Share on Facebook

Main News Page

ਗਿਆਨੀ ਗੁਰਬਚਨ ਸਿੰਘ ਨੇ ਵਿਦੇਸ਼ ’ਚੋਂ ਆਪਣੇ ਦਸਤਖ਼ਤ ਕਰਕੇ ਐੱਸ.ਐੱਸ.ਪੀ ਨੂੰ ਫੈਕਸ ਕੀਤੀ
-
ਇਕਬਾਲ ਸਿੰਘ ਪਟਨਾ

* ਅਕਾਲ ਤਖ਼ਤ ਦਾ ਹੁਕਮਨਾਮਾ ਲਾਗੂ ਕਰਵਾਉਣ ਲਈ ਭਾਵੇਂ ਕਾਂਗਰਸ ਦਾ ਬੰਦਾ ਅੱਗੇ ਲਗਦਾ ਹੈ ਜਾਂ ਕਿਸੇ ਹੋਰ ਪਾਰਟੀ ਦਾ ਉਸ ਦੀ ਮੱਦਦ ਕਰਨੀ ਹੈ
* ਸਵਾਲ ਸੁਣਦੇ ਸਾਰ ਹੀ ਗਿਆਨੀ ਇਕਬਾਲ ਸਿੰਘ ਬੁਖ਼ਲਾਹਟ ਵਿੱਚ ਆ ਕੇ ਭੱਦੀਆਂ ਗਾਲਾਂ ਕੱਢਦਾ ਹੋਇਆ ਫ਼ੋਨ ਕੱਟ ਗਿਆ
* ਜੇ ਜਥੇਦਾਰਾਂ ਨੇ ਵੀ ਹੁਕਨਾਮੇ ਵੰਡ ਕੇ ਆਪਣੇ ਆਪਣੇ ਨਾਮ ਕੀਤੇ ਹਨ ਤਾਂ ਅਕਾਲ ਤਖ਼ਤ ਦੇ ਹੁਕਨਾਮੇ ਕਿਹੜੇ ਹੋਏ ਤੇ ਅਕਾਲ ਤਖ਼ਤ ਨੂੰ ਇਨ੍ਹਾਂ ਨੇ ਕੀ ਸਮਝ ਰੱਖਿਆ ਹੈ? ਕੀ ਇੰਝ ਮਹਿਸੂਸ ਨਹੀਂ ਹੁੰਦਾ ਕਿ ਇਨ੍ਹਾਂ ਵਿੱਚੋਂ ‘ਸਰਮੁ ਧਰਮੁ ਦੁਇ ਛਪਿ ਖਲੋਏ ਕੂੜੁ ਫਿਰੈ ਪਰਧਾਨੁ ਵੇ ਲਾਲੋ ॥’

ਬਠਿੰਡਾ, 18 ਫਰਵਰੀ (ਕਿਰਪਾਲ ਸਿੰਘ): ਗਿਆਨੀ ਗੁਰਬਚਨ ਸਿੰਘ ਨੇ ਵਿਦੇਸ਼ ’ਚੋਂ ਆਪਣੇ ਦਸਤਖ਼ਤ ਕਰਕੇ ਐੱਸਐੱਸਪੀ ਨੂੰ ਫੈਕਸ ਭੇਜ ਕੇ ਪੰਥ ’ਚੋਂ ਛੇਕੇ ਦਰਸ਼ਨ ਸਿੰਘ ਦਾ ਸਮਾਗਮ ਨਾ ਹੋਣ ਦੇਣ ਲਈ ਕਿਹਾ। ਇਹ ਸ਼ਬਦ ਤਖ਼ਤ ਸ਼੍ਰੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਇਕਬਾਲ ਸਿੰਘ ਨੇ ਉਸ ਸਮੇਂ ਕਹੇ ਜਦੋਂ ਪਹਿਰੇਦਾਰ ’ਚ ਛਪੀ ਖ਼ਬਰ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਕੀ ਇਹ ਸੱਚ ਹੈ ਕਿ ਤੁਸੀਂ ਕਾਨ੍ਹਪੁਰ ਵਿਖੇ ਪ੍ਰੋ: ਦਰਸ਼ਨ ਸਿੰਘ ਵੱਲੋਂ ਕੀਤੇ ਜਾਣ ਵਾਲੇ ਕੀਰਤਨ ਸਮਾਗਮ ਰੁਕਵਾਉਣ ਲਈ ਇਕ ਕਾਂਗਰਸੀ ਆਗੂ ਕੁਲਦੀਪ ਸਿੰਘ ਨੂੰ ਅਕਾਲ ਤਖ਼ਤ ਤੋਂ ਲਿਖਤੀ ਅਥਾਰਟੀ ਦਿਵਾਉਣ ਲਈ ਗਏ ਸੀ? ਹਾਂ ਦਾ ਜਵਾਬ ਦਿੰਦਿਆਂ ਉਨ੍ਹਾਂ ਵੀ ਦੱਸਿਆ ਕਿ ਗਿਆਨੀ ਗੁਰਬਚਨ ਸਿੰਘ ਨੇ ਵਿਦੇਸ਼ ’ਚੋਂ ਆਪਣੇ ਦਸਤਖ਼ਤ ਕਰਕੇ ਐੱਸਐੱਸਪੀ ਨੂੰ ਫੈਕਸ ਭੇਜ ਕੇ ਪੰਥ ’ਚੋਂ ਛੇਕੇ ਦਰਸ਼ਨ ਸਿੰਘ ਦਾ ਸਮਾਗਮ ਨਾ ਹੋਣ ਦੇਣ ਲਈ ਕਿਹਾ ਸੀ।

ਜਦੋਂ ਪੁੱਛਿਆ ਗਿਆ ਕਿ ਜਿਸ ਕਾਂਗਰਸ ਪਾਰਟੀ ਨੂੰ, ਅਕਾਲ ਤਖ਼ਤ ਨੂੰ ਢਹਿ ਢੇਰੀ ਕਰਨ ਤੇ ਹਜਾਰਾਂ ਸਿੱਖਾਂ ਦੀ ਕਾਤਲ ਦੱਸ ਕੇ, ਸਿੱਖਾਂ ਦੀ ਦੁਸ਼ਮਨ ਦੱਸਿਆ ਜਾ ਰਿਹਾ ਹੈ ਉਸ ਦੇ ਆਗੂਆਂ ਨੂੰ ਗੁਰਬਾਣੀ ਦਾ ਕੀਰਤਨ ਰੁਕਵਾਉਣ ਲਈ ਅਕਾਲ ਤਖ਼ਤ ਤੋਂ ਅਥਾਰਟੀ ਦੇਣੀ ਜਾਂ ਦਿਵਾਉਣੀ ਕੀ ਸਿੱਖਾਂ ਨਾਲ ਧਰੋਹ ਕਮਾਉਣਾ ਨਹੀਂ ਹੈ? ਗਿਆਨੀ ਇਕਬਾਲ ਸਿੰਘ ਨੇ ਕਿਹਾ ਅਸੀਂ ਤਾਂ ਇੱਕ ਪੰਥ ਦੋਖੀ ਤੇ ਅਕਾਲ ਤਖ਼ਤ ਤੋਂ ਭਗੌੜੇ ਦਰਸ਼ਨ ਸਿੰਘ ਜਿਹੜਾ ਦਸਮ ਪਾਤਸ਼ਾਹ ਦੀ ਬਾਣੀ ਦੀ ਨਿੰਦਾ ਕਰਦਾ ਹੈ, ਦੇ ਸਮਾਗਮ ਬੰਦ ਕਰਵਾਉਣ ਲਈ ਉਸ ਦਾ ਸਹਿਯੋਗ ਲੈਣਾ ਤੇ ਉਸ ਨੂੰ ਸਹਿਯੋਗ ਦੇਣਾ ਹੈ, ਉਸ ਦੀ ਪਾਰਟੀ ਭਾਵੇਂ ਕੋਈ ਵੀ ਹੋਵੇ।

ਪੁੱਛਿਆ ਗਿਆ ਕਿ ਪ੍ਰੋ: ਦਰਸ਼ਨ ਸਿੰਘ ਨੇ ਤਾਂ ਸਿਰਫ ਇਹ ਹੀ ਕਿਹਾ ਸੀ ਕਿ ਜੋ ਭਾਸ਼ਾ ਦਸਮ ਗਰੰਥ ਨਾਮੀ ਪੁਸਤਕ ਦੇ ਤ੍ਰਿਅ ਚਰਿੱਤਰਾਂ ਵਿੱਚ ਵਰਤੀ ਗਈ ਹੈ, ਉਹ ਮੇਰੇ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨਹੀਂ ਵਰਤ ਸਕਦੇ ਅਤੇ ਨਾ ਹੀ ਤ੍ਰਿਅ ਚਰਿਤਰ ਦੇ ਪਾਤਰ ਗੁਰੂ ਗੋਬਿੰਦ ਸਿੰਘ ਜੀ ਹੋ ਸਕਦੇ ਹਨ।

- ਪਰ ਦਸਮ ਪਾਤਸ਼ਾਹ ਦਾ ਸਵਾਂਗ ਰਚਨ ਵਾਲੇ ਸੌਦਾ ਸਾਧ ਵਿੱਰੁਧ ਵੀ ਅਕਾਲ ਤਖ਼ਤ ਤੋਂ ਹੁਕਮਨਾਮਾ ਜਾਰੀ ਹੋਇਆ ਹੈ ਜਿਸ ’ਤੇ ਤੁਹਾਡੇ ਵੀ ਦਸਖਤ ਹਨ। ਪੰਜਾਬ ਵਿੱਚ ਉਸ ਦੇ ਨਾਮ ਚਰਚਾ ਸਮਾਗਮ ਪੰਜਾਬ ਸਰਕਾਰ ਸਰਕਾਰੀ ਸੁਰੱਖਿਆ ਦੇ ਕੇ ਕਰਵਾ ਰਹੀ ਹੈ, ਉਸ ਵਿਰੁੱਧ ਅਦਾਲਤ ਵਿੱਚ ਚੱਲ ਰਿਹਾ ਕੇਸ ਅਕਾਲੀ ਭਾਜਪਾ ਸਰਕਾਰ ਨੇ ਵਾਪਸ ਲੈਣ ਦੀ ਦਰਖ਼ਾਸਤ ਦੇ ਦਿੱਤੀ ਸੀ।

- ਸੌਦਾ ਸਾਧ ਦਾ ਵਿਰੋਧ ਕਰਨ ਵਾਲੇ ਸਿੰਘਾਂ ’ਤੇ ਲਾਠੀ ਚਾਰਜ ਕਰਨ ਤੋਂ ਇਲਾਵਾ ਜੇਲ੍ਹਾਂ ਵਿੱਚ ਸੁੱਟਿਆ ਜਾ ਰਿਹਾ ਹੈ।

- ਨਿਰੰਕਾਰੀਆਂ ਵਿਰੁੱਧ ਵੀ ਅਕਾਲ ਤਖ਼ਤ ਦਾ ਹੁਕਮਨਾਮਾ ਜਾਰੀ ਹੋਇਆ ਸੀ। ਨਿਰੰਕਾਰੀ ਮੰਡਲ ਵੱਲੋਂ ਵੀ ਵਿਧਾਨ ਸਭਾ ਦੀ ਚੋਣਾਂ ਤੋਂ ਪਹਿਲਾਂ ਬਠਿੰਡਾ ਵਿੱਚ ਬਹੁਤ ਵੱਡਾ ਸਮਾਗਮ ਕੀਤਾ ਗਿਆ ਸੀ ਤੇ ਉਨ੍ਹਾਂ ਦੇ ਹੋਰ ਸਮਾਗਮ ਵੀ ਆਮ ਤੌਰ ’ਤੇ ਹੁੰਦੇ ਰਹਿੰਦੇ ਹਨ।

- ਸਪੋਕਸਮੈਨ ਅਖ਼ਬਾਰ ਵਿਰੁੱਧ ਵੀ ਅਕਾਲ ਤਖ਼ਤ ਤੋਂ ਹੁਕਮਨਾਮਾ ਜਾਰੀ ਹੋਇਆ ਸੀ ਕਿ ਕੋਈ ਸਿੱਖ ਨਾ ਇਸ ਨੂੰ ਇਸ਼ਤਿਹਾਰ ਦੇਵੇ ਤੇ ਨਾ ਹੀ ਇਸ ਨੂੰ ਪੜ੍ਹੇ। ਜਥੇਦਾਰਾਂ ਸਮੇਤ ਸਾਰੇ ਸਪੋਕਸਮੈਨ ਅਖ਼ਬਾਰ ਪੜ੍ਹ ਵੀ ਰਹੇ ਹਨ ਤੇ ਸਾਰੇ ਪ੍ਰਮੁਖ ਅਕਾਲੀਆਂ ਦੀਆਂ ਫੋਟੋਆਂ ਸਮੇਤ ਇਸ਼ਤਿਹਾਰਾਂ ਤੋਂ ਇਲਾਵਾ ਉਨ੍ਹਾਂ ਦੇ ਲੇਖ ਵੀ ਛਪਦੇ ਰਹਿੰਦੇ ਹਨ।

- ਹੁਣ ਤਾਂ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਦੇ ਨਾਵਾਂ ਹੇਠ ਸ਼੍ਰੋਮਣੀ ਕਮੇਟੀ ਵੱਲੋਂ ਸਪੋਕਸਮੈਨ ਨੂੰ ਇਸ਼ਤਿਹਾਰ ਵੀ ਦਿੱਤਾ ਗਿਆ ਹੈ ਜਿਹੜਾ ਕਿ ਸਪੋਕਸਮੈਨ ਦੇ 13 ਜਨਵਰੀ ਦੇ ਅੰਕ ਦੇ ਪੰਨਾ ਨੰ: 3 ’ਤੇ ਛਪਿਆ ਹੈ।

- ਆਰ.ਐੱਸ.ਐੱਸ ਵਿਰੁੱਧ ਵੀ ਅਕਾਲ ਤਖ਼ਤ ਤੋਂ ਹੁਕਨਾਮਾ ਜਾਰੀ ਹੋਇਆ ਸੀ ਪਰ ਕਈ ਜਥੇਦਾਰ ਖ਼ੁਦ ਆਰਐੱਸਐੱਸ ਦੇ ਸਮਾਗਮਾਂ ਵਿੱਚ ਸ਼ਾਮਲ ਹੁੰਦੇ ਵੇਖੇ ਗਏ ਹਨ ਜਿਨ੍ਹਾਂ ਦੇ ਫੋਟੋ ਸਹਿਤ ਸਬੂਤ ਹਨ। ਕੀ ਇਨ੍ਹਾਂ ਸਾਰੇ ਹੁਕਮਨਾਮਿਆਂ ਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ? ਸਿਰਫ ਪ੍ਰੋ: ਦਰਸ਼ਨ ਸਿੰਘ ਵਿਰੁਧ ਜਾਰੀ ਹੁਕਮਨਾਮਾ ਲਾਗੂ ਕਰਵਾਉਣ ਲਈ ਲਾਏ ਜਾ ਰਹੇ ਇੰਨੇ ਜੋਰ ਦਾ ਕੀ ਕਾਰਣ ਹੈ?

ਇਹ ਸਾਰੇ ਸਵਾਲ ਸੁਣਦੇ ਸਾਰ ਹੀ ਗਿਆਨੀ ਇਕਬਾਲ ਸਿੰਘ ਬੁਖ਼ਲਾਹਟ ਵਿੱਚ ਆ ਕੇ, ਭੱਦੀਆਂ ਗਾਲਾਂ ਕੱਢਦਾ ਹੋਇਆ ਫ਼ੋਨ ਕੱਟ ਗਿਆ।

ਦੁਬਾਰਾ ਫ਼ੋਨ ਮਿਲਾ ਕੇ ਉਨ੍ਹਾਂ ਨੂੰ ਪੁੱਛਿਆ ਕਿ ਇਹ ਗਾਲਾਂ ਤੁਸੀਂ ਕਿਸ ਨੂੰ ਕੱਢੀਆਂ ਹਨ? ਤਾਂ ਉਨ੍ਹਾਂ ਕਿਹਾ ਅਕਾਲ ਤਖ਼ਤ ਤੋਂ ਭਗੌੜੇ ਦਰਸ਼ਨ ਨੂੰ ਕੱਢੀਆਂ ਹਨ।

ਉਨ੍ਹਾਂ ਤੋਂ ਪੁੱਛਿਆ ਗਿਆ ਕਿ ਉਕਤ ਸਾਰੇ ਹੁਕਨਾਮਿਆਂ ਦੀ ਉਲੰਘਣਾਂ ਕਰਨ ਵਾਲਿਆਂ ਲਈ ਤੁਸੀਂ ਇਹੀ ਭਾਸ਼ਾ ਕਿਉਂ ਨਹੀਂ ਵਰਤਦੇ? ਗਿਆਨੀ ਇਕਬਾਲ ਸਿੰਘ ਨੇ ਕਿਹਾ ਬਾਕੀਆਂ ਦਾ ਮੈਨੂੰ ਨਹੀਂ ਪਤਾ, ਦਸਮ ਗ੍ਰੰਥ ਵਿਰੁਧ ਬੋਲਣ ਕਰਕੇ ਦਰਸ਼ਨ ਸਿੰਘ ਵਿਰੁੱਧ ਸਭ ਤੋਂ ਪਹਿਲਾਂ ਪਟਨਾ ਸਾਹਿਬ ਤੋਂ ਮੈਂ ਹੁਕਨਾਮਾ ਜਾਰੀ ਕੀਤਾ ਸੀ ਇਸ ਲਈ ਮੈਂ ਤਾਂ ਸਿਰਫ ਇਸ ਨੂੰ ਹੀ ਲਾਗੂ ਕਰਵਾਉਣਾ ਹੈ।

ਉਨ੍ਹਾਂ ਨੂੰ ਦੱਸਿਆ ਗਿਆ ਕਿ ਬਾਕੀ ਦੇ ਹੁਕਨਾਮਿਆਂ ’ਤੇ ਵੀ ਤੁਹਾਡੇ ਦਸਤਖ਼ਤ ਹਨ। ਕੀ ਉਨ੍ਹਾਂ ਨੂੰ ਤੁਸੀਂ ਅਕਾਲ ਤਖ਼ਤ ਦੇ ਹੁਕਨਾਮੇ ਨਹੀਂ ਮੰਨਦੇ? ਜੇ ਮੰਨਦੇ ਹੋ ਤਾਂ ਉਨ੍ਹਾਂ ਨੂੰ ਲਾਗੂ ਕਿਉਂ ਨਹੀ ਕਰਵਾਉਂਦੇ? ਇਸ ਦੇ ਜਵਾਬ ’ਚ ਗਿਆਨੀ ਇਕਬਾਲ ਸਿੰਘ ਨੇ ਕਿਹਾ ਪੰਜਾਬ ’ਚ ਵੀ ਤਿੰਨ ਜਥੇਦਾਰ ਬੈਠੇ ਹਨ। ਇਹ ਹੁਕਨਾਮੇ ਤੁਸੀਂ ਉਨ੍ਹਾਂ ਤੋਂ ਲਾਗੂ ਕਰਵਾ ਲਵੋ। ਮੇਰਾ ਹੁਕਨਾਮਾ ਤਾਂ ਦਸਮ ਗ੍ਰੰਥ ਵਿਰੁਧ ਬੋਲਣ ਵਾਲੇ ਦਰਸ਼ਨ ਸਿੰਘ ਵਿਰੁਧ ਹੀ ਹੈ, ਉਸ ਨੂੰ ਮੈਂ ਹਰ ਹਾਲਤ ਵਿੱਚ ਲਾਗੂ ਕਰਵਾਵਾਂਗਾ। ਉਸ ਵਿੱਚ ਹਿੰਮਤ ਹੈ ਤਾਂ ਉਹ ਮੇਰੇ ਇਲਾਕੇ ਵਿੱਚ ਕੋਈ ਸਮਾਗਮ ਕਰਕੇ ਵੇਖ ਲਵੇ ਜੇ ਨਾ ਉਸ ਦਾ ਆਸਨਸੋਲ ਵਾਲਾ ਹਾਲ ਕਰਾ ਦੇਵਾਂ। ਕਾਨ੍ਹਪੁਰ ਵਿਖੇ ਉਸ ਦਾ ਕੀਰਤਨ ਕਰਵਾਉਣ ਵਾਲੇ ਹਰਚਰਨ ਸਿੰਘ ਨੂੰ ਵੀ ਛੇਕ ਦਿੱਤਾ ਜਾਵੇਗਾ।

ਉਸ ਨੂੰ ਦੱਸਿਆ ਗਿਆ ਕਿ ਸਪੋਕਸਮੈਨ ਅਖ਼ਬਾਰ ਨੇ ਵੀ ਦਸਮ ਗ੍ਰੰਥ ਵਿਰੁਧ ਬਹੁਤ ਕੁਝ ਲਿਖਿਆ ਹੈ। ਪ੍ਰੋ: ਹਰਿਭਜਨ ਸਿੰਘ ਨੇ ਵੀ ਆਪਣੀ ਪੁਸਤਕ ਵਿੱਚ ਤ੍ਰਿਆ ਚਰਿਤਰਾਂ ਨੂੰ ਦਸਮ ਪਾਤਸ਼ਾਹ ਦੀ ਆਤਮਕਥਾ ਦੱਸ ਕੇ ਉਹ ਕੁਝ ਲਿਖਿਆ ਹੈ ਜਿਸ ਦਾ ਕੁਝ ਹਿੱਸਾ ਹੀ ਪ੍ਰੋ: ਦਰਸ਼ਨ ਸਿੰਘ ਨੇ ਦੱਸ ਕੇ ਕਿਹਾ ਸੀ ਇਹ ਕਥਾ ਮੇਰੇ ਗੁਰੂ ਨਾਲ ਜੋੜਨੀ ਉਨ੍ਹਾਂ ਦੀ ਤੌਹੀਨ ਕਰਨਾ ਹੈ। ਉਹ ਪੁਸਤਕ ਰੀਲੀਜ਼ ਕਰਨ ਵਾਲਿਆਂ ਵਿੱਚ ਤੁਸੀਂ ਖ਼ੁਦ ਵੀ ਸ਼ਾਮਲ ਸੀ। ਤਾਂ ਜਿਹੜਾ ਦੋਸ਼ ਤੁਸੀਂ ਪ੍ਰੋ: ਦਰਸ਼ਨ ਸਿੰਘ ’ਤੇ ਲਾਉਂਦੇ ਹੋ ਉਹ ਪ੍ਰੋ: ਹਰਿਭਜਨ ਸਿੰਘ ਅਤੇ ਉਸ ਦੀ ਪੁਸਤਕ ਰੀਲੀਜ਼ ਕਰਨ ਵਾਲਿਆਂ ’ਤੇ ਕਿਉਂ ਆਇਦ ਨਹੀਂ ਹੁੰਦਾ? ਇਹ ਸੁਣਦੇ ਸਾਰ ਫਿਰ ਅਖੌਤੀ ਜਥੇਦਾਰ ਜੀ ਭੁੜਕ ਉਠਿਆ ਕਿ ਤੂੰ ਦਰਸ਼ਨ ਲਾਲ ਦਾ ਚੇਲਾ ਹੋਵੇਂਗਾ!

ਉਨ੍ਹਾਂ ਨੂੰ ਕਿਹਾ ਗਿਆ ਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਸਿੱਖ ਕਿਸੇ ਵਿਅਕਤੀ ਦਾ ਚੇਲਾ ਨਹੀਂ ਹੋ ਸਕਦਾ, ਪਰ ਜੇ ਆਰ.ਐੱਸ.ਐੱਸ ਦੇ ਚੇਲਿਆਂ ਨੂੰ ਗੁਰੂ ਦੀ ਗੱਲ ਕਰਨ ਵਾਲਾ, ਕਿਸੇ ਵਿਅਕਤੀ ਦਾ ਚੇਲਾ ਦਿਸਦਾ ਹੋਵੇ ਤਾਂ ਜਿਸ ਦਾ ਮਰਜੀ ਚੇਲਾ ਸਮਝ ਲਓ ਪਰ ਇਹ ਜਵਾਬ ਦੇਵੋ ਕਿ ਅਕਾਲ ਤਖ਼ਤ ਦੇ ਹੁਕਨਾਮੇ ਸਾਰਿਆਂ ਨੂੰ ਮੰਨਣੇ ਜਰੂਰੀ ਹਨ ਜਾਂ ਸਿਰਫ ਤੁਹਾਡੇ ਸਮਝੇ ਗਏ ਵਿਰੋਧੀ ਲਈ ਹੀ? ਜੇ ਤੁਸੀਂ ਉਕਤ ਹੁਕਮਨਾਮੇ ਲਾਗੂ ਨਹੀਂ ਕਰਵਾ ਸਕਦੇ ਤਾਂ ਘੱਟ ਤੋਂ ਘੱਟ ਇਨ੍ਹਾਂ ਦੀ ਉਲੰਘਣਾਂ ਕਰਨ ਵਾਲਿਆਂ ਦੀ ਨਿਖੇਧੀ ਕਰਦਾ ਬਿਆਨ ਹੀ ਦੇਵੋ। ਇਹ ਸੁਣ ਕੇ ਫਿਰ ਆਪਣੀ ਬੁਖਲਾਹਟ ਦਾ ਮੁਜ਼ਾਹਰਾ ਕਰਦਾ ਕਹਿਣ ਲੱਗਾ ਮੈਂ ਤੇਰੇ ਨਾਲ ਗੱਲ ਨਹੀਂ ਕਰਨਾ ਚਾਹੁੰਦਾ ਕਿਉਂਕਿ ਮੈਨੂੰ ਕੀ ਪਤਾ ਤੂੰ ਕੌਣ ਹੈਂ? ਨਿਰੰਕਾਰੀ ਹੈਂ! ਦਰਸ਼ਨ ਦਾ ਚੇਲਾ ਹੈਂ ਜਾਂ ਕੋਈ ਪੱਤਰਕਾਰ ਹੈ!! ਮੈਂ ਤੇਰੀ ਸ਼ਕਲ ਨਹੀਂ ਵੇਖੀ। ਉਨ੍ਹਾਂ ਨੂੰ ਕਿਹਾ ਮੈਂ ਕੁਝ ਵੀ ਹੋਵਾਂ, ਤੁਸੀਂ ਉਹ ਗੱਲ ਕਰੋ ਜੋ ਤੁਹਾਡੇ ਦਿਲ ਵਿੱਚ ਹੈ ਤੇ ਜੋ ਸੱਚ ਹੈ। ਤੁਸੀਂ ਗੱਲ ਮੇਰੀ ਸ਼ਕਲ ਨਾਲ ਨਹੀ ਕਰ ਰਹੇ ਸਿਰਫ ਮੇਰੇ ਵੀਚਾਰਾਂ ਦਾ ਵੀਚਾਰ ਸਹਿਤ ਉਤਰ ਦੇਵੋ। ਇਹ ਸੁਣ ਕੇ ਬੁੜ ਬੁੜ ਕਰਦਾ ਫਿਰ ਫ਼ੋਨ ਕੱਟ ਗਿਆ।

ਜਿਸ ਤਰ੍ਹਾਂ ਇਕਬਾਲ ਸਿੰਘ ਕਹਿੰਦਾ ਹੈ ਮੇਰਾ ਹੁਕਨਾਮਾ ਤਾਂ ਸਿਰਫ ਉਹ ਹੀ ਜਿਹੜਾ ਪ੍ਰੋ: ਦਰਸ਼ਨ ਸਿੰਘ ਵਿਰੁੱਧ ਜਾਰੀ ਕੀਤਾ ਹੈ। ਇਸੇ ਤਰ੍ਹਾਂ ਗੁਰਬਚਨ ਸਿੰਘ ਵੀ ਕਹਿ ਦਿੰਦਾ ਹੈ ਇਹ ਹੁਕਨਾਮਾ ਮੈਂ ਜਾਰੀ ਨਹੀਂ ਕੀਤਾ ਇਹ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਨੇ ਕੀਤਾ ਹੈ ਇਹ ਉਨ੍ਹਾਂ ਤੋਂ ਪੁੱਛੋ। ਸ਼੍ਰੋਮਣੀ ਕਮੇਟੀ ਪ੍ਰਧਾਨ ਨੂੰ ਪੁੱਛੋ ਤਾਂ ਉਹ ਵੀ ਕਹਿ ਦਿੰਦੇ ਹਨ ਮੈਨੂੰ ਨਹੀਂ ਪਤਾ, ਅਕਾਲ ਤਖ਼ਤ ਨੂੰ ਪੁੱਛੋ। ਕੀ ਕੋਈ ਇਹ ਭੇਦ ਦੀ ਗੱਲ ਦੱਸ ਸਕਦਾ ਹੈ ਕਿ ਜੇ ਜਥੇਦਾਰਾਂ ਨੇ ਵੀ ਹੁਕਨਾਮੇ ਵੰਡ ਕੇ ਆਪਣੇ ਆਪਣੇ ਨਾਮ ਕੀਤੇ ਹਨ ਤਾਂ ਅਕਾਲ ਤਖ਼ਤ ਦੇ ਹੁਕਨਾਮੇ ਕਿਹੜੇ ਹੋਏ ਤੇ ਅਕਾਲ ਤਖ਼ਤ ਨੂੰ ਇਨ੍ਹਾਂ ਨੇ ਕੀ ਸਮਝ ਰੱਖਿਆ ਹੈ? ਕੀ ਇੰਝ ਮਹਿਸੂਸ ਨਹੀਂ ਹੁੰਦਾ ਕਿ ਇਨ੍ਹਾਂ ਵਿੱਚੋਂ ‘ਸਰਮੁ ਧਰਮੁ ਦੁਇ ਛਪਿ ਖਲੋਏ ਕੂੜੁ ਫਿਰੈ ਪਰਧਾਨੁ ਵੇ ਲਾਲੋ ॥’ (ਤਿਲੰਗ ਮ: 1, ਗੁਰੂ ਗ੍ਰੰਥ ਸਾਹਿਬ –ਪਾਵਨ ਪੰਨਾ 722)


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top