Share on Facebook

Main News Page

ਪ੍ਰੋਫੈਸਰ ਭੁੱਲਰ, ਭਾਈ ਰਾਜੋਆਣਾ ਸਿੱਖ ਕੌਮ ਦੇ ਨਾਇਕਾਂ ਵਿੱਚ ਸ਼ਾਮਲ ਹਨ, ਇਹਨਾਂ ਨੂੰ ਫਾਂਸੀ ਲਗਾ ਕੇ ਸੁੱਤੀਆਂ ਕਲਾਂ ਨਾ ਜਗਾਈਆਂ ਜਾਣ
-
ਗੁਰੂ ਗ੍ਰੰਥ ਦਾ ਖ਼ਾਲਸਾ ਪੰਥ

* ਕਦੇ ਵੀ ਖ਼ੂਨ ਦੇ ਦਾਗ਼, ਖ਼ੂਨ ਨਾਲ ਧੋਤੇ ਨਹੀਂ ਜਾਣਗੇ

ਬਠਿੰਡਾ, 27 ਫਰਵਰੀ (ਕਿਰਪਾਲ ਸਿੰਘ): ਪ੍ਰੋਫੈਸਰ ਭੁੱਲਰ, ਭਾਈ ਰਾਜੋਆਣਾ ਸਿੱਖ ਕੌਮ ਦੇ ਨਾਇਕਾਂ ਵਿੱਚ ਸ਼ਾਮਲ ਹਨ, ਇਹਨਾਂ ਨੂੰ ਫਾਂਸੀ ਲਗਾ ਕੇ ਸੁੱਤੀਆਂ ਕਲਾਂ ਨਾ ਜਗਾਈਆਂ ਜਾਣ। ਇਹ ਸ਼ਬਦ ਗੁਰੂ ਗ੍ਰੰਥ ਦਾ ਖ਼ਾਲਸਾ ਪੰਥ ਦੇ ਦਫਤਰ ਸਕੱਤਰ ਮਨਜੀਤ ਸਿੰਘ ਖ਼ਾਲਸਾ ਵੱਲੋਂ ਈਮੇਲ ਰਾਹੀਂ ਭੇਜੇ ਗਏ ਇੱਕ ਪ੍ਰੈੱਸ ਨੋਟ ਵਿੱਚ ਕਹੇ। ਉਨ੍ਹਾਂ ਕਿਹਾ ਕਿ ਗੁਰੂ ਗ੍ਰੰਥ ਦੇ ਖ਼ਾਲਸਾ ਪੰਥ, ਵਿਸ਼ਵ ਚੇਤਨਾ ਲਹਿਰ ਦੇ ਪ੍ਰਧਾਨ ਪ੍ਰੋ: ਦਰਸ਼ਨ ਸਿੰਘ ਖ਼ਾਲਸਾ ਦੀ ਪ੍ਰਧਾਨਗੀ ਹੇਠ ਇਸ ਦੀ ਕੇਂਦਰੀ ਪੰਚਾਇਤ ਦੀ ਇੱਕ ਮੀਟਿੰਗ ਹੋਈ ਜਿਸ ਵਿੱਚ ਹੋਰਨਾਂ ਤੋਂ ਇਲਾਵਾ ਇਸ ਦੇ ਦੋਵੇਂ ਉਪ ਪ੍ਰਧਾਨ ਭਾਈ ਗੁਰਤੇਜ ਸਿੰਘ ਸਾਬਕਾ IAS ਅਤੇ ਭਾਈ ਰਜਿੰਦਰ ਸਿੰਘ ਖ਼ਾਲਸਾ ਹਾਜਰ ਸਨ।

ਇਸ ਮੀਟਿੰਗ ਵਿੱਚ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਫਾਂਸੀ ਦੀ ਅਫਵਾਹ ਦੇ ਮੱਦੇ ਨਜ਼ਰ ਗੁਰੂ ਗ੍ਰੰਥ ਦੇ ਖ਼ਾਲਸਾ ਪੰਥ, ਵਿਸ਼ਵ ਚੇਤਨਾ ਲਹਿਰ ਵਲੋਂ ਪਾਸ ਕੀਤੇ ਮਤੇ ’ਚ ਕਿਹਾ ਗਿਆ ਕਿ ਹੈਰਾਨੀ ਅਤੇ ਦੁੱਖ ਦੀ ਗੱਲ ਹੈ, ਕਿ ਭਾਈ ਦਵਿੰਦਰਪਾਲ ਸਿੰਘ ਭੁੱਲਰ ਓਸ ਸਿੱਖ ਕੌਮ ਦਾ ਸਿਆਸੀ ਨੇਤਾ ਹੈ ਜਿਸ ਨੂੰ ਮਲੀਆ ਮੇਟ ਕਰਨ ਦੀਆਂ ਸਾਜਿਸ਼ਾਂ ਓਹੀ ਲੋਕ ਕਰ ਰਹੇ ਹਨ, ਜਿਨ੍ਹਾਂ ਨੂੰ ਇਸਦੇ ਅਨਿਆਂ ਵਿਰੁਧ ਅਤੇ ਮਨੁੱਖੀ ਹੱਕਾਂ ਲਈ ਜੂਝਣ ਦੇ ਖਾਸੇ ਨੇ ਸਭ ਤੋਂ ਵੱਧ ਫਾਇਦਾ ਪਹੁੰਚਾਇਆ ਹੈ।

ਮਤੇ ਵਿਚ ਅੱਗੇ ਕਿਹਾ ਗਿਆ ਕਿ ਹਿੰਦੂਤਵ ਦੇ ਫਲਸਫੇ ਨੂੰ ਲਾਗੂ ਕਰਕੇ ਦੂਸਰੀਆਂ ਕੌਮਾਂ ਅਤੇ ਘਟਗਿਣਤੀਆਂ ਨੂੰ ਗੁਲਾਮ ਬਣਾ ਕੇ ਰੱਖਣ ਦੀ ਕੂਟਨੀਤੀ ਵਿਸ਼ਵ ਵਿਆਪੀ ਸਿਆਸੀ ਚੇਤਨਾ ਦੇ ਵਿਰੋਧ ਵਿੱਚ ਤਾਂ ਹੈ ਹੀ, ਇਹ ਭਾਰਤੀ ਸੰਵਿਧਾਨ ਨੂੰ ਵੀ ਪੈਰਾਂ ਹੇਠ ਰੋਲਣ ਦੀ ਕਿਰਿਆ ਸਿੱਧ ਹੋ ਰਹੀ ਹੈ। ਹਿੰਦੋਸਤਾਨ ਦੀ ਨਿਆਂ ਪਾਲਿਕਾ ਨੂੰ, ਬਹੁਗਿਣਤੀ ਦੀ ਸਮੂਹਿਕ ਚੇਤਨਾ ਨੂੰ ਰੱਜ ਪ੍ਰਦਾਨ ਕਰਨ ਦਾ ਫਿਕਰ ਜ਼ਿਆਦਾ ਹੈ, ਕਾਨੂੰਨ ਅਨੁਸਾਰ ਨਿਆਂ ਕਰਨ ਦਾ ਬਹੁਤ ਘੱਟ। ਸਨੇ-ਸਨੇ ਇਹ ਫਿਤਰਤ ਇਸ ਨੂੰ ਮਹਾਂਕਾਲੀ ਦਾ ਖੱਪਰ ਘਟਗਿਣਤੀਆਂ ਅਤੇ ਦੂਜੀਆਂ ਕੌਮਾਂ ਦੇ ਖ਼ੂਨ ਨਾਲ ਭਰਨ ਦੀ ਚੇਸ਼ਟਾ ਵੱਲ ਘਸੀਟ ਰਹੀ ਹੈ। ਇਸ ਔਰੰਗਜ਼ੇਬੀ ਫੁਰਮਾਨ ਨੂੰ ਲਾਗੂ ਕਰਨ ਲਈ ਹਿੰਦੋਸਤਾਨ ਦੀਆਂ ਦੋ ਪ੍ਰਮੁਖ ਸਿਆਸੀ ਜਮਾਤਾਂ ਕਾਂਗਰਸ ਅਤੇ ਭਾਜਪਾ ਆਪਣੇ ਪਿਛਲੱਗਾਂ ਸਮੇਤ ਪੱਬਾਂ ਭਾਰ ਹੋਈ ਨਜ਼ਰ ਆਉਂਦੀ ਹੈ। ਤਾਂ ਹੀ ਇਹ ਵਿਨਾਸ਼ ਕਾਲ ਦੀਆਂ ਕਨਸੋਆਂ ਫਿਜ਼ਾ ਵਿੱਚ ਭੈਰਵੀ ਬਣ ਕਿਲਕਾਰੀਆਂ ਮਾਰਦੀਆਂ ਨਜ਼ਰ ਆ ਰਹੀਆਂ ਹਨ। ਮੁਕੰਮਲ ਤੌਰ ਉੱਤੇ ਨਿਰਦੋਸ਼ ਭਾਈ ਕਿਹਰ ਸਿੰਘ ਨੂੰ ਫਾਹੇ ਲਾ ਕੇ ਬਹੁਗਿਣਤੀ ਦੀ ਸਮੂਹਿਕ ਚੇਤਨਾ ਨੂੰ ਧਰਵਾਸ ਨਹੀਂ ਮਿਲਿਆ ਬਲਕਿ ਬਲੀਦਾਨ ਲੈਣ ਦੀ ਅਮਾਨਵੀ ਭੁੱਖ ਹੋਰ ਚਮਕੀ ਹੈ।

ਮਤੇ ਵਿੱਚ ਕਿਹਾ ਗਿਆ ਕਿ ਕਦੇ ਵੀ ਖ਼ੂਨ ਦੇ ਦਾਗ਼ ਖ਼ੂਨ ਨਾਲ ਧੋਤੇ ਨਹੀਂ ਜਾਣਗੇ। ਪ੍ਰੋ. ਦਵਿੰਦਰਪਾਲ ਸਿੰਘ ਬਾਰੇ ਸਿੱਖ ਕੌਮ ਅਤੇ ਹਰ ਨਿਆਂ ਪਸੰਦ ਮਨੁੱਖ ਜਾਣਦਾ ਹੈ ਕਿ ਉਹ ਮੁਕੰਮਲ ਤੌਰ ਉੱਤੇ ਨਿਰਦੋਸ਼ ਹੈ ਅਤੇ ਕੇਵਲ ਇਨ੍ਹਾਂ ਲੋਕਾਂ ਦੀ ਸਿੱਖਾਂ ਨੂੰ ਗ਼ੁਲਾਮ ਬਣਾ ਕੇ ਰੱਖਣ ਦੀ ਚਾਹ ਨੂੰ ਅੰਜ਼ਾਮ ਦੇਣ ਲਈ ਹੀ ਉਸਨੂੰ ਫਾਂਸੀ ਚੜ੍ਹਾਉਣ ਦੇ ਮਨਸੂਬੇ ਬਣ ਰਹੇ ਹਨ। ਇਸ ਅਮਾਨਵੀ ਨੀਤੀ ਨੂੰ ਲਾਗੂ ਕਰਨ ਹਿੱਤ ਹਜ਼ਾਰਾਂ ਬੇ-ਗੁਨਾਹ ਹਿੰਦ ਦੀ ਪੁਲਿਸ ਅਤੇ ਅੰਨ੍ਹੇ ਕਾਨੂੰਨ ਦੀ ਬਲੀ ਚੜ੍ਹ ਚੁੱਕੇ ਹਨ। ਇਹਨਾਂ ਵਿੱਚ ਸੰਤ ਜਰਨੈਲ ਸਿੰਘ ਵਰਗੇ ਪਰਮ ਮਨੁੱਖ ਵੀ ਹਨ ਜੋ ਕਿ ਕਿਸੇ ਮਨੁੱਖਤਾ ਨੂੰ ਪਰਣਾਈ ਮਾਨਸਿਕਤਾ ਵਾਲੇ ਸਮਾਜ ਦੇ ਗਹਿਣੇ ਸਾਬਤ ਕੀਤੇ ਜਾ ਸਕਦੇ ਹਨ।

ਅਸੀਂ ਭਾਰਤ ਦੀ ਕਾਂਗਰਸ ਸਰਕਾਰ ਅਤੇ ਬਹੁਗਿਣਤੀ ਦੀ ਸਮੂਹਿਕ ਚੇਤਨਾ ਨੂੰ ਇਹਨਾਂ ਸ਼ਬਦਾਂ ਰਾਹੀਂ ਦੱਸਣਾ ਚਾਹੁੰਦੇ ਹਾਂ ਕਿ ਪਰੋਪਕਾਰੀਆਂ ਦੇ ਸਾਢੇ ਪੰਜ ਸਦੀਆਂ ਕੀਤੇ ਅਹਿਸਾਨਾਂ ਦੇ ਬਦਲੇ ਉਹਨਾਂ ਦੇ ਆਗੂਆਂ ਦਾ ਬੁਰਾ ਚਿਤਵਣਾ ਵਿਨਾਸ਼ ਵੱਲ ਵਧਾਏ ਜਾਂਦੇ ਕਦਮ ਹਨ; ਹਿੰਦੋਸਤਾਨ ਦੀ ਆਤਮਕ ਅਧੋਗਤੀ ਦਾ ਪ੍ਰਮਾਣ ਹਨ। ਪ੍ਰੋਫੈਸਰ ਭੁੱਲਰ, ਭਾਈ ਬਲਵੰਤ ਸਿੰਘ ਰਾਜੋਆਣਾ ਸਿੱਖ ਕੌਮ ਦੇ ਨਾਇਕਾਂ ਵਿੱਚ ਸ਼ਾਮਲ ਹਨ। ਇਹਨਾਂ ਨੂੰ ਫਾਂਸੀ ਲਗਾ ਕੇ ਸੁੱਤੀਆਂ ਕਲਾਂ ਨਾ ਜਗਾਈਆਂ।


Disclaimer: Khalsanews.org does not necessarily endorse the views and opinions voiced in the news। articles। audios । videos or any other contents published on www.khalsanews.org and cannot be held responsible for their views.  Read full details....

Go to Top