Share on Facebook

Main News Page

ਅੱਜ ਦੀ ਸਰਕਾਰ ਵਲੋਂ ਦਿੱਤੀਆਂ ਇਨ੍ਹਾਂ ਇਮਾਰਤਾਂ ਨੂੰ ਸਿੱਖ ਦੀ ਵਿਰਾਸਤ ਪ੍ਰਚਾਰਿਆ ਜਾ ਰਿਹਾ ਹੈ। ਕੀ ਸਿੱਖ ਨੇ ਅੱਜ ਦੀ ਸਰਕਾਰ ਨੂੰ ਆਪਣਾ ਪਿਤਾ ਪਿਤਾਮਾ ਪ੍ਰਵਾਨ ਕਰ ਲਿਆ ਹੈ?
-
ਪ੍ਰੋ. ਦਰਸ਼ਨ ਸਿੰਘ ਖਾਲਸਾ

ਆਨੰਦਪੁਰ ਸਾਹਿਬ (ਮਨਜੀਤ ਸਿੰਘ ਖਾਲਸਾ, ਮੋਹਾਲੀ): ਗੁਰੂ ਗ੍ਰੰਥ ਦਾ ਖਾਲਸਾ ਪੰਥ ਵਿਸ਼ਵ ਚੇਤਨਾ ਲਹਿਰ ਦੀ ਆਨੰਦਪੁਰ ਸਾਹਿਬ ਯੂਨਿਟ ਵਲੋਂ ਮਿਤੀ 20 ਫਰਵਰੀ 2013 ਨੂੰ ਤਹਿਸੀਲ ਆਨੰਦਪੁਰ ਸਾਹਿਬ ਦੇ ਪਿੰਡ ਚੱਕ ਹੌਲਗੜ੍ਹ, ਵਿਖੇ ਇਕ ਸੈਮੀਨਾਰ ਦਾ ਆਯੋਜਨ, ਕੀਤਾ ਗਿਆ।

ਇਸ ਮੌਕੇ ਗੁਰੂ ਗ੍ਰੰਥ ਦਾ ਖਾਲਸਾ ਪੰਥ (ਵਿਸ਼ਵ ਚੇਤਨਾ ਲਹਿਰ) ਦੇ ਪ੍ਰਧਾਨ ਅਤੇ ਅਕਾਲ ਤਖਤ ਸਾਹਿਬ ਦੇ ਸਾਬਕਾ ਮੁੱਖ ਸੇਵਾਦਾਰ ਪ੍ਰੋ. ਦਰਸ਼ਨ ਸਿੰਘ ਜੀ ਨੇ ਕਿਹਾ ਕਿ ਅਸੀਂ ਅਕਸਰ ਦਖਦੇ ਹਾਂ ਹਰ ਸ਼ਹਿਰ ਵਿੱਚ ਕੁੱਝ ਲੋਕ ਅਮੀਰ ਅਤੇ ਕੁੱਝ ਗਰੀਬ ਹੁੰਦੇ ਹਨ। ਗੁਰੂ ਨੇ ਵੀ ਬਾਣੀ ਵਿੱਚ ਕਹਿ ਦਿੱਤਾ “ਨਿਰਧਨੁ ਸਰਧਨੁ ਦੋਨਉ ਭਾਈ ॥ ਪ੍ਰਭ ਕੀ ਕਲਾ ਨ ਮੇਟੀ ਜਾਈ ॥” ਸੰਸਾਰ ਅੰਦਰ ਗਰੀਬੀ ਅਤੇ ਅਮੀਰੀ ਸਦਾ ਰਹੀ ਹੈ ਤੇ ਰਹੇਗੀ ਹੈ। ਮਨੁੱਖਤਾ ਦੇ ਸਬੰਧ ਕਾਰਣ ਦੋਨੋ ਭਰਾ ਹਨ, ਪਰ ਦੋਹਾਂ ਦੇ ਜੀਵਨ ਵਿੱਚ ਬਹੁੱਤ ਫਰਕ ਹੈ। ਜੀਵਨ ਦੇ ਜੋ ਸਾਧਨ ਸਰਧਨ ਕੋਲ ਹੈ, ਉਹ ਗਰੀਬ ਕੋਲ ਨਹੀਂ। ਕੱਖਾਂ ਦੀ ਕੁੱਲੀ ਵਿੱਚ ਰਹਿਣ ਵਾਲੇ ਗਰੀਬ ਦੇ ਕਮਰੇ ਵਿੱਚ ਖਿੜਕੀ ਵੀ ਨਹੀਂ ਲਗੀ ਹੁੰਦੀ, ਕੋਈ ਕੁੰਡੀ ਜਾਂ ਤਾਲਾ ਕਿੱਤੇ ਰਿਹਾ। ਕੀ ਗਰੀਬ ਨੂੰ ਚੋਰਾਂ ਕੋਲੋਂ ਡਰ ਨਹੀਂ ਲਗਦਾ? ਬੇਫਿਕਰ ਹੋ ਕੇ ਸਉਂਦਾ ਹੈ, ਪਰ ਤੁਸੀਂ ਇਹ ਨਾ ਸਮਝਣਾ ਕਿ ਗਰੀਬ ਆਤਮਕ ਬਲਵਾਨ ਹੁੰਦਾ ਹੈ। ਗਰੀਬ ਬੇਫਿਕਰ ਇਸ ਲਈ ਹੁੰਦਾ ਹੈ, ਕਿਉਂਕਿ ਉਸ ਦੇ ਘਰ ਕੁੱਝ ਨਹੀਂ ਹੁੰਦਾ। ਇਸਦੇ ਉਲਟ ਜੇਕਰ ਕਿਸੇ ਅਮੀਰ ਦੇ ਘਰ ਰਾਤ ਨੂੰ ਚੁਹਾ ਵੀ ਆ ਜਾਏ ਤਾਂ ਸਮਝਦਾ ਹੈ, ਕਿ ਚੋਰ ਆ ਗਏ ਹਨ। ਅਮੀਰ ਰਾਤ ਨੂੰ ਆਪਣੇ ਘਰ ਨੂੰ ਚੰਗੀ ਤਰ੍ਹਾਂ ਤਾਲੇ ਲਗਾ ਕੇ, ਪਹਿਰੇਦਾਰ ਰੱਖ ਕੇ ਸਉਂਦਾ ਹੈ, ਜਿਹੜੇ ਹਥਿਆਰ ਬੰਦ ਹੁੰਦੇ ਹਨ।ਤਾਂ ਕਿ ਅਮੀਰ ਦੇ ਘਰ ਦੇ ਨੇੜੇ ਵੀ ਕੋਈ ਨਾ ਫੜਕ ਸਕੇ। ਸਾਰੀ ਰਾਤ ਅਮੀਰ ਆਪ ਵੀ ਨਹੀਂ ਸਉਂਦਾ ਅਤੇ ਪਹਿਰੇਦਾਰਾਂ ਨੂੰ ਵੀ ਸਉਣ ਨਹੀਂ ਦਿੰਦਾ। ਕਿਉਂਕਿ ਅਮੀਰ ਦੇ ਘਰ ਲੁੱਟਣ ਲਈ ਕੁੱਝ ਹੈ। ਪਰ ਗਰੀਬ ਦੇ ਘਰ ਕੁੱਝ ਨਹੀਂ, ਇਸੇ ਲਈ ਉਹ ਬੇਫਿਕਰੀ ਨਾਲ ਸੁੱਤਾ ਪਿਆ ਹੈ। ਕੀ ਕਾਰਣ ਹੈ? ਗੁਰੂ ਕਹਿੰਦੇ ਹਨ “ਅਬ ਮਨ ਜਾਗਤ ਰਹੁ ਰੇ ਭਾਈ ॥ ਗਾਫਲੁ ਹੋਇ ਕੈ ਜਨਮੁ ਗਵਾਇਓ ਚੋਰੁ ਮੁਸੈ ਘਰੁ ਜਾਈ॥” ਚੋਰ ਦੇ ਘਰ ਆਉਣ ਨਾਲ ਘਰ ਲੁਟਿਆ ਜਾ ਰਿਹਾ ਹੈ ਕਿਉਂਕਿ ਤੈਨੂੰ ਆਪਣੀ ਦੌਲਤ ਦਾ ਹੀ ਪਤਾ ਨਹੀਂ। ਜੇ ਆਪਣੀ ਦੌਲਤ ਦਾ ਪਤਾ ਹੁੰਦਾ ਤਾਂ ਤੂੰ ਬੇਫਿਕਰੀ ਨਾਲ ਨਾ ਸਉਂਦਾ।

ਆਨੰਦਪੁਰ ਸਾਹਿਬ ਦੀ ਪਵਿਤ੍ਰ ਧਰਤੀ ਤੇ ਪੰਜਾਬ ਸਰਕਾਰ ਵਲੋਂ ਬੜੀ ਖੂਬਸੂਰਤ ਇਮਾਰਤ, ਸਿੱਖ ਵਿਰਾਸਤ ਬਣਾਈ ਗਈ ਹੈ, ਜੋ ਕੇਵਲ ਬੱਚਿਆਂ ਲਈ ਹੈ। ਪ੍ਰੋ. ਸਾਹਿਬ ਨੇ ਕਿਹਾ ਕੁੱਝ ਗੱਲਾਂ, ਕੌਮ ਸਮਝ ਨਹੀਂ ਸਕੀ, ਜਿਸ ਨੂੰ ਸਮਝਣ ਦੀ ਜਰੂਰਤ ਹੈ। ਵਿਰਾਸਤ ਲਫਜ਼ ਵਿਰਸੇ ਤੋਂ ਬਣਿਆ ਹੈ। ਵਿਰਸਾ ਉਸਨੂੰ ਕਿਹਾ ਜਾਂਦਾ ਹੈ ਜਿਹੜਾ ਪਿਤਾ ਪਿਤਾਮਾ ਵਲੋਂ ਮਿਲਿਆ ਹੋਵੇ। ਅਸੀਂ ਕਈ ਵਾਰ ਕਹਿੰਦੇ ਹਾਂ ਕਿ ਇਹ ਚੀਜ਼ ਸਾਨੂੰ ਵਿਰਸੇ ਵਿੱਚ ਮਿਲੀ ਹੈ। ਗੁਰੂ ਨੇ ਵੀ ਬਾਣੀ ਵਿੱਚ ਵੀ ਕਹਿ ਦਿੱਤਾ “ਪੀਊ ਦਾਦੇ ਕਾ ਖੋਲਿ ਡਿਠਾ ਖਜਾਨਾ ॥ ਤਾ ਮੇਰੈ ਮਨਿ ਭਇਆ ਨਿਧਾਨਾ ॥1॥ ਰਤਨ ਲਾਲ ਜਾ ਕਾ ਕਛੂ ਨ ਮੋਲੁ ॥ ਭਰੇ ਭੰਡਾਰ ਅਖੂਟ ਅਤੋਲ ॥੨॥” ਪਿਤਾ ਪਿਤਾਮਾ ਵਲੋਂ ਮਿਲੀ ਹੋਈ ਚੀਜ ਹੀ ਵਿਰਸਾ ਹੁੰਦੀ ਹੈ। ਪਰ ਬੜੀ ਹੈਰਾਨੀ ਦੀ ਗੱਲ ਹੈ ਇੱਟਾਂ ਸੀਮੈਂਟ ਦੀ ਬਣੀ ਇਮਾਰਤ ਦਾ ਨਾਂ ਅਸੀਂ ਸਿੱਖ ਵਿਰਾਸਤ ਰੱਖ ਲਿਆ ਹੈ। ਇਹ ਇਮਾਰਤ ਸਾਨੂੰ ਆਪਣੇ ਪਿਤਾ ਪਿਤਾਮਾ ਵਲੋਂ ਤਾਂ ਮਿਲੀ ਹੀ ਨਹੀਂ। ਕੀ ਇਹ ਇਮਾਰਤ ਸਿੱਖ ਨੂੰ ਗੁਰੂ ਨਾਨਕ ਸਾਹਿਬ ਕੋਲੋਂ ਮਿਲੀ ਹੈ? ਜੇਕਰ ਨਹੀਂ, ਤਾਂ ਇਹ ਸਿੱਖ ਵਿਰਾਸਤ ਕਿਵੇਂ ਹੋ ਸਕਦੀ ਹੈ? ਸਾਨੂੰ ਸੋਚਣਾ ਪਏਗਾ। ਕੀ ਇਹ ਇਮਾਰਤ ਗੁਰੂ ਗੋਬਿੰਦ ਸਿੰਘ ਜੀ ਨੇ ਬਣਵਾਈ ਹੈ?

ਸਿੱਖੀ ਸਰੂਪ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤ ਹੀ ਸਾਡਾ ਵਿਰਸਾ ਸੀ ਜੋ ਸਾਨੂੰ ਗੁਰੂ ਨੇ ਦਿੱਤੇ ਸਨ। ਸਰੂਪ ਤੇ ਸਿਧਾਂਤ ਹੀ ਸਾਡੀ ਵਿਰਾਸਤ ਸੀ ਜੋ ਸਾਨੂੰ ਆਪਣੇ ਪਿਤਾ ਪਿਤਾਮਾ ਵਲੋਂ ਮਿਲੇ ਸਨ। ਪ੍ਰੋ. ਸਾਹਿਬ ਨੇ ਕਿਹਾ ਮੈਂ ਪੁਛਣਾ ਚਾਹੁੰਦਾ ਹਾਂ ਕਿ ਇਹ ਪੱਥਰ ਦੀ ਬਣੀ ਇਮਾਰਤ ਕੀ ਸਾਨੂੰ ਗੁਰੂ ਨੇ ਦਿੱਤੀ ਸੀ? ਜਾਂ ਇਸ ਇਮਾਰਤ ਨੂੰ ਬਣਾਉਣ ਵਾਲੇ ਨੂੰ ਕੌਮ ਨੇ ਆਪਣਾ ਪਿਤਾ ਪਿਤਾਮਾ ਮੰਨ ਲਿਆ ਹੈ? ਪੱਥਰ ਦੀ ਬਣੀ ਇਸ ਇਮਾਰਤ ਨੂੰ ਸਿੱਖ ਵਿਰਾਸਤ ਕਿਵੇਂ ਕਿਹਾ ਜਾ ਸਕਦਾ ਹੈ?

ਸਰੂਪ ਤੇ ਸਿਧਾਂਤ ਨੂੰ “ਚੋਰੁ ਮੁਸੈ ਘਰੁ ਜਾਈ ॥” ਅਜੋਕੇ ਸਮੇਂ ਵਿੱਚ ਸਿੱਖ ਬਚਿੱਆਂ ਦਾ ਸਰੂਪ ਦੇਖ ਕੇ ਸਾਨੂੰ ਪਰੇਸ਼ਾਨੀ ਹੋ ਰਹੀ ਹੈ। ਜਦੋਂ ਸਾਡਾ ਸਰੂਪ ਗਿਆ ਸਮਝੋ ਸਾਡਾ ਵਿਰਸਾ ਚਲਾ ਗਿਆ। ਅਸੀਂ ਕੇਵਲ ਅਰਦਾਸਾਂ ਵਿੱਚ ਹੀ ਕਹਿੰਦੇ ਰਹਿ ਜਾਵਾਂਗੇ ਕਿ “ਜਿਨ੍ਹਾਂ, ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ” ਅਸੀਂ ਹਰ ਰੋਜ ਇਹ ਅਰਦਾਸ ਕਰਕੇ ਹੀ ਸੰਤੁਸ਼ਟ ਹੋ ਜਾਂਦੇ ਹਾਂ। ਅਜੋਕੇ ਸਮੇਂ ਵਿੱਚ ਸਾਡੇ ਕੋਲੋਂ ਸਰੂਪ ਦਾ ਵਿਰਸਾ ਖਤਮ ਹੋ ਰਿਹਾ ਹੈ। ਤੇ ਸਿਧਾਂਤ ਦੇ ਵਿਰਸੇ ਨੂੰ ਅਸੀਂ ਸਮਝ ਕੇ ਪਹਿਚਾਨ ਨਹੀਂ ਰਹੇ।

ਸਾਨੂੰ ਸਾਡੀ ਅਸਲ ਵਿਰਾਸਤ ਤੋਂ ਤੋੜ ਕੇ ਦੂਰ ਕੀਤਾ ਜਾ ਰਿਹਾ ਹੈ। ਪੱਥਰ ਦੀਆਂ ਇਮਾਰਤਾਂ ਜੋ ਸਾਨੂੰ ਨਾ ਗੁਰੂ ਨਾਨਕ ਨੇ ਦਿੱਤੀਆਂ, ਨਾ ਗੁਰੂ ਅਰਜਨ ਨੇ ਅਤੇ ਨਾ ਹੀ ਗੁਰੂ ਗੋਬਿੰਦ ਸਿੰਘ ਜੀ ਨੇ ਦਿੱਤੀਆਂ। ਅੱਜ ਦੀ ਸਰਕਾਰ ਵਲੋਂ ਦਿੱਤੀਆਂ ਇਨ੍ਹਾਂ ਇਮਾਰਤਾਂ ਨੂੰ ਸਿੱਖ ਦੀ ਵਿਰਾਸਤ ਪ੍ਰਚਾਰਿਆ ਜਾ ਰਿਹਾ ਹੈ। ਕੀ ਸਿੱਖ ਨੇ ਅੱਜ ਦੀ ਸਰਕਾਰ ਨੂੰ ਆਪਣਾ ਪਿਤਾ ਪਿਤਾਮਾ ਪ੍ਰਵਾਨ ਕਰ ਲਿਆ ਹੈ? ਸਿੱਖ ਅੱਜ ਲੁਟਿਆ ਜਾ ਰਿਹਾ ਹੈ। ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਇਸ ਹੁੰਦੀ ਹੋਈ ਲੁੱਟ ਨੂੰ ਪਹਿਚਾਣ ਲਈਏ। ਜਿਸ ਨੂੰ ਆਪਣੇ ਘਰ ਦੀ ਦੌਲਤ ਦਾ ਪਤਾ ਨਾ ਹੋਵੇ ਉਹ ਸੁਤਾ ਰਹਿ ਸਕਦਾ ਹੈ, ਪਰ ਜਿਸ ਦੇ ਘਰ ਪਿਉ ਦਾਦੇ ਦਾ ਖਜਾਨਾ ਹੋਵੇ ਉਹ ਕਿਵੇਂ ਸੁਤਾ ਰਹਿ ਸਕਦਾ ਹੈ? ਬੇਫਿਕਰ ਹੋ ਕੇ ਉਹ ਸਉਂਦਾ ਹੈ ਜਿਸਦੇ ਘਰ ਕੁੱਝ ਵੀ ਨਾ ਹੋਵੇ। ਤੇ ਜਿਸਦੇ ਘਰ ਕੁੱਝ ਵੀ ਨਾ ਹੋਵੇ, ਉਹ ਪਹਿਰੇਦਾਰ ਪੈਦਾ ਨਹੀਂ ਕਰ ਸਕਦਾ। ਪਹਿਰੇਦਾਰਾਂ ਦੀ ਜਰੂਰਤ ਖਜਾਨੇ ਵਾਲਿਆਂ ਨੂੰ ਹੁੰਦੀ ਹੈ। ਤੇ ਜੇਕਰ ਪਹਿਰੇਦਾਰਾਂ ਦੇ ਹੁੰਦੇ ਹੋਏ ਕੋਈ ਲੁੱਟਿਆ ਜਾਏ, ਤਾਂ ਪਹਿਰੇਦਾਰਾਂ ਕੋਲੋਂ ਜਵਾਬਤਲਬੀ ਕੀਤੀ ਜਾਂਦੀ ਹੈ, ਕਿ ਤੁਹਾਡੀ ਮੌਜੂਦਗੀ ਵਿੱਚ ਮੇਰਾ ਘਰ ਕਿਵੇਂ ਲੁਟਿਆ ਗਿਆ? ਪਹਿਰੇਦਾਰਾਂ ਨੇ ਮੈਨੂੰ ਜਗਾਇਆ ਕਿਉਂ ਨਹੀਂ? ਜਾਂ ਵਿਰਸੇ ਦਾ ਮਾਲਿਕ ਜਾਗਿਆ ਕਿਉਂ ਨਹੀਂ? ਇਨ੍ਹਾਂ ਦੋਵਾਂ ਚੀਜਾਂ ਵਿੱਚੋਂ ਕਿਸੇ ਇਕ ਦਾ ਹੋਣਾ ਹੀ ਗੁਨਾਹ ਲਈ ਕਾਫੀ ਹੈ।

ਪ੍ਰੋ. ਦਰਸ਼ਨ ਸਿੰਘ ਜੀ ਨੇ ਕਿਹਾ ਅੱਜ ਮੈਂ ਅਮੀਰ ਵਿਰਸੇ ਦੀ ਮਾਲਿਕ ਸਿੱਖ ਕੌਮ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਤੁਹਾਨੂੰ ਕਿਸੇ ਨੇ ਜਗਾਇਆ ਨਹੀਂ? ਜਾਂ ਤੁਸੀਂ ਜਾਗਣਾ ਹੀ ਨਹੀਂ ਚਾਹੁੰਦੇ? ਅੱਜ ਕੌਮ ਬਿਨਾ ਕਿਸੇ ਝਿਜਕ ਦੇ ਇਹ ਫੈਸਲਾ ਕਰੇ। ਜੇ ਪੰਥ ਦੇ ਪਹਿਰੇਦਾਰਾਂ ਨੇ ਕੌਮ ਨੂੰ ਜਗਾਉਣ ਦਾ ਆਪਣਾ ਫਰਜ਼ ਨਹੀਂ ਨਿਭਾਇਆ, ਤਾਂ ਸਾਨੂੰ ਉਨ੍ਹਾਂ ਦੀ ਆਸ ਹੀ ਨਹੀਂ ਰੱਖਣੀ ਚਾਹੀਦੀ। ਤੇ ਜੇਕਰ ਉਨ੍ਹਾਂ ਨੇ ਸਾਨੂੰ ਜਗਾਇਆ ਹੈ, ਪਰ ਅਸੀਂ ਨਹੀਂ ਜਾਗੇ ਤਾਂ ਫਿਰ ਅਸੀਂ ਆਪ ਦੋਸ਼ੀ ਹਾਂ। ਸਾਨੂੰ ਕੋਈ ਫੈਸਲਾ ਤਾਂ ਕਰਨਾ ਹੀ ਪਵੇਗਾ ਕਿ ਸਾਡੇ ਦੋਹਾਂ ਵਿੱਚੋਂ ਕਉਣ ਦੋਸ਼ੀ ਹੈ?

ਸਿੱਖ ਨੂੰ ਆਪਣੀ ਵਿਰਾਸਤ ਸੰਭਾਲਣ ਲਈ ਜਾਗਣਾ ਪਏਗਾ ਤੇ ਅਗਵਾਈ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੋਲੋਂ ਲੈਂਣੀ ਪਏਗੀ। ਸਾਡਾ ਵਿਰਸਾ ਅਮੀਰ ਹੈ ਜਿਸ ਸਬੰਧੀ ਗੁਰੂ ਨੇ ਵੀ ਕਹਿ ਦਿੱਤਾ “ਰਤਨਾ ਰਤਨ ਪਦਾਰਥ ਬਹੁ ਸਾਗਰੁ ਭਰਿਆ ਰਾਮ ॥ ਬਾਣੀ ਗੁਰਬਾਣੀ ਲਾਗੇ ਤਿਨ੍ਹ੍ਹ ਹਥਿ ਚੜਿਆ ਰਾਮ ॥” ਜਿਸਦੇ ਕੋਲ ਰਤਨ ਪਦਾਰਥਾਂ ਦਾ ਸਮੁੰਦਰ ਭਰਿਆ ਹੋਵੇ ਤੇ ਉਹ ਆਪਣੀ ਵਿਰਾਸਤ ਦੀ ਪਹਿਰੇਦਾਰੀ ਨਾ ਕਰੇ ਤੇ ਕੇਵਲ ਇਸ ਗੱਲ ਨਾਲ ਹੀ ਖੁਸ਼ ਹੋ ਜਾਏ ਕਿ ਸਾਡਾ ਪੱਥਰ ਦੀ ਇਮਾਰਤ ਦਾ ਵਿਰਸਾ ਕਿਹੜਾ ਕਿਸੇ ਨੇ ਚੁੱਕ ਕੇ ਲੈ ਜਾਣਾ ਹੈ? ਸਤਿਗੁਰੂ ਨੇ ਬਾਣੀ ਵਿੱਚ ਇਕ ਬੜਾ ਖੂਬਸੂਰਤ ਉਦਾਹਰਣ ਦਿਤਾ ਹੈ ਕਿ ਭਗਤੀ ਭਾਵ ਵਾਲੀ ਇਸਤਰੀ ਆਪਣਾ ਫਰਜ਼ ਪਹਿਚਾਦੇ ਹੋਏ ਘਰ ਨੂੰ ਸੰਭਾਲ ਕੇ ਰੱਖਣਾ ਚਾਹੁੰਦੀ ਹੈ। ਸਾਡੇ ਸਮਾਜ ਵਿੱਚ ਘਰ ਨੂੰ ਸੰਭਾਲਣ ਦੀ ਜਿਮੇਦਾਰੀ ਮਾਂ ਕੋਲ ਅਤੇ ਰੋਜੀ ਕਮਾਉਣ ਦੀ ਜਿਮੇਦਾਰੀ ਪਿਤਾ ਕੋਲ ਹੈ। “ਜਿਉ ਪੁਰਖੈ ਘਰਿ ਭਗਤੀ ਨਾਰਿ ਹੈ ੳਤਿ ਲੋਚੈ ਭਗਤੀ ਭਾਇ ॥ ਬਹੁ ਰਸ ਸਾਲਣੇ ਸਵਾਰਦੀ ਖਟ ਰਸ ਮੀਠੇ ਪਾਇ ॥ ਤਿਉ ਬਾਣੀ ਭਗਤ ਸਲਾਹਦੇ ਹਰਿ ਨਾਮੈ ਚਿਤੁ ਲਾਇ ॥” ਭਗਤੀ ਭਾਵ ਵਿੱਚ ਉਸ ਦੇ ਮੰਨ ਵਿੱਚ ਇਕ ਲੋਚਾ ਪੈਦਾ ਹੁੰਦੀਂ ਹੈ ਉਹ ਇਹ “ਬਹੁ ਰਸ ਸਾਲਣੇ ਸਵਾਰਦੀ ਖਟ ਰਸ ਮੀਠੇ ਪਾਇ ॥॥” ਬੜੇ ਤਰ੍ਹਾਂ ਤਰ੍ਹਾਂ ਦੀਆਂ ਸਬਜੀਆਂ ਭਾਜੀਆਂ ਬਣਾਉਦੀ ਹੈ, ਉਨ੍ਹਾਂ ਵਿੱਚ ਕੁੱਝ ਖੱਟੇ, ਕੁੱਝ ਨਮਕੀਨ ਕੁੱਝ ਮੀਠੇ ਹੁੰਦੇ ਹਨ। ਤੇ ਉਹ ਚਾਹੁੰਦੀ ਹੈ ਕਿ ਜਿਹੜੇ ਖਾਣੇ ਮੈਂ ਬਣਾਵਾਂ, ਉਸ ਨਾਲ ਮੇਰਾ ਪਰਿਵਾਰ ਤੰਦਰੁਸਤ ਰਹੇ। ਐਨੇ ਸੁਆਦਲੇ ਭੋਜਨ ਬਣਾਉਣ ਵਾਲੀ ਮਾਂ ਦਾ ਜੇਕਰ ਮੰਨ ਵਿਗੜ ਜਾਏ ਤੇ ਉਹ ਘਰ ਨੂੰ ਉਜਾੜਨਾ ਚਾਹੇ। ਤੇ ਉਨ੍ਹਾਂ ਚੀਜਾਂ ਦੀ ਵਰਤੋਂ ਰਸੋਈ ਵਿੱਚ ਆਰੰਭ ਦੇਵੇ, ਜਿਸ ਨੂੰ ਘਰ ਦੇ ਜੀਅ ਪਹਿਚਾਣ ਨਾ ਸਕਣ ਤਾਂ ਕੁੱਝ ਦਿਨਾਂ ਵਿੱਚ ਹੀ ਘਰ ਦੇ ਸਾਰੇ ਜੀਅ ਬਿਮਾਰ ਹੋ ਕੇ, ਜਾਨਾਂ ਗੁਆ ਦੇਣਗੇ। ਕਿਉਂਕਿ ਖੁਰਾਕ ਹੀ ਤਾਂ ਜੀਵਨ ਦਾ ਸਾਧਨ ਹੈ। ਬਲਕਿ ਜੇਕਰ ਉਹ ਦਵਾਈ ਦੀ ਸ਼ੀਸ਼ੀ ਘਰ ਲਿਆਵੇ, ਤੇ ਉਸ ਸ਼ੀਸ਼ੀ ਤੇ ਲਿਖਿਆ ਹੋਵੇ ਇਸ ਵਿੱਚ ਜ਼ਹਿਰ ਹੈ, ਤੇ ਉਸ ਉਪਰ ਲਿਖਿਆ ਹੋਵੇ ਕਿ ਇਸ ਨੂੰ ਬਚਿਆਂ ਦੀ ਪਹੁੰਚ ਤੋਂ ਦੂਰ ਰੱਖੋ, ਜਦੋਂ ਚੰਗੀ, ਜਿੰਮੇਵਾਰ ਅਤੇ ਪਰਿਵਾਰ ਦੀ ਵਫਾਦਾਰ ਮਾਂ ਉਸ ਸ਼ੀਸ਼ੀ ਤੇ ਲਿਖਿਆ ਪੜ੍ਹਣ ਤੋਂ ਬਾਅਦ ਬਚਿਆਂ ਕੋਲੋਂ ਬਚਾਅ ਕੇ ਉਸ ਸ਼ੀਸ਼ੀ ਨੂੰ ਲੁਕਾਅ ਕੇ ਰੱਖੇਗੀ, ਕਿ ਗਲਤੀ ਨਾਲ ਵੀ ਕੋਈ ਇਸ ਨੂੰ ਵਰਤ ਨਾ ਲਏ। ਇਸ ਦੀ ਵਰਤੋਂ ਨਾਲ ਕਿਸੇ ਦੀ ਜਿੰਦਗੀ ਬਰਬਾਦ ਹੋ ਸਕਦੀ ਹੈ।

ਜਿਹੜੇ ਲੋਕ ਆਪਣੇ ਆਪ ਨੂੰ ਸਿੱਖੀ ਦਾ ਵਫਾਦਾਰ ਦਸਦੇ ਹੋਏ ਅਖੌਤੀ ਦਸਮ ਗ੍ਰੰਥ ਨਾਮੀ ਉਸ ਬੋਤਲ ਨੂੰ ਘਰ ਲੈ ਆਏ ਹਨ ਜਿਸ ਉਪਰ ਲਿਖਿਆ ਹੈ, ਇਹ ਜ਼ਹਿਰ ਹੈ ਇਸ ਨੂੰ ਬਚਿਆਂ ਤੋਂ ਦੂਰ ਰੱਖੋ। ਪ੍ਰੋ. ਸਾਹਿਬ ਨੇ ਕਿਹਾ ਮੈਂ ਤੁਹਾਨੂੰ ਗੁਰੂ ਦਾ ਵਾਸਤਾ ਪਾ ਕੇ ਕਹਿਣਾ ਚਾਹੁੰਦਾ ਹਾਂ, ਕਿ ਉਸ ਗ੍ਰੰਥ ਨੂੰ ਗੁਰੂ ਦੇ ਬਚਿਆਂ ਕੋਲੋਂ ਦੂਰ ਰੱਖੋ। ਕਿਉਂਕਿ ਗੁਰੂ ਕਹਿ ਰਹੇ ਹਨ ਕਿ “ਕਾਮੁ ਕ੍ਰੋਧੁ ਕਾਇਆ ਕਉ ਗਾਲੈ ॥” “ਕਾਮ ਕ੍ਰੋਧ ਲੋਭ ਝੂਠ ਨਿੰਦਾ ਇਨ ਤੇ ਆਪਿ ਛਡਾਵਹੁ ॥” ਜਿਨ੍ਹਾਂ ਚੀਜ਼ਾਂ ਤੋਂ ਕਹਿੰਦੇ ਹਨ ਕਿ ਇਨ ਤੇ ਆਪਿ ਛੁਡਾਵਹੁ ਉਹ ਸਾਰੀਆਂ ਚੀਜ਼ਾਂ ਉਸ ਗ੍ਰੰਥ ਵਿੱਚ ਮੋਜੂਦ ਹਨ ਜੋ ਮਨੁੱਖੀ ਜੀਵਨ ਨੂੰ ਬਰਬਾਦ ਕਰ ਦਿੰਦੀਆਂ ਹਨ। ਪਰ ਸਾਨੂੰ ਅਫਸੋਸ ਹੁੰਦਾ ਹੈ ਜਦੋਂ ਇਕ ਪਰਚਾਰਕ ਦੀ ਹੈਸੀਅਤ ਵਿੱਚ ਵਿਚਰਣ ਵਾਲੇ ਲੋਗ ਕਹਿੰਦੇ ਹਨ ਕਿ ਸੰਸਾਰ ਵਿੱਚ ਦੋ ਹੀ ਸ਼ਕਤੀਆਂ ਹਨ, ਇਕ ਨਾਮ ਰਸ ਤੇ ਦੂਜੀ ਕਾਮ ਰਸ। ਤੇ ਇਨ੍ਹਾਂ ਦੋਹਾਂ ਸ਼ਕਤੀਆਂ ਨੂੰ ਇਕ ਬਰਾਬਰ ਪਰਖਦੇ ਹਨ। ਪਰ ਗੁਰੂ ਦੇ ਸਿੱਖ ਨਾਮ ਰਸ ਤੇ ਕਾਮ ਰਸ ਬਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੋਲੋਂ ਅਗਵਾਈ ਲੈ ਸਕਦੇ ਹਨ। ਗੁਰੂ ਕਹਿੰਦੇ ਹਨ “ਹੇ ਕਾਮੰ ਨਰਕ ਬਿਸ੍ਰਾਮੰ ਬਹੁ ਜੋਨੀ ਭ੍ਰਮਾਵਂਹ ॥” “ਨਿਮਖ ਕਾਮ ਸੁਆਦ ਕਾਰਣਿ ਕੋਟਿ ਦਿਨਸ ਦੁਖੁ ਪਾਵਹਿ ॥” “ਕਾਲਬੂਤ ਕੀ ਹਸਤਨੀ ਮਨ ਬਉਰਾ ਰੇ ਚਲਤੁ ਰਚਿਓ ਜਗਦੀਸ ॥ ਕਾਮ ਸੁਆਇ ਗਜ ਬਸਿ ਪਰੇ ਮਨ ਬਉਰਾ ਰੇ ਅੰਕਸੁ ਸਹਿਓ ਸੀਸ ॥” ਇਹ ਠੀਕ ਹੈ ਕਿ ਦੋ ਸ਼ਕਤੀਆਂ ਹਨ ਕਾਮ ਰਸ ਤੇ ਨਾਮ ਰਸ। ਪਰ ਕਾਮ ਰਸ ਮੌਤ ਦਿੰਦਾ ਹੈ ਤੇ ਨਾਮ ਰਸ ਜੀਵਨ ਦਿੰਦਾ ਹੈ।

ਦੁਨੀਆ ਦੇ ਲੋਕੋ, ਮੈਂ ਤੁਹਾਡੇ ਕੋਲੋਂ ਪੁਛਦਾ ਹੈ ਕਿ ਸਿੱਖ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੋਲੋਂ ਜੀਵਨ ਚਾਹੀਦਾ ਹੈ, ਜਾਂ ਦਸਮ ਗ੍ਰੰਥ ਕੋਲੋ ਆਤਮਿਕ ਮੌਤ? ਜਿਹੜੇ ਨਾਮ ਰਸ ਦੇ ਬਰਾਬਰ ਕਾਮ ਰਸ ਨੂੰ ਦਸ ਰਹੇ ਹਨ, ਉਹ ਜਾਂ ਤਾਂ ਜੀਵਨ ਤੋਂ ਹੱਥ ਧੋਅ ਬੈਠੇ ਹਨ, ਜਾਂ ਉਨ੍ਹਾਂ ਨੂੰ ਜੀਊਣਾ ਹੀ ਨਹੀਂ ਆਇਆ। ਦੁਨੀਆਂ ਵਿੱਚ ਆਤਮ ਹਤਿਆ ਉਹੀ ਕਰਦੇ ਹਨ, ਜਿਨ੍ਹਾਂ ਨੂੰ ਜੀਊਣਾ ਨਹੀਂ ਆਉਂਦਾ। ਜਿਨ੍ਹਾਂ ਨੂੰ ਜੀਊਣਾ ਆਉਂਦਾ ਹੈ, ਉਹ ਕਦੇ ਆਤਮ ਹਤਿਆ ਨਹੀਂ ਕਰਦੇ। ਜਿਹੜੇ ਉਸ ਦਸਮ ਗ੍ਰੰਥ ਰੂਪੀ ਜ਼ਹਿਰ ਦੇ ਸਹਾਰੇ ਜੀਊਣਾ ਚਾਹੁੰਦਾ ਹੈ, ਉਹ ਮਾਨੋ ਜੀਵਨ ਤੋਂ ਹੱਥ ਧੋਅ ਬੈਠੇ ਹਨ। ਉਹ ਮੌਤ ਦੀ ਉਡੀਕ ਕਰ ਰਿਹੇ ਹਨ। ਕਿਉਂਕਿ ਉਹ ਧਰਮ ਦੇ ਨਾਮ ਥੱਲੇ ਜ਼ਹਿਰ ਦੇ ਰਿਹੇ ਹਨ। ਤੇ ਜਿਹੜਾ ਸਿੱਖ ਉਸ ਗ੍ਰੰਥ ਨੂੰ ਮੱਥਾ ਟੇਕ ਕੇ ਉਸਦੇ ਜ਼ਹਿਰ ਨੂੰ ਪ੍ਰਵਾਨ ਕਰੇਗਾ ਉਸਦੀ ਆਤਮਕ ਮੌਤ ਹੋ ਜਾਣੀ ਯਕੀਨੀ ਹੈ। ਜੇ ਤੁਸੀਂ ਸੱਚਮੁੱਚ ਪੰਥ ਦੇ ਵਫਾਦਾਰ ਹੋ, ਤਾਂ ਉਸ ਸੁਚੱਜੀ ਮਾਂ ਵਾਂਗ ਉਸ ਗ੍ਰੰਥ ਦੇ ਜ਼ਹਿਰ ਕੋਲੋਂ ਗੁਰੂ ਦੇ ਬਚਿਆਂ ਨੂੰ ਬਚਾਉ। ਉਸ ਗ੍ਰੰਥ ਦੇ ਜ਼ਹਿਰ ਨਾਲ ਗੁਰੂ ਦਾ ਕੋਈ ਬੱਚਾ ਰੋਗੀ ਨਾ ਹੋ ਜਾਏ।

ਪ੍ਰੋ. ਦਰਸ਼ਨ ਸਿੰਘ ਜੀ ਤੋਂ ਇਲਵਾ ਸੈਮੀਨਾਰ ਵਿੱਚ ਸ੍ਰ. ਰਾਜਿੰਦਰ ਸਿੰਘ ਜੀ, ਭਾਈ ਲਾਲੋ ਫਾਊਡੇਸ਼ਨ ਦੇ ਮੁੱਖੀ ਅਤੇ ਦਸਮ ਗ੍ਰੰਥ ਦਾ ਲਿਖਾਰੀ ਕੌਣ ਪੁਸਤੱਕ ਦੇ ਲੇਖਕ ਸ੍ਰ. ਜਸਬਿੰਦਰ ਸਿੰਘ ਜੀ ਖਾਲਸਾ ਦੁਬਈ ਤੋਂ ਇਲਾਵਾ ਪ੍ਰਸਿੱਧ ਕਥਾਵਾਚਕ ਗਿਆਨੀ ਰਣਜੋਧ ਸਿੰਘ, ਰਿਟਾ. ਲੈਫ. ਕਰਨਲ ਗੁਰਦੀਪ ਸਿੰਘ, ਗਿਆਨੀ ਸੁਖਦੇਵ ਸਿੰਘ, ਸ੍ਰ. ਰਵਿੰਦਰ ਸਿੰਘ, ਸ੍ਰ. ਬਲਜੀਤ ਸਿੰਘ, ਗਿਆਨੀ ਦਵਿੰਦਰ ਸਿੰਘ, ਗਿਆਨੀ ਹਰਭਾਗ ਸਿੰਘ ਤੇ ਵਿਸ਼ਵ ਚੇਤਨਾ ਲਹਿਰ ਦੇ ਆਫਿਸ ਸੱਕਤਰ ਸ੍ਰ. ਮਨਜੀਤ ਸਿੰਘ ਖਾਲਸਾ, ਮੋਹਾਲੀ, ਨੇ ਸੰਬੋਧਨ ਕੀਤਾ।


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top