Share on Facebook

Main News Page

ਜਲ੍ਹਿਆਂ ਵਾਲੇ ਬਾਗ ਤੋਂ ਕਿਤੇ ਜਿਆਦਾ ਭਿਆਨਕ ਸਾਕਾ ਕਾਂਗਰਸੀ ਹਕੂਮਤ ਨੇ 6 ਜੂਨ 1984 ਨੂੰ ਦਰਬਾਰ ਸਾਹਿਬ ਵਿਖੇ ਕੀਤਾ
-
ਕਰਨੈਲ ਸਿੰਘ ਪੀਰ ਮੁਹੰਮਦ

* ਸ਼੍ਰੋਮਣੀ ਕਮੇਟੀ ਨੂੰ 6 ਜੂਨ 1984 ਦੇ ਸਿੱਖ ਸ਼ਹੀਦਾਂ ਦੀ ਬਣ ਰਹੀ ਯਾਦਗਾਰ ਵਿਖੇ ਵੀ ਇੰਗਲੈਡ ਦੇ ਪ੍ਰਧਾਨ ਮੰਤਰੀ ਨੂੰ ਲੈ ਕੇ ਜਾਣਾ ਚਾਹੀਦਾ ਸੀ
* ਅਕਾਲੀ ਦਲ ਨਾਲ ਭਾਰਤੀ ਜਨਤਾ ਪਾਰਟੀ ਦੇ ਨਾਪਾਕ ਗਠਜੋੜ ਵਿੱਚ ਕੋਈ ਵਿਵਾਦ ਖੜ੍ਹਾ ਹੋਣ ਦੇ ਡਰੋਂ ਸ਼੍ਰੋਮਣੀ ਕਮੇਟੀ ਨੇ ਅਜਿਹਾ ਕਰਨ ਦੀ ਜਰੂਰਤ ਨਹੀਂ ਸਮਝੀ

ਬਠਿੰਡਾ, 23 ਫਰਵਰੀ (ਕਿਰਪਾਲ ਸਿੰਘ): ਕਾਂਗਰਸ ਨੇ ਜੋ ਜੁਲਮ ਜੂਨ 1984 ਅਤੇ ਨਵੰਬਰ 1984 ਵਿਚ ਸਿੱਖ ਕੌਮ ’ਤੇ ਕੀਤੇ ਉਸ ਦੀਆਂ ਨਿਸ਼ਾਨੀਆਂ ਅਤੇ ਸ਼ਹੀਦਾਂ ਦੀ ਯਾਦਗਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇੰਗਲੈਡ ਦੇ ਪ੍ਰਧਾਨ ਮੰਤਰੀ ਸ਼੍ਰੀ ਡੇਵਿਡ ਕੈਮਰੋਨ ਨੂੰ ਦਿਖਾਉਣੀ ਚਾਹੀਦੀ ਸੀ। ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਸ੍ਰ. ਕਰਨੈਲ ਸਿੰਘ ਪੀਰ ਮੁਹੰਮਦ ਨੇ ਕਿਹਾ ਹੈ ਕਿ ਅਪ੍ਰੇਸ਼ਨ ਨੀਲਾ ਸਾਕਾ ਸਬੰਧੀ ਭਾਰਤੀ ਫੌਜ ਦੇ ਸਾਬਕਾ ਮੁੱਖੀ ਵੀ.ਕੇ. ਸਿੰਘ ਦਾ ਬੀਤੇ ਕੱਲ੍ਹ ਦਿੱਤਾ ਬਿਆਨ ਉਹਨਾਂ ਸਾਰੇ ਦੋਸ਼ਾਂ ਨੂੰ ਸਪਸ਼ਟ ਕਰਦਾ ਹੈ ਕਿ ਕਾਂਗਰਸ ਤੇ ਭਾਰਤੀ ਜਨਤਾ ਪਾਰਟੀ ਦੀ ਮਿਲੀ ਭੁਗਤ ਨਾਲ ਹੀ ਦਰਬਾਰ ਸਾਹਿਬ ਉਪਰ ਭਾਰਤੀ ਫੌਜਾਂ ਦਾ ਹਮਲਾ ਹੋਇਆ ਸੀ, ਤੇ ਦੋਵੇਂ ਸਿਆਸੀ ਪਾਰਟੀਆਂ ਬਰਾਬਰ ਦੀਆਂ ਜਿੰਮੇਵਾਰ ਹਨ।

ਉਨ੍ਹਾਂ ਕਿਹਾ ਬੀਤੇ ਕੱਲ੍ਹ ਦੇਸ਼ ਦੀ ਸੈਨਾ ਦੇ ਮੁਖੀ ਰਹਿ ਚੁੱਕੇ ਚੀਫ ਆਫ ਆਰਮੀ ਸਟਾਫ, ਸ਼੍ਰੀ ਵੀ.ਕੇ. ਸਿੰਘ ਨੇ ਜੋ ਬਿਆਨ ਸ਼੍ਰੀ ਹਰਮਿੰਦਰ ਸਾਹਿਬ ਦੇ ਦਰਸ਼ਨ ਕਰਨ ਤੋਂ ਬਾਅਦ ਅਪਰੇਸ਼ਨ ਬਲਿਊ ਸਟਾਰ ਸਬੰਧੀ ਦਿੱਤਾ ਹੈ, ਉਸ ਦਾ ਸਾਫ਼ ਤੇ ਸਪਸ਼ਟ ਜਵਾਬ ਕਾਂਗਰਸ ਅਤੇ ਭਾਰਤੀ ਜਨਤਾ ਪਾਰਟੀ ਨੂੰ ਦੇਣਾ ਚਾਹੀਦਾ ਹੈ; ਜੋ ਅੱਜ ਤੱਕ ਸ਼੍ਰੀ ਹਰਿਮੰਦਰ ਸਾਹਿਬ ਉੱਪਰ ਭਾਰਤੀ ਫੌਜਾਂ ਦੇ ਹਮਲੇ ਨੂੰ ਜਾਇਜ਼ ਦੱਸਦੀਆਂ ਆ ਰਹੀਆਂ ਹਨ। ਸ: ਪੀਰ ਮੁਹੰਮਦ ਨੇ ਕਿਹਾ ਸਿੱਖ ਕੌਮ ਨੂੰ ਸਬਕ ਸਿਖਾਉਣ ਅਤੇ ਇਹ ਦਰਸਾਉਣ ਲਈ ਕਿ ਭਾਰਤ ਅੰਦਰ ਸਿੱਖ ਪੂਰੀ ਤਰ੍ਹਾਂ ਗੁਲਾਮ ਹਨ, ਇੱਕ ਸੋਚੀ ਸਮਝੀ ਸਾਜ਼ਿਸ ਤਹਿਤ ਕਾਂਗਰਸ ਪਾਰਟੀ ਦੀ ਕੇਂਦਰ ਸਰਕਾਰ ਨੇ ਵਿਰੋਧੀ ਪਾਰਟੀ ਭਾਜਪਾ ਦੀ ਪੂਰੀ ਹਮਾਇਤ ਨਾਲ ਸ਼੍ਰੀ ਦਰਬਾਰ ਸਾਹਿਬ ਸਮੇਤ ਹੋਰ ਗੁਰਧਾਮਾਂ ਉੱਪਰ ਭਾਰਤੀ ਫੌਜਾਂ ਤੋਂ ਹਮਲਾ ਕਰਵਾਇਆ ਸੀ; ਜਿਸ ਉੱਪਰ ਹੁਣ ਜਨਰਲ ਵੀ.ਕੇ. ਸਿੰਘ ਨੇ ਮੋਹਰ ਲਗਾ ਦਿੱਤੀ ਹੈ।

ਫੈਡਰੇਸ਼ਨ ਪ੍ਰਧਾਨ ਸ੍ਰ. ਕਰਨੈਲ ਸਿੰਘ ਪੀਰ ਮੁਹੰਮਦ ਨੇ ਕਿਹਾ ਕਿ ਇੰਗਲੈਡ ਦੇ ਪ੍ਰਧਾਨ ਮੰਤਰੀ ਸਾਹਮਣੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਨੂੰ ਸਿੱਖ ਪੰਥ ਉਪਰ ਮੌਕੇ ਦੀ ਹਕੂਮਤ ਵੱਲੋਂ ਬੀਤੇ 66 ਸਾਲਾਂ ਦੌਰਾਨ ਅਜਾਦ ਭਾਰਤ ਅੰਦਰ ਕੀਤੇ ਜੁਲਮਾਂ ਦੀ ਦਾਸਤਾਨ ਦਾ ਪੂਰਾ ਬਿਊਰਾ ਰੱਖਣਾ ਚਾਹੀਦਾ ਸੀ ਤੇ ਜਲ੍ਹਿਆਂਵਾਲੇ ਬਾਗ਼ ਦੇ ਨਾਲ ਨਾਲ 6 ਜੂਨ ਦੇ 1984 ਸ਼ਹੀਦਾਂ ਦੀ ਯਾਦਗਾਰ ਦੇ ਦਰਸ਼ਨ ਵੀ ਕਰਵਾਉਣੇ ਚਾਹੀਦੇ ਸਨ ਤੇ ਉਹ ਸਾਰੀਆ ਨਿਸ਼ਾਨੀਆਂ ਜੋ ਭਾਰਤੀ ਹਕੂਮਤ ਨੇ ਸਿੱਖ ਕੌਮ ਨੂੰ ਰਿਸਦੇ ਜਖਮਾਂ ਵਜੋਂ ਦਿੱਤੀਆਂ ਹਨ ਵੀ ਦਿਖਾਉਣੀਆਂ ਚਾਹੀਦੀਆਂ ਸਨ। ਲੇਕਿਨ ਅਕਾਲੀ ਦਲ ਨਾਲ ਭਾਰਤੀ ਜਨਤਾ ਪਾਰਟੀ ਦੇ ਨਾਪਾਕ ਗਠਜੋੜ ਵਿੱਚ ਕੋਈ ਵਿਵਾਦ ਖੜ੍ਹਾ ਹੋਣ ਦੇ ਡਰੋਂ ਸ਼੍ਰੋਮਣੀ ਕਮੇਟੀ ਨੇ ਅਜਿਹਾ ਕਰਨ ਦੀ ਜਰੂਰਤ ਨਹੀਂ ਸਮਝੀ। ਉਹਨਾਂ ਕਿਹਾ ਜੇਕਰ ਸ਼੍ਰੋਮਣੀ ਕਮੇਟੀ ਅਜਿਹਾ ਕਰਦੀ ਤਾਂ ਸਿੱਖ ਨਸਲਕੁਸ਼ੀ ਦੀ ਅਵਾਜ਼ ਪੂਰੀ ਦੁਨੀਆਂ ਵਿੱਚ ਪੂਰੇ ਜੋਰ ਨਾਲ ਉਜਾਗਰ ਹੋਣੀ ਸੀ। ਉਹਨਾਂ ਕਿਹਾ ਕਿ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਅਤੇ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਸਜਾ ਰੱਦ ਕਰਵਾੳਣ ਲਈ ਸਿੱਖ ਲੀਪਡਰਸ਼ਿਪ ਨੂੰ ਇਕਜੁੱਟਤਾ ਦਿਖਾਉਣੀ ਚਾਹੀਦੀ ਹੈ।


Disclaimer: Khalsanews.org does not necessarily endorse the views and opinions voiced in the news। articles। audios । videos or any other contents published on www.khalsanews.org and cannot be held responsible for their views.  Read full details....

Go to Top