ਗੁਰੂ ਪਾਤਸ਼ਾਹ ਦੀ ਅਪਾਰ ਬਖਸ਼ਿਸ਼ ਸਦਕਾ ਵੱਖ ਵੱਖ ਥਾਂਈਂ ਕੀਰਤਨ ਦਰਬਾਰ
ਅਤੇ ਰੈਣ ਸਬਾਈ ਕੀਰਤਨ ਹੁੰਦੇ ਰਹਿੰਦੇ ਹਨ। ਇਨ੍ਹਾਂ ਦੈ ਇਸ਼ਤਿਹਾਰਾਂ ਵਿੱਚ ਤਾਂ ਮਹਾਨ
ਕੀਰਤਨ ਦਰਬਾਰ ਲਿਖਿਆ ਹੁੰਦਾ ਹੈ ਅਤੇ ਉਸ ਵਿੱਚ “ਪਹੁੰਚ ਰਹੇ
ਰਾਗੀ ਜੱਥੇ” ਸਿਰਲੇਖ ਹੇਠਵੱਖ ਵੱਖ ਪ੍ਰਸਿੱਧ ਜੱਥਿਆਂ ਦੇ ਨਾਂ ਲਿਖੇ ਹੁੰਦੇ ਹਨ।
ਪਿੱਛੇ ਜਿਹੇ ਇੱਕ ਪੁਸਤਕ “ਗੁਰਮਤਿ ਜੀਵਨ” (ਲੇਖਕ ਮਹਿੰਦਰ ਸਿੰਘ ਪਾਲ) ਪੜ੍ਹ ਰਿਹਾ ਸੀ,
ਤਾਂ ਲੇਖਕ ਦੇ ਵਿਚਾਰਾਂ ਨੇ ਹਲੂਣਿਆ। ਬਿਨਾਂ ਕਿਸੇ ਨਿੱਜੀ ਟਿੱਪਣੀ ਦੇ ਉਸ ਕਿਤਾਬ ਵਿੱਚੋਂ
ਲੇਖਕ ਦੇ ਵਿਚਾਰ ਦੇ ਰਿਹਾ ਹਾਂ :-
“ਰਾਗ ਸੰਗੀਤ ਇੱਕ ਸੂਖਮ ਕਲਾ ਹੈ। ਇਸ ਕਲਾ ਦੇ ਜਾਣੂ ਦਾ ਨਾਮ ਰਾਗੀ
ਸੰਗੀਤਕਾਰ ਹੈ, ਭਾਵ ਗਾਣੇ ਵਾਲਾ ਗਵੱਯਾ। ਰਾਗ ਸੰਗੀਤ ਦੁਆਰਾ
ਪ੍ਰਭੂ ਦੀ ਉਸਤਤ, ਕੀਰਤੀ, ਸਿਫ਼ਤ ਸਲਾਹ ਕਰਨ, ਗੁਰਬਾਣੀ ਗਾਇਨ ਕਰਨ ਨੂੰ ਕੀਰਤਨ ਕਹਿੰਦੇ ਹਨ
ਅਤੇ ਕੀਰਤਨ ਕਰਨ ਵਾਲੇ ਦਾ ਨਾਮ “ਕੀਰਤਨੀਆ”। ਸ਼ਬਦ “ਰਾਗ
- ਰਾਗੀ” ਅਤੇ “ਕੀਰਤਨ
- ਕੀਰਤਨੀਆ” ਵਿੱਚ ਜੋ ਮਹੱਤਵਪੂਰਨ ਫਰਕ ਹੈ, ਉਸ ਨੂੰ ਸਮਝਣਾ ਜਰੂਰੀ ਹੈ।
ਰਾਗੀ ਦੇ ਰਾਗ ਦਾ ਵਿਸ਼ਾ ਕੁਝ ਵੀ ਹੋ ਸਕਦਾ ਹੈ - ਅਧਿਆਤਮਕ ਜਾਂ ਸੰਸਾਰਕ ਮਨੋਰੰਜਨ ਆਦਿ।
ਐਪਰ ਕੀਰਤਨੀਏ ਦੇ ਕੀਰਤਨ ਦਾ ਵਿਸ਼ਾ ਕੇਵਲ ਅਤੇ ਕੇਵਲ ਅਧਿਆਤਮਕ ਹੀ ਹੋ ਸਕਦਾ ਹੈ, ਸੰਸਾਰਕ
ਵਿਸ਼ਾ ਕਦਾਚਿਤ ਨਹੀਂ ਹੋ ਸਕਦਾ। ਸਭ ਕੀਰਤਨ, ਰਾਗ ਸੰਗੀਤ ਤਾਂ ਹੈ ਪਰ ਸਭ ਰਾਗ ਸੰਗੀਤ,
ਕੀਰਤਨ ਨਹੀਂ ਹੈ। ਸਭ ਕੀਰਤਨੀਏ, ਰਾਗੀ ਤਾਂ ਹਨ, ਪਰ ਸਭ ਰਾਗੀ, ਕੀਰਤਨੀਏ ਨਹੀਂ।
ਗੁਰਬਾਣੀ ਅੰਦਰ ਕੀਰਤਨ ਦੇ ਅਧਿਆਤਮਕ ਸਾਧਨ ਦੀ ਬੇਅੰਤ ਮਹਿਮਾ ਦਾ ਵਰਣਨ
ਹੈ ਅਤੇ ਕੀਰਤਨੀਏ ਨੂੰ ਬਹੁਤ ਵਡਿਆਇਆ ਗਿਆ ਹੈ, ਨਾ ਕਿ ਰਾਗੀ ਨੂੰ। ਇੱਕ ਪਾਸੇ “ਭਲੋ
ਭਲੋ ਰੇ ਕੀਰਤਨੀਆ ॥” ਕਿਹਾ ਹੈ, ਤਾਂ ਦੂਜੇ ਪਾਸੇ “ਕੋਈ
ਗਾਵੈ ਰਾਗੀ ਨਾਦੀ ਬੇਦੀ ਬਹੁ ਭਾਤਿ ਕਰਿ ਨਹੀ ਹਰਿ ਹਰਿ ਭੀਜੈ ਰਾਮ ਰਾਜੇ ॥” ਵੀ
ਕਿਹਾ ਹੈ। ਇਸ ਕਾਰਨ ਗੁਰਬਾਣੀ ਦੇ ਕੀਰਤਨੀਏ ਨੂੰ ਰਾਗੀ ਕਹਿਣਾ - ਉਸ ਦੀ ਉਚੀ ਪਦਵੀ ਨੂੰ
ਘਟਾਉਣਾ (belittle,
degrade) ਕਰਨਾ ਹੈ। ਇਸ ਤਰਾਂ ਹੀ ਕੀਰਤਨੀ ਜੱਥੇ ਨੂੰ
ਰਾਗੀ ਜੱਥੇ ਦਾ ਗਲਤ ਨਾਮ ਦੇਣਾ।
ਪਤਾ ਨਹੀਂ ਕਿ ਗੁਰਬਾਣੀ ਦੇ ਕੀਰਤਨੀਏ ਇਸ degradation ਵਿਰੁੱਧ ਆਪਣਾ
ਰੋਸ ਕਿਉਂ ਨਹੀਂ ਪ੍ਰਗਟ ਕਰਦੇ? ਕਿਉਂ ਕੋਈ Protest ਨਹੀਂ
ਕਰਦੇ ?”