Share on Facebook

Main News Page

ਧਰਮ ਦੇ ਨਾਂਅ ’ਤੇ ਮਨੁੱਖ ਦੀ ਲੁੱਟ ਮੁੱਢ-ਕਦੀਮ ਤੋਂ ਲੈ ਕੇ ਅੱਜ ਵੀ ਨਿਰੰਤਰ ਜਾਰੀ
- ਭਾਈ ਪੰਥਪ੍ਰੀਤ ਸਿੰਘ

* ਮੋਰਾਂ ਨਾਚੀ ਬਦਲੇ ਮਹਾਰਾਜਾ ਰਣਜੀਤ ਸਿੰਘ ਤਲਬ ਪਰ ਅੱਜ ਜੱਥੇਦਾਰ ਚੁੱਪ ਕਿਉਂ?
* ਰਵਰ-ਸ਼ਰਾਪ ਤੇ ਡਰ ਜੋਤਸ਼ੀਆਂ ਤੇ ਡੇਰੇਦਾਰਾਂ ਵੱਲੋਂ ਮਨੁੱਖੀ ਲੁੱਟ ਦਾ ਨਵਾਂ ਰਾਹ!!
* ਗੋਲਕਾਂ ਦਾ ਪੈਸਾ ਸੰਗਮਰਮਰ ਦੀ ਬਜਾਇ, ਹੋਣਹਾਰ ਵਿਦਿਆਰਥੀਆਂ ਦੀ ਪੜਾਈ ’ਤੇ ਖਰਚੋ!!

ਕੋਟਕਪੂਰਾ, 25 ਫਰਵਰੀ (ਗੁਰਿੰਦਰ ਸਿੰਘ) :- ਮੋਰਾਂ ਨਾਚੀ ਦਾ ਨਾਚ ਦੇਖਣ ਬਦਲੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਤਲਬ ਕਰਕੇ ਚਿਤਾਵਨੀ ਦਿੱਤੀ ਕਿ ਸਿੱਖਾਂ ਨੂੰ ਲੜਕੀਆਂ ਦੇ ਨਾਚ ਦੇਖਣੇ ਸ਼ੋਭਾ ਨਹੀਂ ਦਿੰਦੇ, ਪਰ ਅੱਜ ਖੇਡਾਂ ਦੇ ਨਾਂਅ ’ਤੇ ਕਰੋੜਾਂ ਰੁਪਿਆ ਖਰਚ ਕੇ ਕੈਟਰੀਨਾ ਕੈਫ਼ ਵਰਗੀਆਂ ਪਰੀਆਂ ਦੇ ਨਾਚ ਕਰਵਾਏ ਜਾ ਰਹੇ ਹਨ। ਇਸ ਦੇ ਬਾਵਜੂਦ ਆਮ ਜਨਤਾ ਭਾਵੇਂ ਕੁਝ ਨਾ ਬੋਲੇ, ਅਕਾਲੀ ਆਗੂ ਭਾਵੇਂ ਕੰਨਾਂ ’ਚ ਰੂੰ ਪਾ ਕੇ ਬੈਠੇ ਰਹਿਣ, ਪਰ ਤਖ਼ਤਾਂ ਦੇ ਜੱਥੇਦਾਰਾਂ ਦੀ ਚੁੱਪ ਹੈਰਾਨੀਜਨਕ ਸਿੱਧ ਹੋ ਰਹੀ ਹੈ।

ਉਕਤ ਸ਼ਬਦਾਂ ਦਾ ਪ੍ਰਗਟਾਵਾ ਪੰਥਕ ਵਿਦਵਾਨ ਤੇ ਸਿੱਖ ਚਿੰਤਕ ਭਾਈ ਪੰਥਪ੍ਰੀਤ ਸਿੰਘ ਖਾਲਸਾ ਨੇ ਨੇੜਲੇ ਪਿੰਡ ਵਾੜਾਦਰਾਕਾ ਵਿਖੇ 3 ਰੋਜ਼ਾ ਧਾਰਮਿਕ ਦੀਵਾਨਾਂ ਦੇ ਪਹਿਲੇ ਦਿਨ ਗੁਰਬਾਣੀ ਦੀਆਂ ਵਿਚਾਰਾਂ ਕਰਦਿਆਂ ਕੀਤਾ। ਉਨਾਂ ਇਤਿਹਾਸ ਦੇ ਪੰਨੇ ਫਰੋਲਦਿਆਂ ਦੱਸਿਆ ਕਿ ਮੁਸਲਿਮ ਔਰਤ ਬਾਨੋ ਬੇਗਮ ਅਤੇ ਹਿੰਦੂ ਲੜਕੀ ਸ਼ਰਨੀ ਨੂੰ ਗੁੰਡਿਆਂ ਵੱਲੋਂ ਅਗਵਾ ਕਰਕੇ ਲਿਜਾਣ ਅਤੇ ਹਰੀ ਸਿੰਘ ਨਲੂਏ ਦੇ ਜੈਕਾਰੇ ਤੋਂ ਬਾਅਦ ਸਿੰਘਾਂ ਵੱਲੋਂ ਉਕਤ ਦੋਨੋਂ ਲੜਕੀਆਂ ਨੂੰ ਸੁਰੱਖਿਅਤ ਗੁੰਡਿਆਂ ਦੇ ਕਬਜ਼ੇ ’ਚੋਂ ਛੁਡਾ ਕੇ ਉਨਾਂ ਘਰ ਪਹੁੰਚਾਉਣ ਦੀਆਂ ਸੱਚੀਆਂ ਕਹਾਣੀਆਂ ਕੋਈ ਬਹੁਤੀਆਂ ਪੁਰਾਣੀਆਂ ਨਹੀਂ ਪਰ ਅੱਜ ਗੈਰਾਂ ਦੀਆਂ ਔਰਤਾਂ ਨਿਲਾਮ ਹੋਣ ਤੋਂ ਬਚਾਉਣ ਦਾ ਇਤਿਹਾਸ ਸਿਰਜਣ ਵਾਲੀ ਸਿੱਖ ਕੌਮ ’ਚ ਘੁਸਪੈਠ ਕਰ ਚੁੱਕੇ ਭੇੜੀਏ ਨਬਾਲਗ ਲੜਕੀਆਂ ਨੂੰ ਦਿਨ-ਦਿਹਾੜੇ ਅਗਵਾ ਕਰ ਰਹੇ ਹਨ ਤੇ ਆਪਣੀ ਸਕੀ ਧੀ ਦੀ ਪੱਤ ਬਚਾਉਣ ਵਾਲੇ ਪਿਓ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰਿਆ ਜਾ ਰਿਹਾ ਹੈ।

ਉਨਾਂ ਪੰਜਾਬ ’ਚ ਫੈਲ ਰਹੀ ਲੱਚਰ ਗਾਇਕੀ ਨੂੰ ਏਜੰਸੀਆਂ ਦੀ ਕਾਢ ਦੱਸਦਿਆਂ ਕਿਹਾ ਕਿ ਲੱਚਰ ਤੇ ਅਸ਼ਲੀਲ ਗਾਇਕੀ ਨਾਲ ਸਾਡੇ ਨੌਜਵਾਨਾਂ ਦੀ ਅਣਖ ਤੇ ਗੈਰਤ ਨੂੰ ਖਤਮ ਕੀਤਾ ਜਾ ਰਿਹਾ ਹੈ, ਤੇ ਸਿੱਖ ਕੌਮ ਦੀ ਨਸਲਕੁਸ਼ੀ ਦੀਆਂ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਹਨ। ਗੁਰਬਾਣੀ ਦੀਆਂ ਵੱਖ-ਵੱਖ ਪੰਗਤੀਆਂ ਦੀਆਂ ਮਿਸਾਲਾਂ ਦਿੰਦਿਆਂ ਉਨਾਂ ਦੱਸਿਆ ਕਿ ਗੁਰੂਆਂ ਨੇ ਗੁਰਬਾਣੀ ’ਚ ਕਈ ਜਗਾ ਝੂਠ ਦੇ ਹਵਾਲੇ ਦੇ ਕੇ ਪਿੱਛੇ ਉਨਾਂ ਨੂੰ ਦਲੀਲਾਂ ਨਾਲ ਰੱਦ ਕਰਕੇ ਸਾਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਕਈ ਅਣਭੋਲ ਸੰਗਤਾਂ ਉਨਾਂ ਝੂਠੇ ਹਵਾਲਿਆਂ ਨੂੰ ਹੀ ਗੁਰਮਤਿ ਮੰਨ ਲੈਂਦੀਆਂ ਹਨ ਤੇ ਇਸ ਤਰਾਂ ਡੇਰੇਦਾਰਾਂ, ਪਖੰਡੀਆਂ, ਤਾਂਤਰਿਕਾਂ ਅਤੇ ਬੂਬਨੇ ਸਾਧਾਂ ਨੂੰ ਆਮ ਸੰਗਤਾਂ ਦੀ ਲੁੱਟ ਕਰਨ ਦਾ ਮੌਕਾ ਮਿਲ ਜਾਂਦਾ ਹੈ।

ਸ਼ਬਦ ਗੁਰੂ ਚੇਤਨਾ ਸਮਾਗਮ ਦੇ ਪਹਿਲੇ ਦਿਨ ਭਾਈ ਪਰਮਿੰਦਰ ਸਿੰਘ ਪਾਰਸ ਦੇ ਢਾਡੀ ਜੱਥੇ ਨੇ ਸ਼ਹੀਦਾਂ ਦੀਆਂ ਜੋਸ਼ੀਲੀਆਂ ਵਾਰਾਂ ਪੇਸ਼ ਕਰਕੇ ਆਪਣੀ ਹਾਜ਼ਰੀ ਲਵਾਈ, ਉਪਰੰਤ ਪੰਥਪ੍ਰੀਤ ਸਿੰਘ ਖਾਲਸਾ ਨੇ ਤਨ ਤੇ ਮਨ ਦੀ ਵੱਖੋ-ਵੱਖਰੀ ਦਸ਼ਾ ਦਾ ਵਿਖਿਆਣ ਕਰਦਿਆਂ ਦੱਸਿਆ ਕਿ ਗੁਰੂ ਦੀ ਹਜ਼ੂਰੀ ’ਚ ਤਨ ਦੀ ਹਾਜ਼ਰੀ ਨਹੀਂ ਬਲਕਿ ਮਨ ਦੀ ਹਾਜ਼ਰੀ ਲੱਗਣੀ ਹੈ, ਕਿਉਂਕਿ ਗੁਰਦਵਾਰਾ ਸਾਹਿਬ ਗੁਰੂ ਦੀ ਪਾਠਸ਼ਾਲਾ ਹੈ ਤੇ ਗੁਰੂ ਦਾ ਹੁਕਮ ਅਰਥਾਤ ਬਚਨ ਮੰਨਣਾ ਸਾਡਾ ਮੁੱਢਲਾ ਫਰਜ਼ ਹੈ। ਉਨਾਂ ਵੱਖ-ਵੱਖ ਤੀਰਥਾਂ ’ਤੇ ਇਸ਼ਨਾਨ ਕਰਨ ਨਾਲ ਜੋੜ ਕੇ ਬਾਬੇ ਨਾਨਕ ਦੀਆਂ ਪੰਗਤੀਆਂ ਦਾ ਹਵਾਲਾ ਦਿੰਦਿਆਂ ਦੱਸਿਆ ਕਿ ਤਨ ਦਾ ਇਸ਼ਨਾਨ ਧਰਮ ਨਹੀਂ, ਕਿਉਂਕਿ ਸਰੀਰਕ ਇਸ਼ਨਾਨ ਨਾਲ ਤਨ ਦੀ ਮੈਲ ਤਾਂ ਦੂਰ ਹੋ ਸਕਦੀ ਹੈ ਪਰ ਕੀਤੇ ਪਾਪਾਂ ਦੀ ਮੈਲ ਦੂਰ ਨਹੀਂ ਹੋ ਸਕਦੀ, ਕਿਉਂਕਿ ਮਨ ਦੀ ਮੈਲ ਗੁਰਬਾਣੀ ਨਾਲ ਹੀ ਧੋਤੀ ਜਾ ਸਕਦੀ ਹੈ।

ਉਨਾਂ ਤਨ ਦਾ ਇਸ਼ਨਾਨ ਪਾਣੀ ਨਾਲ ਅਤੇ ਮਨ ਦਾ ਇਸ਼ਨਾਨ ਬਾਣੀ ਨਾਲ ਕਰਨ ਦੀਆਂ ਦਲੀਲਾਂ ਦੇ-ਦੇ ਕੇ ਮਿਸਾਲਾਂ ਦਿੰਦਿਆਂ ਦੱਸਿਆ ਕਿ ਸਰੀਰਕ ਇਸ਼ਨਾਨ ਨਾਲ ਸਿਰਫ਼ ਸਰੀਰ ਸਾਫ ਹੁੰਦੈ ਪਰ ਜਦੋਂ ਮਨ ਨਿਰਮਲ ਹੋ ਜਾਂਦਾ ਹੈ ਤਾਂ ਅੱਖਾਂ ਬੁਰਾ ਨਹੀਂ ਤੱਕਦੀਆਂ, ਕੰਨ ਗਲਤ ਨਹੀਂ ਸੁਣਦੇ, ਹੱਥ-ਪੈਰ ਆਦਿਕ ਮਾੜਾ ਕੰਮ ਨਹੀਂ ਕਰਦੇ। ਉਨਾਂ ਕਿਹਾ ਕਿ ਤਨ ਉੱਤੇ ਧਰਮ ਦਾ ਲੇਬਲ ਲਾ ਕੇ ਕੋਈ ਧਰਮੀ ਨਹੀਂ ਬਣ ਜਾਂਦਾ। ਕਿਉਂਕਿ ਬਾਬੇ ਨਾਨਕ ਨੇ ਸਪਸ਼ਟ ਕੀਤਾ ਹੈ ਕਿ ਇਥੇ ਪ੍ਰਮਾਤਮਾ ਤੋਂ ਬਿਨਾਂ ਕਿਸੇ ਦੇਵੀ-ਦੇਵਤੇ ਦਾ ਕੋਈ ਹੁਕਮ ਨਹੀਂ ਚੱਲਦਾ। ਵਰ-ਸ਼ਰਾਪ ਜਾਂ ਡਰ ਤਾਂ ਐਵੇ ਜੋਤਸ਼ੀਆਂ ਤੇ ਸਾਧਾਂ ਨੇ ਸੰਗਤ ਦੀ ਲੁੱਟ ਕਰਨ ਲਈ ਬਣਾਏ ਹਨ। ਗੁਰਦਵਾਰਿਆਂ ਲਈ ਸੋਨੇ ਦੀ ਸੇਵਾ ਮੰਗਣ ਵਾਲਿਆਂ ’ਤੇ ਟਿੱਪਣੀ ਕਰਦਿਆਂ ਉਨਾਂ ਦੱਸਿਆ ਕਿ ਸੋਨੇ ਦੀ ਸੇਵਾ ’ਚ ਕੁੰਡੀ ਚੰਗੀ ਲੱਗ ਜਾਂਦੀ ਹੈ। ਉਨਾਂ ਪਿਛਲੇ ਦਿਨੀਂ ਕੁਝ ਲੋਕਾਂ ਵੱਲੋਂ ਪਾਕਿਸਤਾਨ ’ਚ ਲਿਜਾਈ ਗਈ ਸੋਨੇ ਦੀ ਪਾਲਕੀ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਉਸ ’ਚ ਕਰੋੜਾਂ ਰੁਪੈ ਦਾ ਘਪਲਾ ਹੋਇਆ, ਕੁਝ ਦਿਨ ਚਰਚਾ ਚੱਲੀ ਤੇ ਫਿਰ ਮਾਮਲਾ ਠੱਪ! ਉਨਾਂ ਦੱਸਿਆ ਕਿ ਜਿਸ ਦਿਨ ਸਿੱਖ ਕੌਮ ਦੇ ਆਗੂ ਗੋਲਕਾਂ ਦਾ ਪੈਸਾ ਸੰਗਮਰਮਰ ਤੇ ਸੋਨੇ ਉੱਪਰ ਖਰਚ ਕਰਨ ਦੀ ਬਜਾਇ ਹੋਣਹਾਰ ਵਿਦਿਆਰਥੀ/ਵਿਦਿਆਰਥਣਾਂ ਦੀਆਂ ਪੜ•ਾਈ ’ਤੇ ਖਰਚ ਕਰਨਗੇ ਤਾਂ ਉਸ ਦਿਨ ਕੌਮ ’ਚ ਨਵਾਂ ਇਨਕਲਾਬ ਪੈਦਾ ਹੋਣਾ ਸੁਭਾਵਿਕ ਹੈ। ਉਨਾਂ ਅਫਸੋਸ ਜ਼ਾਹਰ ਕੀਤਾ ਕਿ ਧਰਮ ਦੇ ਨਾਂਅ ’ਤੇ ਆਮ ਮਨੁੱਖ ਦੀ ਲੁੱਟ ਮੁੱਢ-ਕਦੀਮ ਤੋਂ ਹੁੰਦੀ ਆਈ ਹੈ, ਜੋ ਅੱਜ ਵੀ ਨਿਰੰਤਰ ਜਾਰੀ ਹੈ।
 


Disclaimer: Khalsanews.org does not necessarily endorse the views and opinions voiced in the news। articles। audios । videos or any other contents published on www.khalsanews.org and cannot be held responsible for their views.  Read full details....

Go to Top