Share on Facebook

Main News Page

ਜਿਨ੍ਹਾਂ ਨੇ ਅਕਾਲ ਤਖ਼ਤ ਦੇ ਛੇਕਿਆਂ ਤੋਂ ਕੀਰਤਨ ਕਰਵਾਇਆ ਹੈ, ਉਹ ਕਿਹੜਾ ਪੰਥ ਨਾਲ ਰਹਿ ਜਾਣਗੇ
-
ਅਵਤਾਰ ਸਿੰਘ ਮੱਕੜ

* ਕੋਈ ਦੱਸੇਗਾ? ਅਕਾਲ ਤਖ਼ਤ ਨਾਲ ਮੱਥਾ ਕਿਸ ਨੇ ਲਾਇਆ ਹੈ? ਪੰਥ ’ਚੋਂ ਛੇਕੇ ਨੂੰ ਇਸ਼ਤਿਹਾਰ ਦੇਣ ਵਾਲੀ ਸ਼੍ਰੋਮਣੀ ਕਮੇਟੀ! ਜਾਂ ਜਿਨ੍ਹਾਂ ਦੇ ਨਾਮ ਹੇਠ ਇਸ਼ਤਿਹਾਰ ਛਪਿਆ ਹੈ!! ਜਾਂ ਅਕਾਲ ਤਖ਼ਤ ’ਤੇ ਇਸ ਦੀ ਸ਼ਿਕਾਇਤ ਕਰਨ ਵਾਲਾ!!! ਕੀ ਇਨ੍ਹਾਂ ਮੁੱਦਿਆਂ ’ਤੇ ਵੀ ਦਿੱਲੀ ਵਾਂਗ ਮੁੱਦਾ ਬਣਾ ਕੇ ਚੋਣ ਲੜੀ ਜਾਵੇਗੀ?
* ਕਾਂਗਰਸ ਸਰਕਾਰ ਵਲੋਂ ਸਿੱਖ ਧਰਮ ਵਿੱਚ ਕੀਤੀ ਜਾ ਦਖ਼ਲ ਅੰਦਾਜ਼ੀ ਦਾ ਦੋਸ਼ ਲਾਉਣ ਵਾਲੇ ਖ਼ੁਦ ਗੁਰਬਾਣੀ ਦਾ ਕੀਰਤਨ ਬੰਦ ਕਰਵਾਉਣ ਲਈ ਪ੍ਰਸ਼ਾਸ਼ਨ ਨੂੰ ਬੇਨਤੀਆਂ ਕਰਨ ਵਾਲੇ ਤੇ ਮੀਟਿੰਗਾਂ ਕਰਨ ਵਾਲੇ ਧਰਮ ਵਿੱਚ ਸਰਕਾਰੀ ਦਖ਼ਲ ਅੰਦਾਜ਼ੀ ਲਈ ਸੱਦਾ ਨਹੀਂ ਦੇ ਰਹੇ?

ਬਠਿੰਡਾ, 18 ਫਰਵਰੀ (ਕਿਰਪਾਲ ਸਿੰਘ): ਜਿਨ੍ਹਾਂ ਨੇ ਅਕਾਲ ਤਖ਼ਤ ਦੇ ਛੇਕਿਆਂ ਤੋਂ ਕੀਰਤਨ ਕਰਵਾਇਆ ਹੈ ਉਹ ਕਿਹੜਾ ਪੰਥ ਨਾਲ ਰਹਿ ਜਾਣਗੇ? ਇਹ ਸ਼ਬਦ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਨੇ ਉਸ ਸਮੇਂ ਕਹੇ ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਤੁਹਾਡੇ ਅਤੇ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ, ਤਖ਼ਤ ਸ਼੍ਰੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਇਕਬਾਲ ਸਿੰਘ ਵੱਲੋਂ ਨਿਜੀ ਰੂਪ ਵਿਚ ਕੀਤੀਆਂ ਜਾਇਜ਼ ਨਜ਼ਾਇਜ਼ ਕੋਸ਼ਿਸਾਂ ਦੇ ਬਾਵਯੂਦ ਕਾਨ੍ਹਪੁਰ ਵਿਖੇ ਉਥੋਂ ਦੀ ਸੰਗਤ ਦੇ ਸਹਿਯੋਗ ਨਾਲ ਅਕਾਲੀ ਜਥਾ ਦੇ ਆਗੂਆਂ ਵੱਲੋਂ ਕਰਵਾਇਆ ਗਿਆ ਗੁਰਮਤਿ ਸਮਾਗਮ ਸਫਲਤਾ ਪੂਰਬਕ ਸੰਪੰਨ ਹੋਇਆ, ਜਿਸ ਵਿੱਚ ਪ੍ਰੋ: ਦਰਸ਼ਨ ਸਿੰਘ ਨੇ ਕੀਰਤਨ ਕੀਤਾ ਤੇ ਬਹੁਤ ਵੱਡੀ ਗਿਣਤੀ ਵਿੱਚ ਸਿੱਖ ਸੰਗਤਾਂ ਨੇ ਉਨ੍ਹਾਂ ਨੂੰ ਸੁਣਨ ਲਈ ਹਾਜਰੀ ਭਰੀ।

ਸ਼੍ਰੀ ਮੱਕੜ ਨੇ ਕਿਹਾ ਫਿਰ ਕੀ ਹੋਇਆ ਜੇ ਹੋ ਗਿਆ? ਜਿਨ੍ਹਾਂ ਨੇ ਅਕਾਲ ਤਖ਼ਤ ਦੇ ਛੇਕਿਆਂ ਤੋਂ ਕੀਰਤਨ ਕਰਵਾਇਆ ਹੈ ਉਹ ਕਿਹੜਾ ਪੰਥ ਨਾਲ ਰਹਿ ਜਾਣਗੇ? ਜਿਸ ਨੇ ਵੀ ਅਕਾਲ ਤਖ਼ਤ ਨਾਲ ਮੱਥਾ ਲਾਇਆ ਉਹ ਬਚ ਨਹੀਂ ਸਕਣਗੇ। ਦਿੱਲੀ ਵਿੱਚ ਤੁਸੀਂ ਨਹੀਂ ਵੇਖਿਆ ਕਿ ਉਥੇ ਅਕਾਲ ਤਖ਼ਤ ਦੇ ਮੁੱਦੇ ’ਤੇ ਚੋਣ ਲੜੀ ਗਈ ਸੀ ਤੇ ਅਕਾਲ ਤਖ਼ਤ ਨਾਲ ਮੱਥਾ ਲਾਉਣ ਵਾਲੇ ਸਰਨਿਆਂ ਦਾ ਉਥੇ ਕੱਖ ਨਹੀਂ ਰਿਹਾ।

ਜਦ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਕਾਂਗਰਸ ਨੂੰ ਵੀ ਤੁਸੀਂ ਅਕਾਲ ਤਖ਼ਤ ’ਤੇ ਹਮਲੇ ਦਾ ਦੋਸ਼ੀ ਦੱਸ ਕੇ ਉਸ ਪਾਰਟੀ ਵੱਲੋਂ ਅਕਾਲ ਤਖ਼ਤ ਨਾਲ ਮੱਥਾ ਲਾਉਣਾ ਦੱਸ ਕੇ ਉਸ ਨੂੰ ਪਾਣੀ ਪੀ ਪੀ ਕੋਸਦੇ ਹੋ ਪਰ ਕਾਨ੍ਹਪੁਰ ਵਿੱਚ ਪ੍ਰੋ: ਦਰਸ਼ਨ ਸਿੰਘ ਵਲੋਂ ਕੀਤੇ ਜਾਣ ਵਾਲੇ ਗੁਰਬਾਣੀ ਕੀਰਤਨ ਨੂੰ ਰੋਕਣ ਲਈ ਜਥੇਦਾਰ ਨੇ ਇੱਕ ਪੁਲਿਸ ਥਾਣੇਦਾਰ ਨੂੰ ਕਿਹਾ ਸੀ ਕਿ ਉਸ ਨੇ ਕੁਲਦੀਪ ਸਿੰਘ (ਜਿਹੜਾ ਕਿ ਕਾਂਗਰਸ ਦਾ ਇੱਕ ਵਿਵਾਦਤ ਆਗੂ ਹੈ), ਨੂੰ ਸਮਾਗਮ ਰੋਕਣ ਦੀ ਅਥਾਰਟੀ ਦਿੱਤੀ ਹੈ। ਥਾਣੇਦਾਰ ਰਾਹੀਂ ਸਮਾਗਮ ਰੁਕਵਾਉਣ ਤੋਂ ਅਸਮਰਥ ਰਹਿਣ ਪਿੱਛੋਂ ਤਖ਼ਤ ਸ਼੍ਰੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਇਕਬਾਲ ਸਿੰਘ ਖ਼ੁਦ ਉਸੇ ਕੁਲਦੀਪ ਸਿੰਘ ਨੂੰ ਨਾਲ ਲੈ ਕੇ ਲਿਖਤੀ ਅਥਾਰਟੀ ਦਿਵਾਉਣ ਲਈ ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ਪਹੁੰਚੇ। ਜਥੇਦਾਰ ਗਿਆਨੀ ਗੁਰਬਚਨ ਸਿੰਘ ਦੇ ਵਿਦੇਸ਼ ਗਏ ਹੋਣ ਕਰਕੇ ਉਸ ਨੇ ਜਥੇਦਾਰ ਦੇ ਪੀਏ ਇੰਦਰਮੋਹਨ ਸਿੰਘ ’ਤੇ ਦਬਾਅ ਪਾਇਆ ਕਿ ਕੁਲਦੀਪ ਸਿੰਘ ਨੂੰ ਕਾਨ੍ਹਪੁਰ ਵਿਖੇ ਪ੍ਰੋ: ਦਰਸ਼ਨ ਸਿੰਘ ਦਾ ਕੀਰਤਨ ਰੁਕਵਾਉਣ ਲਈ ਲਿਖਤੀ ਅਥਾਰਟੀ ਦਿੱਤੀ ਜਾਵੇ। ਪੀਏ ਵੱਲੋਂ ਲਿਖਤੀ ਅਥਾਰਟੀ ਦੇਣ ਤੋਂ ਅਸਮਰਥਾ ਜ਼ਾਹਰ ਕੀਤੇ ਜਾਣ ’ਤੇ ਉਸ ਤੋਂ ਕਾਨ੍ਹਪੁਰ ਦੇ ਜਿਲ੍ਹਾ ਮੈਜਿਸਟ੍ਰੇਟ ਅਤੇ ਐੱਸਐੱਸਪੀ ਨੂੰ ਅਕਾਲ ਤਖ਼ਤ ਦਾ ਨਾਮ ਵਰਤ ਕੇ ਫ਼ੋਨ ਕਾਰਵਾਏ ਕਿ ਪ੍ਰੋ: ਦਰਸ਼ਨ ਸਿੰਘ ਨੂੰ ਕੀਰਤਨ ਕਰਨ ਦੀ ਇਜਾਜ਼ਤ ਨਾ ਦਿੱਤੀ ਜਾਵੇ।

ਇਤਨਾ ਕੁਝ ਕਰਨ ਦੇ ਬਾਵਯੂਦ ਕਾਨ੍ਹਪੁਰ ਦੀਆਂ ਸਿੱਖ ਸੰਗਤਾਂ ਦੇ ਉਤਸ਼ਾਹ ਨੂੰ ਵੇਖ ਕੇ ਕਾਨ੍ਹਪੁਰ ਪ੍ਰਸ਼ਾਸ਼ਨ ਕੀਰਤਨ ਸਮਾਗਮ ਰੁਕਵਾ ਨਾ ਸਕਿਆ ਸਗੋਂ ਉਹ ਸਮਾਗਮ ਇਤਨਾ ਸਫਲ ਰਿਹਾ ਹੈ ਕਿ ਸੰਗਤ ਪ੍ਰਬੰਧਕਾਂ ਦੀ ਆਸ ਨਾਲੋਂ ਵੀ ਵੱਧ ਸਫਲ ਰਿਹਾ ਤੇ ਉਨ੍ਹਾਂ ਦੀ ਉਮੀਦ ਨਾਲੋਂ ਬਹੁਤ ਵੱਧ ਸੰਗਤ ਨੇ ਪ੍ਰੋ: ਦਰਸ਼ਨ ਸਿੰਘ ਦਾ ਕੀਰਤਨ ਸੁਣਨ ਲਈ ਹਾਜਰੀ ਭਰੀ। ਹੁਣ ਤੁਹਾਡੇ ਲਈ ਤਿੰਨ ਸਵਾਲ ਹਨ:

ਪਹਿਲਾ ਤਾਂ ਇਹ ਕਿ ਕੀ ਗੁਰਬਾਣੀ ਦਾ ਕੀਰਤਨ ਬੰਦ ਕਰਵਾਉਣ ਲਈ ਤੁਹਾਡੇ ਅਤੇ ਅਕਾਲ ਤਖ਼ਤ ਲਈ ਕਾਂਗਰਸ ਦੇ ਵਿਵਾਦਤ ਆਗੂ ਦੀ ਸਹਾਇਤਾ ਲੈਣੀ ਜਾਇਜ਼ ਹੈ?

ਦੂਸਰਾ ਸਵਾਲ ਹੈ ਕਿ ਅਕਾਲ ਤਖ਼ਤ ਵੱਲੋਂ ਪੰਜਾਬ ਵਿੱਚ ਸੌਦਾ ਸਾਧ ਦੇ ਸਮਾਗਮ ਕਰਵਾਉਣ ’ਤੇ ਵੀ ਪਬੰਦੀ ਹੈ ਤੇ ਸੌਦਾ ਸਾਧ ਦੇ ਡੇਰੇ ਬੰਦ ਕਰਵਾਉਣ ਦੀ ਹਦਾਇਤ ਹੈ। ਕੀ ਤੁਸੀਂ ਜਾਂ ਅਕਾਲ ਤਖ਼ਤ ਦੇ ਜਥੇਦਾਰ ਨੇ ਸੌਦਾ ਸਾਧ ਦੇ ਸਮਾਗਮ ਤੇ ਡੇਰੇ ਬੰਦ ਕਰਵਾਉਣ ਲਈ ਕਦੀ ਇਤਨੀ ਦਿਲਚਪੀ ਲਈ ਹੈ ਜਿੰਨੀ ਕਾਨ੍ਹਪੁਰ ਵਿੱਚ ਗੁਰਬਾਣੀ ਦਾ ਕੀਰਤਨ ਬੰਦ ਕਰਵਾਉਣ ਵਾਸਤੇ ਲਈ ਹੈ?

ਤੀਸਰਾ ਸਵਾਲ ਹੈ ਕਿ ਸਪੋਕਸਮੈਨ ਨੂੰ ਵੀ ਇਸ਼ਤਿਹਾਰ ਦੇਣ ’ਤੇ ਅਕਾਲ ਤਖ਼ਤ ਤੋਂ ਪਾਬੰਦੀ ਲਾਈ ਗਈ ਸੀ। ਪਰ ਤੁਹਾਡੇ ਅਤੇ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਦੇ ਨਾਮ ਹੇਠ ਹੀ ਸਪੋਕਸਮੈਨ ਨੂੰ ਇਸ਼ਤਿਹਾਰ ਦਿੱਤਾ ਗਿਆ ਜਿਹੜਾ ਕਿ ਸਪੋਕਸਮੈਨ ਦੇ 13 ਜਨਵਰੀ ਦੇ ਅੰਕ ਵਿੱਚ ਸਫ਼ਾ ਨੰ: 3 ’ਤੇ ਛਪਿਆ ਸੀ। ਪਤਾ ਲੱਗਾ ਹੈ ਕਿ ਤਰਦੀਪ ਸਿੰਘ ਵੱਲੋਂ ਇਸ ਸਬੰਧੀ ਅਕਾਲ ਤਖ਼ਤ ’ਤੇ ਸ਼ਿਕਾਇਤ ਵੀ ਪੁੱਜ ਚੁੱਕੀ ਹੈ। ਉਸ ਸਬੰਧੀ ਦੱਸਣ ਦੀ ਖੇਚਲ ਕਰਨੀ ਕਿ ਅਕਾਲ ਤਖ਼ਤ ਨਾਲ ਮੱਥਾ ਕਿਸ ਨੇ ਲਾਇਆ ਹੈ? ਪੰਥ ’ਚੋਂ ਛੇਕੇ ਨੂੰ ਇਸ਼ਤਿਹਾਰ ਦੇਣ ਵਾਲੀ ਸ਼੍ਰੋਮਣੀ ਕਮੇਟੀ ਨੇ! ਜਾਂ ਜਿਨ੍ਹਾਂ ਦੇ ਨਾਮ ਹੇਠ ਇਸ਼ਤਿਹਾਰ ਛਪਿਆ ਹੈ!! ਜਾਂ ਅਕਾਲ ਤਖ਼ਤ ’ਤੇ ਇਸ ਦੀ ਸ਼ਿਕਾਇਤ ਕਰਨ ਵਾਲੇ ਨੇ!!! ਕੀ ਇਨ੍ਹਾਂ ਮੁੱਦਿਆਂ ’ਤੇ ਵੀ ਦਿੱਲੀ ਵਾਂਗ ਅਕਾਲ ਤਖ਼ਤ ਦਾ ਮੁੱਦਾ ਬਣਾ ਕੇ ਚੋਣ ਲੜੀ ਜਾਵੇਗੀ?

ਇਨ੍ਹਾਂ ਸਵਾਲਾਂ ਦੇ ਜਵਾਬ ਦੇਣੇ ਤਾਂ ਦੂਰ ਦੀ ਗੱਲ ਇਹ ਸਵਾਲ ਸੁਣਨੇ ਵੀ ਸ਼੍ਰੀ ਮੱਕੜ ਲਈ ਔਖੇ ਹੋ ਗਏ, ਤੇ ਉਹ ਵਿੱਚੋਂ ਹੀ ਬੋਲਣ ਲੱਗ ਪਏ ਕਿ ਮੈਨੂੰ ਨਹੀਂ ਪਤਾ ਅਕਾਲ ਤਖ਼ਤ ਨੂੰ ਪੁੱਛੋ। ਮੇਰੇ ਵੱਲੋਂ ਸਵਾਲ ਪੁੱਛਣੇ ਜਾਰੀ ਰੱਖਣ ’ਤੇ ਉਸ ਨੇ ਵਿੱਚੋਂ ਹੀ ਫ਼ੋਨ ਕੱਟ ਦਿੱਤਾ।

ਕੁਲਦੀਪ ਸਿੰਘ ਕਾਂਗਰਸੀ ਸਾਬਕਾ ਐੱਮ.ਐੱਲ.ਸੀ ਕਾਨ੍ਹਪੁਰ ਨੂੰ ਫ਼ੋਨ ਕਰਕੇ ਪੁੱਛਿਆ ਗਿਆ ਕਿ ਹੁਣ ਤਾਂ ਸਮਾਗਮ ਲੰਘ ਗਿਆ ਹੈ ਇਸ ਲਈ ਤੁਸੀਂ ਵਿਹਲੇ ਹੋਵੋਗੇ। ਇਸ ਲਈ ਦੱਸਣਾ ਕਿ ਤੁਹਾਡੇ ਵੱਲੋਂ ਆਪਣਾ ਸਾਰਾ ਜੋਰ ਲਾਏ ਜਾਣ ਉਪ੍ਰੰਤ ਵੀ ਸਮਾਗਮ ਇੰਨਾ ਸਫਲ ਰਹਿਣ ਦੇ ਕੀ ਕਾਰਣ ਹਨ? ਉਨ੍ਹਾਂ ਨੇ ਉਹੀ ਪੁਰਾਣਾ ਜਵਾਬ ਦੇ ਕੇ ਫ਼ੋਨ ਕੱਟ ਦਿੱਤਾ ਕਿ ਉਹ ਜਿਲ੍ਹਾ ਪ੍ਰਸ਼ਾਸ਼ਨ ਨਾਲ ਮੀਟਿੰਗ ਕਰ ਰਹੇ ਹਨ।

ਹੁਣ ਸਵਾਲ ਪੈਦਾ ਹੁੰਦਾ ਹੈ ਕਿ ਕਾਂਗਰਸ ਸਰਕਾਰ ਵਲੋਂ ਸਿੱਖ ਧਰਮ ਵਿੱਚ ਕੀਤੀ ਜਾ ਰਹੀ ਦਖ਼ਲ ਅੰਦਾਜ਼ੀ ਦਾ ਦੋਸ਼ ਲਾਉਣ ਵਾਲੇ ਖ਼ੁਦ ਗੁਰਬਾਣੀ ਦਾ ਕੀਰਤਨ ਬੰਦ ਕਰਵਾਉਣ ਲਈ ਪ੍ਰਸ਼ਾਸ਼ਨ ਨਾਲ ਮੀਟਿੰਗਾਂ ਕਰਕੇ ਗੁਰਬਾਣੀ ਦਾ ਕੀਰਤਨ ਰੁਕਵਾਉਣ ਲਈ ਬੇਨਤੀਆਂ ਕਰਨ ਵਾਲੇ ਤੇ ਧਰਮ ਵਿੱਚ ਸਰਕਾਰੀ ਦਖ਼ਲ ਅੰਦਾਜ਼ੀ ਲਈ ਸੱਦਾ ਨਹੀਂ ਦੇ ਰਹੇ?


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top