Share on Facebook

Main News Page

ਗੁਰਬਚਨ ਸਿੰਘ ਦਾ ਸੋਧਿਆ ਕੈਲੰਡਰ ਸਿੱਖ ਪੰਥ ਨੂੰ ਪ੍ਰਵਾਨ ਨਹੀਂ
-
ਬਲਦੇਵ ਸਿੰਘ ਸਿਰਸਾ

ਅੰਮ੍ਰਿਤਸਰ 15 ਮਾਰਚ (ਜਸਬੀਰ ਸਿੰਘ) ਸ਼੍ਰੋਮਣੀ ਅਕਾਲੀ ਦਲ (ਪੰਚ ਪਰਧਾਨੀ) ਦੇ ਮੀਤ ਪ੍ਰਧਾਨ ਸ੍ਰੀ ਬਲਦੇਵ ਸਿੰਘ ਸਿਰਸਾ ਨੇ ਸ੍ਰੀ ਅਕਾਲ ਤਖਤ ਦੇ ਜਥੇਦਾਰ, ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਅਤੇ ਦਿੱਲੀ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬੀਤੀ ਰਾਤ ਨਾਨਕਸ਼ਾਹੀ ਕੈਲੰਡਰ ਦਾ ਪੂਰੀ ਤਰ੍ਹਾਂ ਭੋਗ ਪਾਉਣ ਨੂੰ ਮੰਦਭਾਗਾ ਦੱਸਦਿਆ ਕਿਹਾ ਕਿ ਗਿਆਨੀ ਗੁਰਬਚਨ ਸਿੰਘ ਵੱਲੋ ਜਾਰੀ ਕੀਤੇ ਗਏ ਸੋਧੇ ਹੋਏ ਕੈਲੰਡਰ ਵਿੱਚੋਂ ਨਾਨਕਸ਼ਾਹੀ ਦੀ ਰੂਹ ਪੂਰੀ ਤਰ੍ਹਾਂ ਗਾਇਬ ਹੋ ਗਈ ਹੈ ਅਤੇ ਹੁਣ ਇਹ ਤਾਂ ਸਿਰਫ ਹਿੰਦੂਤਵ ਦੇ ਬਿਕਰਮਾ ਦੱਤਾ ਰਾਜੇ ਦੇ ਨਾਮ ਵਾਲਾ ਬਿਕਰਮੀ ਕੈਲੰਡਰ ਹੀ ਰਹਿ ਗਿਆ ਜੋ ਸਿੱਖ ਪੰਥ ਨੂੰ ਕਦਾਚਿੱਤ ਮਨਜੂਰ ਨਹੀਂ ਹੋ ਸਕਦਾ।

ਜਾਰੀ ਇੱਕ ਬਿਆਨ ਸ੍ਰੀ ਸਿਰਸਾ ਨੇ ਕਿਹਾ ਕਿ ਨਾਨਕਸ਼ਾਹੀ ਕੈਲੰਡਰ ਨੂੰ ਤਿਆਰ ਕਰਨ ਦੀ ਕਰੀਬ 20 ਸਾਲਾਂ ਮਿਹਨਤ ਨੂੰ ਕੁਝ ਇੱਕ ਡੇਰੇਦਾਰਾ ਦੇ ਕਹਿਣ ਤੇ ਮਿੱਟੀ ਵਿੱਚ ਮਿਲਾ ਦਿੱਤਾ ਗਿਆ ਹੈ ਜਦ ਕਿ ਗਿਆਨੀ ਗੁਰਬਚਨ ਸਿੰਘ ਵੱਲੋਂ ਜਾਰੀ ਕੀਤਾ ਗਿਆ ਕੈਲੰਡਰ ਧੂੰਮਾ+ਮੱਕੜ ਭਾਵ ਧੁਮੱਕੜ ਕੈਲੰਡਰ ਤਾਂ ਕਿਹਾ ਜਾ ਸਕਦਾ ਹੈ, ਪਰ ਇਸ ਨੂੰ ਨਾਨਕਸ਼ਾਹੀ ਕਹਿ ਕੇ ਅਸਲੀ ਨਾਨਕਸ਼ਾਹੀ ਦੀ ਤੌਹੀਨ ਕਰਨਾ ਹੈ।

ਉਹਨਾਂ ਕਿਹਾ ਕਿ ਨਾਨਕਸ਼ਾਹੀ ਕੈਲੰਡਰ ਤਿਆਰ ਕਰਨ ਲੱਗਿਆ ਸ੍ਰੀ ਪਾਲ ਸਿੰਘ ਪੁਰੇਵਾਲ ਨੂੰ ਕਰੀਬ ਇੱਕ ਦਹਾਕਾ ਲੱਗ ਗਿਆ ਜਦ ਕਿ ਇੱਕ ਦਹਾਕਾ ਹੀ ਇਸ ਕੈਲੰਡਰ ਤੇ ਪੰਥਕ ਵਿਚਾਰਾਂ ਹੁੰਦੀਆ ਰਹੀਆ ਅਤੇ ਵੱਖ ਵੱਖ ਵਿਦਵਾਨਾਂ ਦੇ ਸੁਝਾ ਕੇ ਰਾਇ ਲੈ ਕੇ ਲੋੜੀਦੀਆ ਸੋਧਾਂ ਵੀ ਕੀਤੀਆ ਗਈਆ। ਉਹਨਾਂ ਕਿਹਾ ਕਿ ਸੱਤ ਸਾਲ ਇਹ ਕੈਲੰਡਰ ਲਾਗੂ ਰਿਹਾ ਅਤੇ ਇਸ ਨੂੰ ਰੀਲੀਜ਼ ਕਰਨ ਵਾਲਿਆ ਵਿੱਚ ਮੁੱਖ ਮੰਤਰੀ ਸ੍ਰੀ ਪ੍ਰਕਾਸ਼ ਸਿੰਘ ਬਾਦਲ ਵੀ ਸ਼ਾਮਲ ਸਨ। ਉਹਨਾਂ ਕਿਹਾ ਕਿ ਨਾਨਕਸ਼ਾਹੀ ਕੈਲੰਡਰ ਨੂੰ ਪਹਿਲਾਂ ਕਾਰਜਕਾਰਨੀ ਕਮੇਟੀ ਨੇ ਪਾਸ ਕੀਤਾ ਤੇ ਫਿਰ ਜਨਰਲ ਹਾਊਸ ਨੇ ਪ੍ਰਵਾਨਗੀ ਦਿੱਤੀ ਅਤੇ ਜਨਰਲ ਹਾਊਸ ਦੀ ਪ੍ਰਵਾਨਗੀ ਨੂੰ ਨਾ ਤਾਂ ਕਾਰਜਕਰਨੀ ਕਮੇਟੀ ਤਬਦੀਲ ਕਰ ਸਕਦੀ ਹੈ ਅਤੇ ਨਾ ਹੀ ਬਾਦਲ ਦੇ ਜਥੇਦਾਰ ਆਪਣੀ ਮਰਜ਼ੀ ਨਾਲ ਤਬਦੀਲ ਕਰ ਸਕਦੇ ਹਨ। ਉਹਨਾਂ ਕਿਹਾ ਕਿ ਇਸ ਕੈਲੰਡਰ ਦਾ ਇੱਕ ਅਦਾਲਤੀ ਕੇਸ ਸਿੱਖਾਂ ਦੇ ਧਾਰਮਿਕ ਮਸਲਿਆ ਨੂੰ ਹੱਲ ਕਰਨ ਲਈ ਸਿੱਖ ਗੁਰੂਦੁਆਰਾ ਜੁਡੀਸ਼ੀਅਲ ਕਮਿਸ਼ਨ ਵਿੱਚ ਚੱਲ ਰਿਹਾ ਹੈ ਜਿਸ ਦਾ ਫੈਸਲਾ ਹੋਣਾ ਹਾਲੇ ਬਾਕੀ ਹੈ। ਉਹਨਾਂ ਕਿਹਾ ਕਿ ਅਸਲੀ ਨਾਨਕਸ਼ਾਹੀ ਕੈਲੰਡਰ ਨੂੰ ਤਬਦੀਲ ਕਰਨਾ ਪੰਥ ਨੂੰ ਕਦਾਚਿੱਤ ਮਨਜੂਰ ਨਹੀਂ ਹੋ ਸਕਦਾ ਤੇ ਜਿਸ ਜਥੇਦਾਰ ਦਾ ਕਰੀਬ ਦੋ ਦਰਜਨ ਤੋਂ ਵੀ ਵਧੇਰੇ ਪੰਥਕ ਜਥੇਬੰਦੀਆ ਨੇ ਬਾਈਕਾਟ ਕੀਤਾ ਹੋਵੇ, ਉਸ ਨੂੰ ਤਾਂ ਖੁਦ ਹੀ ਆਪਣਾ ਆਹੁਦਾ ਨੈਤਿਕਤਾ ਦੇ ਆਧਾਰ 'ਤੇ ਛੱਡ ਦੇਣਾ ਚਾਹੀਦਾ ਹੈ, ਪਰ ਇਥੇ ਤਾਂ ਸਾਰੇ ਪ੍ਰਕਾਰ ਦੀ ਨੈਤਿਕਤਾ ਨੂੰ ਛਿੱਕੇ ਟੰਗ ਕੇ ਜਥੇਦਾਰ ਅਹੁਦੇ ਨੂੰ ਲਸੂੜੇ ਦੀ ਗਿਟਕ ਵਾਂਗ ਚੰਬੜੇ ਹੋਏ ਹਨ।

ਉਹਨਾਂ ਕਿਹਾ ਕਿ ਨਾਨਕਸ਼ਾਹੀ ਕੈਲੰਡਰ ਸੂਰਜੀ ਦਿਸ਼ਾ ਵਾਲਾ ਕੈਂਲੰਡਰ ਕਿਹਾ ਜਾਂਦਾ ਹੈ, ਪਰ ਇਸ ਨੂੰ ਰਾਤ ਦੇ 12 ਵਜੇ ਰੀਲੀਜ਼ ਕਰਨਾ ਵੀ ਸਾਬਤ ਕਰਦਾ ਹੈ, ਕਿ ਇਹ ਪੂਰੀ ਤਰ੍ਹਾਂ ਬਿਕਰਮੀ ਬਣਾ ਦਿੱਤਾ ਗਿਆ ਹੈ, ਜਦ ਕਿ ਸੂਰਜੀ ਦਿਸ਼ਾ ਵਾਲੇ ਕੈਲੰਡਰ ਨੂੰ ਸੂਰਜ ਚੜਣ 'ਤੇ ਰੀਲੀਜ਼ ਕਰਨਾ ਬਣਦਾ ਹੈ। ਉਹਨਾਂ ਕਿਹਾ ਕਿ ਇਸ ਨਵੇਂ ਕੈਲੰਡਰ ਨੂੰ ਲੈ ਕੇ ਤਾਂ ਪੰਜਾਬ ਦੇ ਤਿੰਨ ਤਖਤਾਂ ਦੇ ਜਥੇਦਾਰ ਵੀ ਇੱਕਮੱਤ ਨਹੀਂ ਹਨ ਤੇ ਫਿਰ ਇਸ ਨੂੰ ਸਰਬ ਪ੍ਰਵਾਨਤ ਕਿਵੇਂ ਕਿਹਾ ਜਾ ਸਕਦਾ ਹੈ। ਉਹਨਾਂ ਕਿਹਾ ਕਿ ਰਾਹੀ ਬਾਦਲ ਇਹ ਆਰ.ਐਸ.ਐਸ ਦਾ ਕੈਲੰਡਰ ਤਾਂ ਹੋ ਸਕਦਾ ਹੈ ਪਰ ਇਸ ਨੂੰ ਨਾਨਕਸ਼ਾਹੀ ਕੈਲੰਡਰ ਕਹਿ ਕੇ ਪੰਥ ਤੇ ਥੋਪਣਾ ਪੂਰੀ ਤਰ੍ਹਾਂ ਗਲਤ ਹੈ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top