Share on Facebook

Main News Page

ਅਕਾਲ ਤਖ਼ਤ ਦੀ ਪ੍ਰਭੂ ਸਤਾ ਬਰਕਰਾਰ ਰੱਖਣ ਵਾਲਿਆਂ ਦੀ ਭਾਵਨਾ ਚੰਗੀ, ਪਰ ਉਹ ਸਪਸ਼ਟ ਕਰਨ ਕਿ ਅਕਾਲ ਤਖ਼ਤ ਕੀ ਹੈ ਤੇ ਕੌਣ ਹੈ?
-
ਪ੍ਰੋ. ਦਰਸ਼ਨ ਸਿੰਘ

* ਅਕਾਲ ਪੁਰਖ਼ ਦੀ ਬਜਾਏ ਬਿਨਸਣ ਹਾਰ ਵਿਅਕਤੀਆਂ ਅਤੇ ਉਹ ਵੀ ਸਿੱਖੀ ਕਿਰਦਾਰ ਤੋਂ ਗਿਰੇ ਹੋਏ ਤਨਖ਼ਾਹਦਾਰ ਮੁਲਾਜਮਾਂ ਅੱਗੇ, ਸਿੱਖਾਂ ਨੂੰ ਝੁਕਾਉਣ ਦੀ ਪ੍ਰੇਰਣਾ ਦੇਣ ਵਾਲੇ ਪੰਥ ਦੋਖੀਆਂ ਦੀ ਸੂਚੀ ਵਿੱਚ ਹੀ ਆਉਣਗੇ

ਬਠਿੰਡਾ, 23 ਫਰਵਰੀ (ਕਿਰਪਾਲ ਸਿੰਘ): ਅਕਾਲ ਤਖਤ ਦੀ ਪ੍ਰਭੂ ਸਤਾ ਬਰਕਰਾਰ ਰੱਖਨ ਵਾਲਿਆਂ ਦੀ ਭਾਵਨਾ ਬਹੁਤ ਚੰਗੀ ਹੈ ਪਰ ਉਹ ਸਪਸ਼ਟ ਕਰਨ ਕਿ ਅਕਾਲ ਤਖ਼ਤ ਕੀ ਹੈ ਤੇ ਕੌਣ ਹੈ? ਇਹ ਸ਼ਬਦ ਅਕਾਲ ਤਖ਼ਤ ਦੇ ਸਾਬਕਾ ਮੁੱਖ ਸੇਵਾਦਾਰ ਪ੍ਰੋ. ਦਰਸ਼ਨ ਸਿੰਘ ਨੇ ਈਮੇਲ ਰਾਹੀਂ ਭੇਜੇ ਗਏ ਪ੍ਰੈੱਸ ਨੋਟ ਅਤੇ ਉਸ ਪਿੱਛੋਂ ਫ਼ੋਨ ’ਤੇ ਹੋਈ ਗੱਲਬਾਤ ਦੌਰਾਨ ਕਹੇ।

ਉਨ੍ਹਾਂ ਕਿਹਾ ਇਸ ਵਿੱਚ ਕੋਈ ਦੋ ਰਾਵਾਂ ਨਹੀਂ ਹਨ ਕਿ ਹਰ ਸਿੱਖ ਹੀ ਅਕਾਲ ਤਖ਼ਤ ਦੀ ਪ੍ਰਭੂ ਸਤਾ ਮੰਨਦਾ ਹੈ ਅਤੇ ਮੰਨਦਾ ਰਹੇਗਾ ਪਰ ਭੁਲੇਖਾ ਉਸ ਸਮੇਂ ਲਗਦਾ ਹੈ ਜਦੋਂ ਕੁਝ ਸਮੇਂ ਤੋਂ ਕੌਮ ਨੂੰ ਗੁੰਮਰਾਹ ਕਰਨ ਵਾਲੀਆਂ ਬ੍ਰਾਹਮਣੀ ਸਾਜਸ਼ਾਂ ਰਾਹੀਂ ਭੋਲੀ ਭਾਲੀ ਸ਼ਰਧਾਲੂ ਸਿੱਖੀ ਨੂੰ ਇਕ ਸਾਜਸ਼ੀ ਨਾਹਰੇ ਨਾਲ ਗੁੰਮਰਾਹ ਕੀਤਾ ਜਾ ਰਿਹਾ ਹੈ ਕਿ ਸ਼੍ਰੋਮਣੀ ਕਮੇਟੀ ਦਾ ਮੁਲਾਜਮ (ਜਥੇਦਾਰ) ਹੀ ਅਕਾਲ ਤਖ਼ਤ ਹੈ ਤੇ ਉਸ ਵਲੋਂ ਜਾਰੀ ਕੀਤੇ ਹੁਕਮਨਾਮੇ ਹੀ ਅਕਾਲ ਤਖ਼ਤ ਦੇ ਹੁਕਮਨਾਮੇ ਹਨ। ਉਨ੍ਹਾਂ ਵੱਲੋਂ ਜਾਰੀ ਕੀਤੇ ਹੁਕਮਨਾਮੇ ਹਰ ਸਿੱਖ ਲਈ ਮੰਨਣੇ ਲਾਜ਼ਮੀ ਹਨ, ਬੇਸ਼ੱਕ ਉਹ ਗੁਰੂ ਗ੍ਰੰਥ ਸਾਹਿਬ ਜੀ ਦੀ ਸਿੱਖਿਆ ਦੇ ਉਲਟ ਹੀ ਕਿਉਂ ਨਾ ਹੋਣ।

ਪ੍ਰੋ: ਦਰਸ਼ਨ ਸਿੰਘ ਨੇ ਕਿਹਾ ਅਕਾਲ ਤਖ਼ਤ ਦੀ ਪ੍ਰਭੂ ਸਤਾ ਬਰਕਰਾਰ ਰੱਖਣ ਦੇ ਚਾਹਵਾਨ ਵੀਰ ਜਿਹੜੇ ਅਕਾਲ ਤਖ਼ਤ ਦੀ ਪ੍ਰਭੂ ਸਤਾ ਮੰਨਣ ਵਾਲੇ ਲੋਕਾਂ ਨੂੰ ਇਕੱਤਰ ਕਰਨ ਦੇ ਉੱਦਮ ਵਿੱਚ ਲੱਗੇ ਹੋਏ ਹਨ ਉਹ ਇਹ ਸਪਸ਼ਟ ਜਰੂਰ ਕਰ ਦੇਣ ਕਿ ਤੁਸੀਂ ਕਿਸਨੂੰ ਅਕਾਲ ਤਖਤ ਮੰਨਦੇ ਹੋ ਅਤੇ ਕਿਸਦੀ ਪ੍ਰਭੂ ਸਤਾ ਦੀ ਗੱਲ ਕਰਦੇ ਹੋ? ਜੇ ਕਰ ਅਕਾਲ, ਅਬਿਨਾਸ਼ੀ ਜੁਗੋ ਜੁਗ ਅਟੱਲ ‘ਵਾਹੁ ਵਾਹੁ ਬਾਣੀ ਨਿਰੰਕਾਰ ਹੈ’ ਅਨਸਾਰ ਧੁਰ ਤੋਂ ਆਈ ਅਕਾਲ ਪੁਰਖ ਸਰੂਪ ਬਾਣੀ “ਪੋਥੀ ਪ੍ਰਮੇਸ਼ਰ ਕਾ ਥਾਨ” ਰੂਪ ਗੁਰੂ ਗ੍ਰੰਥ ਸਾਹਿਬ ਵਿਚ ਸ਼ੁਸ਼ੋਭਤ ਗੁਰਬਾਣੀ ਦੇ ਸਿਧਾਂਤ ਨੂੰ ਅਕਾਲ ਤਖਤ ਮੰਨਦੇ ਹੋ, ਤੇ ਇਸ ਸਿਧਾਂਤ ਨੂੰ ਲਾਗੂ ਕਰਨ ਲਈ ਪੰਥ ਵੱਲੋਂ ਕੀਤੇ ਫੈਸਲਿਆਂ ਨੂੰ ਮੰਨਣ ਦੀ ਗੱਲ ਕਰਦੇ ਹੋ ਤਾਂ ਇਸ ਤੋਂ ਕੋਈ ਵੀ ਗੁਰੂ ਦਾ ਸਿੱਖ ਇਨਕਾਰੀ ਨਹੀਂ ਹੈ ਅਤੇ ਨਾ ਹੀ ਇਨਕਾਰੀ ਹੋ ਸਕਦਾ ਹੈ। ਇਸ ਲਈ ਇਸ ਅਕਾਲ ਤਖ਼ਤ ਦੀ ਪ੍ਰਭੂ ਸਤਾ ਨੂੰ ਕਦੀ ਕੋਈ ਖ਼ਤਰਾ ਹੀ ਨਹੀਂ ਹੈ।

ਪ੍ਰੋ: ਦਰਸ਼ਨ ਸਿੰਘ ਨੇ ਕਿਹਾ ਪਰ ਜੇ ਇਤਿਹਾਸ ਮੁਤਾਬਕ ਗੁਰੂ ਹਰਗੋਬਿੰਦ ਸਾਹਿਬ ਜੀ ਵੱਲੋਂ ਸਿਰਜੇ ਉਸ ਅਸਥਾਨ ਨੂੰ ਅਕਾਲ ਤਖਤ ਮੰਨਦੇ ਹੋ ਅਤੇ ਉਸ ਅਸਥਾਨ ਦੀ ਸੇਵਾ ਵਾਸਤੇ ਸ਼੍ਰੋਮਣੀ ਕਮੇਟੀ ਵੱਲੋਂ ਰੱਖੇ ਗਏ ਇਕ ਤਨਖ਼ਾਹਦਾਰ ਮੁਲਾਜ਼ਮ, ਜੋ ਅਕਾਲ ਤਖ਼ਤ ਦੇ ਸਥਾਨ ’ਤੇ ਖਲੋ ਕੇ ਝੂਠ ਬੋਲਦਾ ਹੋਵੇ; ਦੇ ਹੁਕਮ ਨੂੰ ਅਕਾਲ ਤਖ਼ਤ ਦਾ ਹੁਕਮਨਾਮਾ ਦੱਸਕੇ ਇਸ ਨੂੰ ਮੰਨਣ ਦੀ ਗੱਲ ਕਰਦੇ ਹੋ, ਤਾਂ ਮੈਂ ਸਮਝਦਾ ਹਾਂ ਕਿ ਭੋਲੇ ਸਿੱਖਾਂ ਨੂੰ ਇਹ ਆਖ ਕੇ ਗੁੰਮਰਾਹ ਕੀਤਾ ਜਾ ਰਿਹਾ ਹੈ। ਜਿਹੜੇ ਵਿਅਕਤੀ ਹੁਕਮ ਦੇ ਗ਼ੁਲਾਮ ਤਨਖਾਹਦਾਰਾਂ (ਜਥੇਦਾਰਾਂ) ਵਲੋਂ ਨਿਸਚਤ ਕੀਤੀ ਗਈ ਕਾਲ ਕੋਠੜੀ ਨੂੰ ਅਕਾਲ ਤਖਤ ਮੰਨ ਕੇ ਉਸ ਕਾਲ ਕੋਠੜੀ ਵਿੱਚ ਜਾ ਕੇ ਉਨ੍ਹਾਂ ਤਨਖ਼ਾਹਦਾਰਾਂ ਅੱਗੇ ਸਿਰ ਨਿਵਾਉਂਣ ਨੂੰ ਹੀ ਅਕਾਲ ਤਖ਼ਤ ਦੀ ਪ੍ਰਭੂ ਸਤਾ ਬਰਕਰਾਰ ਰੱਖਣ ਦੀਆਂ ਗੱਲਾਂ ਕਰਦੇ ਹਨ, ਉਹ ਤਾਂ ਮੁੱਢੋਂ ਹੀ ਭੁੱਲੇ ਹੋਏ ਹਨ ਜਾਂ ਭੋਲ਼ੇ ਸਿੱਖਾਂ ਨੂੰ ਗੁੰਮਰਾਹ ਕਰਨ ਲਈ ਇੱਕ ਸਾਜਸ਼ ਰਚਣ ਵਾਲਿਆਂ ਦਾ ਹਿੱਸਾ ਨਜ਼ਰ ਆਉਂਦੇ ਹਨ।

ਪ੍ਰੋ: ਦਰਸ਼ਨ ਸਿੰਘ ਨੇ ਕਿਹਾ ਅਕਾਲ ਤਖਤ ਦੀ ਪ੍ਰਭੂ ਸਤਾ ਬਰਕਰਾਰ ਰੱਖਨ ਦੀਆਂ ਗੱਲਾਂ ਕਰਨ ਵਾਲੇ ਅਤੇ ਅਕਾਲ ਤਖ਼ਤ ਦੀ ਪ੍ਰਭੂ ਸਤਾ ਮੰਨਣ ਵਾਲੇ ਲੋਕਾਂ ਨੂੰ ਇਕੱਤਰ ਕਰਨ ਦੇ ਉੱਦਮ ਵਿੱਚ ਲੱਗੇ ਹੋਏ ਪਿਆਰੇ ਵੀਰੋ ਸੱਚੇ ਸਤਿਗੁਰੂ ਦੀ ਸਿਖੀ ਅੱਗੇ ਸੱਚ ਬੋਲਣ ਦੀ ਜੁਰਤ ਕਰਿਓ ਅਤੇ ਸਪਸ਼ਟ ਕਰੋ ਕਿ ਤੁਸੀਂ ਕਿਸਨੂੰ ਅਕਾਲ ਤਖਤ ਮੰਨ ਕੇ ਸਿਰ ਝੁਕਾਉਂਦੇ ਹੋ? ਕਿਸ ਅਕਾਲ ਤਖਤ ਅੱਗੇ ਪੇਸ਼ ਹੋਂਦੇ ਹੋ? ਕਿਸ ਅਕਾਲ ਤਖਤ ਦੀ ਪ੍ਰਭੂ ਸਤਾ ਬਰਕਰਾਰ ਰੱਖਣ ਦੀਆਂ ਗੱਲਾਂ ਕਰਦੇ ਹੋ? ਦੇਖਿਓ ਝੂਠ ਬੋਲ ਕੇ ਕੌਮ ਨੂੰ ਗੁਮਰਾਹ ਕਰਣ ਦਾ ਪਾਪ ਨਾ ਕਰਿਓ! ਜੇ ਤਾਂ ‘ਆਦਿ ਸਚੁ, ਜੁਗਾਦਿ ਸਚੁ, ਹੈ ਭੀ ਸਚੁ, ਨਾਨਕ ਹੋਸੀ ਭੀ ਸਚੁ’ ਰੂਪ ਰੱਬੀ ਸਿਧਾਂਤ ਨੂੰ ਅਕਾਲ ਤਖਤ ਮੰਨਦੇ ਹੋ ਤਾਂ ਤੁਸੀ ਮਹਾਨ ਹੋ। ਪਰ ਦੇਖਿਓ ਬਾਕੀ ਤਿਨੋਂ ਚੀਜ਼ਾਂ ਅਕਾਲ ਨਹੀਂ ਹਨ, ਇਮਾਰਤਾਂ ਢਹਿ ਜਾਂਦੀਆਂ ਹਨ। ਸੇਵਾਦਾਰ ਮਰ ਜਾਂਦੇ ਹਨ ਜਾਂ ਬਦਲ ਦਿਤੇ ਜਾਂਦੇ ਹਨ ‘ਜਿਸ ਆਸਨ ਹਮ ਬੈਠੇ ਕੇਤੇ ਬੈਸ ਗਇਆ’। ਬਾਕੀ ਸੇਵਾਦਾਰਾਂ ਦੀਆਂ ਕਾਲ ਕੋਠੜੀਆਂ ਦੀ ਤਾਂ ਸਿੱਖੀ ਵਿਚ ਥਾਂ ਹੀ ਕੋਈ ਨਹੀਂ ਹੈ।

ਇਸ ਲਈ ਜਿਹੜੇ ਵੀਰ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਸਿਰਜੇ ਅਕਾਲ ਤਖ਼ਤ ਦੀ ਸਿੱਖਾਂ ਵਿੱਚ ਬਣੀ ਸ਼ਰਧਾ ਦਾ ਨਜ਼ਾਇਜ਼ ਫਾਇਦਾ ਉਠਾ ਕੇ ਅਕਾਲ ਤਖ਼ਤ ਦੀ ਪ੍ਰਭੂ ਸਤਾ ਬਰਕਰਾਰ ਕਰਨ ਦੇ ਦਿਲ ਲੁਭਾਊ ਨਾਹਰੇ ਰਾਹੀਂ ਸ਼੍ਰੋਮਣੀ ਕਮੇਟੀ ਵੱਲੋਂ ਉਸ ਸਥਾਨ ਦੀ ਸੇਵਾ ਲਈ ਨਿਯੁਕਤ ਕੀਤੇ ਗਏ ਤਨਖ਼ਾਹਦਾਰ ਮੁਲਾਜ਼ਮਾਂ ਅੱਗੇ ਸਿਰ ਨਿਵਾਉਣ ਲਈ ਸਿੱਖਾਂ ਨੂੰ ਗੁੰਮਰਾਹ ਕਰ ਰਹੇ ਹਨ ਉਹ ਗੁਰੂ ਤੇ ਸਿੱਖੀ ਦੋਵਾਂ ਨਾਲ ਹੀ ਧ੍ਰੋਹ ਕਮਾ ਰਹੇ ਹਨ। ਕਿਉਂਕਿ ਗੁਰੂ ਨੇ ਸਿੱਖ ਨੂੰ ਉਸ ਅਕਾਲ ਪੁਰਖ਼ ਦੇ ਲੜ ਲਾਇਆ ਹੈ ਜਿਸ ਸਬੰਧੀ ਗੁਰਬਾਣੀ ਦਾ ਬਚਨ ਹੈ: ‘ਅਕਾਲ ਮੂਰਤਿ ਵਰੁ ਪਾਇਆ ਅਬਿਨਾਸੀ, ਨਾ ਕਦੇ ਮਰੈ ਨ ਜਾਇਆ ॥’ ਅਤੇ ‘ਤੂ ਅਕਾਲ ਪੁਰਖੁ ਨਾਹੀ ਸਿਰਿ ਕਾਲਾ ॥’ ਸੋ ਇਸ ਅਕਾਲ ਪੁਰਖ਼ ਦੀ ਬਜਾਏ ਬਿਨਸਣਹਾਰ ਵਿਅਕਤੀਆਂ ਅਤੇ ਉਹ ਵੀ ਸਿੱਖੀ ਕਿਰਦਾਰ ਤੋਂ ਗਿਰੇ ਹੋਏ ਤਨਖ਼ਾਹਦਾਰ ਮੁਲਾਜਮਾਂ ਅੱਗੇ ਸਿੱਖਾਂ ਨੂੰ ਝੁਕਾਉਣ ਦੀ ਪ੍ਰੇਰਣਾ ਦੇਣ ਵਾਲੇ ਪੰਥ ਦੋਖੀਆਂ ਦੀ ਸੂਚੀ ਵਿੱਚ ਹੀ ਆਉਣਗੇ।


Disclaimer: Khalsanews.org does not necessarily endorse the views and opinions voiced in the news। articles। audios । videos or any other contents published on www.khalsanews.org and cannot be held responsible for their views.  Read full details....

Go to Top