Share on Facebook

Main News Page

ਖਾਲਸਾਈ ਨਾਅਰਿਆਂ ਤੇ ਪੰਥਕ ਜੈਕਾਰਿਆਂ ਦੀ ਗੂੰਜ ਵਿੱਚ ਡੇਰਾ ਰਾਧਾ ਸੁਆਮੀ ਬਿਆਸ ਵਿਖੇ ਰੱਖਿਆ ਗਿਆ ਗੁਰਦੁਆਰੇ ਦਾ ਨੀਂਹ ਪੱਥਰ

* ਸ਼ੁੱਕਰਾਨੇ ਵਜੋਂ ਰਾਧਾ ਸੁਆਮੀ ਮੁੱਖੀ ਤੇ ਪੰਥਕ ਆਗੂਆ ਨੇ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ
* ਸ੍ਰੀ ਅਕਾਲ ਤਖਤ ਦਾ ਜਥੇਦਾਰ ਕਿਸੇ ਪੰਥਕ ਸੋਚ ਵਾਲੇ ਨੂੰ ਲਗਾਇਆ ਜਾਵੇ: ਬਾਬਾ ਦਾਦੂਵਾਲ
* ਪੰਜ ਇੱਟਾਂ ਰਾਧਾ ਸੁਆਮੀ ਮੁੱਖੀ ਬਾਬਾ ਗੁਰਿੰਦਰ ਸਿੰਘ ਢਿਲੋਂ ਨੇ ਆਪਣੇ ਕਰ ਕਮਲਾਂ ਨੀਂਹ ਵਿੱਚ ਟਿਕਾਈਆਂ

ਜਸਬੀਰ ਸਿੰਘ ਪੱਟੀ 09356024684

ਅੰਮ੍ਰਿਤਸਰ 5 ਮਾਰਚ -- ਡੇਰਾ ਬਾਬਾ ਰਾਧਾ ਸੁਆਮੀ ਅਤੇ ਪੰਥਕ ਜਥੇਬੰਦੀਆਂ ਵੱਲੋਂ ਡੇਰਾ ਬਿਆਸ ਵੱਲੋਂ ਵੜੈਚ ਪਿੰਡ ਦੀ ਵੜੈਚ ਪੱਤੀ ਦੇ ਢਾਹੇ ਗਏ ਗੁਰੂਦੁਆਰੇ ਦੀ ਮੁੜ ਉਸਾਰੀ ਦਾ ਨੀਂਹ ਪੱਥਰ ਪੰਥਕ ਜੈਕਾਰਿਆਂ ਤੇ ਖਾਲਸਾਈ ਨਾਅਰਿਆਂ ਦੀ ਗੂੰਜ ਵਿੱਚ ਰੱਖਣ ਉਪਰੰਤ ਰਾਧਾ ਸੁਆਮੀ ਸੰਪਰਦਾ ਦੇ ਮੁੱਖੀ ਬਾਬਾ ਗੁਰਿੰਦਰ ਸਿੰਘ ਢਿਲੋਂ ਤੇ ਪੰਥਕ ਜਥੇਬੰਦੀਆਂ ਦੇ ਆਗੂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸ਼ੁੱਕਰਾਨਾ ਵਜੋਂ ਨਤਮਸਤਕ ਹੋਏ ਜਦ ਕਿ ਰਾਧਾ ਸੁਆਮੀ ਮੁੱਖੀ ਨੇ ਕੁਝ ਸਮਾਂ ਗੁਰੂ ਕੀ ਅਲਾਹੀ ਬਾਣੀ ਦਾ ਕੀਰਤਨ ਵੀ ਸਰਵਨ ਕੀਤਾ, ਪਰ ਸ਼੍ਰੋਮਣੀ ਕਮੇਟੀ ਬਾਬੇ ਦੀ ਇਸ ਫੇਰੀ ਤੋਂ ਪੂਰੀ ਤਰ੍ਹਾ ਖਾਮੋਸ਼ ਰਹੀ।

ਅੱਜ ਸਵੇਰੇ ਕਰੀਬ 11.30 ਵਜੇ ਡੇਰਾ ਰਾਧਾ ਸੁਆਮੀ ਬਿਆਸ ਵਿਖੇ ਪੰਜ ਪਿਆਰਿਆਂ ਨੇ ਅਰਦਾਸ ਉਪਰੰਤ ਗੁਰੂਦੁਆਰੇ ਦਾ ਨੀਂਹ ਪੱਥਰ ਰੱਖਿਆ। ਸ੍ਰੀ ਅਕਾਲ ਤਖਤ ਸਾਹਿਬ ਸੇਵਕ ਜੱਥਾ ਤੇ ਪੰਥਕ ਸੇਵਾ ਲਹਿਰ ਦੇ ਮੁੱਖੀ ਬਾਬਾ ਬਲਜੀਤ ਸਿੰਘ ਦਾਦੂਵਾਲ ਨੇ ਨੀਂਹ ਪੱਥਰ ਰੱਖਣ ਤੋਂ ਪਹਿਲਾਂ ਅਰਦਾਸ ਕੀਤੀ ਤੇ ਫਿਰ ਪੰਜ ਪਿਆਰਿਆਂ ਜਿਹਨਾਂ ਵਿੱਚ ਬਾਬਾ ਬਲਜੀਤ ਸਿੰਘ, ਮੋਹਕਮ ਸਿੰਘ, ਸਤਨਾਮ ਸਿੰਘ ਮਨਾਵਾਂ, ਗੁਰਪ੍ਰੀਤ ਸਿੰਘ ਝੱਬਰ ਅਤੇ ਧਿਆਨ ਸਿੰਘ ਮੰਡ ਸ਼ਾਮਲ ਸਨ ਨੇ ਨੀਂਹ ਪੱਥਰ ਰੱਖਿਆ, ਜਦ ਕਿ ਪੰਜ ਇੱਟਾਂ ਰਾਧਾ ਸੁਆਮੀ ਮੁੱਖੀ ਬਾਬਾ ਗੁਰਿੰਦਰ ਸਿੰਘ ਢਿਲੋਂ ਨੇ ਆਪਣੇ ਕਰ ਕਮਲਾਂ ਨੀਂਹ ਵਿੱਚ ਟਿਕਾਈਆਂ ਤੇ ਉਹਨਾਂ ਦਾ ਸਾਥ ਸ੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸ੍ਰੀ ਸਿਮਰਨਜੀਤ ਸਿੰਘ ਮਾਨ ਦੀ ਗੈਰ ਹਾਜਰੀ ਵਿੱਚ ਉਹਨਾਂ ਦੇ ਬੇਟੇ ਤੇ ਸ਼੍ਰੋਮਣੀ ਯੂਥ ਅਕਾਲੀ ਦਲ (ਅੰਮ੍ਰਿਤਸਰ) ਦੇ ਸਰਪ੍ਰਸਤ ਸ੍ਰ. ਇਮਾਨ ਸਿੰਘ ਮਾਨ ਨੇ ਦਿੱਤਾ। ਜੂਨੀਅਰ ਮਾਨ ਇਸ ਸ਼ੁਭ ਕਾਰਜ ਦੀ ਆਰੰਭਤਾ ਕਰਨ ਲਈ ਆਪਣੇ ਪਰਿਵਾਰ ਸਮੇਤ ਡੇੋਰਾ ਰਾਧਾ ਸੁਆਮੀ ਵਿਖੇ ਪੁੱਜੇ ਹੋਏ ਸਨ। ਪੰਥਕ ਜਥੇਬੰਦੀਆਂ ਦੇ ਆਗੂਆ ਦਾ ਬਾਬਾ ਗੁਰਿੰਦਰ ਸਿੰਘ ਢਿਲੋਂ ਨੇ ਸੁਆਗਤ ਕਰਦਿਆ ਕਿਹਾ ਕਿ ਗੁਰੂਦੁਆਰਾ ਸਾਂਝੀਵਾਲਤਾ ਦਾ ਪ੍ਰਤੀਕ ਹੋਵੇਗਾ ਅਤੇ ਸ੍ਰੀ ਅਕਾਲ ਤਖਤ ਦੇ ਮਰਿਆਂਦਾ ਅਨੁਸਾਰ ਇਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਜਾਵੇਗਾ। ਇਸ ਮੌਕੇ ਕੜਾਹ ਪ੍ਰਸਾਦਿ ਦੀ ਦੇਗ ਵੀ ਮਰਿਆਂਦਾ ਅਨੁਸਾਰ ਸੰਗਤਾਂ ਵਿੱਚ ਵਰਤਾਈ ਗਈ ਅਤੇ ਬੋਲੇ ਸੋ ਨਿਹਾਲ ਦੇ ਅਕਾਸ਼ ਗੂੰਜਾਉ ਗੜਗੱਜ ਵੀ ਬੁਲਾਏ ਗਏ।

ਨੀਂਹ ਪੱਥਰ ਰੱਖਣ ਉਪਰੰਤ ਬਾਬਾ ਗੁਰਿੰਦਰ ਸਿੰਘ ਢਿਲੋ ਤੇ ਪੰਥਕ ਜਥੇਬੰਦੀਆਂ ਦੇ ਆਗੂਆ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸ਼ੁੱਕਰਾਨੇ ਵਜੋਂ ਮੱਥਾ ਟੇਕਿਆ ਅਤੇ ਕੁਝ ਸਮਾਂ ਕੀਤਰਨ ਵੀ ਸਰਵਨ ਕੀਤਾ। ਬਾਬਾ ਗੁਰਿੰਦਰ ਸਿੰਘ ਢਿਲੋਂ ਸ੍ਰੀ ਹਰਿਮੰਦਰ ਸਾਹਿਬ ਦੀਆਂ ਉਪਰਲੀਆ ਮੰਜਲਾਂ ਤੇ ਵੀ ਗਏ ਤੇ ਸ੍ਰੀ ਦਰਬਾਰ ਸਾਹਿਬ ਦੀ ਜਾਣਕਾਰੀ ਹਾਸਲ ਕੀਤੀ। ਉਹਨਾਂ ਨੇ ਬੜੇ ਹੀ ਸਤਿਕਾਰ ਨਾਲ ਹਰਿ ਪੌੜੀ ਤੋਂ ਅੰਮ੍ਰਿਤ ਦਾ ਚੂਲਾ ਵੀ ਲਿਆ।

ਪਰਕਰਮਾ ਵਿੱਚ ਮੀਡੀਆ ਨਾਲ ਵੀ ਬਾਬਾ ਗੁਰਿੰਦਰ ਸਿੰਘ ਢਿਲੋਂ ਦੇ ਸੁਰੱਖਿਆ ਕਰਮਚਾਰੀਆ ਨੇ ਤਸਵੀਰਾਂ ਖਿੱਚਣ ਤੋਂ ਧੱਕਾ ਮੁੱਕੀ ਕੀਤੀ ਕਿਉਕਿ ਬਾਬਾ ਜੀ ਦਾ ਕਹਿਣਾ ਸੀ ਕਿ ਉਹ ਨਿਮਾਣੇ ਸਿੱਖ ਵਜੋਂ ਮੱਥਾ ਟੇਕਣ ਆਏ ਹਨ, ਤਸਵੀਰਾਂ ਖਿਚਵਾਉਣ ਨਹੀਂ ਆਏ। ਬਾਬਾ ਜੀ ਨੇ ਬਦਾਮੀ ਰੰਗ ਦੀ ਦਸਤਾਰ ਸਜਾਈ ਹੋਈ ਸੀ ਅਤੇ ਚਿੱਟਾ ਕੁੜਤਾ ਪਜਾਮਾ ਪਾਇਆ ਹੋਇਆ ਸੀ।

ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਬਾਬਾ ਗੁਰਿੰਦਰ ਸਿੰਘ ਢਿਲੋ ਨੇ ਕਿਹਾ ਕਿ ਡੇਰੇ ਵਿੱਚ ਅੱਜ ਗੁਰੂਦੁਆਰੇ ਦਾ ਨੀਂਹ ਪੱਥਰ ਰੱਖਿਆ ਗਿਆ ਹੈ ਅਤੇ ਜਲਦੀ ਹੀ ਗੁਰੂਦੁਆਰੇ ਦੀ ਇਮਾਰਤ ਬਣ ਕੇ ਤਿਆਰ ਹੋ ਜਾਵੇਗੀ। ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਕੀ 1978 ਦੀ ਮਰਿਆਦਾ ਅਨੁਸਾਰ ਕਥਾ ਸਮੇਂ ਡੇਰੇ ਵਿੱਚ ਸ੍ਰੀ ਗੁਰੂ ਗਰੰਥ ਸਾਹਿਬ ਦਾ ਪ੍ਰਕਾਸ਼ ਕਰਕੇ ਪੁਰਾਣੀ ਪਰੰਪਰਾ ਸ਼ੁਰੂ ਕੀਤੀ ਜਾਵੇਗੀ? ਉਹਨਾਂ ਕਿਹਾ ਕਿ ਉਹ ਗੁਰਬਾਣੀ ਵਿੱਚ ਅਟੁੱਟ ਵਿਸ਼ਵਾਸ ਰੱਖਦੇ ਹਨ ਅਤੇ ਡੇਰੇ ਵਿੱਚ 1978 ਤੋਂ ਪਹਿਲਾਂ ਵਾਲੀ ਪਰੰਪਰਾ ਨੂੰ ਲਾਗੂ ਕੀਤਾ ਜਾਵੇਗਾ। ਇੱਕ ਹੋਰ ਸਵਾਲ ਕਿ ਕੀ ਸ੍ਰੀ ਅਕਾਲ ਤਖਤ ਦੀ ਮਰਿਆਂਦਾ ਡੇਰੇ ਵਿੱਚ ਲਾਗੂ ਕੀਤੀ ਜਾਵੇਗੀ? ਉਹਨਾਂ ਕਿਹਾ ਕਿ ਡੇਰੇ ਵਿੱਚ ਸ੍ਰੀ ਅਕਾਲ ਤਖਤ ਦੀ ਮਰਿਆਦਾ ਪਹਿਲਾਂ ਹੀ ਲਾਗੂ ਹੈ ਅਤੇ ਭਵਿੱਖ ਵਿੱਚ ਵੀ ਲਾਗੂ ਰਹੇਗੀ।

ਨਵੇਂ ਉਸਾਰੇ ਜਾ ਰਹੇ ਗੁਰੂਦੁਆਰੇ ਦੀ ਕਾਰ ਸੇਵਾ ਬਾਰੇ ਉਹਨਾਂ ਕਿਹਾ ਕਿ ਇਹ ਸੇਵਾ ਪੰਥਕ ਜਥੇਬੰਦੀਆਂ ਦੇ ਨਾਲ ਮਿਲ ਕੇ ਸਾਂਝੇ ਰੂਪ ਵਿੱਚ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਸ੍ਰੀ ਅਕਾਲ ਤਖਤ ਦੀ ਮਰਿਆਦਾ ਅਨੁਸਾਰ ਹੀ ਨਵੇਂ ਉਸਾਰੇ ਜਾ ਰਹੇ ਗੁਰੂਦੁਆਰੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਜਾਵੇਗਾ।

ਸ੍ਰੀ ਦਰਬਾਰ ਸਾਹਿਬ ਵਿਖੇ ਆਉਣ ਵਾਲੇ ਵੀ.ਵੀ.ਆਈ ਪੀ ਲਈ ਸ੍ਰੋਮਣੀ ਕਮੇਟੀ ਵੱਲੋਂ ਭਾਂਵੇ ਉਚੇਚੇ ਪ੍ਰਬੰਧ ਕੀਤੇ ਜਾਂਦੇ ਹਨ, ਪਰ ਬਾਬਾ ਗੁਰਿੰਦਰ ਸਿੰਘ ਢਿਲੋਂ ਤੇ ਪੰਥਕ ਜਥੇਬੰਦੀਆਂ ਦੀ ਆਮਦ ਤੇ ਨਾ ਤਾਂ ਸ਼੍ਰੋਮਣੀ ਕਮੇਟੀ ਨੇ ਕੋਈ ਸੁਰੱਖਿਆ ਦੇ ਪ੍ਰਬੰਧ ਕੀਤੇ ਅਤੇ ਨਾ ਹੀ ਉਹਨਾਂ ਨੂੰ ਸਿਰੋਪਾ ਹੀ ਦਿੱਤਾ ਗਿਆ। ਸ਼੍ਰੋਮਣੀ ਕਮੇਟੀ ਪ੍ਰਧਾਨ ਸ੍ਰੀ ਅਵਤਾਰ ਸਿੰਘ ਮੱਕੜ ਆਪਣੇ ਦਫਤਰ ਤੇ ਸ੍ਰੀ ਅਕਾਲ ਤਖਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਆਪਣੇ ਗ੍ਰਹਿ ਵਿਖੇ ਮੌਜੂਦ ਸਨ। ਇਸ ਸਮੇ ਜਦੋਂ ਪੱਤਰਕਾਰ ਫੋਟੋ ਖਿੱਚਣ ਲਈ ਜਿੱਦ ਕਰ ਰਹੇ ਸਨ, ਤਾਂ ਬਾਬਾ ਨੂੰ ਉਹਨਾਂ ਦੇ ਸੇਵਕਾਂ ਵੱਲੋਂ ਕੱਪੜੇ ਨਾਲ ਢੱਕਿਆ ਜਾ ਰਿਹਾ ਸੀ। ਇਸ ਸਮੇਂ ਬਾਬਾ ਜੀ ਨੇ ਮਜ਼ਾਕ ਵਜੋਂ ਕਿਹਾ ਕਿ ਮੈ ਕੋਈ ਕੈਟਰੀਨਾ ਕੈਫ ਹਾਂ ਭਾਈ ਤੁਸੀਂ ਮੇਰੀਆਂ ਫੋਟੋਆਂ ਖਿੱਚ ਰਹੇ ਹੋ। ਮੈਂ ਤਾਂ ਨਿਮਾਣਾ ਬਣ ਕੇ ਮੱਥਾ ਟੇਕਣ ਆਇਆ ਹਾਂ ਅਤੇ ਮੈਨੂੰ ਨਤਮਸਤਕ ਹੋ ਲੈਣ ਦਿਉ। ਉਹ ਸ੍ਰੀ ਅਕਾਲ ਤਖਤ ਤੇ ਵੀ ਮੱਥਾ ਟੇਕਣ ਗਏ।

ਇਸੇ ਤਰ੍ਹਾ ਬਾਬਾ ਬਲਜੀਤ ਸਿੰਘ ਦਾਦੂਵਾਲ ਨੇ ਕਿਹਾ ਕਿ ਉਹ ਬਾਬਾ ਗੁਰਿੰਦਰ ਸਿੰਘ ਢਿਲੋ ਦੇ ਧੰਨਵਾਦੀ ਹਨ ਜਿਹਨਾਂ ਨੇ ਗੁਰੂਦੁਆਰੇ ਦੀ ਮੁੜ ਉਸਾਰੀ ਲਈ ਪੂਰਾ ਪੂਰਾ ਸਹਿਯੋਗ ਦਿੱਤਾ ਹੈ। ਉਹਨਾਂ ਕਿਹਾ ਕਿ ਗੁਰੂਦੁਆਰੇ ਦਾ ਨੀਂਹ ਪੱਥਰ ਬੜੇ ਹੀ ਸਦਭਾਵਾਨਾ ਵਾਲੇ ਮਾਹੌਲ ਵਿੱਚ ਰੱਖਿਆ ਗਿਆ ਹੈ ਅਤੇ ਬਹੁਤ ਜਲਦੀ ਹੀ ਇਸ ਨੂੰ ਮੁਕੰਮਲ ਕਰ ਲਿਆ ਜਾਵੇਗਾ। ਉਹਨਾਂ ਕਿਹਾ ਕਿ ਪ੍ਰਬੰਧ ਲਈ ਇੱਕ ਪੰਜ ਮੈਂਬਰੀ ਕਮੇਟੀ ਬਣਾਈ ਜਾਵੇਗੀ। ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕੀ ਸ੍ਰੀ ਅਕਾਲ ਤਖਤ ਦੇ ਜਥੇਦਾਰ ਤੇ ਸ੍ਰੋਮਣੀ ਕਮੇਟੀ ਪਰਧਾਨ ਨੂੰ ਵੀ ਇਸ ਨੀਂਹ ਪੱਥਰ ਰੱਖ ਸਮਾਗਮ ਵਿੱਚ ਬੁਲਾਇਆ ਗਿਆ ਸੀ? ਬਾਬਾ ਦਾਦੂਵਾਲ ਨੇ ਕਿਹਾ ਕਿ ਪੰਥਕ ਧਿਰਾਂ ਸ੍ਰੀ ਅਕਾਲ ਤਖਤ ਸਾਹਿਬ ਦਾ ਪੂਰਾ ਪੂਰਾ ਸਤਿਕਾਰ ਕਰਦੀਆਂ ਹਨ ਪਰ ਜਥੇਦਾਰ ਗਿਆਨੀ ਗੁਰਬਚਨ ਸਿੰਘ ਦਾ ਉਹਨਾਂ ਨੇ ਬਾਈਕਾਟ ਕੀਤਾ ਹੋਇਆ ਹੈ ਅਤੇ ਇਹ ਬਾਈਕਾਟ ਉਨਾ ਚਿਰ ਜਾਰੀ ਰਹੇਗਾ ਜਿੰਨਾ ਚਿਰ ਤੱਕ ਗਿਆਨੀ ਗੁਰਬਚਨ ਸਿੰਘ ਆਪਣੀ ਸੀਟ ਤੇ ਹੈ।

ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਜਿਸ ਮੁੱਦੇ ਨੂੰ ਲੈ ਕੇ ਬਾਈਕਾਟ ਕੀਤਾ ਗਿਆ ਸੀ ਜਦੋਂ ਉਹ ਮੁੱਦਾ ਹੀ ਹੇਲ ਹੋ ਗਿਆ ਹੈ ਤਾਂ ਫਿਰ ਬਾਈਕਾਟ ਦੀ ਕੀ ਤੁੱਕ ਬਣਦੀ ਹੈ ਤਾਂ ਉਹਨਾਂ ਕਿਹਾ ਕਿ ਇਸ ਬਾਰੇ ਪੰਥਕ ਜਥੇਬੰਦੀਆਂ ਦੀ ਮੀਟਿੰਗ ਵਿੱਚ ਵਿਚਾਰ ਕਰ ਲਈ ਜਾਵੇਗੀ। ਉਹਨਾਂ ਕਿਹਾ ਕਿ ਪੰਥਕ ਜਥੇਬੰਦੀਆਂ ਨੇ ਤਾਂ ਮੱਕੜ ਤੇ ਗਿਆਨੀ ਗੁਰਬਚਨ ਸਿੰਘ ਨੂੰ ਕੋਈ ਸੱਦਾ ਪੱਤਰ ਨਹੀਂ ਦਿੱਤਾ ਪਰ ਰਾਧਾ ਸੁਆਮੀ ਮੁੱਖੀ ਬਾਬਾ ਗੁਰਿੰਦਰ ਸਿੰਘ ਢਿਲੋਂ ਨੇ ਪ੍ਰਧਾਨ ਅਵਤਾਰ ਸਿੰਘ ਮੱਕੜ ਤੇ ਗਿਆਨੀ ਗੁਰਬਚਨ ਸਿੰਘ ਨੂੰ ਆਪਣੇ ਪੱਧਰ ਤੇ ਸੱਦਾ ਪੱਤਰ ਭੇਜੇ ਹੋਏ ਸਨ ਪਰ ਉਹਨਾਂ ਵਿੱਚੋਂ ਕੋਈ ਨਹੀਂ ਪੁੱਜਾ ਕਿਉਕਿ ਉਹ ਦੋਵੇ ਤਾਂ ਗੁਰੂਦੁਆਰਾ ਢੁਹਾਉਣ ਵਾਲਿਆ ਵਿੱਚ ਸ਼ਾਮਲ ਸਨ ਤੇ ਕਿਹੜੀ ਮੁੰਡੀ ਲੈ ਕੇ ਉਥੇ ਜਾਂਦੇ। ਇੱਕ ਸਵਾਲ ਦੇ ਜਵਾਬ ਵਿੱਚ ਉਹਨਾਂ ਕਿਹਾ ਕਿ ਭਲਾਈ ਇਸੇ ਵਿੱਚ ਹੈ ਕਿ ਗਿਆਨੀ ਗੁਰਬਚਨ ਸਿੰਘ ਦੀ ਜਗ੍ਹਾ ਤੇ ਕਿਸੇ ਪੰਥਕ ਸੋਚ ਵਾਲੇ ਵਿਅਕਤੀ ਨੂੰ ਜਥੇਦਾਰ ਲਗਾਇਆ ਜਾਵੇ। ਇਸ ਸਮੇਂ ਉਹਨਾਂ ਦੇ ਨਾਲ ਸ੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ ) ਦੇ ਸੀਨੀਅਰ ਮੀਤ ਪਰਧਾਨ ਸ੍ਰੀ ਧਿਆਨ ਸਿੰਘ ਮੰਡ, ਦਫਤਰ ਸਕੱਤਰ ਸ੍ਰੀ ਹਰਬੀਰ ਸਿੰਘ ਸੰਧੂ, ਜਸਲੀਨ ਸਿੰਘ ਸਖੀਰਾ, ਜਰਨੈਲ ਸਿੰਘ ਸਖੀਰਾ, ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਗੁਰਪ੍ਰੀਤ ਸਿੰਘ ਝੱਬਰ, ਗੁਰਸੇਵਕ ਸਿੰਘ ਜਵਾਹਰਕੇ, ਭਾਈ ਮੋਹਕਮ ਸਿੰਘ, ਗੁਰਜੰਟ ਸਿੰਘ ਕੱਟੂ, ਇਕਬਾਲ ਸਿੰਘ ਟਿਵਾਣਾ, ਗੁਰਬਚਨ ਸਿੰਘ ਪਵਾਰ ਆਦਿ ਤੋਂ ਇਲਾਵਾ ਹੋਰ ਵੀ ਕਈ ਆਗੂ ਹਾਜਰ ਸਨ।

ਟਿੱਪਣੀ: ਗੁਰਿੰਦਰ ਸਿੰਘ ਨੇ ਗੁਰਦੁਆਰੇ ਦੀ ਨੀਂਹ ਨਹੀਂ ਰੱਖੀ, ਸਿੱਖੀ ਦੀ ਬਰਬਾਦੀ ਦੀ ਨੀਂਹ ਰੱਖੀ ਹੈ। ਮੂਰਖ ਟੋਲਾ ਇੰਨੀ ਕੁ ਗੱਲ 'ਤੇ ਖੁਸ਼ ਹੋਈ ਜਾ ਰਿਹਾ ਹੈ, ਕਿ ਰਾਧਾ ਸੁਆਮੀ ਮੁਖੀ ਨੇ ਗੁਰਦੁਆਰੇ ਦੀ ਨੀਂਹ ਰੱਖੀ... ਦੂਰ ਦੀ ਸੋਚ ਰਿਹਾ ਗੁਰਿੰਦਰ ਸਿੰਘ, ਸਿੱਖ ਇੰਨੇ 'ਚ ਹੀ ਕੱਛਾਂ ਵਜਾਈ ਜਾਂਦੇ ਐ...


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top