Share on Facebook

Main News Page

ਕੈਪਟਨ ਅਮਰਿੰਦਰ ਸਿੰਘ ਜੇ ਸਾਡੇ ਵੱਲੋਂ ਦਿੱਤੀ ਸਲਾਹ ਮੰਨ ਲੈਂਦੇ, ਤਾਂ ਅੱਜ ਉਨ੍ਹਾਂ ਨੂੰ ਬੇਆਬਰੂ ਨਾ ਹੋਣਾ ਪੈਂਦਾ
-
ਭਾਈ ਹਰਿੰਦਰ ਸਿੰਘ ਦਰਵੇਸ਼

* ਜੇ ਸੋਨੀਆਂ ਗਾਂਧੀ ਤੇ ਰਾਹੁਲ ਗਾਂਧੀ ਦੀ ਅਗਵਾਈ ’ਚ ਲੜੀਆਂ ਜਾਣ ਵਾਲੀਆਂ 2014 ਦੀ ਲੋਕ ਸਭਾ ਚੋਣਾਂ ਵਿੱਚ ਪਾਰਟੀ ਹਾਰ ਗਈ ਤਾਂ ਕੀ ਉਨ੍ਹਾਂ ਤੋਂ ਵੀ ਅਸਤੀਫਾ ਲੈ ਕੇ ਕਿਸੇ ਹੋਰ ਨੂੰ ਪ੍ਰਧਾਨ ਥਾਪਿਆ ਜਾਵੇਗਾ?

ਬਠਿੰਡਾ, 9 ਮਾਰਚ (ਕਿਰਪਾਲ ਸਿੰਘ): ਕੈਪਟਨ ਅਮਰਿੰਦਰ ਸਿੰਘ ਜੇ ਸਾਡੇ ਵੱਲੋਂ ਦਿੱਤੀ ਸਲਾਹ ਮੰਨ ਕੇ ਕਾਂਗਰਸ ਪਾਰਟੀ ਨੂੰ ਅੱਜ ਤੋਂ 5 ਸਾਲ ਪਹਿਲਾਂ ਹੀ ਲੱਤ ਮਾਰ ਕੇ ਬਾਹਰ ਆ ਜਾਂਦੇ ਤਾਂ ਅੱਜ ਉਨ੍ਹਾਂ ਨੂੰ ਬੇਆਬਰੂ ਨਾ ਹੋਣਾ ਪੈਂਦਾ। ਇਹ ਸ਼ਬਦ ਸ਼੍ਰੋਮਣੀ ਖ਼ਾਲਸਾ ਪੰਚਾਇਤ ਦੇ ਪ੍ਰਮੁਖ ਪੰਚ ਭਾਈ ਹਰਿੰਦਰ ਸਿੰਘ ਦਰਵੇਸ਼ ਨੇ ਕੈਪਟਨ ਨੂੰ ਬੇਆਬਰੂ ਭਰੇ ਤਰੀਕੇ ਨਾਲ ਪ੍ਰਦੇਸ਼ ਕਾਂਗਰਸ ਕਮੇਟੀ ਦੀ ਪ੍ਰਧਾਨਗੀ ਤੋਂ ਲਾਂਭੇ ਕੀਤੇ ਜਾਣ ’ਤੇ ਆਪਣਾ ਪ੍ਰਤੀਕਰਮ ਕਰਦੇ ਹੋਏ ਕਹੇ। ਉਨ੍ਹਾਂ ਕਿਹਾ ਪੰਜਾਬ ’ਚ ਸਾਹਸਤਹੀਣ ਹੋਈ ਕਾਂਗਰਸ ਪਾਰਟੀ, ਕੈਪਟਨ ਦੀ ਵਾਪਸੀ ਕਾਰਣ 1999 ਦੀਆਂ ਲੋਕ ਸਭਾ ਚੋਣਾਂ ’ਚ 13 ’ਚੋਂ 8 ਸੀਟਾਂ ਹਾਸਲ ਕਰਨ ਵਿੱਚ ਕਾਮਯਾਬ ਹੋਈ ਜਦੋਂ ਕਿ ਸਤਾਧਾਰੀ ਅਕਾਲੀ ਭਾਜਪਾ ਗਠਜੋੜ ਸਿਰਫ 3 ਸੀਟਾਂ ’ਤੇ ਸਿਮਟ ਕੇ ਰਹਿ ਗਿਆ ਸੀ। ਇਸੇ ਚੜ੍ਹਤ ਨੂੰ ਕਾਇਮ ਰੱਖਦਿਆਂ 2002 ਦੀਆਂ ਵਿਧਾਨ ਸਭਾ ਚੋਣਾਂ ’ਚ ਕਾਂਗਰਸ ਸਰਕਾਰ ਮੁੜ ਸਤਾ ਹਾਸਲ ਕਰਨ ਵਿੱਚ ਸਫਲ ਹੋਈ, ਜਿਸ ਕਾਰਣ ਕਾਂਗਰਸ ਪਾਰਟੀ ਨੂੰ ਮਜਬੂਰਨ ਪੰਜਾਬ ਦਾ ਮੁੱਖ ਮੰਤਰੀ ਬਣਾਉਣਾ ਪਿਆ।

ਭਾਈ ਦਰਵੇਸ਼ ਨੇ ਕਿਹਾ ਇਹ ਸਿਰਫ ਇਸ ਕਰਕੇ ਹੀ ਸੰਭਵ ਹੋ ਸਕਿਆ ਸੀ ਕਿਉਂਕਿ ਕੈਪਟਨ ਨੇ ਪੰਜਾਬ ਤੇ ਪੰਥਕ ਹਿੱਤਾਂ ਨੂੰ ਤਰਜ਼ੀਹ ਦੇਣੀ ਸ਼ੁਰੂ ਕਰ ਦਿੱਤੀ ਸੀ। ਕੈਪਟਨ ਦੀ ਇਸ ਤਰਜ਼ੀਹ ਤੇ ਖਾਸ ਕਰਕੇ ਪੰਜਾਬ ਦੀ ਲੁੱਟ ਲਈ ਕੀਤੇ ਗਏ ਪਾਣੀਆਂ ਦੇ ਸਾਰੇ ਸਮਝੌਤੇ ਰੱਦ ਕਰਨ ਦਾ ਮਤਾ ਵਿਧਾਨ ਸਭਾ ’ਚ ਪਾਸ ਕਰਵਾਉਣ ਪਿੱਛੋਂ ਕੈਪਟਨ ਕੇਂਦਰੀ ਕਾਂਗਰਸ ਦੀ ਲੀਡਰਸ਼ਿਪ ਦੀਆਂ ਅੱਖਾਂ ’ਚ ਰੜਕਣ ਲੱਗ ਪਿਆ ਤੇ ਉਨ੍ਹਾਂ ਨੂੰ ਖੁੱਡੇ ਲਾਈਨ ਲਈ ਹਮੇਸ਼ਾਂ ਉਸ ਵਿਰੁੱਧ ਬਗਾਬਤ ਨੂੰ ਉਤਸ਼ਾਹਤ ਕੀਤਾ ਜਾਣ ਲੱਗ ਪਿਆ। ਕਾਂਗਰਸ ਦੀ ਇਸ ਨੀਤੀ ਕਾਰਣ ਹੀ 2007 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਨੂੰ ਪੰਜਾਬ ਦੀ ਸਤਾ ਤੋਂ ਲਾਂਭੇ ਹੋਣਾਂ ਪਿਆ। ਵਿਧਾਨ ਸਭਾ ਦੇ ਜਿੱਤੇ 44 ਵਿਧਾਇਕਾਂ ’ਚੋਂ 35 ਦੇ ਲੱਗਪਗ ਕੈਪਟਨ ਦੇ ਹੱਕ ਵਿੱਚ ਹੋਣ ਦੇ ਬਾਵਯੂਦ ਉਨ੍ਹਾਂ ਨੂੰ ਨਾ ਤਾਂ ਪੰਜਾਬ ਵਿਧਾਇਕ ਪਾਰਟੀ ਦਾ ਨੇਤਾ ਬਣਾਇਆ ਗਿਆ ਤੇ ਨਾ ਹੀ ਪੰਜਾਬ ਪ੍ਰਦੇਸ਼ ਪਾਰਟੀ ਦਾ ਪ੍ਰਧਾਨ। ਉਸ ਸਮੇਂ ਕੈਪਟਨ ਨੂੰ ਅਸੀ ਸਲਾਹ ਦਿੱਤੀ ਸੀ ਕਿ ਤੁਹਾਡੇ ਵੱਲੋਂ ਪੰਜਾਬ ਤੇ ਪੰਥ ਦੇ ਮੁੱਦੇ ਉਠਾਉਣ ਕਾਰਣ ਹੀ ਤੁਹਾਨੂੰ ਬਾਦਲ ਨਾਲੋਂ ਚੰਗਾ ਸਿੱਖ ਸਮਝਿਆ ਜਾਣ ਲੱਗਾ ਹੈ ਤੇ ਤੁਸੀਂ ਪੰਜਾਬ ਦੇ ਨਾਇਕ ਵਜੋਂ ਉਭਰੇ ਹੋ। ਪਰ ਤੁਹਾਡੀ ਇਹ ਨੀਤੀ ਪੰਜਾਬ ਵਿਰੋਧੀ ਮਾਨਸਿਕਤਾ ਵਾਲੀ ਕਾਂਗਰਸ ਪਾਰਟੀ ਨੂੰ ਨਹੀਂ ਭਾਉਂਦੀ ਜਿਸ ਕਾਰਣ ਤੁਹਾਨੂੰ ਪਾਰਟੀ ’ਚ ਜ਼ਲੀਲ ਕੀਤਾ ਜਾ ਰਿਹਾ ਹੈ। ਇਸ ਹਾਲਤ ਵਿੱਚ ਕੈਪਟਨ ਨੂੰ ਸਲਾਹ ਦਿੱਤੀ ਗਈ ਸੀ ਕਿ ਪੰਜਾਬ ਤੇ ਪੰਥ ਵਿਰੋਧੀ ਕਾਂਗਰਸ ਪਾਰਟੀ ਨੂੰ ਅਲਵਿਦਾ ਆਖ ਕੇ ਬਾਦਲ-ਭਾਜਪਾ ਅਤੇ ਕਾਂਗਰਸ ਵਿਰੋਧੀ ਸੋਚ ਵਾਲੇ ਲੋਕਾਂ ਨੂੰ ਇਕੱਠਾ ਕਰਕੇ ਇੱਕ ਨਵੀਂ ਪਾਰਟੀ ਗਠਿਤ ਕੀਤੀ ਜਾਵੇ ਤੇ ਪੰਜਾਬ ਦੇ ਹਿੱਤਾਂ ਲਈ ਰਾਜਨੀਤਕ ਲੜਾਈ ਲੜੀ ਜਾਵੇ। ਪਰ ਸਾਡੀ ਇਸ ਸਲਾਹ ਨੂੰ ਅਣਗੌਲਿਆ ਕੀਤਾ ਗਿਆ ਤੇ ਸਿੱਟੇ ਵਜੋਂ ਪੰਜਾਬ ਵਿੱਚ ਕੈਪਟਨ ਤੇ ਕਾਂਗਰਸ ਪਾਰਟੀ ਦੋਵਾਂ ਦੀ ਸ਼ਾਖ ਨੂੰ ਖੋਰਾ ਲਗਦਾ ਰਿਹਾ।

ਅਖੀਰ 2009 ਦੀਆਂ ਲੋਕ ਸਭਾ ਚੋਣਾਂ ’ਚ ਕੁਝ ਸੀਟਾਂ ਹਾਸਲ ਕਰਨ ਲਈ ਕਾਂਗਰਸ ਨੂੰ ਕੈਪਟਨ ਦੀ ਫਿਰ ਲੋੜ ਮਹਿਸੂਸ ਹੋਈ ਜਿਸ ਕਾਰਣ ਉਨ੍ਹਾਂ ਨੂੰ ਪੰਜਾਬ ਚੋਣ ਕਮੇਟੀ ਦਾ ਚੇਅਰਮੈਨ ਬਣਾਇਆ ਗਿਆ। ਕੈਪਟਨ ਦੀ ਅਗਵਾਈ ’ਚ ਕਾਂਗਰਸ ਪਾਰਟੀ ਫਿਰ 7 ਸੀਟਾਂ ਜਿੱਤਣ ਵਿੱਚ ਸਫਲ ਹੋਈ ਜਦੋਂ ਕਿ ਸਤਾਧਾਰੀ ਅਕਾਲੀ ਭਾਜਪਾ ਨੂੰ 6 ਸੀਟਾਂ ਨਾਲ ਹੀ ਸਬਰ ਕਰਨਾ ਪਿਆ। ਇਸ ਉਪ੍ਰੰਤ ਕੈਪਟਨ ਦੀ ਪੰਜਾਬ ਵਿੱਚ ਹਰਮਨਪਿਆਰਤਾ ਵੇਖ ਕੇ 2012 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਰਿੜਖਿੜ ਕੇ ਕੈਪਟਨ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਦਾ ਪ੍ਰਧਾਨ ਤੇ ਭਵਿੱਖ ਦੇ ਮੁੱਖ ਮੰਤਰੀ ਦੇ ਅਹੁਦੇ ਲਈ ਉਮੀਦਵਾਰ ਐਲਾਣ ਦਿੱਤਾ ਗਿਆ। ਪਰ ਟਕਸਾਲੀ ਕਹਾਉਣ ਵਾਲੇ ਕਾਂਗਰਸ ਆਗੂਆਂ ਨੇ ਉਨ੍ਹਾਂ ਦਾ ਵਿਰੋਧ ਪਹਿਲਾਂ ਦੀ ਤਰ੍ਹਾਂ ਜਾਰੀ ਰੱਖਿਆ ਕਿਉਂਕਿ ਉਨ੍ਹਾਂ ਦੀ ਸੋਚ ਸੀ ਕਿ ਜੇ ਇਸ ਵਾਰ ਵੀ ਕੈਪਟਨ ਮੁੱਖ ਮੰਤਰੀ ਬਣ ਗਿਆ ਤਾਂ ਉੁਨ੍ਹਾਂ ਟਕਸਾਲੀ ਕਹਾਉਣ ਵਾਲੇ ਆਗੂਆਂ ਦੀ ਪਾਰਟੀ ’ਤੇ ਪਕੜ ਮਨਫੀ ਹੋ ਜਾਵੇਗੀ।

ਟਕਸਾਲੀ ਕਹਾਉਣ ਵਾਲੇ ਆਗੂਆਂ ਦੀ ਇਸ ਨਖਿੱਧ ਸੋਚ ਅਤੇ ਕੈਪਟਨ ਦੇ ਜਿੱਤ ਲਈ ਲੋੜ ਤੋਂ ਵੱਧ ਆਤਮ ਵਿਸ਼ਵਾਸ਼ ਸਦਕਾ ਕਾਂਗਰਸ ਅਤੇ ਕੈਪਟਨ ਦੋਵੇਂ ਹੀ ਜਿੱਤੀ ਹੋਈ ਬਾਜੀ ਹਾਰ ਗਏ ਤੇ ਅਕਾਲੀ-ਭਾਜਪਾ ਗਠਜੋੜ ਮੁੜ ਸਰਕਾਰ ਬਣਾਉਣ ਵਿੱਚ ਸਫਲ ਹੋ ਗਿਆ। ਇਸ ਹਾਰ ਲਈ ਜਿੰਮੇਵਾਰ ਤਾਂ ਮੁੱਖ ਤੌਰ ’ਤੇ ਕੈਪਟਨ ਵਿਰੋਧੀ ਟਕਸਾਲੀ ਕਹਾਉਣ ਵਾਲੇ ਕਾਂਗਰਸੀ ਆਗੂ ਸਨ ਪਰ ਇਸ ਦਾ ਕਸੂਰਵਾਰ ਕੈਪਟਨ ਨੂੰ ਦੱਸਿਆ ਜਾਂਦਾ ਰਿਹਾ। ਕੇਂਦਰੀ ਕਾਂਗਰਸ ਹਾਈ ਕਮਾਂਡ ਨੇ ਕੈਪਟਨ ਨੂੰ ਸਮਰਥਨ ਦੇਣ ਦੀ ਬਜਾਏ ਉਸ ਦੀ ਲਗਾਮ ਖਿਚਣੀ ਜਾਰੀ ਰੱਖੀ ਤੇ ਉਸ ਦੀ ਪ੍ਰਧਾਨਗੀ ਤਿੰਨ ਤਿੰਨ ਮਹੀਨੇ ਲਈ ਵਧਾਉਂਦੇ ਰਹਿ ਕੇ ਉਸ ਨੂੰ ਜ਼ਲੀਲ ਰੱਖਣਾ ਜਾਰੀ ਰੱਖਿਆ। ਕੈਪਟਨ ਆਪਣੀ ਪ੍ਰਧਾਨਗੀ ਬਚਾਉਣ ਲਈ ਪੰਜਾਬ ਤੇ ਪੰਥਕ ਮੁੱਦੇ ਇੱਕ ਇੱਕ ਕਰਦਾ ਛੱਡਦਾ ਗਿਆ ਸਗੋਂ ਕਈ ਵਾਰ ਵਿਰੋਧ ਵਿੱਚ ਵੀ ਖੜ੍ਹਦਾ ਗਿਆ। ਜਿਵੇਂ ਕਿ ਦਰਬਾਰ ਸਾਹਿਬ ਕੰਪਲੈਕਸ ਵਿੱਚ ਅਕਾਲ ਤਖ਼ਤ ’ਤੇ ਕੀਤੇ ਫੌਜੀ ਹਮਲੇ ਦੌਰਾਨ ਸ਼ਹੀਦ ਹੋਏ ਸਿੰਘਾਂ ਦੀ ਬਣਾਈ ਜਾਣ ਵਾਲੀ ਯਾਦਗਾਰ ਦਾ ਵਿਰੋਧ ਕਰਨਾ, ਪ੍ਰੋ: ਦਵਿੰਦਰਪਾਲ ਸਿੰਘ ਭੁੱਲਰ ਅਤੇ ਜਿੰਦਾ ਸ਼ਹੀਦ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਜਲਦੀ ਫਾਂਸੀ ਦੇਣ ਦੀ ਮੰਗ ਕਰਨਾ ਆਦਿ। ਕੈਪਟਨ ਵੱਲੋਂ ਪੰਜਾਬ ਦੇ ਭਖਦੇ ਮੱਦਿਆਂ ਨੂੰ ਤਿਲਾਂਜਲੀ ਦੇਣਾ ਅਤੇ ਪੰਥਕ ਮੁੱਦਿਆਂ ’ਤੇ ਵਿਰੋਧ ਕਰਨ ਨਾਲ ਪੰਜਾਬੀਆਂ ਤੇ ਖਾਸ ਕਰਕੇ ਸਿੱਖਾਂ ਦਾ ਕੈਪਟਨ ਤੋਂ ਮੋਹ ਭੰਗ ਹੋ ਗਿਆ ਤੇ ਨਤੀਜੇ ਵਜੋਂ ਕਾਂਗਰਸ ਦੇ ਉਮੀਦਵਾਰ ਨੂੰ ਮੋਗਾ ਉਪ ਚੋਣ ’ਚ ਲੱਕ ਤੋੜਵੀਂ ਹਾਰ ਦਾ ਮੂੰਹ ਵੇਖਣਾ ਪਿਆ। ਇਸ ਹਾਰ ਕਾਰਣ ਕੈਪਟਨ ਵਿਰੋਧੀਆਂ ਨੂੰ ਫਿਰ ਉਸ ਵਿਰੁਧ ਸਿਰ ਚੁੱਕਣ ਦਾ ਮੌਕਾ ਮਿਲ ਗਿਆ ਤੇ ਇਸ ਵਿਰੋਧ ਦਾ ਬਹਾਨਾ ਬਣਾ ਕੇ ਕੇਂਦਰੀ ਹਾਈ ਕਮਾਂਡ ਨੇ ਕੈਪਟਨ ਤੋਂ ਅਸਤੀਫਾ ਲੈ ਕੇ ਉਸ ਨੂੰ ਬਾਇੱਜਤ ਵਿਦਾਇਗੀ ਦੇਣ ਦੀ ਥਾਂ ਉਸ ਨੂੰ ਬੇਆਬਰੂ ਢੰਗ ਨਾਲ ਪਾਰਟੀ ਪ੍ਰਧਾਨਗੀ ਤੋਂ ਹਟਾ ਕੇ ਪੰਜਾਬ ’ਚ ਆਪਣੇ ਪੈਰਾਂ ’ਤੇ ਆਪ ਕੁਹਾੜਾ ਮਾਰ ਲਿਆ ਹੈ ਤੇ ਹੁਣ ਉਹ ਭਾਵੇਂ ਕਿਸੇ ਨੂੰ ਵੀ ਪ੍ਰਧਾਨ ਬਣਾ ਲਵੇ ਉਸ ਦਾ ਸਫਾਇਆ ਤਹਿ ਹੈ।

ਭਾਈ ਦਰਵੇਸ਼ ਨੇ ਕਿਹਾ ਕਿ ਇਨ੍ਹਾਂ ਵਾਪਰਨ ਵਾਲੇ ਹਾਲਾਤਾਂ ਤੋਂ ਅਸੀਂ 5 ਸਾਲ ਪਹਿਲਾਂ ਹੀ ਕੈਪਟਨ ਨੂੰ ਜਾਣੂ ਕਰਵਾ ਕੇ ਉਨ੍ਹਾਂ ਨੂੰ ਸਲਾਹ ਦਿੱਤੀ ਸੀ ਕਿ ਉਹ ਕਾਂਗਰਸ ਤੋਂ ਕਿਨਾਰਾ ਕਰਕੇ ਪੰਜਾਬ ਦੇ ਹਿੱਤਾਂ ਲਈ ਸੰਘਰਸ਼ ਕਰਨ ਵਾਲੀ ਪਾਰਟੀ ਦਾ ਗਠਨ ਕਰ ਲਵੇ। ਪਰ ਸਾਡੀ ਇਸ ਸਲਾਹ ਵੱਲ ਧਿਆਨ ਨਾ ਦੇਣ ਕਰਕੇ ਜਿੱਥੇ ਉਹ ਖ਼ੁਦ ਬੇਆਬਰੂ ਹੋਏ ਹਨ ਉਥੇ ਪੰਜਾਬ ਦਾ ਨਾਇਕ ਹੋਣ ਦਾ ਮਾਣ ਵੀ ਖੁਹਾ ਬੈਠੇ ਹਨ। ਭਾਈ ਦਰਵੇਸ਼ ਨੇ ਕਿਹਾ ਵਿਧਾਨ ਸਭਾ 2012 ਦੀਆਂ ਆਮ ਚੋਣਾਂ ਅਤੇ ਮੋਗਾ ਉਪ ਚੋਣ 2013 ਵਿੱਚ ਕਾਂਗਰਸ ਦੀ ਹਾਰ ਦੇ ਦੋਸ਼ ਅਧੀਨ ਕੈਪਟਨ ਤੋਂ ਪ੍ਰਧਾਨਗੀ ਖੋਹਣ ਵਾਲੀ ਕੇਂਦਰੀ ਹਾਈ ਕਮਾਂਡ ਦੱਸੇ ਕਿ ਉਤਰ ਪ੍ਰਦੇਸ਼ ਵਿੱਚ ਰਹੁਲ ਗਾਂਧੀ ਦੀ ਅਗਵਾਈ ’ਚ ਚੋਣ ਲੜੀ ਗਈ ਸੀ ਪਰ ਇਸ ਨੂੰ ਨਮੋਸ਼ੀ ਭਰੀ ਹਾਰ ਦਾ ਮੂੰਹ ਵੇਖਣਾ ਪਿਆ; ਤਾਂ ਇਸ ਦਾ ਦੋਸ਼ ਲਾ ਕੇ ਰਹੁਲ ਗਾਂਧੀ ਤੋਂ ਅਸਤੀਫਾ ਕਿਉਂ ਨਹੀਂ ਮੰਗਿਆ ਗਿਆ! ਇਸੇ ਤਰ੍ਹਾਂ ਜੇ ਸੋਨੀਆਂ ਗਾਂਧੀ ਤੇ ਰਾਹੁਲ ਗਾਂਧੀ ਦੀ ਅਗਵਾਈ ’ਚ ਲੜੀਆਂ ਜਾਣ ਵਾਲੀਆਂ 2014 ਦੀ ਲੋਕ ਸਭਾ ਚੋਣਾਂ ਵਿੱਚ ਪਾਰਟੀ ਹਾਰ ਗਈ ਤਾਂ ਕੀ ਉਨ੍ਹਾਂ ਤੋਂ ਵੀ ਅਸਤੀਫਾ ਲੈ ਕੇ ਕਿਸੇ ਹੋਰ ਨੂੰ ਪ੍ਰਧਾਨ ਥਾਪਿਆ ਜਾਵੇਗਾ?


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top