Share on Facebook

Main News Page

ਡੇਰਾ ਸਿਰਸਾ ਮੁਖੀ ਦੀ 22 ਫਰਵਰੀ ਦੀ ਪੇਸ਼ੀ ਪ੍ਰਤੀ ਜ਼ਿਲ੍ਹਾ ਪ੍ਰਸਾਸ਼ਨ ਪੱਬਾਂ ਭਾਰ

* ਚੱਪੇ ਚੱਪੇ 'ਤੇ ਪੁਲਿਸ ਤਾਇਨਾਤ, ਦਫਾ 144 ਲੱਗੀ ਪੇਸ਼ੀ ਤੋਂ ਪਹਿਲਾਂ ਕਿਸੇ ਆਉਣ ਵਾਲੇ ਤੂਫਾਨ ਤੋਂ ਪਹਿਲਾਂ ਦੀ ਸ਼ਾਂਤੀ ਵਾਂਗ ਚਾਰੇ ਪਾਸੇ ਚੁੱਪ ਪਸਰੀ
* ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਵਲੋਂ ਪੇਸ਼ੀ ਦੌਰਾਨ ਕਿਸੇ ਕਿਸਮ ਦਾ ਵਿਰੋਧ ਨਾ ਕਰਨ ਅਤੇ ਸ਼ਾਂਤੀ ਬਣਾਏ ਰੱਖ ਦੀ ਅਪੀਲ

ਬਠਿੰਡਾ, 20 ਫਰਵਰੀ (ਕਿਰਪਾਲ ਸਿੰਘ, ਤੁੰਗਵਾਲੀ) : ਡੇਰਾ ਸੱਚਾ ਸੌਦਾ ਸਿਰਸਾ ਦੇ ਮੁਖੀ ਗੁਰਮੀਤ ਸਿੰਘ 22 ਫਰਵਰੀ ਨੂੰ ਬਠਿੰਡਾ ਦੀ ਅਦਾਲਤ ਵਿਚ ਪੇਸ਼ੀ 'ਤੇ ਪਹੁੰਚ ਰਹੇ ਹਨ, ਜਿਸ ਕਾਰਨ ਬਠਿੰਡਾ ਵਿਚ 10 ਹਜ਼ਾਰ ਤੋਂ ਵੱਧ ਪੁਲਸ ਮੁਲਾਜ਼ਮਾਂ ਦੀ ਤਾਇਨਾਤੀ ਹੋ ਚੁੱਕੀ ਹੈ। ਜਦੋਂ ਕਿ ਲੱਖਾਂ ਦੀ ਤਾਦਾਦ ਵਿਚ ਡੇਰਾ ਪ੍ਰੇਮੀਆਂ ਦੇ ਪਹੁੰਚਣ ਦੀ ਵੀ ਸੰਭਾਵਨਾ ਹੈ, ਜੋ ਸਿਰਸਾ ਤੋਂ ਬਠਿੰਡਾ ਤੱਕ ਮਨੁੱਖੀ ਚੇਨ ਬਣਾ ਕੇ ਖੜ੍ਹਨਗੇ। ਡੇਰਾ ਸਿਰਸਾ ਵਲੋਂ ਪੰਜਾਬ ਪੁਲਸ ਤੋਂ ਇਲਾਵਾ ਡੇਰਾ ਮੁਖੀ ਦੀ ਸੁਰੱਖਿਆ ਖਾਤਰ ਆਪਣੇ ਨਿੱਜੀ ਪ੍ਰਬੰਧ ਵੀ ਕੀਤੇ ਹੋਏ ਹਨ। ਸਿੱਟੇ ਵਜੋਂ ਅਕਾਲੀਆਂ ਦੇ ਦਿਲਾਂ ਦੀ ਧੜਕਣ ਦਾ ਬੁਰਾ ਹਾਲ ਹੈ, ਕਿਉਂਕਿ ਡੇਰਾ ਮੁਖੀ ਦੀ ਪੇਸ਼ੀ ਤੋਂ ਅਗਲੇ ਦਿਨ ਮੋਗਾ ਵਿਖੇ ਜਿਮਨੀ ਚੋਣ ਵੀ ਹੈ।

ਜ਼ਿਕਰਯੋਗ ਹੈ ਕਿ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਭੜਕਾਉਣ ਦੇ ਦੋਸ਼ਾਂ ਤਹਿਤ ਬਠਿੰਡਾ ਅਦਾਲਤ ਵਿਚ ਡੇਰਾ ਮੁਖੀ ਵਿਰੁੱਧ ਕੇਸ ਚੱਲ ਰਿਹਾ ਹੈ, ਜਿਸ ਨੂੰ ਲੈ ਕੇ ਮਾਨਯੋਗ ਜੱਜ ਸ੍ਰੀ ਡੀ. ਐੱਸ. ਜੌਹਲ ਨੇ ਉਨ੍ਹਾਂ ਨੂੰ 22 ਫਰਵਰੀ ਨੂੰ ਖੁਦ ਪੇਸ਼ ਹੋਣ ਦੇ ਹੁਕਮ ਦਿੱਤੇ ਸਨ। ਡੇਰਾ ਵਿਵਾਦ ਪਹਿਲਾਂ ਹੀ ਜਗ ਜ਼ਾਹਰ ਹੈ, ਜਿਸ ਕਾਰਨ ਪੰਜਾਬ ਅੰਦਰ ਡੇਰਾ ਸਿਰਸਾ ਦੀਆਂ ਸਤਿਸੰਗਾਂ ਨੂੰ ਲੈ ਕੇ ਵੀ ਹਾਲਾਤ ਕਈ ਵਾਰ ਗੰਭੀਰ ਹੋ ਚੁੱਕੇ ਹਨ, ਜਦੋਂਕਿ ਡੇਰਾ ਮੁਖੀ ਦੇ ਪੰਜਾਬ ਵਿਚ ਆਉਣ ’ਤੇ ਤਾਂ ਹਾਲਾਤ ਹੋਰ ਵੀ ਮਾੜੇ ਹੋ ਸਕਦੇ ਹਨ। ਕਿਉਂਕਿ ਕਈ ਧਿਰਾਂ ਵਲੋਂ ਇਸਦਾ ਕਰੜਾ ਵਿਰੋਧ ਹੁੰਦਾ ਰਿਹਾ ਹੈ।

ਹੁਣ 22 ਫਰਵਰੀ ਨੂੰ ਡੇਰਾ ਮੁਖੀ ਦੀ ਬਠਿੰਡਾ ਆਮਦ ਨੂੰ ਲੈ ਕੇ ਪੰਜਾਬ ਸਰਕਾਰ ਕਾਫੀ ਚਿੰਤਿਤ ਹੈ, ਇਸ ਲਈ ਪੰਜਾਬ ਪੁਲਸ ਨੂੰ ਕਰੜੇ ਨਿਰਦੇਸ਼ ਦਿੱਤੇ ਗਏ ਹਨ ਕਿ ਮਾਹੌਲ ਸ਼ਾਂਤ ਰੱਖਣ ਲਈ ਹਰ ਨੁਸਖਾ ਵਰਤਿਆ ਜਾਵੇ। ਕਿਉਂਕਿ 23 ਫਰਵਰੀ ਨੂੰ ਮੋਗਾ ਵਿਖੇ ਵੋਟਾਂ ਪੈਣੀਆਂ ਹਨ ਤੇ ਜੇਕਰ ਬਠਿੰਡਾ ਵਿਚ ਕੋਈ ਗੜਬੜ ਹੁੰਦੀ ਹੈ ਤਾਂ ਉਸਦਾ ਸਿੱਧਾ-ਅਸਿੱਧਾ ਅਸਰ ਮੋਗ ਚੋਣਾਂ ’ਤੇ ਪਵੇਗਾ। ਜਦੋਂ ਕਿ ਪੰਜਾਬ ਪੁਲਸ ਦੇ ਅਧਿਕਾਰੀ ਵੀ ਆਪਣੀ ਜ਼ਿੰਮੇਵਾਰ ਨੂੰ ਸਮਝਦੇ ਹੋਏ ਇਸ ਮਾਮਲੇ ਨੂੰ ਬਹੁਤ ਜ਼ਿਆਦਾ ਗੰਭੀਰਤਾ ਨਾਲ ਲੈ ਰਹੇ ਹਨ। ਪਿਛਲੇ ਦੋ ਦਿਨਾਂ ਤੋਂ ਆਈ.ਜੀ. ਬਠਿੰਡਾ ਜ਼ੋਨ ਅਧਿਕਾਰੀਆਂ ਨਾਲ ਲਗਾਤਾਰ ਮੀਟਿੰਗਾਂ ਕਰ ਰਹੇ ਹਨ ਤਾਂ ਕਿ ਕਿਤੇ ਵੀ ਲਾਪ੍ਰਵਾਹੀ ਦੀ ਗੁੰਜਾਇਸ਼ ਨਾ ਰਹਿ ਸਕੇ।

ਦੂਜੇ ਪਾਸੇ ਇਹ ਵੀ ਪਤਾ ਲੱਗਾ ਹੈ ਕਿ ਡੇਰਾ ਪ੍ਰੇਮੀ ਵੀ ਲੱਖਾਂ ਦੀ ਤਾਦਾਦ ਵਿਚ ਬਠਿੰਡਾ ਸ਼ਹਿਰ ਜਾਂ ਸਿਰਸਾ ਤੋਂ ਬਠਿੰਡਾ ਮਾਰਗ 'ਤੇ ਪਹੁੰਚ ਰਹੀਆਂ ਹਨ। ਜਦੋਂ ਕਿ ਸਿੱਖ ਸੰਗਤਾਂ ਦੇ ਵੀ ਇਥੇ ਭਾਰੀ ਗਿਣਤੀ ਵਿਚ ਪਹੁੰਚਣ ਦੀ ਚਰਚਾ ਹੈ। ਜ਼ਿਲ੍ਹਾ ਪ੍ਰਸਾਸ਼ਣ ਨੇ ਪਹਿਲਾਂ ਹੀ ਸ਼ਹਿਰ ਅਤੇ ਆਸ ਪਾਸ ਦੇ ਇਲਾਕਿਆਂ ਵਿੱਚ ਦਫਾ 144 ਲਾ ਕੇ ਪੰਜ ਜਾਂ ਪੰਜ ਤੋਂ ਵੱਧ ਵਿਅਕਤੀਆਂ ਦੇ ਇੱਕਠੇ ਹੋਣ ਉੱਪਰ ਪਾਬੰਦੀ ਲਾ ਰੱਖੀ ਹੈ। ਹੁਣ ਦੇਖਣਾ ਇਹ ਹੈ ਕਿ ਪੁਲਿਸ ਡੇਰਾ ਪ੍ਰੇਮੀਆਂ ਜਾਂ ਸਿੱਖ ਜਥੇਬੰਦੀਆਂ ਨੂੰ ਇਕੱਠੇ ਹੋਣ ਤੋਂ ਕਿਸ ਤਰ੍ਹਾਂ ਰੋਕ ਪਾਉਂਦੀ ਹੈ। ਪੁਲਸ ਸਿਰ ਡੇਰਾ ਮੁਖੀ ਦੀ ਸੁਰੱਖਿਆ ਤੋਂ ਇਲਾਵਾ ਉਕਤ ਧਿਰਾਂ ਨੂੰ ਸੰਭਾਲਣ ਦੀ ਵੀ ਜ਼ਿੰਮੇਵਾਰੀ ਹੈ, ਜਿਸ ਕਾਰਨ ਸਥਿਤੀ ਕਾਫੀ ਗੰਭੀਰ ਬਣੀ ਹੋਈ ਹੈ। ਉੱਧਰ ਸਿੱਖ ਜਥੇਬੰਦੀਆਂ ਵੱਲੋਂ ਪਹਿਲਾਂ ਹੀ ਡੇਰਾ ਮੁਖੀ ਦੇ ਪੰਜਾਬ ਅੰਦਰ ਵੜਨ ’ਤੇ ਪਾਬੰਦੀ ਲਾਈ ਹੋਈ ਹੈ ਤੇ ਸ਼੍ਰੀ ਅਕਾਲ ਤਖਤ ਵੱਲੋਂ ਵੀ ਡੇਰਾ ਮੁਖੀ ਖਿਲਾਫ਼ ਹੁਕਮਨਾਮਾ ਜਾਰੀ ਕੀਤਾ ਗਿਆ ਹੈ। ਇਸ ਪੂਰੇ ਮਹੌਲ ਨਾਲ ਜਿੱਥੇ ਸ਼ਹਿਰ ਵਾਸੀ ਸਹਿਮੇ ਹੋਏ ਹਨ ਉੱਥੇ ਹੀ ਪ੍ਰਸਾਸ਼ਨ ਵੀ ਚਿੰਤਤ ਜਾਪ ਰਿਹਾ ਹੈ। ਅੱਜ ਸ਼ਹਿਰ ਵਿਚ ਪੰਜਾਬ ਭਰ ’ਚੋਂ ਪੁਲਸ ਮੁਲਾਜ਼ਮਾਂ ਦੀਆਂ ਸੈਂਕੜੇ ਬੱਸਾਂ ਪਹੁੰਚ ਚੁੱਕੀਆਂ ਹਨ, ਜਿਨ੍ਹਾਂ ’ਚ 10 ਹਜ਼ਾਰ ਤੋਂ ਵੀ ਵੱਧ ਮੁਲਾਜ਼ਮ ਬਠਿੰਡਾ ਆਏ ਹਨ। ਮੁਲਾਜ਼ਮਾਂ ਨੂੰ ਪੁਲਸ ਲਾਈਨ ਵਿਚ ਇਕੱਤਰ ਕੀਤਾ ਗਿਆ ਹੈ ਤੇ ਇਨ੍ਹਾਂ ਨੂੰ ਠਹਿਰਾਉਣ ਲਈ ਸਰਕਾਰੀ ਕਾਲਜ਼ਾਂ ਤੋਂ ਇਲਾਵਾ ਪ੍ਰਾਈਵੇਟ ਸਕੂਲਾਂ ਵਿੱਚ ਪ੍ਰਬੰਧ ਕੀਤਾ ਗਿਆ ਹੈ। ਇਨ੍ਹਾਂ ਮੁਲਾਜ਼ਮਾਂ ਨੂੰ ਵੱਖ-ਵੱਖ ਟੁਕੜੀਆਂ ਵਿਚ ਅਧਿਕਾਰੀਆਂ ਦੀ ਅਗਵਾਈ ਹੇਠ ਡਿਊਟੀਆਂ ’ਤੇ ਤਾਇਨਾਤ ਕੀਤਾ ਜਾ ਰਿਹਾ ਹੈ। ਅੰਤਰ ਰਾਸ਼ਟਰੀ ਪੱਧਰ ਉੱਪਰ ਨਜ਼ਰ ਰੱਖੇ ਜਾਣ ਵਾਲੇ ਇਸ ਮਸਲੇ ਨੂੰ ਲੈ ਕੇ ਹਰ ਪਾਸੇ ਚਰਚਾ ਚੱਲ ਰਹੀ ਹੈ, ਹੁਣ ਦੇਖਣਾ ਇਹ ਹੈ ਕਿ ਜ਼ਿਲ੍ਹਾ ਪ੍ਰਸਾਸ਼ਨ ਤੇ ਪੰਜਾਬ ਸਰਕਾਰ ਇਸ ਨਾਲ ਕਿਸ ਤਰ੍ਹਾਂ ਨਿਪਟਦੀ ਹੈ।

ਐੱਸ.ਪੀ. ਹੈੱਡਕੁਆਰਟਰ ਗੁਰਮੀਤ ਸਿੰਘ ਨੇ ਦੱਸਿਆ ਕਿ ਸੁਰੱਖਿਆ ਦੇ ਮੱਦੇਨਜ਼ਰ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਉਨ੍ਹਾਂ ਕਿਹਾ ਕਿ ਸੁਰੱਖਿਆ ਸੰਬੰਧੀ ਬਣਾਈਆਂ ਯੋਜਨਾਵਾਂ ਨੂੰ ਗੁਪਤ ਰੱਖਿਆ ਗਿਆ ਹੈ, ਪਰ ਸੁਰੱਖਿਆ ਖਾਤਰ 10 ਹਜ਼ਾਰ ਤੋਂ ਵੀ ਵੱਧ ਅਧਿਕਾਰੀ ਤੇ ਮੁਲਾਜ਼ਮ ਬਠਿੰਡਾ ਵਿਚ ਇਕੱਤਰ ਕੀਤੇ ਗਏ ਹਨ। ਡੇਰਾ ਪ੍ਰੇਮੀਆਂ ਜਾਂ ਸਿੱਖ ਸੰਗਤਾਂ ਦੇ ਬਠਿੰਡਾ ਪਹੁੰਚਣ ’ਤੇ ਰੋਕ ਲਗਾਉਣ ਦੇ ਸਵਾਲ ’ਤੇ ਐੱਸ.ਪੀ. ਨੇ ਕਿਹਾ ਕਿ ਇਸ ਬਾਰੇ ਉੱਚ ਅਧਿਕਾਰੀ ਹੀ ਫੈਸਲਾ ਕਰਨਗੇ। ਫਿਲਹਾਲ ਸ਼ਾਂਤੀ ਬਣਾਏ ਰੱਖਣ ਲਈ ਕਰੜੇ ਸੁਰੱਖਿਆ ਪ੍ਰਬੰਧ ਮੁਕੰਮਲ ਹੋ ਚੁੱਕੇ ਹਨ ਤੇ ਕੋਈ ਵੀ ਗੈਰਕਾਨੂੰਨੀ ਹਰਕਤ ਬਰਦਾਸ਼ਤ ਨਹੀਂ ਕੀਤੀ ਜਾਵੇਗੀ।

ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੇ ਕਾਰਜਕਾਰੀ ਪ੍ਰਧਾਨ ਭਾਈ ਹਰਪਾਲ ਸਿੰਘ ਚੀਮਾ, ਉਪ ਪ੍ਰਧਾਨ ਭਾਈ ਬਲਦੇਵ ਸਿੰਘ ਸਿਰਸਾ, ਧਾਰਮਿਕ ਵਿੰਗ ਦੇ ਮੁਖੀ ਬਾਬਾ ਹਰਦੀਪ ਸਿੰਘ ਗੁਰੂਸਰ ਮਹਿਰਾਜ ਜਿਹੜੇ ਕਿ ਹੁਣ ਤੱਕ ਸੌਦਾ ਸਾਧ ਦਾ ਵਿਰੋਧ ਕਰਨ ਵਾਲਿਆਂ ਵਿੱਚ ਮੋਹਰੀ ਰੋਲ ਅਦਾ ਕਰਦੇ ਆ ਰਹੇ ਹਨ ਨੇ ਸਿੱਖ ਸੰਗਤਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕਰਦਿਆਂ ਕਿਹਾ ਕਿ ਪੇਸ਼ੀ ਭੁਗਤਨ ਲਈ ਆ ਰਹੇ ਸੌਦਾ ਸਾਧ ਦਾ ਵਿਰੋਧ ਕਰਨ ਲਈ ਨਾ ਆਇਆ ਜਾਵੇ। ਉਨ੍ਹਾਂ ਕਿਹਾ ਪੇਸ਼ੀ ਭੁਗਤਨ ਸਮੇਂ ਵਿਰੋਧ ਨਾ ਕਰਨ ਦਾ ਭਾਵ ਇਹ ਨਹੀਂ ਹੈ ਕਿ ਅਸੀਂ ਉਸ ਦਾ ਵਿਰੋਧ ਕਰਨਾ ਛੱਡ ਦਿੱਤਾ ਹੈ। ਉਸ ਨੂੰ ਸਜਾ ਦਿਵਾਏ ਜਾਣ ਅਤੇ ਉਸ ਦੀਆਂ ਪੰਜਾਬ ਵਿੱਚ ਨਾਮ ਚਰਚਾਵਾਂ ਬੰਦ ਕਰਵਾਉਣ ਲਈ ਸਾਡਾ ਵਿਰੋਧ ਪਹਿਲਾਂ ਦੀ ਤਰ੍ਹਾਂ ਜਾਰੀ ਰਹੇਗਾ ਪਰ ਪੇਸ਼ੀ ਭੁਗਤਨ ਸਮੇਂ ਉਸ ਦਾ ਵਿਰੋਧ ਨਾ ਕਰਨ ਦਾ ਫੈਸਲਾ ਸਿਰਫ ਇਸ ਲਈ ਕੀਤਾ ਹੈ ਤਾ ਕਿ ਸੌਦਾ ਸਾਧ ਦੇ ਪ੍ਰੇਮੀਆਂ ਵੱਲੋਂ ਜਾਣ ਬੁਝ ਕੇ ਟਕਰਾ ਦਾ ਮਹੌਲ ਬਣਾ ਕੇ ਪੰਜਾਬ ਦੇ ਸ਼ਾਂਤ ਮਾਹੌਲ ਨੂੰ ਮੁੜ ਲਾਂਬੂ ਲਾਉਣ ਦੀ ਕੋਸ਼ਿਸ਼ ਵਿੱਚ ਉਹ ਸਫਲ ਨਾ ਹੋ ਸਕਣ। ਜੇ ਕਰ ਅਦਾਲਤ ਵਿੱਚ ਸੌਦਾ ਸਾਧ ਵੱਲੋਂ ਪੇਸ਼ੀ ਭੁਗਤਨ ਆਉਣ ਸਮੇਂ ਸਿੱਖ ਸੰਗਤਾਂ ਵੱਲੋਂ ਸ਼ਾਂਤਮਈ ਵਿਰੋਧ ਕਰਨ ਦੇ ਬਾਵਯੂਦ ਵੀ ਸੌਦਾ ਪ੍ਰੇਮੀ ਜਾਣ ਬੁੱਝ ਕੇ ਮਹੌਲ ਖਰਾਬ ਕਰਨ ਵਿੱਚ ਸਫਲ ਹੋ ਗਏ ਤਾਂ ਇਹ ਸੌਦਾ ਸਾਧ ਅਤੇ ਸਰਕਾਰ, ਉਸ ਦੀ ਅਦਾਲਤ ਵਿੱਚ ਨਿਜੀ ਤੌਰ ’ਤੇ ਪੇਸ਼ੀ ਤੋਂ ਛੋਟ ਮੰਗਣ ਲਈ ਇੱਕ ਬਹਾਨੇ ਦੇ ਤੌਰ ’ਤੇ ਵਰਤਨਗੇ। ਅਸੀਂ ਨਹੀਂ ਚਾਹੁੰਦੇ ਕਿ ਸਰਕਾਰ ਅਤੇ ਸੌਦਾ ਸਾਧ ਨੂੰ ਪੇਸ਼ੀ ਤੋਂ ਛੋਟ ਮੰਗਣ ਲਈ ਕੋਈ ਬਹਾਨਾ ਦਿੱਤਾ ਜਾਵੇ; ਇਸ ਲਈ ਸਿੱਖ ਸੰਗਤਾਂ ਨੂੰ ਇੱਕ ਵਾਰ ਫਿਰ ਜੋਰਦਾਰ ਅਪੀਲ ਕੀਤੀ ਜਾਂਦੀ ਹੈ ਕਿ ਪੇਸ਼ੀ ਦੌਰਾਨ ਕਿਸੇ ਕਿਸਮ ਦਾ ਵਿਰੋਧ ਕਰਨ ਲਈ ਸਿੱਖ ਅੱਗੇ ਨਾ ਆਉਣ।

ਸੌਦਾ ਸਾਧ ਦੇ ਦੂਸਰੇ ਮੁਖ ਵਿਰੋਧੀ ਬਾਬਾ ਬਲਜੀਤ ਸਿੰਘ ਦਾਦੂਵਾਲ ਦਾ ਪ੍ਰਤੀਕਰਮ ਜਾਨਣ ਲਈ ਉਨ੍ਹਾਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ।


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top