-ਬਣਾ ਕੇ ਉਸ ਦਾ ਐਸਾ ਸਿਰ ਘੁਮਾਇਆ ਕਿ ਉਸ ਨੂੰ
ਮਹਿਸੂਸ ਹੋਣ ਲੱਗ ਪਿਆ ਕਿ ਵਾਕਿਆ ਹੀ ਮੇਰੇ ਨਾਲ ਚਾਰ ਸੌ ਵੀਹ ਹੋ ਗਈ ਲੱਗਦੀ ਐ। ਦੋ ਬੰਦੇ
ਝੂਠ ਥੋੜ੍ਹੀ ਬੋਲ ਸਕਦੇ ਐ। ਇੰਜ ਬਦ-ਹਵਾਸੀ ਦਾ ਸ਼ਿਕਾਰ ਹੋ ਕੇ ਗਿ¤ਟੀਆਂ ਗਿਣਦਾ ਤੁਰਿਆ
ਜਾਂਦਾ ਉਹ ਕੁੱਛੜਲੇ ਛਲਾਰੂ ਵੱਲ ਟੀਰੀ ਨਜ਼ਰ ਨਾਲ ਦੇਖਦਾ ਹੈ। ਉਹਦੇ ਦਿਲੋ-ਦਿਮਾਗ਼ ਵਿੱਚ
‘ਕਤੂਰੇ’ ਨੇ ਫਤੂਰ ਮਚਾ ਦਿੱਤਾ। ਉਹਦਾ ਸ਼ੱਕ ਯਕੀਨ ਵਿੱਚ ਬਦਲਦਾ ਜਾ ਰਿਹਾ ਸੀ ਕਿ ਏਨੇ
ਨੂੰ ਤੀਜਾ ਚੋਰ ਆ ਮਿਲਿਆ। ਇੱਧਰ-ਉੱਧਰ ਦੀਆਂ ਅੱਲ-ਵਟੱਲੀਆਂ ਮਾਰ ਕੇ ਛਲਾਰੂ ਵੱਲ ਗਹੁ
ਨਾਲ ਤੱਕਦਿਆਂ ਉਹ ਇੱਕਦਮ ਚਹਿਕਿਆ, ‘‘ਮੰਨ ਗਏ ਬਈ ਭਰਾ ਦੀ ਪਾਰਖੂ ਨਜ਼ਰ ਨੂੰ। ਬਾਈ ਤਾਂ
ਤਕੜਾ ਈ ਸ਼ਿਕਾਰੀ ਲੱਗਦੈ...ਕਿੰਨਾ ਚੁਕੰਨਾ ਕਤੂਰਾ ਭਾਲ਼ ਕੇ ਲਿਆਂਦਾ ਐ ਕਿਤਿਉਂ।’’ ਇਹ
ਗੱਲ ਸੁਣਦਿਆਂ ਸਾਰ ਦੰਦੀਆਂ ਪੀਂਹਦਿਆਂ ਪੇਂਡੂ ਨੇ ਕੁੱਛੜ ਚੁੱਕਿਆ ਛਲਾਰੂ ਔਹ ਮਾਰਿਆ
ਵਗਾਹ ਕੇ। ਜਿਨ੍ਹਾਂ ਤੋਂ ਛਲਾਰੂ ਖ਼ਰੀਦ ਕੇ ਲਿਆਇਆ ਸੀ, ਉਨ੍ਹਾਂ ਨੂੰ ਗਾਲ੍ਹਾਂ ਕੱਢਦਾ
ਪਿਛਾਂਹ ਨੂੰ ਮੁੜ ਪਿਆ।
ਲੇਖ ਦੇ ਆਰੰਭ ਵਿੱਚ ਛੋਹੀ ਨੀਲੇ ਗਿੱਦੜ ਵਾਲੀ ਕਹਾਣੀ ਮੁਕਾ ਕੇ
ਅੱਗੇ ਵਧਦੇ ਹਾਂ। ਅਜੀਬੋ-ਗ਼ਰੀਬ ਰੰਗ-ਢੰਗ ਵਾਲਾ ਅਣਪਛਾਤਾ ਜਾਨਵਰ ਦੇਖ ਕੇ ਜੰਗਲ ਦੇ ਸਾਰੇ
ਜਾਨਵਰ ਉਸ ਤੋਂ ਭੈਅ ਖਾਣ ਲੱਗੇ। ਉਤੋਂ ਉਸ ਨੇ ਸਾਰਿਆਂ ਨੂੰ ’ਕੱਠੇ ਕਰ ਕੇ ਡੀਂਗਾਂ
ਮਾਰਨੀਆਂ ਸ਼ੁਰੂ ਕਰ ਦਿ¤ਤੀਆਂ, ਅਖੇ; ‘‘ਅੱਜ ਤੋਂ ਜੰਗਲ ਵਿੱਚ ਸ਼ੇਰ ਦੀ ਬਾਦਸ਼ਾਹੀ ਖ਼ਤਮ!
ਰੱਬ ਨੇ ਹੁਣ ਮੈਨੂੰ ਸ਼ਹਿਨਸ਼ਾਹ ਬਣਾ ਕੇ ਭੇਜਿਆ ਹੈ।’’ ਉਸ ਦੇ ਇਸ ਐਲਾਨ ਤੋਂ ਜੰਗਲ ਦੇ
ਮਾਰ-ਖੋਰੇ ਜਾਨਵਰ ਵੀ ਭੈ-ਭੀਤ ਹੋ ਗਏ। ਹਾਲੇ ਉਸ ਦੀਆਂ ਫੜ੍ਹਾਂ ਦੀ ਚਰਚਾ ਚੱਲ ਹੀ ਰਹੀ
ਸੀ ਕਿ ਦੂਰ ਕਿਤੇ ਪਹਾੜੀ ਦੀ ਗੁੱਠ ’ਚੋਂ ਗਿੱਦੜਾਂ ਦੇ ਹਵਾਂਕਣ ਦੀਆਂ ਆਵਾਜ਼ਾਂ ਆਈਆਂ। ਕਈ
ਦਿਨਾਂ ਬਾਅਦ ਭਾਈਚਾਰੇ ਦੀਆਂ ਸੁਰੀਲੀਆਂ ਕੂਕਾਂ ਸੁਣ ਕੇ ਨੀਲਾ ਗਿੱਦੜ ਵੀ ਹਵਾਂਕਣ ਲੱਗ
ਪਿਆ। ‘ਬੋਲਣ ਪਾਜੁ ਉਘਾੜਿਆ’ ਅਨੁਸਾਰ ਉਸ ਦਾ ਸਾਰਾ ਪਾਖੰਡ ਨੰਗਾ ਹੋ ਗਿਆ। ਗੁੱਸੇ ’ਚ ਆਏ
ਬਘਿਆੜਾਂ ਨੇ ਉਸ ਦੀਆਂ ਲੀਰਾਂ ਲਾਹ ਸੁੱਟੀਆਂ।
ਲਉ ਜੀ ਹੁਣ ਉਪਰੋਕਤ ਲੋਕ-ਕਥਾਵਾਂ ਦਾ ਮਿਸ਼ਰਣ ਬਣਾ ਕੇ ਇਨ੍ਹਾਂ
’ਚੋਂ ਵੱਖ-ਵੱਖ ਪਾਤਰ ਚੁਣ ਲਈਏ ਅਤੇ ਉਨ੍ਹਾਂ ਦੇ ਚਰਿੱਤਰ, ਆਦਤਾਂ ਤੇ ਕਰਤੂਤਾਂ ਚਿਤਵਦਿਆਂ
ਆਪਣੇ ਦੇਸ ਜਾ ਵੜੀਏ, ਜਿੱਥੇ ਅਨੇਕ ਭਾਂਤਾਂ ਦੇ ਸਿਆਸੀ ਆਗੂ ਆਪੋ-ਆਪਣਾ ਡਿੰਭ ਚਲਾ ਰਹੇ
ਹਨ। ਕੋਈ ਚਿੱਟਾ, ਕੋਈ ਭਗਵਾਂ, ਕੋਈ ਨੀਲਾ ਬਣ ਕੇ ਜਨਤਾ ਰੂਪੀ ਜੰਗਲ-ਵਾਸੀਆਂ ਨੂੰ ਬੁੱਧੂ
ਬਣਾਈ ਜਾ ਰਿਹਾ ਹੈ। ਕੋਈ ਹੇਰਾ-ਫੇਰੀ ਦੇ ਦਾਅ ਖੇਡਦਿਆਂ ਛਲਾਰੂ ਦਾ ਕਤੂਰਾ ਬਣਾਈ ਜਾ ਰਿਹਾ
ਹੈ। ਕਿਤੇ ਕਤੂਰੇ ਨੂੰ ਛਲਾਰੂ ਦੱਸ ਕੇ ਭੋਲੀ ਜਨਤਾ ਦੇ ਅੱਖੀਂ ਘੱਟਾ ਪਾਇਆ ਜਾ ਰਿਹਾ ਹੈ।
ਕਿਤੇ ਕੋਈ ਧਾਰਮਿਕ ਲਿਬਾਸ ਪਹਿਨ ਕੇ ਲੇਲੇ ਵਰਗੇ ਨਿਮਾਣੇ ਸ਼ਰਧਾਲੂਆਂ ਦਾ ਸ਼ੋਸ਼ਣ ਕਰੀ ਜਾ
ਰਿਹਾ ਹੈ। ਸਿਧਰੇ ਪੇਂਡੂ ਕੋਲੋਂ ਛਲਾਰੂ ਲੁੱਟਣ ਵਾਲੇ ਫਰੇਬੀ ਠੱਗਾਂ ਵਾਂਗ ਕੁਫਰ ਤੋਲਦਿਆਂ
ਜਨਤਾ ਨੂੰ ਮੂਰਖ ਬਣਾਇਆ ਜਾ ਰਿਹਾ ਹੈ। ਨੀਲੇ ਗਿੱਦੜਾਂ ਦਾ ਪਾਜ ਖੁੱਲ੍ਹ ਜਾਣ ਦੇ ਬਾਵਜੂਦ
ਲੋਕ ਬਘਿਆੜਾਂ ਵਾਲਾ ਫ਼ਾਰਮੂਲਾ ਨਹੀਂ ਵਰਤਦੇ।
ਚਿੱਟੇ ਅਤੇ ਨੀਲੇ ਰੰਗਾਂ ਦਾ ਜ਼ਿਕਰ ਆਉਣ ’ਤੇ ਮੈਨੂੰ ਆਪਣੇ ਸਕੂਲ
ਟਾਈਮ ਦੀਆਂ ਕੰਧਾਂ ’ਤੇ ਲਿਖੇ ਨਾਹਰੇ ਯਾਦ ਆ ਗਏ। ਨਕਸਲੀਆਂ ਨੇ ਪੰਜਾਬ ’ਚ ਤੀਜੀ ਧਿਰ ਦਾ
ਪਿੜ ਬੰਨ੍ਹਣ ਲਈ ਨਾਹਰਾ ਲਾਇਆ ਸੀ :
ਚਿੱਟੇ ਬਗਲੇ ਨੀਲੇ ਮੋਰ, ਇਹ ਵੀ ਚੋਰ ਤੇ ਉਹ ਵੀ ਚੋਰ।
ਪਰ ਗਫ਼ਲਤ ਦੀ ਨੀਂਦ ’ਚ ਮਸਤ ਹੋਏ ਦੇਸ਼ ਵਾਸੀਆਂ, ਖ਼ਾਸ ਕਰ ਕੇ
ਪੰਜਾਬੀਆਂ, ਨੇ ਨਾ ਉਦੋਂ ਰੰਗ-ਬਰੰਗੇ ਬਗਲਿਆਂ-ਗਿੱਦੜਾਂ ਦਾ ਖਹਿੜਾ ਛੱਡਿਆ ਸੀ ਅਤੇ ਨਾ
ਹੀ ਨਿਕਟ-ਭਵਿੱਖ ਵਿੱਚ ਅਜਿਹੀ ਕੋਈ ਸੰਭਾਵਨਾ ਨਜ਼ਰ ਆਉਂਦੀ ਹੈ। ਬਹਿਰੂਪੀਏ ਗਿੱਦੜ ਵੀ
ਬਾਦਸ਼ਾਹੀਆਂ ਮਾਣ ਰਹੇ ਹਨ। ਬੇਵੱਸ ਹੋਏ ਲੇਲੇ ਵੀ ਦਹਾੜਦੇ ਹੋਏ ਬਘਿਆੜਾਂ ਦੇ ਪੇਟ ਦੀ ਅੱਗ
ਬੁਝਾਈ ਜਾ ਰਹੇ ਹਨ। ਬਗਲੇ, ਬਘਿਆੜ, ਬਦਰੰਗੇ ਗਿੱਦੜ ਵਗੈਰਾ ਸਾਜ਼ਿਸ਼ੀ ਜੁੱਟ ਬਣਾ ਕੇ
ਲਾਰਿਆਂ, ਵਾਅਦਿਆਂ ਤੇ ਝੂਠੇ ਦਾਅਵਿਆਂ ਨਾਲ ਪਰਜਾ ਨੂੰ ਪਰਚਾਈ ਜਾਂਦੇ ਹਨ। ਅਜਿਹਾ
ਤਾਣਾ-ਬਾਣਾ ਦੇਖਦਿਆਂ ਹਰਭਜਨ ਸਿੰਘ ‘ਬੈਂਸ’ ਦਾ ਇੱਕ ਸ਼ਿਅਰ ਯਾਦ ਆਉਂਦਾ ਹੈ, ਜੋ
ਕਾਫ਼ੀਆ-ਤੁਕਾਂਤ ਪੱਖੋਂ ਨਕਸਲੀਆਂ ਦੇ ਉਕਤ ਨਾਹਰੇ ਦਾ ਹਿੱਸਾ ਹੀ ਜਾਪਦਾ ਹੈ :