Share on Facebook

Main News Page

ਅਕਾਲੀਓ! ‘ਜਥੇਦਾਰ’ ਸ਼ਬਦ ਦਾ ਕਦੋਂ ਤੱਕ ਅਪਮਾਨ ਕਰਵਾਂਉਗੇ…?
- ਜਸਪਾਲ ਸਿੰਘ ਹੇਰਾਂ  Editor: DailyPehredar

ਕੋਈ ਸਿਆਸੀ ਪਾਰਟੀ, ਕਿਸ ਵਿਅਕਤੀ ਨੂੰ ਟਿਕਟ ਦਿੰਦੀ ਹੈ, ਸਾਨੂੰ ਇਸ ਨਾਲ ਬਹੁਤਾ ਸਰੋਕਾਰ ਨਹੀਂ ਹੈ, ਪ੍ਰੰਤੂ ਦਾਗ਼ੀ ਆਗੂਆਂ ਨੂੰ ਟਿਕਟ ਦਿੱਤੇ ਜਾਣ ਦਾ ਵਿਰੋਧ ਅਸੀਂ ਜ਼ਰੂਰ ਕਰਦੇ ਰਹਾਂਗੇ।

ਪਰ ਸ਼੍ਰੋਮਣੀ ਅਕਾਲੀ ਦਲ, ਕਿਉਂਕਿ ਅੱਜ ਵੀ ਆਪਣੇ-ਆਪ ਨੂੰ ਸ਼ਹੀਦਾਂ ਦੀ ਜਥੇਬੰਦੀ, ਸਿੱਖਾਂ ਦੀ ਪ੍ਰਤੀਨਿਧ ਜਮਾਤ (ਸਿਰਫ਼ ਸਿਆਸੀ ਲਾਹੇ ਲਈ) ਅਖਵਾਉਂਦਾ ਹੈ, ਇਸ ਕਾਰਣ ਜਦੋਂ ਇਹ ਪਾਰਟੀ ਸਿੱਖ ਸਿਧਾਤਾਂ, ਸਿੱਖ ਪ੍ਰੰਪਰਾਵਾਂ ਤੇ ਸਿੱਖ ਮਰਿਆਦਾ ਦੀ ਘੋਰ ਉਲੰਘਣਾ ਕਰਦੀ ਹੈ, ਸਾਨੂੰ ਦੁੱਖ ਹੁੰਦਾ ਹੈ ਅਤੇ ਅਸੀਂ ਉਸ ਉਲੰਘਣਾ ਲਈ ਬਾਦਲ ਦਲ ਦਾ ਡੱਟਵਾਂ ਵਿਰੋਧ ਵੀ ਜ਼ਰੂਰ ਕਰਦੇ ਹਾਂ। ਜੁਗਿੰਦਰਪਾਲ ਜੈਨ ਦੀ ਦਲਬਦਲੀ ਕਰਵਾ ਕੇ, ਉਸਨੂੰ ਪਾਰਟੀ ਟਿਕਟ ਦੇ ਦਿੱਤਾ ਗਿਆ, ਇਸ ਤੋਂ ਪਹਿਲਾ ਵੀ ਬਾਦਲ ਦਲ ਨੇ ਅੱਧੀ ਦਰਜਨ ਤੋਂ ਵਧੇਰੇ ਹਿੰਦੂ ਆਗੂਆਂ ਨੂੰ ਪਾਰਟੀ ਟਿਕਟ ਨਾਲ ਨਿਵਾਜ ਕੇ ਅਕਾਲੀ ਵਿਧਾਇਕ ਬਣਾਇਆ ਹੋਇਆ ਹੈ, ਪਾਰਟੀ ਨੂੰ ਪੰਜਾਬੀ ਪਾਰਟੀ ਦਾ ਰੂਪ ਦੇਣ ਲਈ ਅਜਿਹਾ ਜ਼ਰੂਰੀ ਵੀ ਸੀ, ਸਾਨੂੰ ਕੋਈ ਇਤਰਾਜ਼ ਨਹੀਂ ਹੋਇਆ, ਪ੍ਰੰਤੂ ਜਦੋਂ ਸਿੱਖ ਪ੍ਰੰਪਰਾਵਾਂ ਦੀ ਖਿੱਲੀ ਉਡਾਈ ਜਾਂਦੀ ਹੈ, ਉਦੋਂ ਸਾਡੇ ਮਨ ਨੂੰ ਠੇਸ ਜ਼ਰੂਰ ਲੱਗਦੀ ਹੈ।

ਅਸੀਂ ਪਹਿਲਾ ਵੀ ਲਿਖਿਆ ਸੀ ਕਿ ਸਿਆਸਤ ’ਚ ਚਾਪਲੂਸੀ ਦੇ ਭਾਰੂ ਹੋਣ ਕਾਰਣ, ਅਕਾਲੀ ਆਗੂ, ਜੁਗਿੰਦਰਪਾਲ ਜੈਨ ਨੂੰ ‘ਜਥੇਦਾਰ ਜੁਗਿੰਦਰਪਾਲ ਸਿਹੁੰ ਜੈਨ’, ਸੰਬੋਧਨ ਕਰਨ ਲੱਗ ਪਏ ਹਨ, ਪ੍ਰੰਤੂ ਅਕਾਲੀ ਦਲ ਦੇ ਪ੍ਰਧਾਨ ਨੇ ਉਨ੍ਹਾਂ ਨੂੰ ਰੋਕਣ ਦਾ ਯਤਨ ਨਹੀਂ ਕੀਤਾ, ‘ਜਥੇਦਾਰ’ ਸ਼ਬਦ ਦੀ ਹੁੰਦੀ ਬੇਇੱਜ਼ਤੀ ਨੂੰ ਅਣਗੌਲਿਆ ਕਰ ਦਿੱਤਾ ਗਿਆ, ਨਤੀਜਾ ਇਹ ਨਿਕਲਿਆ ਕਿ ਉਹ ਤਾਕਤਾਂ ਜਿਹੜੀਆਂ ਸਿੱਖਾਂ ਦਾ ਮਜ਼ਾਕ ਉਡਾਉਣ ਲਈ ਬਹਾਨੇ ਲੱਭਦੀਆਂ ਹਨ, ਉਨ੍ਹਾਂ ਨੇ ‘ਜਥੇਦਾਰ’ ਦੇ ਮਹਾਨ ਸ਼ਬਦ ਦੀ ਅਜਿਹੇ ਢੰਗ ਨਾਲ ਖਿੱਲੀ ਉਠਾਈ ਹੈ, ਜਿਸ ਨਾਲ ਸਮੁੱਚੀ ਕੌਮ ਦਾ ਸਿਰ ਸ਼ਰਮ ਨਾਲ ਨੀਵਾਂ ਹੁੰਦਾ ਹੈ।

ਅੱਜ ਦੇ ਇਕ ਹਿੰਦੀ ਅਖ਼ਬਾਰ ਦਾ ਸਿੱਖਾਂ ਨੂੰ ਸ਼ਰਮਸ਼ਾਰ ਕਰਨ ਲਈ ‘ਜਥੇਦਾਰ’ ਸ਼ਬਦ ਦਾ ਅਪਮਾਨ ਕਰਦਿਆਂ ਲਿਖਿਆ ਗਿਆ ਹੈ, ਕਿ ‘‘ਅਕਾਲੀ ਹੁਣ ਜੁਗਿੰਦਰਪਾਲ ਜੈਨ ਨੂੰ ‘ਜਥੇਦਾਰ ਸਾਬ੍ਹ’, ਆਖ਼ ਕੇ ਸੰਬੋਧਨ ਕਰਨ ਲੱਗ ਪਏ ਹਨ, ਬੀਤੇ ਦਿਨ ਸਵੇਰੇ-ਸਵੇਰੇ ਕੁਝ ਅਕਾਲੀ, ਜੈਨ ਦੀ ਕੋਠੀ ਆਏ ਅਤੇ ਜੈਨ ਦੇ ਆਦਮੀ ਨੂੰ ਪੁੱਛਿਆ ਕਿ ‘ਜਥੇਦਾਰ ਸਾਬ੍ਹ, ਕਿਥੇ ਹਨ? ਅੱਗੋ ਜਵਾਬ ਆਇਆ, ‘‘ਜਥੇਦਾਰ ਸਾਬ੍ਹ, ਸ਼ੇਵ ਕਰਵਾ ਰਹੇ ਹਨ’’, ‘‘ਜਥੇਦਾਰ ਸਾਬ੍ਹ! ਸ਼ੇਵ ਕਰਵਾ ਰਹੇ ਹਨ’’ ਕੀ ਇਸ ਤੋਂ ਵੱਡਾ ਅਪਮਾਨ ਇਸ ਮਹਾਨ ਰੁਤਬੇ ਅਤੇ ਸ਼ਬਦ ਦਾ ਹੋ ਸਕਦਾ ਹੈ? ਕੀ ਇਹ ਅਕਾਲੀਆਂ ਦੀ ਜਿਨ੍ਹਾਂ ਨੂੰ ਹੁਣ ਅਖੌਤੀ ਅਕਾਲੀ ਆਖਿਆ ਜਾਣਾ ਚਾਹੀਦਾ ਹੈ, ਮਰ ਚੁੱਕੀ ਜ਼ਮੀਰ ਦਾ ਸਬੂਤ ਨਹੀਂ ਹੈ?

ਅਸੀਂ ਸਮਝਦੇ ਹਾਂ, ਭਾਵੇਂ ਕਿ ਇਸ ਹਿੰਦੀ ਅਖ਼ਬਾਰ ਨੇ ਇਕ ਕੋਝੀ ਸਾਜ਼ਿਸ ਅਧੀਨ ਸਿੱਖਾਂ ਦੀ ਨਿਰਾਦਰੀ ਲਈ ਇਹ ਖ਼ਬਰ ਛਾਪੀ ਹੈ, ਪ੍ਰੰਤੂ ਕੌਮ ਲਈ ਖ਼ਾਸ ਕਰਕੇ ਅਕਾਲੀਆਂ ਲਈ ਸੋਚਣ ਦੀ ਘੜ੍ਹੀ ਜ਼ਰੂਰ ਆ ਗਈ ਹੈ। ਸੱਤਾ ਲਾਲਸਾ ’ਚ ਅੰਨੇ ਹੋ ਕੇ, ਕੀ ਅਸੀਂ ਆਪਣੇ ਕੌਮੀ ਸਵੈਮਾਣ ਦਾ ਕਤਲ ਆਪਣੇ ਹੱਥੀ ਕਰ ਦੇਵਾਂਗੇ? ਪੁਰਾਤਨ ਸਮੇਂ ’ਚ ਵੀ ਦੂਜੇ ਧਰਮਾਂ ਦੇ ਲੋਕਾਂ ਨੂੰ ਸਿੱਖ ਪੰਥ ’ਚ ਉਚੀਆਂ ਪਦਵੀਆਂ ਤੇ ਵੱਡੇ ਮਾਣ ਦਿੱਤੇ ਗਏ ਹਨ, ਪ੍ਰੰਤੂ ਜਿਹੜੇ ਰੁਤਬੇ ਸਿੱਖਾਂ ਲਈ ਸੁਰੱਖਿਅਤ ਹਨ ਅਤੇ ਜਿਨ੍ਹਾਂ ਖਿਤਾਬਾਂ ਲਈ ਸਿੱਖਾਂ ਨੇ ਅਥਾਹ ਕੁਰਬਾਨੀਆਂ ਦਿੱਤੀਆਂ ਹਨ, ਉਹ ਰੁਤਬੇ ਕੀ ਐਨੇ ਸਸਤੇ ਹੋ ਗਏ ਹਨ, ਕਿ ਉਹ ਰਿਊੜੀਆਂ ਵਾਗੂੰ ਹਰ ਐਰੇ-ਗੈਰੇ ਨੂੰ ਵੰਡੇ ਜਾ ਸਕਦੇ ਹਨ?

 ਅਸੀਂ ਚਾਹੁੰਦੇ ਹਾਂ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਇਸ ਗੰਭੀਰ ਮਾਮਲੇ ਨੂੰ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ’ਚ ਜ਼ਰੂਰ ਵਿਚਾਰਨ ਅਤੇ ਅਕਾਲੀਆਂ ਨੂੰ ਸ਼ਖ਼ਤ ਹਦਾਇਤ ਦਿੱਤੀ ਜਾਵੇ ਕਿ ਸਿੰਘ ਸਾਹਿਬ, ਜਥੇਦਾਰ ਸਾਬ੍ਹ, ਭਾਈ ਸਾਹਿਬ, ਸਰਦਾਰ ਸਾਹਿਬ, ਕੌਮ ਦੇ ਜਰਨੈਲ, ਮਹਾਨ ਪੰਥਕ ਸਖ਼ਸੀਅਤ ਵਰਗੇ ਸ਼ਬਦਾਂ ਦੀ ਵਰਤੋਂ ਹਰ ਕਿਸੇ ਲਈ ਐਵੇਂ ਮਰਜ਼ੀ ਨਾਲ ਨਾਂਹ ਕੀਤੀ ਜਾਵੇ। ਇਨ੍ਹਾਂ ਸ਼ਬਦਾਂ ਦੀ ਵਰਤੋਂ ਸਿੱਖ ਪ੍ਰੰਪਰਾਵਾਂ ਤੇ ਸਿੱਖ ਇਤਿਹਾਸ ਅਨੁਸਾਰ ਹੀ ਕੀਤੀ ਜਾਵੇ। ਅਸੀਂ ਆਮ ਅਕਾਲੀ ਵਰਕਰਾਂ ਨੂੰ ਵੀ ਅਪੀਲ ਕਰਾਂਗੇ ਕਿ ਉਹ ਦੁਨੀਆਵੀ ਲੋਕਾਂ ਦੀ ਚਾਪਲੂਸੀ ਲਈ ਆਪਣੇ ਕੌਮ ਦੇ ਸ਼ਾਨਾਮੱਤੇ ਇਤਿਹਾਸ ਨੂੰ ਕਲੰਕਿਤ ਕਰਨ ਤੋਂ ਗੁਰੇਜ਼ ਕਰਨ, ਜਿਵੇਂ ਅਸੀਂ ਪਹਿਲਾ ਹੀ ਲਿਖਿਆ ਹੈ ਕਿ ਜੇ ਉਨ੍ਹਾਂ ਨੂੰ ਜੁਗਿੰਦਰਪਾਲ ਜੈਨ ਨੂੰ ‘ਜਥੇਦਾਰ’ ਬਣਾਉਣ ਦਾ ਬਹੁਤਾ ਹੀ ਸ਼ੌਂਕ ਹੈ, ਤਾਂ ਪਾਰਟੀ ਸੰਵਿਧਾਨ ਦੀ ਹੂ-ਬ-ਹੂ ਪਾਲਣਾ ਨੂੰ ਯਕੀਨੀ ਬਣਾ ਕੇ, ਅਕਾਲੀ ਦਲ ’ਚ ਸ਼ਾਮਲ ਹੋਣ ਵਾਲੇ ਨੂੰ ‘ਪਹਿਲਾ ਗੁਰੂ ਵਾਲਾ ਬਣਨ’ ਦੀ ਸ਼ਰਤ ਨੂੰ ਲਾਗੂ ਕਰਵਾ ਲੈਣ, ਫਿਰ ਉਹ ਉਸਨੂੰ ਸਰਦਾਰ ਸਾਹਿਬ ਆਖਣ ਜਾਂ ਜਥੇਦਾਰ ਸਾਹਿਬ ਆਖਣ, ਸਾਨੂੰ ਖੁਸ਼ੀ ਹੋਵੇਗੀ।


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top