Share on Facebook

Main News Page

ਦੇਖੌ ਭਾਈ ਗ੍ਯ੍ਯਾਨ ਕੀ ਆਈ ਆਂਧੀ
-
ਸੰਪਾਦਕ ਖ਼ਾਲਸਾ ਨਿਊਜ਼

ਗਿਆਨ ਦੀ ਹਨੇਰੀ ਆਉਂਦੀ ਹੈ ਤਾਂ ਭਰਮ-ਵਹਿਮ ਦਾ ਛੱਪਰ ਸਾਰੇ ਦਾ ਸਾਰਾ ਉੱਡ ਜਾਂਦਾ ਹੈ। ਇਸ ਗਿਆਨ ਦੀ ਹਨੇਰੀ ਨਾਲ ਮਨਮਤਿ ਦੇ ਕਾਲੇ ਬੱਦਲ ਵੀ ਉਡ ਜਾਂਦੇ ਨੇ, ਅਤੇ ਗਿਆਨ ਦਾ ਪਸਾਰਾ ਹੁੰਦਾ ਹੈ। ਇਸੇ ਗੁਰਮਤਿ ਗਿਆਨ ਦੇ ਸਹਾਰੇ ਕਾਨਪੁਰ ਦੀ ਸਿੱਖ ਸੰਗਤ ਨੇ ਮਨਮਤਿ ਨਾਲ ਲਬਰੇਜ਼ ਅਖੌਤੀ ਜਥੇਦਾਰ ਦੀ ਬਣਾਈ ਹੋਈ ਭਰਮ ਦੀ ਛੱਤ ਉੜਾ ਦਿੱਤੀ, ਅਤੇ ਜਿਨ੍ਹਾਂ ਸਿੱਖਾਂ ਨੂੰ ਇਸ ਅਖੌਤੀ ਜਥੇਦਾਰ "ਇਨ ਸਿਖੋਂ ਕੋ ਜੂਤੇ ਮਾਰੋ" ਕਿਹਾ ਸੀ, ਉਨ੍ਹਾਂ ਸਿੱਖਾਂ ਦੀ ਗੁਰਮਤਿ ਨਾਲ ਅਡੋਲ ਖੜੇ ਰਹਿ ਕੇ ਐਸੀ ਆਂਧੀ ਲਿਆਂਦੀ, ਕਿ ਅਖੌਤੀ ਜਥੇਦਾਰ ਦੀ ਉਸਾਰੀ ਗਈ ਭਰਮ ਅਤੇ ਨਫਰਤ ਦੀ ਛੱਪਰ ਉਡ ਗਈ।

ਅਖੌਤੀ ਜਥੇਦਾਰ ਨੇ ਗੁਰਮਤਿ ਸਮਾਗਮ ਨੂੰ ਰੋਕਣ ਲਈ ਸਾਰੇ ਹੱਥਕੰਡੇ ਇਸਤੇਮਾਲ ਕੀਤੇ, ਨੀਚਤਾ ਦੀ ਹੱਦ ਤੱਕ ਡਿਗਿਆ, ਪਰ ਜਾਗਰੂਕ ਸੰਗਤਾਂ ਦੇ ਸਾਹਮਣੇ ਇਸ ਟੁੱਕੜਬੋਚ ਦੀ ਕੋਈ ਨਾ ਚਲੀ।

ਅਕਾਲੀ ਜਥਾ ਕਾਨਪੁਰ ਦੇ ਸਾਰੇ ਵੀਰ ਅਤੇ ਸੰਗਤ ਦੇ ਦ੍ਰਿੜ ਇਰਾਦੇ ਦੀ ਦਾਦ ਦੇਣੀ ਬਣਦੀ ਹੈ ਕਿ, ਪਿਛਲੇ 10 ਕੁ ਦਿਨਾਂ ਦੇ ਵਿੱਚ ਇੰਨੀ ਭੱਜਦੌੜ ਕੀਤੀ, ਜਾਗਰੂਕ ਵੀਰਾਂ ਨੇ ਆਪਣੇ ਕੰਮ ਧੰਦੇ ਛੱਡ ਕੇ, ਘੰਟਿਆਂ ਬੱਧੀ ਪ੍ਰਸ਼ਾਸਨ ਨਾਲ, ਪੁਲਿਸ ਨਾਲ, ਵਿਰੋਧੀ ਧਿਰ ਨਾਲ ਬੈਠਕਾਂ ਕਰਕੇ, ਇਸ ਸਮਾਗਮ ਨੂੰ ਨੇਪਰੇ ਚਾੜਨ ਲਈ ਜੀ ਤੋੜ ਮਿਹਨਤ ਕੀਤੀ। ਜਿਸ ਤੋਂ ਪਤਾ ਚਲਦਾ ਹੈ ਕਿ ਜੇ ਸੰਗਤ ਜਾਗ ਜਾਏ ਤਾਂ, ਇਹ ਅਖੌਤੀ ਜਥੇਦਾਰ ਕੁੱਝ ਨਹੀਂ ਵਿਗਾੜ ਸਕਦੇ।

ਜਿਸ ਤਰ੍ਹਾਂ ਪਹਿਲਾਂ ਵੀ ਲਿਖਿਆ ਜਾ ਚੁਕਿਆ ਹੈ ਕਿ, ਇਸ ਸ਼੍ਰੋਮਣੀ ਕਮੇਟੀ ਦੀ ਅਤੇ ਇਸ ਮੁਲਾਜ਼ਮ ਜਥੇਦਾਰ ਦੀ ਪਹੁੰਚ ਗੁਰਦੁਆਰਾ ਐਕਟ ਮੁਤਾਬਿਕ ਵੀ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਚੰਡੀਗੜ੍ਹ ਤੱਕ ਸੀਮਿਤ ਹੈ। ੳਥੇ ਵੀ ਇਹ ਕਿਸੇ ਦੀ ਧਾਰਮਿਕ ਆਜ਼ਾਦੀ, ਵੀਚਾਰ ਰੱਖਣ ਦੀ ਆਜ਼ਾਦੀ, ਮਨੁੱਖੀ ਅਧਿਕਾਰਾਂ ਦੀ ਆਜ਼ਾਦੀ ਤੋਂ ਉਪਰ ਨਹੀਂ। ਸਿਰਫ ਪੰਜਾਬ ਅਤੇ ਨਾਲ ਲਗਦੇ ਇਲਾਕਿਆਂ ‘ਚ ਬਾਦਲ ਦੀ ਪਹੁੰਚ ਕਾਰਣ ਇਹ ਸ਼੍ਰੋਮਣੀ ਕਮੇਟੀ ਉਛਲਦੀ ਹੈ, ਭਾਰਤੀ ਸੰਵਿਧਾਨ ਮੁਤਾਬਿਕ, ਕੋਈ ਵੀ ਕਿਸੇ ਨੂੰ ਆਪਣੇ ਵੀਚਾਰ ਰੱਖਣ ਜਾਂ ਬੋਲਣ ਤੋਂ ਰੋਕ ਨਹੀਂ ਸਕਦਾ, ਬਸ਼ਰਤੇ ਉਹ ਦੇਸ਼ ਧ੍ਰੋਹ ਦਾ ਮਾਮਲਾ ਨਾ ਹੋਵੇ।

According to page 1 of the Sikh Rehat Maryada 1945, it was approved and accepted by the SGPC’s Resolution No. 97 on 3 February 1945 CE. And now SGPC’s jurisdiction is restricted within four regions only i.e. Punjab, Haryana, Himachal Pradesh and Chandigarh UT.

Sikhs in Bihar, Maharashtra and Delhi have their own enactments though other States in India have been trying to establish their own Committees. The Sikh Diaspora does not fall within the Authority of the SGPC and its Head Ministers.

ਸਿੱਖੀ ਵਿੱਚ ਤਾਂ ਜਥੇਦਾਰ ਨਾਮ ਦੀ ਕੋਈ ਚੀਜ਼ ਪ੍ਰਚਲਿਤ ਨਹੀਂ ਸੀ, ਸਿਰਫ ਰਾਜਨੀਤੀ ਨੇ ਇਨ੍ਹਾਂ ਦਾ ਪ੍ਰਚਾਰ ਪ੍ਰਸਾਰ ਆਪਣੇ ਫਾਇਦੇ ਲਈ ਸ਼ੁਰੂ ਕੀਤਾ, ਜਿਸਦਾ ਖਾਮਿਆਜ਼ਾ ਸਿੱਖਾਂ ਨੂੰ ਭੁਗਤਣਾ ਪੈ ਰਿਹਾ ਹੈ। ਸਿਵਾਏ ਥੋੜ੍ਹੇ ਜਿਹੇ ਮੁੱਖ ਸੇਵਾਦਾਰਾਂ ਨੂੰ ਛੱਡ ਕੇ, ਜਿਨ੍ਹਾਂ ‘ਚ ਪ੍ਰੋ. ਦਰਸ਼ਨ ਸਿੰਘ ਦਾ ਨਾਮ ਵੀ ਸ਼ਾਮਿਲ ਹੈ, ਇਸ ਕਾਬਿਲ ਸਨ, ਕਿ ਉਹ ਕੌਮ ਦੀ ਅਗਵਾਈ ਕਰ ਸਕਣ।

ਅਕਾਲ ਤਖਤ ਦੇ ਮੁੱਖ ਸੇਵਾਦਾਰ, ਜੋ ਕਿ ਸ਼੍ਰੋਮਣੀ ਕਮੇਟੀ ਦਾ ਮੁਲਾਜ਼ਮ ਹੁੰਦਾ ਹੈ (ਸਿਵਾਏ ਪ੍ਰੋ. ਦਰਸ਼ਨ ਸਿੰਘ ਦੇ, ਜਿਨ੍ਹਾਂ ਨੇ ਇਕ ਨਵਾਂ ਪੈਸਾ ਵੀ ਬਤੌਰ ਮੁੱਖ ਸੇਵਦਾਰ ਦੇ, ਤਨਖਾਹ ਵਜੋਂ ਨਹੀਂ ਲਿਆ, ਸੇਵਾ ਹੀ ਕੀਤੀ), ਨੂੰ ਕੋਈ ਹੱਕ ਹਕੂਕ ਨਹੀਂ, ਕਿ ਉਹ ਕੋਈ ਵੀ ਫੈਸਲਾ ਸ਼੍ਰੋਮਣੀ ਕਮੇਟੀ ਪ੍ਰਧਾਨ ਦੀ ਮਨਜ਼ੂਰੀ ਤੋਂ ਲੈ ਸਕੇ।

ਅੱਜ ਦੀ ਸਥਿਤੀ ਇਹ ਹੈ (ਜੋ ਸਭ ਨੂੰ ਪਤਾ ਹੈ, ਪਰ ਬਹੁਤਿਆਂ ਨੂੰ ਪਤਾ ਹੋਣ ਦੇ ਬਾਵਜੂਦ, ਮੂਰਖ ਬਣ ਰਹੇ ਨੇ),

ਕਿ ਜਥੇਦਾਰ, ਪ੍ਰਧਾਨ ਦੇ ਹੇਠ,
ਪ੍ਰਧਾਨ, ਅਕਾਲੀ ਦਲ ਦੇ ਮੁੱਖੀ (ਬਾਦਲ) ਹੇਠ,
ਅਤੇ ਬਾਦਲ, ਭਾਜਪਾ ਹੇਠ,
ਭਾਜਪਾ, ਆਰ.ਐਸ.ਐਸ ਹੇਠ।

ਤੇ ਜੋ ਆਰ.ਐਸ.ਐਸ ਚਾਹਵੇਗੀ ਉਹੀ ਅਖੌਤੀ ਜਥੇਦਾਰ ਕਰੇਗਾ। ਇਹ ਸਾਰੀ ਕੜੀ ਜੁੜਦੀ ਹੀ ਆਰ.ਐਸ.ਐਸ ਹੇਠ ਹੈ। ਆਰ.ਐਸ.ਐਸ ਕਦੇ ਨਹੀਂ ਸਮਝਦੀ ਕਿ ਸਿੱਖ ਇੱਕ ਵੱਖਰੀ ਕੌਮ ਹੈ, ਉਹ ਹਰ ਕੰਮ ਸਿੱਖੀ ਦੇ ਵਿਰੁੱਧ ਇਨ੍ਹਾਂ ਪਾਲਤੂਆਂ ਕੋਲ਼ੋਂ ਕਰਵਾਉਂਦੀ ਹੈ, ਅਤੇ ਇਹ ਬੇਇਖਲਾਕ, ਸਿੱਖੀ ਭੇਖ ‘ਚ ਸਿੱਖੀ ਦਾ ਘਾਣ ਕਰਨ ‘ਤੇ ਤੁਲੇ ਹੋਏ ਹਨ।

ਇਨ੍ਹਾਂ ਨੂੰ ਸਿਰਫ ਇੱਕ ਹੀ ਹੁਕਮਨਾਮਾ (ਅਸਲ ‘ਚ ਕੂੜ੍ਹਨਾਮਾ) ਦਿਖਦਾ ਹੈ, ਬਾਕੀ ਜਿਹੜੇ ਸੌਦਾ ਸਾਧ, ਭਨਿਆਰਾ, ਆਰ.ਐਸ.ਐਸ ਆਦਿ ਦੇ ਖਿਲਾਫ ਹੁਕਮਨਾਮੇ ਜਾਰੀ ਕੀਤੇ ਗਏ ਨੇ, ਉਨ੍ਹਾਂ ਨੂੰ ਮੁਸਤੈਦੀ ਨਾਲ ਕਦੇ ਲਾਗੂ ਨਹੀਂ ਕਰਵਾਇਆ। ਜਿਸਦਾ ਕਾਰਣ ਸਪਸ਼ਟ ਹੈ, ਕਿ ਇਨ੍ਹਾਂ ਦਾ ਆਕਾ, ਇਨ੍ਹਾਂ ਸਾਰਿਆਂ ਦੇ ਪੈਰ ਦੀ ਜੁੱਤੀ ਹੈ। ਪ੍ਰੋ. ਦਰਸ਼ਨ ਸਿੰਘ ਇਨ੍ਹਾਂ ਟੁੱਕੜਬੋਚਾਂ ਸਾਹਮਣੇ ਨਹੀਂ ਝੁਕੇ, ਤਾਂ ਹੀ ਇਕ ਗਿਰੇ ਹੋਏ ਹੱਥਕੰਡੇ ਇਸਤੇਮਾਲ ਕਰ ਰਹੇ ਨੇ। ਜਦੋਂ ਇਨ੍ਹਾਂ ਨੇ ਪ੍ਰੋ. ਦਰਸ਼ਨ ਸਿੰਘ ਨੂੰ ਛੇਕ ਹੀ ਦਿੱਤਾ, ਤਾਂ ਇਨ੍ਹਾਂ ਦਾ ਕੰਮ ਖਤਮ ਹੋ ਜਾਂਦਾ ਹੈ, ਹੁਣ ਸਿੱਖਾਂ ਦੀ ਮਰਜ਼ੀ ਹੈ ਕਿ ਉਹ ਪ੍ਰੋ. ਦਰਸ਼ਨ ਸਿੰਘ ਕੋਲੋਂ ਕੀਰਤਨ ਕਰਵਾਉਣ ਜਾਂ ਨਾ ਕਰਵਾਉਣ। 2009 ਤੋਂ ਬਾਅਦ ਹਾਲੇ ਵੀ ਸਿੱਖ ਸਾਰੀ ਦੁਨੀਆਂ ‘ਚ ਉਨ੍ਹਾਂ ਕੋਲੋਂ ਕੀਰਤਨ ਅਤੇ ਗੁਰਮਤਿ ਵੀਚਾਰਾਂ ਲਗਾਤਾਰ ਸੁਣ ਰਹੇ ਨੇ, ਜਿਸ ਤੋਂ ਬੁਖਲਾ ਕੇ ਇਹ ਅਖੌਤੀ ਜਥੇਦਾਰ ਨੀਚ ਹਰਕਤਾਂ ‘ਤੇ ਉਤਰ ਆਇਆ ਹੈ।

ਪਿਛਲੇ ਦੋ ਮਹੀਨਿਆਂ ਤੋਂ ਪੰਜਾਬ ਅਤੇ ਨਾਲ ਲਗਦੇ ਰਾਜਾਂ ਵਿੱਚ ਕਿਤਨੇ ਹੀ ਸਮਾਗਮਾਂ ‘ਚ ਪ੍ਰੋ. ਦਰਸ਼ਨ ਸਿੰਘ ਨੇ ਹਾਜ਼ਰੀ ਭਰੀ, ਜਿਸ ਤੋਂ ਇਹ ਸਾਬਿਤ ਹੁੰਦਾ ਹੈ ਕਿ, ਸੱਚ, ਗੁਰਮਤਿ ਸਿੰਧਾਂਤ ‘ਤੇ ਚੱਲਣ ਵਾਲਿਆਂ ਦਾ ਸਾਥ ਸਿੱਖ ਸੰਗਤ ਬੜੀ ਦਲੇਰੀ ਨਾਲ ਦੇ ਰਹੀ ਹੈ। ਜਿਸ ਤਰ੍ਹਾਂ ਕਾਨਪੁਰ ਦੀ ਸੰਗਤ ਨੇ ਇਸ ਅਖੌਤੀ ਜਥੇਦਾਰ ਦੀ ਪਰਵਾਹ ਨਾ ਕਰਦੇ ਹੋਏ ਗੁਰਮਤਿ ਸਮਾਗਮ ਬੜੀ ਦਲੇਰੀ ਨਾਲ ਕਰਵਾਏ ਹਨ, ਇਹ ਇਸ ਟੁੱਕੜਬੋਚ ਦੇ ਮੂੰਹ ‘ਤੇ ਸਿੱਖ ਸੰਗਤ ਵਲੋਂ ਕਰਾਰੀ ਚਪੇੜ ਹੈ। 

ਇਸ ਸਫਲਤਾ ਲਈ ਕਾਨਪੁਰ ਦੀ ਸਿੱਖ ਸੰਗਤ, ਅਕਾਲੀ ਜਥੇ ਦੇ ਪ੍ਰਧਾਨ ਹਰਚਰਨ ਸਿੰਘ, ਕਨਵੀਨਰ ਇੰਦਰਜੀਤ ਸਿੰਘ, ਹਰਪਾਲ ਸਿੰਘ, ਮਨਮੀਤ ਸਿੰਘ ਤੇ ਸੋਨੂ ਰੇਖੀ, ਅਤੇ ਹੋਰ ਮੈਂਬਰ ਜਿਨ੍ਹਾਂ ਨੇ ਦੇ ਨਾਮ ਅਸੀਂ ਨਹੀਂ ਜਾਣਦੇ, ਦਿਨ ਰਾਤ ਇੱਕ ਕਰਕੇ ਬੜੀ ਦਲੇਰੀ ਨਾਲ ਇਸ ਸਮਾਗਮ ਨੂੰ ਸ਼ਫਲ ਬਣਾਉਣ 'ਚ ਮਿਹਨਤ ਕੀਤੀ ਹੈ, ਵਧਾਈ ਦੇ ਪਾਤਰ ਹਨ।

ਸ. ਕਿਰਪਾਲ ਸਿੰਘ ਬਠਿੰਡਾ ਜਿਨ੍ਹਾਂ ਨੇ ਇਸ ਘਟਨਾਕ੍ਰਮ ਦੀ ਪੂਰੇ ਵਿਸਤਾਰ ਸਹਿਤ ਜਾਣਕਾਰੀ ਦਿੱਤੀ, ਅਤੇ ਹਮੇਸ਼ਾਂ ਦੀ ਤਰ੍ਹਾਂ ਅਖੌਤੀ ਜਥੇਦਾਰਾਂ, ਪ੍ਰਧਾਨਾਂ, ਅਤੇ ਹੋਰ ਲੋਕਾਂ ਨਾਲ ਫੋਨ 'ਤੇ ਗੱਲ ਕਰਕੇ ਮਹੱਤਵਪੂਰਨ ਜਾਣਕਾਰੀ ਇੱਕਠੀ ਕੀਤੀ ਅਤੇ ਪਾਠਕਾਂ ਤੱਕ ਪਹੁੰਚਾਈ, ਇਸ ਸਫਲਤਾ ਲਈ ਵਧਾਈ ਦੇ ਪਾਤਰ ਹਨ। ਵੀਰ ਸਤਪਾਲ ਸਿੰਘ ਦੁਗਰੀ ਜਿਹੜੇ ਆਪ ਜਾਗਰੂਕ ਸਿੱਖ ਹਨ, ਇਸ ਸਾਰੇ ਘਟਨਾਕ੍ਰਮ 'ਚ ਪ੍ਰੋ. ਦਰਸ਼ਨ ਸਿੰਘ ਨਾਲ ਕਦਮ ਕਦਮ 'ਤੇ ਸਾਥ ਰਹੇ ਨੇ ਵੀ ਵਧਾਈ ਦੇ ਪਾਤਰ ਹਨ। ਇਹ ਇਕ ਪੜਾਅ ਹੈ, ਇਸ ਸਫਲਤਾ ਨਾਲ ਅਸੀਂ ਹੋਰ ਅੱਗੇ ਵਧਣਾ ਹੈ।

ਇਹ ਇੱਕ ਇਤਿਹਾਸਿਕ ਕਦਮ ਹੈ, ਜਿਸਦਾ ਸਿਹਰਾ ਕਾਨਪੁਰ ਦੀ ਸੰਗਤ ਨੂੰ ਜਾਂਦਾ ਹੈ, ਜਿਸ ਤੋਂ ਸੇਧ ਲੈ ਕੇ ਭਾਰਤ ਅਤੇ ਦੁਨੀਆਂ ਦੇ ਹਰ ਕੋਨੇ ‘ਚ ਬੈਠੇ ਸਿੱਖਾਂ ਨੂੰ ਇਕ ਸੁਨੇਹਾ ਹੈ ਕਿ ਹੁਣ ਜਾਗਣ ਦਾ ਵੇਲਾ ਹੈ। ਇਨ੍ਹਾਂ ਕੂੜਨਾਮਿਆਂ ਤੋਂ ਡਰਨ ਦੀ ਲੋੜ ਨਹੀਂ, ਇਨ੍ਹਾਂ ਦੀ ਕੋਈ ਬੁੱਕਤ ਨਹੀਂ। ਛੱਡ ਦਿਓ ਡਰ ਇਨ੍ਹਾਂ ਟੁੱਕੜਬੋਚਾਂ ਦਾ, ਆਓ ਇੱਕਠੇ ਹੋ ਕੇ, ਇਨ੍ਹਾਂ ਸਿਆਸੀ ਗੁਲਾਮਾਂ ਤੋਂ ਅਕਾਲ ਤਖ਼ਤ ਨੂੰ ਆਜ਼ਾਦ ਕਰਵਾਈਏ ਅਤੇ ਗੁਰਬਾਣੀ ਗਿਆਨ ਦੀ ਆਂਧੀ ਬਣਕੇ ਭਰਮ ਅਤੇ ਬ੍ਰਾਹਮਣਵਾਦ ਦੀ ਇਸ ਛੱਤ ਨੂੰ ਉੜਾ ਦਈਏ।


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top