Share on Facebook

Main News Page

ਰੇਲਵੇ ਮੰਤਰਾਲਾ ਵਲੋਂ ਪੰਜਾਬ ਨਾਲ ਕੀਤਾ ਜਾ ਰਿਹਾ ਹੈ ਮਤਰੇਈ ਮਾਂ ਵਾਲਾ ਸਲੂਕ
- ਕਿਰਪਾਲ ਸਿੰਘ ਬਠਿੰਡਾ  ਮੋਬ: 9855480797

ਪੰਜਾਬ ਵਿੱਚ ਜੋ ਰੇਲ ਲਾਈਨਾਂ ਪਾਈਆਂ ਗਈਆਂ ਹਨ ਇਹ ਗੁਲਾਮੀ ਦੇ ਸਮੇਂ ਅੰਗਰੇਜ ਸਰਕਾਰ ਵੱਲੋਂ ਹੀ ਪਾਈਆਂ ਹਨ। ਸਿਵਾਏ ਚੰਡੀਗ੍ਹੜ ਲੁਧਿਆਣਾ ਰੇਲ ਲਿੰਕ ਜੋ ਉਸਾਰੀ ਅਧੀਨ ਹੈ ਨੂੰ ਛੱਡ ਕੇ ਅਜਾਦੀ ਦੇ 65 ਸਾਲ ਬੀਤ ਜਾਣ ਪਿੱਛੋਂ ਵੀ ਪੰਜਾਬ ਵਿੱਚ ਰੇਲਵੇ ਦੀ ਕੋਈ ਨਵੀਂ ਲਾਈਨ ਨਹੀਂ ਵਿਛਾਈ ਗਈ। ਬੇਸ਼ੱਕ ਅੰਗਰੇਜ਼ ਸਰਕਾਰ ਦੌਰਾਨ ਬਠਿੰਡਾ ਵਿਖੇ 7 ਰੇਲ ਲਾਈਨਾਂ ਪਾਈਆਂ ਜਾਣ ਕਾਰਣ ਇਸ ਦਾ ਨਾਮ ਦੇਸ਼ ਦੇ ਵੱਡੇ ਰੇਲ ਜੰਕਸ਼ਨਾਂ ਵਿੱਚ ਆਉਂਦਾ ਹੈ ਪਰ ਫਿਰ ਵੀ ਇਹ ਨਾਂ ਤਾਂ ਪੰਜਾਬ ਵਿੱਚ ਸਥਿਤ ਸਿੱਖ ਧਰਮ ਦੇ ਤਿੰਨ ਤਖ਼ਤਾਂ, ਸ਼੍ਰੀ ਅਕਾਲ ਤਖ਼ਤ ਸਾਹਿਬ ਸ਼੍ਰੀ ਅਮ੍ਰਿਤਸਰ, ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਸ਼੍ਰੀ ਅਨੰਦਪੁਰ ਸਾਹਿਬ ਅਤੇ ਤਖ਼ਤ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿੱਚੋਂ ਕਿਸੇ ਇੱਕ ਵੀ ਸਟੇਸ਼ਨ ਨਾਲ ਸਿੱਧੇ ਤੌਰ ’ਤੇ ਰੇਲ ਲਿੰਕ ਨਾਲ ਜੁੜਿਆ ਹੈ ਅਤੇ ਨਾ ਹੀ ਆਪਣੇ ਸੂਬੇ ਦੀ ਰਾਜਧਾਨੀ ਨਾਲ ਜੁੜਿਆ ਹੈ।

ਇਸ ਤੋਂ ਇਲਾਵਾ ਬਠਿੰਡਾ ਜਿਲ੍ਹੇ ਦਾ ਸੂਬੇ ਦੇ ਵੱਡੇ ਸ਼ਹਿਰਾਂ ਲੁਧਿਆਣਾ, ਜਲੰਧਰ ਆਦਿ ਨਾਲ ਵੀ ਕੋਈ ਸਿੱਧਾ ਲਿੰਕ ਨਹੀਂ ਹੈ। ਬਠਿੰਡਾ ਤੋਂ ਇਨ੍ਹਾਂ ਸ਼ਹਿਰਾਂ ਲਈ ਕੋਈ ਵਲਫੇਰ ਪਾ ਕੇ ਵੀ ਕੋਈ ਸੂਟਏਬਲ ਰੇਲ ਗੱਡੀ ਨਹੀਂ ਜਾਂਦੀ। ਜੈਪੁਰ ਤੋਂ ਅੰਮ੍ਰਿਤਸਰ ਵਾਇਆ ਬਠਿੰਡਾ ਫਿਰੋਜ਼ਪੁਰ ਮੋਗਾ ਜਗਰਾਉਂ ਲੁਧਿਆਣਾ ਜਲੰਧਰ ਰਾਹੀਂ ਹਫਤੇ ’ਚ ਸਿਰਫ ਦੋ ਵਾਰ ਗੱਡੀ ਜਾਂਦੀ ਹੈ। ਬਠਿੰਡਾ ਤੋਂ ਅੰਮ੍ਰਿਤਸਰ ਸੜਕ ਦੇ ਰਸਤੇ 186 ਕਿਲੋਮੀਟਰ ਹੈ ਜਦੋਂ ਕਿ ਜਿਸ ਰਸਤੇ ਬਠਿੰਡਾ ਤੋਂ ਅੰਮ੍ਰਿਤਸਰ ਨੂੰ ਰੇਲ ਗੱਡੀ ਜਾਂਦੀ ਹੈ, ਇਸ ਰਸਤੇ ਇਹ 347 ਕਿਲੋਮੀਟਰ ਪੈ ਜਾਂਦਾ ਹੈ। ਇਸ ਤਰ੍ਹਾਂ ਬੱਸ ਸਫਰ ਨਾਲੋਂ ਜਿਥੇ ਦੂਰੀ ਲਗਪਗ ਦੁੱਗਣੀ ਪੈ ਜਾਂਦੀ ਹੈ ਉਥੇ ਉਥੇ ਕਿਰਾਇਆ ਤੇ ਸਮਾਂ ਵੀ ਲਗਪਗ ਦੁਗਣਾ ਹੀ ਲੱਗ ਜਾਂਦਾ ਹੈ ਇਸ ਲਈ ਇਸ ਰੇਲ ਗੱਡੀ ਦਾ ਵੀ ਇਲਾਕਾ ਨਿਵਾਸੀਆਂ ਨੂੰ ਕੋਈ ਫਾਇਦਾ ਨਹੀਂ ਹੈ। ਹੋਰ ਤਾਂ ਹੋਰ ਅਨੰਦਪੁਰ ਸਾਹਿਬ ਤੋਂ ਸਿਵਾਏ ਸੂਬੇ ਦਾ ਹੋਰ ਕੋਈ ਵੀ ਜਿਲ੍ਹਾ ਹੈੱਡਕੁਆਟਰ ਸੂਬੇ ਦੀ ਰਾਜਧਾਨੀ ਚੰਡੀਗੜ੍ਹ ਨਾਲ ਰੇਲ ਰਾਹੀਂ ਜੁੜਿਆ ਹੋਇਆ ਨਹੀਂ ਹੈ।

ਜਿਸ ਵੀ ਸੂਬੇ ਨਾਲ ਸਬੰਧਤ ਮੈਂਬਰ ਪਾਰਲੀਮੈਂਟ ਨੂੰ ਰੇਲਵੇ ਮੰਤਰਾਲਾ ਦਾ ਚਾਰਜ ਮਿਲਿਆ ਉਸ ਨੇ ਆਪਣੇ ਸੂਬੇ ਵਿੱਚ ਰੇਲਵੇ ਦੀ ਕਾਇਆ ਕਲਪ ਕਰ ਦਿੱਤੀ। ਸ਼੍ਰੀ ਲਾਲੂ ਪ੍ਰਸ਼ਾਦ ਬਿਹਾਰ ਤੋਂ ਅਤੇ ਸ਼੍ਰੀਮਤੀ ਮਮਤਾ ਬੈਨਰਜੀ ਪੱਛਮੀ ਬੰਗਾਲ ਤੋਂ ਖਾਸ ਜ਼ਿਕਰਯੋਗ ਨਾਮ ਹਨ ਜਿਨ੍ਹਾਂ ਨੇ ਆਪਣੇ ਆਪਣੇ ਸੂਬੇ ਲਈ ਨਵੇਂ ਰੇਲ ਲਿੰਕ, ਰੇਲਵੇ ਲਾਈਨਾਂ ਅਤੇ ਰੇਲਵੇ ਸਟੇਸ਼ਨਾਂ ਦੀ ਅਪਗਰੇਡਿੰਗ ਤੋਂ ਇਲਾਵਾ ਵਾਧੂ ਰੇਲਾਂ ਚਲਾ ਕੇ ਨਾਮਨਾ ਖੱਟਿਆ ਹੈ। ਅਜਾਦੀ ਦੇ 65 ਸਾਲਾਂ ਵਿੱਚ ਇਹ ਪਹਿਲੀ ਵਾਰ ਹੈ ਕਿ ਪੰਜਾਬ ਨਾਲ ਸਬੰਧਤ ਸ਼੍ਰੀ ਪਵਨ ਕੁਮਾਰ ਬਾਂਸਲ ਕੋਲ ਰੇਲਵੇ ਮੰਤਰਾਲਾ ਆਇਆ ਹੈ। ਇਸ ਲਈ ਸ਼੍ਰੀ ਬਾਂਸਲ ਸਾਹਿਬ ਜੀ ਤੋਂ ਇਹ ਆਸ ਕੀਤੀ ਜਾਂਦੀ ਹੈ ਕਿ ਉਹ ਪੰਜਾਬ ਨੂੰ ਜਰੂਰ ਕੋਈ ਨਾ ਕੋਈ ਤੋਹਫਾ ਦੇਣ। ਉਨ੍ਹਾਂ ਲਈ ਕਰਨ ਯੋਗ ਕੰਮ ਹੈ ਕਿ ਉਹ ਰਾਜਪੁਰਾ ਰੇਲਵੇ ਜੰਕਸ਼ਨ ਨੂੰ ਚੰਡੀਗੜ੍ਹ ਰੇਲਵੇ ਸਟੇਸ਼ਨ ਨਾਲ ਰੇਲ ਲਿੰਕ ਪਾਏ ਜਾਣ ਦਾ ਪ੍ਰੋਜੈਕਟ ਪਾਸ ਕਰਵਾ ਲੈਣ ਤਾਂ ਤਕਰੀਬਨ ਸਾਰਾ ਪੰਜਾਬ ਪ੍ਰਾਂਤ ਦੀ ਰਾਜਧਾਨੀ ਨਾਲ ਰੇਲ ਲਾਈਨ ਰਾਹੀਂ ਜੁੜ ਸਕਦਾ ਹੈ।

ਦੂਸਰਾ ਫਿਰੋਜ਼ਪੁਰ ਜਲੰਧਰ ਰੇਲ ਲਾਈਨ ’ਤੇ ਪੈਂਦੇ ਰੇਲਵੇ ਸਟੇਸ਼ਨ ਮੱਲਾਂਵਾਲਾ ਜਾਂ ਮਖੂ ਨੂੰ ਖੇਮਕਰਨ ਤੋਂ ਅੰਮ੍ਰਿਤਸਰ ਲਾਈਨ ’ਤੇ ਪੈਂਦੇ ਰੇਲਵੇ ਸਟੇਸ਼ਨਾਂ ਵਿੱਚੋਂ ਰੱਤੋਕੇ, ਵਲਟੋਹਾ, ਘਰਾਲਾ, ਬੋਪਾਰਾਏ ਜਾਂ ਪੱਟੀ ਵਿੱਚੋਂ ਸੂਟਏਬਲ ਕਿਸੇ ਇੱਕ ਸਟੇਸ਼ਨ ਨਾਲ ਬਹੁਤ ਹੀ ਛੋਟਾ ਰੇਲ ਲਿੰਕ ਪੈਣ ਨਾਲ ਬਠਿੰਡਾ ਫਿਰੋਜ਼ਪੁਰ ਅੰਮ੍ਰਿਤਸਰ ਬਹੁਤ ਘੱਟ ਰਸਤੇ ਰਾਹੀਂ ਸਿੱਧੇ ਜੁੜ ਸਕਦੇ ਹਨ ਜਿਸ ਨਾਲ ਪੰਜਾਬ ਹਰਿਆਣਾ ਰਾਜਸਥਾਨ ਦੇ ਸਾਰੇ ਮਾਲਵੇ ਇਲਾਕੇ ਦਾ ਸਿੱਖੀ ਦੇ ਕੇਂਦਰ ਅੰਮ੍ਰਿਤਸਰ ਨਾਲ ਸਿੱਧਾ ਲਿੰਕ ਜੁੜ ਸਕਦਾ ਹੈ। ਇਸ ਪ੍ਰੋਜੈਕਟ ਵਿੱਚ ਇਕੋ ਮੁਸ਼ਕਲ ਆਉਂਦੀ ਹੈ ਕਿ ਇਸ ਰਸਤੇ ਦੇ ਵਿਚਕਾਰ ਸਤਲੁਜ ਦਰਿਆ ਆਉਂਦਾ ਹੈ ਜਿਸ ’ਤੇ ਰੇਲ ਪੁਲ ਉਸਾਰਨ ਵਿੱਚ ਕੁਝ ਸਮਾਂ ਤੇ ਪੈਸਾ ਖਰਚ ਆਏਗਾ ਪਰ ਭਾਰਤ ਵਰਗੇ ਵੱਡੇ ਦੇਸ਼ ਲਈ ਇਹ ਬਹੁਤੀ ਵੱਡੀ ਗੱਲ ਨਹੀਂ ਹੈ। ਜਦ ਤੱਕ ਇਸ ਲਿੰਕ ਦੀ ਉਸਾਰੀ ਨਹੀ ਹੋ ਜਾਂਦੀ ਓਨਾਂ ਚਿਰ ਘੱਟ ਤੋਂ ਘੱਟ ਜੈਪੁਰ ਤੋ ਅੰਮ੍ਰਿਤਸਰ ਜਾਣ ਵਾਲੀ ਗੱਡੀ ਬਠਿੰਡਾ ਤੋਂ ਫਿਰੋਜ਼ਪੁਰ, ਮੋਗਾ ਜਗਰਾਉਂ ਲੁਧਿਆਣਾ ਦੇ ਰਸਤੇ ਜਾਣ ਦੀ ਥਾਂ ਇਸ ਨੂੰ ਬਠਿੰਡਾ ਧੂਰੀ ਲੁਧਿਆਣਾ ਦੇ ਰਸਤੇ ਕੀਤਾ ਜਾਵੇ ਤਾਂ ਇਸ ਨਾਲ ਵੀ ਰਸਤਾ 347 ਕਿਲੋਮੀਟਰ ਦੀ ਥਾਂ ਘਟ ਕੇ 294 ਕਿਲੋਮੀਟਰ ਰਹਿ ਜਾਵੇਗਾ ਭਾਵ 53 ਕਿਲੋਮੀਟਰ ਘਟ ਜਾਵੇਗਾ। ਇਸ ਨਾਲ ਬਠਿੰਡਾ ਬਰਨਾਲਾ ਇਲਾਕੇ ਨੂੰ ਫਾਇਦਾ ਪਹੁੰਚ ਸਕਦਾ ਹੈ ਤੇ ਇਹ ਗੱਡੀ ਹਫਤੇ ਵਿੱਚ ਦੋ ਵਾਰ ਦੀ ਥਾਂ ਰੋਜ਼ਾਨਾ ਕੀਤੀ ਜਾਵੇ।


Disclaimer: Khalsanews.org does not necessarily endorse the views and opinions voiced in the news। articles। audios । videos or any other contents published on www.khalsanews.org and cannot be held responsible for their views.  Read full details....

Go to Top