Share on Facebook

Main News Page

ਬਲਵਿੰਦਰ ਸਿੰਘ ਰੰਗੀਲੇ ਦੀ ਇਕ ਹੋਰ ਗੱਪ
ਅਖੇ ਪ੍ਰਮਾਤਮਾ ਨੇ ਕਾਰੀਗਰ ਦਾ ਰੂਪ ਧਾਰ ਕੇ ਮਕਾਨ ਬਣਾ ਦਿਤਾ ਤੇ ਕਬੀਰ ਜੀ ਦਾ ਰੂਪ ਧਾਰ ਕੇ ਲੰਗਰ ਲਾ ਦਿਤੇ

* ਅਜਿਹੀਆਂ ਗੱਪਾਂ ਲਈ ਸਿੱਖ ਧਰਮ ਵਿਚ ਕੋਈ ਥਾਂ ਨਹੀਂ - ਭਾਈ ਹਰਜੀਤ ਸਿੰਘ

ਅਨੰਦਪੁਰ ਸਾਹਿਬ, 16 ਫਰਵਰੀ (ਸੁਰਿੰਦਰ ਸਿੰਘ ਸੋਨੀ) - ਜੇਕਰ ਕੌਮ ਦੇ ਪ੍ਰਸਿੱਧ ਰਾਗੀ ਦੀ ਗੱਲ ਮੰਨੀਏ ਤਾਂ ਅਕਾਲ ਪੁਰਖ ਪ੍ਰਮਾਤਮਾ ਨੇ ਭਗਤ ਕਬੀਰ ਜੀ ਦਾ ਰੂਪ ਧਾਰ ਕੇ ਚਾਹ ਪਕੋੜਿਆਂ ਜਲੇਬੀਆਂ ਆਦਿ ਦੇ ਖੁੱਲੇ ਲੰਗਰ ਲਾਏ ਤੇ ਕਾਰੀਗਰ ਦਾ ਰੂਪ ਧਾਰ ਕੇ ਭਗਤ ਨਾਮਦੇਵ ਜੀ ਦਾ ਆਲੀਸ਼ਾਨ ਘਰ ਬਣਾ ਦਿਤਾ।

ਜੀ ਹਾਂ, ਭਾਂਵੇ ਗੁਰਬਾਣੀ ਹੁਕਮ ਸਪੱਸ਼ਟ ਰੂਪ ਵਿਚ ਬਿਆਨ ਕਰਦੇ ਹਨ ‘ਸੋ ਮੁਖ ਜਲਉ ਜਿਤ ਕਹਿਹ ਠਾਕੁਰ ਜੋਨੀ’ ਭਾਵ ਉਹ ਮੂੰਹ ਸੜ ਜਾਵੇ ਜਿਹੜਾ ਕਹਿੰਦਾ ਹੈ ਕਿ ਪ੍ਰਮਾਤਮਾ ਜੂਨਾਂ ਵਿਚ ਆਉਂਦਾ ਹੈ, ਪਰ ਅਨੰਦਪੁਰ ਸਾਹਿਬ ਦੇ ਨੇੜੇ ਸੰਗੀਤ ਅਕੈਡਮੀ ਚਲਾ ਰਹੇ ਕੌਮ ਵਿਚ ਪ੍ਰਸਿੱਧੀ ਪ੍ਰਾਪਤ ਇਕ ਰਾਗੀ ਸਿੰਘ ਇਨਾਂ ਗੁਰਬਾਣੀ ਹੁਕਮਾਂ ਦੇ ਉਲਟ ਗੱਜ ਵੱਜ ਕੇ ਕਹਿੰਦੇ ਹਨ ਕਿ ਪ੍ਰਮਾਤਮਾ ਨੇ ਆਪਣੇ ਭਗਤ ਦਾ ਰੂਪ ਧਾਰ ਕੇ ਉਸਦੇ ਕੰਮ ਕੀਤੇ।

 

ਯੂ ਟਿਊਬ ਤੇ ਪਈ ਵੀਡੀਉ ਵਿਚ ਇਸ ਰਾਗੀ ਵਲੋ ਗੁਰਮਤਿ ਸਿਧਾਤਾਂ ਤੋ ਦੂਰ ਜਾ ਕੇ ਇਕ ਕਹਾਣੀ ਸੁਣਾਈ ਗਈ ਹੈ ਜਿਸ ਮੁਤਾਬਕ ਭਗਤ ਕਬੀਰ ਜੀ ਦੇ ਬਹੁਤ ਦੁਸ਼ਮਨ ਸਨ ਤੇ ਇਕ ਵਾਰ ਉਨਾਂ ਨੇ ਬਨਾਰਸ ਸ਼ਹਿਰ ਵਿਚ ਢੰਡੋਰਾ ਪਿਟਵਾ ਦਿਤਾ ਕਿ ਕਬੀਰ ਦੇ ਘਰ ਲੰਗਰ ਲਾਏ ਜਾਣਗੇ ਤੇ ਦੋ ਦੋ ਸੋਨੇ ਦੀਆਂ ਮੋਹਰਾਂ ਵੀ ਦਿਤੀਆਂ ਜਾਣਗੀਆਂ। ਭੰਡਾਰੇ ਦਾ ਸਾਰਿਆਂ ਨੂੰ ਖੁੱਲਾ ਸੱਦਾ ਹੈ। ਭਗਤ ਜੀ ਨੂੰ ਇਸ ਗੱਲ ਦਾ ਜਦੋ ਪਤਾ ਲੱਗਾ ਤਾਂ ਉਹ ਘਰ ਦੇ ਪਿਛਲੇ ਦਰਵਾਜਿਉਂ ਬਾਹਰ ਨਿਕਲ ਕੇ ਜੰਗਲ ਵਿਚ ਚਲੇ ਗਏ। ਇਸ ਤੇ ਪ੍ਰਮਾਤਮਾ ਨੇ ਭਗਤ ਕਬੀਰ ਦਾ ਰੂਪ ਧਾਰਨ ਕਰ ਲਿਆ ਤੇ ਗੱਡੇ ਭਰ ਕੇ ਰਾਸ਼ਨ ਆ ਗਿਆ ਤੇ ਦੇਖਦੇ ਹੀ ਦੇਖਦੇ ਚਾਹ, ਪਕੋੜੇ, ਜਲੇਬੀਆਂ ਆਦਿ ਦੇ ਲੰਗਰ ਲੱਗ ਗਏ। ਜਦੋ ਭਗਤ ਕਬੀਰ ਜੀ ਵਾਪਸ ਆਏ ਤਾਂ ਪ੍ਰਮਾਤਮਾ ਨੇ ਕਿਹਾ ਕਿ ਮੈ ਸਾਰਾ ਦਿਨ ਤੇਰੀ ਡਿਊਟੀ ਨਿਭਾਈ ਹੈ ਹੁਣ ਤੂੰ ਸੰਭਾਲ।

ਰਾਗੀ ਨੇ ਹੋਰ ਕਹਾਣੀ ਸੁਨਾਉਂਦਿਆਂ ਕਿਹਾ ਕਿ ਇਕ ਵਾਰ ਭਗਤ ਨਾਮਦੇਵ ਜੀ ਦੇ ਘਰ ਨੂੰ ਅੱਗ ਲਗ ਗਈ। ਨੇੜਲੇ ਲੋਕ ਅੱਗ ਬੁਝਾਉਣ ਲਗ ਪਏ ਤੇ ਘਰ ਦਾ ਸਮਾਨ ਬਾਹਰ ਕੱਢਣ ਲਗ ਪਏ। ਪਰ ਜਦੋ ਨਾਮਦੇਵ ਜੀ ਆਏ ਤਾਂ ਉਨਾਂ ਘਰੋ ਬਾਹਰ ਕੱਢਿਆ ਸਮਾਨ ਫਿਰ ਅੱਗ ਵਿਚ ਸੁੱਟ ਦਿਤਾ। ਉਨਾਂ ਦੀ ਘਰਵਾਲੀ ਨੇ ਕਿਹਾ ਕਿ ਸਾਡੇ ਕੋਲ ਇਕ ਸੂਤ ਦਾ ਥਾਨ ਬਚਿਆ ਹੈ ਉਹ ਵੇਚ ਕੇ ਬੱਚਿਆਂ ਲਈ ਰੋਟੀ ਲੈ ਆਉ। ਜਦੋ ਨਾਮਦੇਵ ਜੀ ਬਜਾਰ ਗਏ ਤਾਂ ਪ੍ਰਮਾਤਮਾ ਨੇ ਗਰੀਬ ਦਾ ਰੂਪ ਧਾਰ ਕੇ ਉਹ ਥਾਨ ਮੰਗ ਲਿਆ ਤੇ ਨਾਮਦੇਵ ਜੀ ਥਾਨ ਦੇ ਕੇ ਜੰਗਲ ਵਿਚ ਚਲੇ ਗਏ। ਰੱਬ ਨੇ ਕਾਰੀਗਰ ਦਾ ਰੂਪ ਧਾਰਿਆ ਤੇ ਭਗਤ ਨਾਮਦੇਵ ਜੀ ਦਾ ਘਰ ਬਣਾ ਦਿਤਾ। ਦਿਨ ਚੜਦੇ ਲੋਕ ਨਵਾਂ ਮਕਾਨ ਦੇਖ ਕੇ ਹੈਰਾਨ ਹੋ ਗਏ।

ਇਸ ਬਾਰੇ ਸਿੱਖ ਫੁਲਵਾੜੀ ਦੇ ਸੰਪਾਦਕ ਭਾਈ ਹਰਜੀਤ ਸਿੰਘ ਨੇ ਕਿਹਾ ਕਿ ਇਹੋ ਜਿਹੀਆਂ ਗੱਪਾਂ ਲਈ ਸਿੱਖ ਧਰਮ ਵਿਚ ਕੋਈ ਥਾਂ ਨਹੀਂ। ਉਨਾਂ ਕਿਹਾ ਕਿ ਸਿੱਖ ਧਰਮ ਵਿਗਿਆਨਕ ਯੁੱਗ ਦਾ ਧਰਮ ਹੈ ਤੇ ਕਰਾਮਾਤਾਂ ਦਾ ਇਸ ਨਾਲ ਕੋਈ ਸਬੰਧ ਨਹੀਂ। ਉਨਾਂ ਕਿਹਾ ਕਿ ਸੰਗਤਾਂ ਨੂੰ ਇਸ ਬਾਰੇ ਸੁਚੇਤ ਹੋਣਾ ਚਾਹੀਦਾ ਹੈ ਤੇ ਆਪਣੇ ਸਮਾਗਮਾਂ ਵਿਚ ਕੇਵਲ ਉਨਾਂ ਰਾਗੀ,ਪ੍ਰਚਾਰਕਾਂ ਨੂੰ ਹੀ ਬੁਲਾਉਣਾ ਚਾਹੀਦਾ ਹੈ ਜੋ ਗੁਰਮਤਿ ਸਿਧਾਤਾਂ ਤੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਰਹਿਤ ਮਰਯਾਦਾ ਮੁਤਾਬਕ ਹੀ ਧਰਮ ਪ੍ਰਚਾਰ ਕਰਦੇ ਹੋਣ।


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top