Share on Facebook

Main News Page

ਬਲਵਿੰਦਰ ਸਿੰਘ ਰੰਗੀਲੇ ਦੀ ਇਕ ਹੋਰ ਗੱਪ ਦੇ ਕਰੋ ਦਰਸ਼ਨ, ਅਖੇ 'ਰਾਮ ਰਾਮ ਕਹਿੰਦੀ ਹੋਈ ਗੁੱਜਰੀ ਪਾਣੀ ਤੇ ਤੁਰ ਪਈ ਤੇ ਨਦੀ ਪਾਰ ਕਰ ਗਈ'

* ਇਸ ਤਰਾਂ ਦੀਆਂ ਕਹਾਣੀਆਂ ਸੁਣਾ ਕੇ ਹਾਸੇ ਦਾ ਮਾਹੌਲ ਸਿਰਜਣਾ, ਕੀਰਤਨ ਵਿਚ ਪ੍ਰਵਾਨ ਨਹੀਂ - ਪ੍ਰਿੰ. ਸੁਰਿੰਦਰ ਸਿੰਘ

ਅਨੰਦਪੁਰ ਸਾਹਿਬ, 23 ਫਰਵਰੀ (ਸੁਰਿੰਦਰ ਸਿੰਘ ਸੋਨੀ) ਸਤਿਗੁਰੂ ਜੀ ਦੀ ਪਾਵਨ ਬਾਣੀ ਸੁਚੱਜੀ ਜੀਵਨ ਜਾਂਚ ਹੈ ਜਿਸਨੂੰ ਧਾਰਨ ਕਰਕੇ ਕੋਈ ਵੀ ਇਨਸਾਨ ਆਪਣੀ ਜਿੰਦਗੀ ਵਧੀਆ ਢੰਗ ਨਾਲ ਗੁਜਾਰ ਸਕਦਾ ਹੈ ਪਰ ਸਾਡੀ ਕੌਮ ਦੇ ਕੁੱਝ ਇਕ ਰਾਗੀ ਇਸ ਪਾਵਨ ਬਾਣੀ ਦੇ ਮਨਭਾਉਂਦੇ ਅਰਥ ਕਰਕੇ ਇਸਨੂੰ ਲੋਕਾਂ ਵਿਚ ਹੱਸੇ ਠੱਠੇ ਦਾ ਕਾਰਨ ਬਣਾ ਦਿੰਦੇ ਹਨ। ਅਨੰਦਪੁਰ ਸਾਹਿਬ ਦੇ ਨੇੜੇ ਸੰਗੀਤ ਅਕੈਡਮੀ ਚਲਾ ਰਹੇ ਕੌਮ ਵਿਚ ਪ੍ਰਸਿੱਧੀ ਪ੍ਰਾਪਤ ਰਾਗੀ ਦੀ ਇੰਟਰਨੈਟ ਵਿਚ ਪਈ ਇਕ ਵੀਡੀਉ ਮੁਤਾਬਕ ਗੁਰਬਾਣੀ ਦੇ ਪਾਵਨ ਸ਼ਬਦ ‘‘ਰਾਮ ਰਾਮ ਕਰਤਾ ਸਭਿ ਜਗਿ ਫਿਰਹਿ,ਰਾਮ ਨਾ ਪਾਇਆ ਜਾਇ’’ ਦੀ ਵਿਆਖਿਆ ਕਰਦਿਆਂ ਰਾਗੀ ਨੇ ਕਿਹਾ ਕਿ ਇਕ ਗੁੱਜਰੀ ਦੁੱਧ ਦੇਣ ਆਉਂਦੀ ਸੀ ਤੇ ਰਸਤੇ ਵਿਚ ਉਸਨੂੰ ਇਕ ਨਦੀ ਪੈਂਦੀ ਸੀ। ਉਸ ਗੁੱਜਰੀ ਨੇ ਸੁਣਿਆ ਸੀ ਕਿ ਰਾਮ ਰਾਮ ਕਹਿੰਦਿਆਂ ਸਮੁੰਦਰ ਤੋ ਪਾਰ ਹੋ ਜਾਈਦਾ ਹੈ। ਇਸ ਲਈ ਉਹ ਨਦੀ ਪਾਰ ਕਰਨ ਲੱਗਿਆਂ ਰਾਮ ਰਾਮ ਕਹਿੰਦੀ ਪਾਣੀ ਤੇ ਤੁਰਨ ਲਗ ਪੈਂਦੀ ਤੇ ਪਾਰ ਹੋ ਜਾਂਦੀ। ਉਸਨੂੰ ਇਸ ਤਰਾਂ ਨਦੀ ਪਾਰ ਕਰਦਿਆਂ ਦੇਖ ਕੇ ਇਕ ਦਿਨ ਪੰਡਿਤ ਜੀ ਵੀ ਨਦੀ ਪਾਰ ਕਰਨ ਲੱਗੇ ਪਰ ਉਸ ਦੇ ਮਨ ਵਿਚ ਸ਼ਰਧਾ ਨਹੀਂ ਸੀ ਇਸ ਲਈ ਉਹ ਡੁੱਬਕੀਆਂ ਮਾਰਨ ਲੱਗ ਪਿਆ।

ਅੱਗੇ ਰਾਗੀ ਜੀ ਨੇ ਹੋਰ ਵਿਆਖਿਆ ਕਰਦਿਆਂ ਕਿਹਾ ਕਿ ਇਕ ਗੁਰੂ ਨੇ ਆਪਣੇ ਚੇਲੇ ਨੂੰ ਕਿਹਾ ਕਿ ਅੱਜ ਬਰਸਾਤ ਬਹੁਤ ਪੈ ਰਹੀ ਹੈ,ਛੱਤ ਚੋਣ ਦਾ ਡਰ ਹੈ ਇਸ ਲਈ ਛੱਤ ਤੇ ਚੜ ਕੇ ਛੱਪਰ ਠੀਕ ਕਰ ਦੇ। ਚੇਲੇ ਨੇ ਉਸਦਾ ਕਹਿਣਾ ਨਾ ਮੰਨਿਆ ਤੇ ਬਹਾਨੇ ਲਾਉਣ ਲੱਗ ਪਿਆ। ਗੁਰੂ ਨੇ ਆਪ ਹੀ ਛੱਤ ਠੀਕ ਕਰ ਦਿੱਤੀ। ਮੀਂਹ ਹਟ ਗਿਆ ਤਾਂ ਗੁਰੂ ਨੇ ਕਿਹਾ ਕਿ ਜੰਗਲ ਵਿਚ ਜਾ ਕੇ ਲੱਕੜਾਂ ਲੈ ਆ ਤੇ ਲੰਗਰ ਤਿਆਰ ਕਰ ਲੈ, ਚੇਲੇ ਨੇ ਇਹ ਕਹਿਣਾ ਵੀ ਨਾ ਮੰਨਿਆ। ਗੁਰੂ ਨੇ ਆਪ ਹੀ ਜੰਗਲ ਚੋ ਲੱਕੜਾਂ ਲੈ ਆਉਂਦੀਆਂ ਤੇ ਲੰਗਰ ਤਿਆਰ ਕਰ ਦਿਤਾ। ਤੀਸਰੀ ਵਾਰ ਗੁਰੂ ਨੇ ਚੇਲੇ ਨੂੰ ਕਿਹਾ ਕਿ ਹੁਣ ਲੰਗਰ ਛਕ ਲੈ। ਇਸ ਤੇ ਚੇਲੇ ਨੇ ਕਿਹਾ ਕਿ 2 ਵਾਰ ਤੁਹਾਡਾ ਕਹਿਣਾ ਮੋੜ ਦਿਤਾ ਹੈ ਜੇ ਤੀਜੀ ਵਾਰ ਕਹਿਣਾ ਨਾ ਮੰਨਿਆ ਤਾਂ ਘੋਰ ਪਾਪ ਹੋ ਜਾਵੇਗਾ। ਇਸ ਲਈ ਕਹਿਣਾ ਮੰਨਦੇ ਹੋਏ ਉਹ ਰੋਟੀ ਖਾਣ ਲਗ ਪਿਆ। ਇਸ ਤਰਾਂ ਦੀਆਂ ਕਹਾਣੀਆਂ ਸੁਣਾ ਕੇ ਕੌਮ ਦੇ ਇਹ ਰਾਗੀ ਕਿਸ ਤਰਾਂ ਦਾ ‘‘ਧਰਮ ਪ੍ਰਚਾਰ’’ ਕਰ ਰਹੇ ਹਨ ਇਸ ਦਾ ਅੰਦਾਜਾ ਸਹਿਜੇ ਹੀ ਲਗਾਇਆ ਜਾ ਸਕਦਾ ਹੈ।

ਇਸ ਬਾਰੇ ਹਲਕਾ ਅਨੰਦਪੁਰ ਸਾਹਿਬ ਦੇ ਸ਼੍ਰੋਮਣੀ ਕਮੇਟੀ ਮੈਂਬਰ ਪ੍ਰਿੰਸੀਪਲ ਸੁਰਿੰਦਰ ਸਿੰਘ ਨੇ ਕਿਹਾ ਕਿ ਪਾਵਨ ਗੁਰਬਾਣੀ ਦੇ ਇਸ ਤਰਾਂ ਦੇ ਅਰਥ ਕਰਨੇ ਕਿਸੇ ਵੀ ਤਰਾਂ ਜਾਇਜ ਨਹੀਂ ਮੰਨੇ ਜਾ ਸਕਦੇ। ਉਨਾਂ ਕਿਹਾ ਕਿ ਸਿੱਖ ਧਰਮ ਇਕ ਵਿਗਿਆਨਕ ਧਰਮ ਹੈ ਤੇ ਇਸ ਤਰਾਂ ਦੀਆਂ ਮਨਘੜਤ ਕਹਾਣੀਆਂ ਦਾ ਸਿੱਖ ਧਰਮ ਨਾਲ ਕੋਈ ਸਬੰਧ ਨਹੀਂ। ਉਨਾਂ ਕਿਹਾ ਕਿ ਸਿੱਖ ਇਤਹਾਸ ਤੇ ਸ਼ਬਦ ਗੁਰੂ ਦੀ ਪਾਵਨ ਵਿਚਾਰਧਾਰਾ ਦੇ ਮੁਤਾਬਿਕ ਕੋਈ ਦਲੀਲ ਜਾਂ ਉਦਾਹਰਣ ਦਿਤੀ ਜਾ ਸਕਦੀ ਹੈ ਪਰ ਇਸ ਤਰਾਂ ਦੀਆਂ ਕਹਾਣੀਆਂ ਸੁਣਾ ਕੇ ਹਾਸੇ ਠੱਠੇ ਵਾਲਾ ਮਹੋਲ ਸਿਰਜਣਾ ਕੀਰਤਨ ਵਿਚ ਪ੍ਰਵਾਨ ਨਹੀਂ ਹੈ।


Disclaimer: Khalsanews.org does not necessarily endorse the views and opinions voiced in the news। articles। audios । videos or any other contents published on www.khalsanews.org and cannot be held responsible for their views.  Read full details....

Go to Top