Share on Facebook

Main News Page

ਰੱਸੀ ਸੜ ਗਈ, ਪਰ ਉਸਦੇ ਵੱਟ ਹਾਲੀ ਵੀ ਬਰਕਰਾਰ ਹਨ
-
ਅਕਾਲੀ ਜਥਾ ਕਾਨ੍ਹਪੁਰ

* ਪੰਜਾਬ ਵਿੱਚ ਮੇਰੇ ਵੱਲੋਂ ਮੋਗਾ, ਮਲਸੀਆਂ, ਫਗਵਾੜਾ ਅਨੰਦਪੁਰ ਸਾਹਿਬ ਆਦਿ ਅਨੇਕਾਂ ਥਾਵਾਂ ’ਤੇ ਕੀਤੇ ਜਾ ਰਹੇ ਕੀਰਤਨ ਸਮਾਗਮਾਂ ਦਾ ਇਨ੍ਹਾਂ ਨੇ ਕੋਈ ਵਿਰੋਧ ਨਹੀਂ ਕੀਤਾ, ਕਿਉਂਕਿ ਇਨ੍ਹਾਂ ਨੂੰ ਪਤਾ ਲੱਗ ਚੁਕਾ ਹੈ, ਕਿ ਜੇ ਪੰਜਾਬ ਵਿੱਚ ਵਿਰੋਧ ਕੀਤਾ, ਤਾਂ ਜਾਗਰੂਕ ਹੋਏ ਲੋਕ ਇਨ੍ਹਾਂ ਦੇ ਵਿਰੋਧ ਵਿੱਚ ਖੜ੍ਹੇ ਹੋ ਜਾਣਗੇ ਤੇ ਇਨ੍ਹਾਂ ਨੂੰ ਵੋਟਾਂ ਦਾ ਨੁਕਸਾਨ ਹੋਵੇਗਾ
* ਪੰਜਾਬ ਤੋਂ ਬਾਹਰ ਖਾਸਕਰ ਕਾਨ੍ਹਪੁਰ ਵਿਖੇ ਕੁਲਦੀਪ ਸਿੰਘ ਵਰਗਿਆ ਨੂੰ ਅੱਗੇ ਲਾ ਕੇ ਵਿਰੋਧ ਇਸੇ ਕਾਰਨ ਕਰ ਰਹੇ ਹਨ, ਕਿਉਂਕਿ ਉਨ੍ਹਾਂ ਨੇ ਇਥੇ ਵੋਟਾਂ ਮੰਗਣ ਨਹੀਂ ਆਉਣਾ: ਪ੍ਰੋ. ਦਰਸ਼ਨ ਸਿੰਘ

ਬਠਿੰਡਾ, 21 ਫਰਵਰੀ (ਕਿਰਪਾਲ ਸਿੰਘ): ਕਾਨ੍ਹਪੁਰ ਵਿੱਚ ਗੁਰਬਾਣੀ ਕੀਰਤਨ ਦੇ ਪ੍ਰੋਗ੍ਰਾਮ ਨੂੰ ਰੋਕਣ ਲਈ ਗਿਆਨੀ ਗੁਰਬਚਨ ਸਿੰਘ ਤੇ ਗਿਆਨੀ ਇਕਬਾਲ ਸਿੰਘ ਦੇ ਏਜੰਟ ਬਣੇ ਕੁਲਦੀਪ ਸਿੰਘ ਵੱਲੋਂ ਬੀਤੇ ਦਿਨ ਐੱਸ.ਐੱਸ.ਪੀ ਕਾਨ੍ਹਪੁਰ ਨਾਲ ਸੰਪਰਕ ਕਰਕੇ, ਪ੍ਰੋਫੈਸਰ ਦਰਸ਼ਨ ਸਿੰਘ ਜੀ ਦੇ ਕੀਰਤਨ ਪ੍ਰੋਗ੍ਰਾਮ ਦੀ ਰਿਕਾਰਡਿੰਗ ਮੰਗੇ ਜਾਣ ਦੀ ਖ਼ਬਰ ’ਤੇ ਪ੍ਰਤੀਕਰਮ ਕਰਦੇ ਹੋਏ ਅਕਾਲੀ ਜਥਾ ਕਾਨ੍ਹਪੁਰ ਦੇ ਕਨਵੀਨਰ ਭਾਈ ਇੰਦਰਜੀਤ ਸਿੰਘ ਨੇ ਕਿਹਾ ਕਿ ਲਗਦਾ ਹੈ ਰੱਸੀ ਸੜ ਗਈ ਪਰ ਉਸਦੇ ਵੱਟ ਹਾਲੀ ਵੀ ਬਰਕਰਾਰ ਹਨ।

ਉਨ੍ਹਾਂ ਕਿਹਾ ਰੀਕਾਰਡਿੰਗ ਵਿੱਚ ਪ੍ਰੋ: ਦਰਸ਼ਨ ਸਿੰਘ ਵਲੋਂ ਕਥਿਤ ਤੌਰ ’ਤੇ ਬੋਲੇ ਗਏ ਅਪਸ਼ਬਦਾਂ ਦੀ ਉਹ ਕਿਸ ਪਾਸ ਸ਼ਿਕਾਇਤ ਕਰਨਗੇ! ਜਿਹੜਾ ਖ਼ੁਦ ਇਕ ਥਾਣੇਦਾਰ ਨੂੰ ਫ਼ੋਨ ਕਰਕੇ ਕਹਿੰਦਾ ਹੈ ‘ਇਨ ਸਿਖੋਂ ਕੋ ਜੂਤੇ ਮਾਰੋ’!! ਇਕ ਹੋਰ ਪਟਨੇ ਵਾਲਾ ਇੱਕ ਪੱਤਰਕਾਰ ਨਾਲ ਹੋਈ ਗੱਲਬਾਤ ਦੌਰਾਨ ਗਾਲਾਂ ਕੱਢਦਾ ਹੈ!!!

ਭਾਈ ਇੰਦਰਜੀਤ ਸਿੰਘ ਨੇ ਕਿਹਾ ਇਨ੍ਹਾਂ ਅਖੌਤੀ ਜਥੇਦਾਰਾਂ ਨਾਲੋਂ ਵੱਧ ਹੋਰ ਕੋਈ ਅਪਸ਼ਬਦ ਬੋਲੇ ਇਹ ਬਿਲਕੁਲ ਅਸੰਭਵ ਹੈ। ਪ੍ਰੋ: ਦਰਸ਼ਨ ਸਿੰਘ ਜੀ ਜਿਹੜੇ ਹਰ ਗੱਲ ਗੁਰਬਾਣੀ ਦੇ ਪ੍ਰਮਾਣਾਂ ਸਹਿਤ ਹੀ ਕਰਦੇ ਉਨ੍ਹਾਂ ਵੱਲੋਂ ਕਿਸੇ ਨੂੰ ਅਪਸ਼ਬਦ ਬੋਲਣ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ। ਭਾਈ ਇੰਦਰਜੀਤ ਸਿੰਘ ਨੇ ਕਿਹਾ ਫਿਰ ਜਿਸ ਜਥੇਦਾਰ ਪਾਸ ਕੁਲਦੀਪ ਸਿੰਘ ਸ਼ਿਕਾਇਤ ਕਰਨ ਦੀਆਂ ਧਮਕੀਆਂ ਦੇ ਰਿਹਾ ਹੈ ਉਨ੍ਹਾਂ ਨੇ ਤਾਂ ਪਹਿਲਾਂ ਹੀ ਅਕਾਲ ਤਖ਼ਤ ਸਾਹਿਬ ਜੀ ਦੇ ਪਾਵਨ ਨਾਮ ਦੀ ਕੁਵਰਤੋਂ ਕਰਦੇ ਹੋਏ ਪ੍ਰੋ: ਸਾਹਿਬ ਜੀ ਨੂੰ ਆਪਣੇ ਕਾਲਕਾ ਪੰਥ ਵਿਚੋਂ ਛੇਕ ਦਿੱਤਾ ਹੈ। ਇਸ ਲਈ ਨਾ ਉਹ ਇਨ੍ਹਾਂ ਨੂੰ ਬੁਲਾ ਸਕਦੇ ਹਨ ਤੇ ਨਾ ਹੀ ਇਸ ਤੋਂ ਵੱਧ ਹੋਰ ਕੋਈ ਸਜਾ ਦੇਣ ਦੇ ਉਨ੍ਹਾਂ ਕੋਲ ਅਧਿਕਾਰ ਹੀ ਹਨ?

ਭਾਈ ਇੰਦਰਜੀਤ ਸਿੰਘ ਨੇ ਕਿਹਾ ਅਕਾਲੀ ਜਥਾ ਕਾਨ੍ਹਪੁਰ ਦੇ ਜਾਗਰੂਕ ਵੀਰਾਂ ਦਾ ਵੀ ਕਹਿਣਾਂ ਹੈ ਕਿ ਗੁਰੂ ਸਾਡੇ ਨਾਲ ਹੈ ਅਤੇ ਉਸ ਦੀ ਅਪਾਰ ਬਖਸ਼ਿਸ਼ ਨਾਲ ਹੀ ਅਸੀਂ ਸੱਚ ਨਾਲ ਖੜ੍ਹੇ ਹੋਣ ਵਿੱਚ ਕਾਮਯਾਬ ਹੋਏ ਹਾਂ। ਉਨ੍ਹਾਂ ਬੁਲੰਦ ਹੌਸਲੇ ਨਾਲ ਕਿਹਾ ‘ਮੁੱਦਈ ਲਾਖ ਬੁਰਾ ਚਾਹੇ ਤੋ ਕਿਆ ਹੋਤਾ ਹੈ। ਵਹੀ ਹੋਤਾ ਹੈ ਜੋ ਮੰਜੂਰੇ ਖ਼ੁਦਾ ਹੋਤਾ ਹੈ।’ ਅਸੀਂ ਆਉਣ ਵਾਲੀ ਕਿਸੇ ਵੀ ਜਦੋਜਹਿਦ ਲਈ ਤਿਆਰ ਬਰ ਤਿਆਰ ਹਾਂ। ਉਨ੍ਹਾਂ ਕਿਹਾ ਜਿਸ ਗੁਰਬਚਨ ਸਿੰਘ ਕੋਲ ਪ੍ਰੋ: ਸਾਹਿਬ ਦੀ ਸ਼ਿਕਾਇਤ ਕਰਨ ਦੀਆਂ ਕੁਲਦੀਪ ਸਿੰਘ ਧਮਕੀਆਂ ਦੇ ਰਿਹਾ ਹੈ, ਉਸ ਗੁਰਬਚਨ ਸਿੰਘ ਸਬੰਧੀ ਤਾਂ ਐਸੀਆਂ ਖਬਰਾਂ ਵੀ ਪ੍ਰਕਾਸ਼ਿਤ ਹੋਈਆਂ ਨੇ ਕਿ ਉਸ ਦੀ ਗੈਰ ਹਾਜਰੀ ’ਚ ਸ਼੍ਰੋਮਣੀ ਕਮੇਟੀ ਨੇ ਸਕਤਰੇਤ ਵਿੱਚ ਕੰਪਿਊਟਰ ਖੰਗਾਲਿਆ ਹੈ, ਅਤੇ ਕਾਗਜਾਤਾਂ ਦੀ ਜਾਂਚ ਪੜਤਾਲ ਵੀ ਕੀਤੀ ਗਈ ਹੈ। ਇਹ ਅਖੌਤੀ ਸਰਬਉਚ ਜਥੇਦਾਰ ਦੀ ਤੌਹੀਨ ਹੈ, ਜਿਨ੍ਹਾਂ ਵਿਰੁਧ ਉਹ ਕੋਈ ਕਾਰਵਾਈ ਕਰਨ ਦੀ ਸੋਚ ਵੀ ਨਹੀਂ ਸਕਦਾ। ਲਗਦਾ ਹੈ ਗੁਰਬਚਨ ਸਿੰਘ ਦੇ ਪਤਨ ਦੀ ਉਲਟੀ ਗਿਨਤੀ ਸ਼ੁਰੂ ਹੋ ਚੁੱਕੀ ਹੈ, ਤੇ ਕਾਨ੍ਹਪੁਰ ਵਾਲੇ ਵੀਰਾਂ ਨਾਲ ਪੰਗਾ ਲੈ ਕੇ, ਇਸ ਦੀਆਂ ਮੁਸੀਬਤਾਂ ਹੋਰ ਵੱਧ ਸਕਦੀਆ ਹਨ।

ਸਹਾਇਕ ਸਿਟੀ ਮੈਜਿਸਟ੍ਰੇਟ ਦੇ ਇਸ ਕਥਨ ‘ਅਕਾਲੀ ਜਥੇ ਦੇ ਲੋਕਾਂ ਨੇ ਪ੍ਰਸ਼ਾਸਨ ਦੀ ਮਰਜੀ ਤੋਂ ਬਿਨਾਂ ਇਹ ਪ੍ਰੋਗ੍ਰਾਮ ਕਰਵਾਇਆ ਹੈ ਇਸ ਲਈ ਉਨ੍ਹਾਂ ਵਿਰੁਧ ਕਾਰਵਾਈ ਕੀਤੀ ਜਾ ਸਕਦੀ ਹੈ’ ਦੇ ਸਬੰਧ ’ਚ ਪ੍ਰਤੀਕਰਮ ਕਰਦੇ ਹੋਏ ਭਾਈ ਇੰਦਰਜੀਤ ਸਿੰਘ ਨੇ ਕਿਹਾ, ਕਿ ਭਾਰਤ ਦੇ ਸੰਵਿਧਾਨ ਅਨੁਸਾਰ ਮਿਲੇ ਜਮਹੂਰੀ ਮੌਲਿਕ ਅਧਿਕਾਰਾਂ ਅਨੁਸਾਰ ਇਸ ਦੇਸ਼ ਦੇ ਹਰ ਸ਼ਹਿਰੀ ਨੂੰ ਆਪਣੇ ਧਾਰਮਿਕ ਅਕੀਦੇ ਅਨੁਸਾਰ ਕਥਾ ਕੀਰਤਨ ਤੇ ਭਜਨ ਬੰਦਗੀ ਕਰਨ ਦਾ ਹੱਕ ਹੈ, ਤੇ ਇਸੇ ਹੱਕ ਦੀ ਵਰਤੋਂ ਕਰਦੇ ਹੋਏ, ਅਸੀਂ ਧਾਰਮਕ ਸਮਾਗਮ ਕਰਵਾਇਆ ਹੈ, ਜਿਸ ਦੀ ਕਿਸੇ ਪਾਸੋਂ ਮੰਨਜੂਰੀ ਲੈਣ ਦੀ ਲੋੜ ਨਹੀਂ ਹੈ।

ਪ੍ਰੋ: ਦਰਸ਼ਨ ਸਿੰਘ ਨਾਲ ਗੱਲ ਕਰਨ ’ਤੇ ਉਨ੍ਹਾਂ ਕਿਹਾ ਕਾਨ੍ਹਪੁਰ ਵਿਖੇ ਜੋ ਕੁਝ ਕਿਹਾ ਹੈ, ਉਹ ਜਨਤਕ ਤੌਰ ’ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਜਹੂਰੀ ਤੇ ਹਜਾਰਾਂ ਸੰਗਤਾਂ ਦੀ ਹਾਜਰੀ ਵਿੱਚ ਸਟੇਜ਼ ’ਤੇ ਕਿਹਾ ਹੈ, ਜਿਸ ਦੀ ਮੀਡੀਏ ਤੋਂ ਬਿਨਾਂ ਅਨੇਕਾਂ ਹੋਰਨਾਂ ਨੇ ਵੀ ਰੀਕਾਰਡਿੰਗ ਕੀਤੀ ਗਈ ਹੋ ਸਕਦੀ ਹੈ। ਕਾਨ੍ਹਪੁਰ ਦੀ ਸਟੇਜ ’ਤੇ ਜੋ ਕੁਝ ਉਨ੍ਹਾਂ ਕਿਹਾ ਪਹਿਲੀ ਵਾਰ ਨਹੀਂ ਅਨੇਕਾਂ ਵਾਰ ਪਹਿਲਾਂ ਵੀ ਕਹਿ ਚੁੱਕੇ ਹਨ ਤੇ ਉਨ੍ਹਾਂ ਦੀ ਰੀਕਰਾਡਿੰਗ ਸਮੇਂ ਸਮੇਂ ਸਿਰ ਇੰਟਰਨੈੱਟ ’ਤੇ ਪਾ ਦਿੱਤੀ ਜਾਂਦੀ ਹੈ। ਇਸ ਪ੍ਰੋਗਰਾਮ ਦੀ ਰੀਕਾਰਡਿੰਗ ਵੀ ਜਦੋਂ ਹੀ ਰੀਕਾਰਡਿੰਗ ਕਰਨ ਵਾਲੇ ਨੂੰ ਸਮਾਂ ਮਿਲਿਆ, ਉਹ ਸਮੁੱਚੀ ਸੰਗਤ ਦੇ ਗਿਆਤ ਲਈ ਇੰਟਰਨੈੱਟ ’ਤੇ ਅਪਲੋਡ ਕਰ ਦੇਣਗੇ, ਪਰ ਨਿਜੀ ਤੌਰ ’ਤੇ ਕਿਸੇ ਕੁਲਦੀਪ ਸਿੰਘ ਨੂੰ ਦੇਣ ਲਈ ਪਾਬੰਦ ਨਹੀਂ ਹਾਂ।

ਪ੍ਰੋ: ਦਰਸ਼ਨ ਸਿੰਘ ਨੇ ਕਿਹਾ ਅਸਲ ਵਿੱਚ ਸਤਾਧਾਰੀ ਅਕਾਲੀ ਧੜੇ ਲਈ ਇਹ ਮਸਲਾ ਧਾਰਮਿਕ ਨਹੀਂ, ਬਲਕਿ ਰਾਜਨੀਤੀ ਤੋਂ ਪ੍ਰੇਰਤ ਹੈ। ਜਦੋਂ ਕਿ ਸਾਡਾ ਵਿਸ਼ਾ ਨਿਰੋਲ ਧਾਰਮਕ ਹੈ, ਜਿਸ ਕਾਰਣ ਗੁਰਬਾਣੀ ਦੀ ਵਿਆਖਿਆ ਕਰਨਾ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਬਉਚਤਾ ਬਹਾਲ ਕਰਵਾਉਣ ਲਈ, ਸਿੱਖ ਸੰਗਤਾਂ ਨੂੰ ਜਾਗਰੂਕ ਕਰਨਾ ਹੀ ਉਨ੍ਹਾਂ ਦਾ ਮੁੱਖ ਟੀਚਾ ਹੈ। ਰਾਜਨੀਤੀ ਕਾਰਣ ਇਹ ਜਾਗਰੂਕ ਹੋਏ ਸਿਖਾਂ ਨੂੰ ਆਪਣੇ ਲਈ ਇਹ ਨੁਕਸਾਨਦੇਹ ਸਮਝਦੇ ਹਨ। ਇਸ ਸਮੇਂ ਸਿੱਖ ਸੰਗਤ ਪਹਿਲਾਂ ਨਾਲੋਂ ਕਾਫੀ ਜਾਗਰੂਕ ਹੋ ਚੁੱਕੀ ਹੈ ਇਹੋ ਕਾਰਣ ਹੈ ਕਿ ਪੰਜਾਬ ਵਿੱਚ ਮੇਰੇ ਵੱਲੋਂ ਮੋਗਾ, ਮਲਸੀਆਂ, ਫਗਵਾੜਾ ਅਨੰਦਪੁਰ ਸਾਹਿਬ ਆਦਿ ਅਨੇਕਾਂ ਥਾਵਾਂ ’ਤੇ ਕੀਤੇ ਗਏ ਕੀਰਤਨ ਸਮਾਗਮਾਂ ਦਾ ਇਨ੍ਹਾਂ ਨੇ ਕੋਈ ਵਿਰੋਧ ਨਹੀਂ ਕੀਤਾ, ਕਿਉਂਕਿ ਇਨ੍ਹਾਂ ਨੂੰ ਪਤਾ ਲੱਗ ਚੁੱਕਾ ਹੈ, ਕਿ ਜੇ ਪੰਜਾਬ ਵਿੱਚ ਵਿਰੋਧ ਕੀਤਾ ਤਾਂ ਜਾਗਰੂਕ ਹੋਏ ਲੋਕ ਇਨ੍ਹਾਂ ਦੇ ਵਿਰੋਧ ਵਿੱਚ ਖੜ੍ਹੇ ਹੋ ਜਾਣਗੇ ਤੇ ਇਨ੍ਹਾਂ ਨੂੰ ਵੋਟਾਂ ਦਾ ਨੁਕਸਾਨ ਹੋਵੇਗਾ। ਪੰਜਾਬ ਤੋਂ ਬਾਹਰ ਖਾਸਕਰ ਕਾਨ੍ਹਪੁਰ, ਵਿਖੇ ਕੁਲਦੀਪ ਸਿੰਘ ਵਰਗਿਆਂ ਨੂੰ ਅੱਗੇ ਲਾ ਕੇ ਵਿਰੋਧ ਇਸੇ ਕਾਰਨ ਕਰ ਰਹੇ ਹਨ, ਕਿਉਂਕਿ ਉਨ੍ਹਾਂ ਨੇ ਉਥੇ ਵੋਟਾਂ ਮੰਗਣ ਨਹੀਂ ਜਾਣਾ।


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top